ਫੁੱਲਾਂ ਪੱਤਿਆਂ ਨੂੰ
ਪਤਾ ਹੁੰਦਾ ਹੈ ਲੋਕਾਂ ਦੇ ਦਿਲਾਂ ਦਾ ਦਰਦ
ਪਰ ਆਪਣਾ ਨਹੀਂ ਦੱਸਦੇ ਕਿਸੇ ਨੂੰ
ਪੰਜਾਬ ਵੀ ਹੁੰਦਾ ਸੀ ਕਦੇ ਏਦਾਂ ਦਾ
ਰੁੱਖਾਂ ਦੀ ਲੋਕ ਬੋਲੀ
ਮਨੁੱਖਾਂ ਦਾ ਸ਼ੁੱਭਚਿੰਤਕ
ਸਤਿਕਾਰ ਦੀ ਮਿਸਾਲ
ਲੋਕ ਮਾਨਸਿਕਤਾ ਦਾ ਚਹੇਤਾ
ਇਹਦੇ ਲੋਕ ਗੀਤ ਬੋਲੀਆਂ
ਦਿਲਾਂ ਦੇ ਜਜ਼ਬਿਆਂ ਦੀ ਤਰਜਮਾਨੀ ਸੀ ਕਦੇ
ਗਹਿਰੀ ਸਾਂਝ ਸੀ
ਰੁੱਖਾਂ ਮਨੁੱਖਾਂ ਦੀ ਓਦੋਂ
ਮੁਟਿਆਰ ਦੀ ਕਲਪਨਾ ਉਡਾਰੀ
ਕਾਵਾਂ, ਤਿੱਤਰਾਂ, ਮੋਰਾਂ ਰਾਹੀਂ ਸੁਨੇਹੇ
ਪੇਕਿਆਂ ਦੀੰ ਯਾਦ
ਫੁੱਲਾਂ, ਰੁੱਖਾਂ ਅਤੇ ਪੰਛੀਆਂ ਦੀਆਂ
ਉਪਮਾਵਾਂ ਤਸਬੀਹਾਂ ਸਨ ਇਹਦੀਆਂ ਸ਼ਾਮਾਂ
ਬੇਰੀਆਂ ਜੰਡ ਰੋਂਦੇ ਸਨ ਕਦੇ
ਮਹਿਬੂਬਾ ਦੇ ਤੁਰ ਜਾਣ ਤੇ
ਇਸ ਵਿਯੋਗ ਦੀ ਵੇਦਨਾ
ਹੁਣ ਪੰਜਾਬ ਹੀ ਕਰੇ
ਲਹਿਲਹਾਉਂਦੀ ਰਮਣੀਕ ਵਾਦੀ
ਬਰਸਾਤੀ ਅਤੇ ਦਰਿਆਈ ਪਾਣੀਆਂ ਦੀ ਕੁਦਰਤ
ਸੂਰਜ ਜਗੇ ਬਨਸਪਤੀ ਮੌਲੇ
ਰੁੱਖਾਂ ਦੀਆਂ ਰੱਖਾਂ ਸਨ ਪੰਜਾਬ ਤੇ
ਕਿੱਸੇ ਕਹਾਣੀਆਂ ਚਿੜੀਆਂ ਕਾਵਾਂ ਦੀਆਂ
ਮੈਦਾਨ ਪਰਬਤ ਦਰਿਆ
ਹਾਲੀ ਦੁੱਧ ਮਧਾਣੀਆਂ
ਸਵਾਣੀਆਂ ਚਰਖੇ ਚੱਕੀਆਂ ਤਾਉਣ
ਨਾਥਾਂ, ਜੋਗੀਆਂ, ਪੀਰਾਂ ਫਕੀਰਾਂ ਦੇ ਧੂਣੇ,
ਤਕੀਏ, ਡੇਰੇ, ਟਿੱਲੇ, ਦਰਗਾਹਾਂ
ਰਮਣੀਕ ਆਬੋ-ਹਵਾ
ਜਰਖੇਜ਼ ਜ਼ਮੀਨ ਦੀ ਰਹਿਮਤ
ਪੰਜਾਬ ਕਿੱਥੇ ਤੇਰੀ ਸਿੰਧ ਘਾਟੀ ਦੀ ਸੱਭਿਅਤਾ
ਪੱਛਮੀ ਗੰਗਾ ਜਮਨਾ ਦੁਆਬ
ਮੁੱਢ ਕਦੀਮ ਦੇ ਕਬੀਲੇ ਕੋੜਮੇ
ਪੰਜ ਦਰਿਆਵਾਂ ਦੇ ਪੁੱਤ ਪੋਰਸ ਦੀ ਸੈਨਾ
'ਕੰਬੋਜ' ਅਤੇ 'ਗੰਧਾਰ'
ਹਕੂਮਤਾਂ ਅਤੇ ਉਨ੍ਹਾਂ ਦੇ ਲਾਮ ਲਸ਼ਕਰ
ਵੰਨ-ਸੁਵੰਨੀਆਂ ਫਸਲਾਂ ਦਾ ਉਗਮਣਾ
ਵਗਦੇ ਪਾਣੀ ਦਰਿਆਵਾਂ ਦੇ ਗੀਤ
ਹਰੇ-ਭਰੇ ਰੁੱਖਾਂ ਦੀ ਰੌਣਕ
ਜੰਗਲ, ਝਿੜੀਆਂ, ਰੋਹੀਆਂ,
ਖੂਹ, ਖੇਤ ਖਲਿਆਣਾਂ ਦੇ ਰਾਗ
ਚਹਿਲ-ਪਹਿਲ ਚਹਿਚਹਾਉਂਦੇ
ਰੰਗ ਬਿਰੰਗੇ ਪੰਛੇ ਕੀਟ ਪਤੰਗੇ
ਵਸਦਾ ਰਸਦਾ
ਰੁੱਖ, ਪਸ਼ੂ ਪੰਛੀ ਦਾ ਆਪਣਾ
ਬਸੇਰਾ ਸੀ ਪੰਜਾਬ-ਕਿੱਥੇ ਛੁਪ ਗਿਆ ਹੈ?
ਰਾਜਨੀਤਕ ਅਸਥਿਰਤਾ
ਪੰਜਾਬ ਇਕ ਸੁਪਨਾ ਖਲਬਲੀ
ਕੁਦਰਤ ਵਿਚ ਤਬਾਹੀ
ਮੈਂ ਇੱਕ ਪੰਨਾ ਲਿਖਿਆ ਇਤਿਹਾਸ ਦਾ
-
ਡਾ ਅਮਰਜੀਤ ਟਾਂਡਾ,
drtanda101@gmail.com
02 9682 3030, Mob; 0417271147
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.