ਤੰਬਾਕੂ ਸਮੇਤ ਸਾਰੇ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਸਮੇਂ ਦੀ ਮੰਗ
ਉਪਕਾਰ ਸਿੰਘ ਪ੍ਰਧਾਨ
ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਤੰਬਾਕੂ, ਚਿੱਟੇ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਬਚਾਉਣਾ ਸਮਾਜ, ਸਰਕਾਰ ਅਤੇ ਪਰਿਵਾਰ ਸਭ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਬਣ ਚੁੱਕੀ ਹੈ। ਨਸ਼ਾ ਕਿਸੇ ਵੀ ਕਿਸਮ ਦਾ ਹੋਵੇ, ਉਹ ਮਨੁੱਖ ਦੇ ਸਰੀਰ, ਮਨ ਅਤੇ ਆਤਮਾ ਤਿੰਨਾਂ ਨੂੰ ਖੋਖਲਾ ਕਰ ਦਿੰਦਾ ਹੈ। ਤੰਬਾਕੂ ਦੁਨੀਆ ਦੇ ਸਭ ਤੋਂ ਸਸਤੇ, ਸਭ ਤੋਂ ਵੱਧ ਵਰਤੇ ਜਾਣ ਵਾਲੇ ਅਤੇ ਸਭ ਤੋਂ ਖਤਰਨਾਕ ਨਸ਼ਿਆਂ ਵਿੱਚੋਂ ਇੱਕ ਹੈ। ਇਸ ਦੀ ਲਤ ਲੱਗਣ ਤੋਂ ਬਾਅਦ ਮਨੁੱਖ ਹੌਲੀ-ਹੌਲੀ ਆਪਣੀ ਸਿਹਤ, ਆਰਥਿਕ ਹਾਲਤ ਅਤੇ ਪਰਿਵਾਰਕ ਸੁੱਖ-ਸ਼ਾਂਤੀ ਸਭ ਕੁਝ ਗਵਾ ਬੈਠਦਾ ਹੈ। ਤੰਬਾਕੂ ਵਿੱਚ ਮੌਜੂਦ ਨਿਕੋਟੀਨ ਵਰਗੇ ਹਾਨੀਕਾਰਕ ਰਸਾਇਣ ਕੈਂਸਰ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੇ ਰੋਗ ਅਤੇ ਹੋਰ ਘਾਤਕ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸੇ ਲਈ ਤੰਬਾਕੂ ਨੂੰ “ਮੀਠਾ ਜ਼ਹਿਰ” ਵੀ ਕਿਹਾ ਜਾਂਦਾ ਹੈ, ਜੋ ਹੌਲੀ-ਹੌਲੀ ਮਨੁੱਖ ਨੂੰ ਮੌਤ ਦੇ ਮੂੰਹ ਵੱਲ ਧੱਕਦਾ ਹੈ।
ਤੰਬਾਕੂ ਦੀ ਵਰਤੋਂ ਨੂੰ ਕੋਈ ਵੀ ਧਰਮ ਪ੍ਰੋਤਸਾਹਿਤ ਨਹੀਂ ਕਰਦਾ। ਸਿੱਖ ਧਰਮ ਵਿੱਚ ਤਾਂ ਇਸ ਦੀ ਵਰਤੋਂ ‘ਤੇ ਸਖ਼ਤ ਮਨਾਹੀ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਸਮੇਂ ਤੰਬਾਕੂ ਦੇ ਸੇਵਨ ਨੂੰ ਪੂਰੀ ਤਰ੍ਹਾਂ ਵਰਜਿਤ ਕੀਤਾ ਸੀ। ਇਹ ਸਿਰਫ ਧਾਰਮਿਕ ਪੱਖ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਦੀ ਸਿੱਖਿਆ ਵੀ ਹੈ। ਜਦੋਂ ਮਨੁੱਖ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਰੂਹਾਨੀ ਨੁਕਸਾਨਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਜਾਂਦਾ ਹੈ, ਤਾਂ ਉਹ ਭੁੱਲ ਕੇ ਵੀ ਇਸ ਪਾਸੇ ਕਦਮ ਨਹੀਂ ਰੱਖਦਾ।
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਲੰਮੇ ਸਮੇਂ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਰਹੀ ਹੈ। ਇਸ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਚਲਾਈ ਗਈ ਹੈ, ਜਿਸ ਦੇ ਹੌਂਸਲਾਅਫ਼ਜ਼ਾਈ ਕਰਨ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ। ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਨਸ਼ਾ ਤਸਕਰਾਂ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਲੋਕ ਵੀ ਅੱਗੇ ਆ ਕੇ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਗੁਪਤ ਜਾਣਕਾਰੀ ਦੇ ਰਹੇ ਹਨ। ਇਹ ਸਮਾਜ ਅਤੇ ਪ੍ਰਸ਼ਾਸਨ ਦੀ ਸਾਂਝੀ ਲੜਾਈ ਦਾ ਚੰਗਾ ਸੰਕੇਤ ਹੈ।
ਪਰ ਨਸ਼ਿਆਂ ਨੂੰ ਰੋਕਣ ਦੀ ਲੜਾਈ ਸਿਰਫ਼ ਪੁਲਿਸ ਜਾਂ ਸਰਕਾਰ ਦੀ ਨਹੀਂ, ਸਗੋਂ ਘਰ-ਘਰ ਦੀ ਜ਼ਿੰਮੇਵਾਰੀ ਹੈ। ਬੱਚੇ ਸਭ ਤੋਂ ਪਹਿਲਾਂ ਜੋ ਕੁਝ ਸਿੱਖਦੇ ਹਨ, ਉਹ ਆਪਣੇ ਘਰ ਦੇ ਮਾਹੌਲ ਤੋਂ ਸਿੱਖਦੇ ਹਨ। ਜੇ ਘਰ ਵਿੱਚ ਵੱਡੇ ਹੀ ਬੱਚਿਆਂ ਦੇ ਸਾਹਮਣੇ ਸਿਗਰਟ, ਬੀੜੀ, ਤੰਬਾਕੂ ਜਾਂ ਸ਼ਰਾਬ ਵਰਗੀਆਂ ਚੀਜ਼ਾਂ ਵਰਤਣਗੇ, ਤਾਂ ਬੱਚਿਆਂ ਦੇ ਮਨ ਵਿੱਚ ਇਹਨਾਂ ਪ੍ਰਤੀ ਗਲਤ ਜਿਗਿਆਸਾ ਅਤੇ ਰੁਝਾਨ ਪੈਦਾ ਹੋ ਸਕਦਾ ਹੈ। ਇਸ ਲਈ ਮਾਪਿਆਂ ਨੂੰ ਆਪਣੇ ਵਿਹਾਰ ਪ੍ਰਤੀ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਬੱਚਿਆਂ ਨਾਲ ਪਿਆਰ ਭਰੀ ਗੱਲਬਾਤ, ਉਹਨਾਂ ਦੀ ਦੋਸਤੀ, ਉਹਨਾਂ ਦੇ ਆਉਣ-ਜਾਣ, ਮੋਬਾਈਲ ਵਰਤੋਂ ਅਤੇ ਦਿਨਚਰੀ ‘ਤੇ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ।
ਅੱਜ ਭਾਵੇਂ ਸਰਕਾਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਪਰ ਫਿਰ ਵੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਨੁਕਸਾਨਾਂ ਬਾਰੇ ਸੈਮੀਨਾਰ, ਭਾਸ਼ਣ ਮੁਕਾਬਲੇ, ਪੋਸਟਰ ਮੁਕਾਬਲੇ, ਨੁੱਕੜ ਨਾਟਕ ਅਤੇ ਜਾਗਰੂਕਤਾ ਰੈਲੀਆਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਸਹੀ ਦਿਸ਼ਾ ਮਿਲ ਸਕੇ। ਨਸ਼ਾ ਛੁਡਾਊ ਕੇਂਦਰਾਂ ਦੀ ਭੂਮਿਕਾ ਵੀ ਇਸ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਹੈ।
ਹਰ ਸਾਲ 31 ਮਈ ਨੂੰ “ਵਿਸ਼ਵ ਤੰਬਾਕੂ ਵਿਰੋਧੀ ਦਿਵਸ” ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ‘ਤੇ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ‘ਤੇ ਬੈਨਰ, ਸੈਮੀਨਾਰ, ਜਾਗਰੂਕਤਾ ਮੁਹਿੰਮਾਂ ਅਤੇ ਲੋਕ ਸੰਪਰਕ ਕਾਰਜਕ੍ਰਮਾਂ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਪਰ ਜੇਕਰ ਸਾਲ ਦੇ ਕੇਵਲ ਇੱਕ ਦਿਨ ਦੀ ਥਾਂ ਸਾਲ ਭਰ ਇਹ ਮੁਹਿੰਮ ਨਿਰੰਤਰ ਚਲਾਈ ਜਾਵੇ, ਤਾਂ ਇਸ ਦੇ ਹੋਰ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ।
ਸਮਾਜ ਵਿੱਚ ਨਸ਼ਿਆਂ ਦੇ ਵਧਦੇ ਰੁਝਾਨ ਨੇ ਇੱਕ ਹੋਰ ਗੰਭੀਰ ਚਿੰਤਾ ਜਨਮ ਦਿੱਤੀ ਹੈ ਕਿ ਹੁਣ ਨਸ਼ਾ ਸਿਰਫ਼ ਮੁੰਡਿਆਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਕੁੜੀਆਂ ਵਿੱਚ ਵੀ ਇਸ ਦਾ ਪ੍ਰਭਾਵ ਵਧ ਰਿਹਾ ਹੈ। ਇਹ ਹਾਲਾਤ ਭਵਿੱਖ ਲਈ ਖ਼ਤਰਨਾਕ ਸੰਕੇਤ ਹਨ। ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜੇਕਰ ਇਹੀ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਗਏ, ਤਾਂ ਸਮਾਜ ਅਤੇ ਦੇਸ਼ ਦਾ ਭਵਿੱਖ ਹਨੇਰੇ ਵਿੱਚ ਡੁੱਬ ਸਕਦਾ ਹੈ। ਇਸ ਲਈ ਲੋੜ ਹੈ ਕਿ ਨੌਜਵਾਨ ਮਾੜੀ ਸੰਗਤ ਤੋਂ ਬਚਣ, ਖੇਡਾਂ, ਪੜ੍ਹਾਈ, ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੁੜਨ ਅਤੇ ਆਪਣੀ ਜ਼ਿੰਦਗੀ ਨੂੰ ਉਦੇਸ਼ਪੂਰਨ ਬਣਾਉਣ।
ਮੇਰੀ ਨੌਜਵਾਨ ਪੀੜ੍ਹੀ ਨੂੰ ਹੱਥ ਜੋੜ ਅਪੀਲ ਹੈ ਕਿ ਉਹ ਹਰ ਕਿਸਮ ਦੇ ਨਸ਼ੇ ਤੋਂ ਦੂਰ ਰਹੇ। ਯਾਦ ਰੱਖੋ, ਜੇਕਰ ਨੌਜਵਾਨ ਨਸ਼ਾ ਖਰੀਦਣਾ ਹੀ ਛੱਡ ਦੇਣ, ਤਾਂ ਨਸ਼ੇ ਦੀ ਸਪਲਾਈ ਆਪਣੇ ਆਪ ਘੱਟ ਹੋ ਜਾਵੇਗੀ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਲਈ ਸਮਰਪਿਤ ਹੋਣਾ ਚਾਹੀਦਾ ਹੈ, ਉਹਨਾਂ ਦੇ ਸੁਭਾਅ, ਦੋਸਤਾਂ ਅਤੇ ਦਿਨਚਰੀ ‘ਤੇ ਧਿਆਨ ਦੇਣਾ ਚਾਹੀਦਾ ਹੈ। ਸਿਰਫ਼ ਸਰਕਾਰ ਜਾਂ ਪੁਲਿਸ ਦੇ ਭਰੋਸੇ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ; ਇਸ ਲਈ ਪਰਿਵਾਰ, ਸਮਾਜ, ਧਾਰਮਿਕ ਸੰਸਥਾਵਾਂ, ਸਕੂਲਾਂ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
ਅਖੀਰ ਵਿੱਚ ਇਹੀ ਕਹਿਣਾ ਉਚਿਤ ਹੈ ਕਿ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਕੇਵਲ ਸਮੇਂ ਦੀ ਮੰਗ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜੇ ਅਸੀਂ ਅੱਜ ਆਪਣੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਲਿਆ, ਤਾਂ ਕੱਲ੍ਹ ਦਾ ਪੰਜਾਬ ਅਤੇ ਦੇਸ਼ ਦੋਵੇਂ ਸੁਰੱਖਿਅਤ, ਤੰਦਰੁਸਤ ਅਤੇ ਰੌਸ਼ਨ ਭਵਿੱਖ ਵੱਲ ਵਧ ਸਕਣਗੇ।

-
ਉਪਕਾਰ ਸਿੰਘ ਪ੍ਰਧਾਨ, ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ
..
85570 05354
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.