ਸੜਿਆ ਕਣਕ ਘੁਟਾਲਾ: ਵਿਧਾਇਕ ਦੇ ਖੁਲਾਸੇ ਤੋਂ 22 ਦਿਨ ਬਾਅਦ ਵੀ ਨਹੀਂ ਹੋਈ ਕਾਰਵਾਈ, ਵਿਵਾਦਿਤ ਕਣਕ ਸਰਕਾਰੀ ਗੋਦਾਮਾਂ ਤੱਕ ਪਹੁੰਚਣ ਨਾਲ ਉੱਠੇ ਗੰਭੀਰ ਸਵਾਲ
ਸੁਖਮਿੰਦਰ ਭੰਗੂ
ਲੁਧਿਆਣਾ 26 ਜੂਨ 2026- ਲੁਧਿਆਣਾ ਵਿੱਚ ਕਥਿਤ ਸੜਿਆ ਅਤੇ ਪਾਣੀ ਨਾਲ ਭਿੱਜਿਆ ਕਣਕ ਮਾਮਲਾ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕਣਕ ਨੂੰ ਵਿਧਾਇਕ ਵੱਲੋਂ ਜਨਤਕ ਤੌਰ ‘ਤੇ ਪਸ਼ੂਆਂ ਦੇ ਖਾਣ ਯੋਗ ਵੀ ਨਾ ਹੋਣ ਦੀ ਗੱਲ ਕਹੀ ਗਈ ਸੀ, ਉਹੀ ਕਣਕ ਹੁਣ ਸਰਕਾਰੀ ਗੋਦਾਮਾਂ ਤੱਕ ਪਹੁੰਚਣ ਦੇ ਦੋਸ਼ਾਂ ਕਾਰਨ ਵੱਡੇ ਵਿਵਾਦ ਦਾ ਰੂਪ ਧਾਰ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 3 ਜੂਨ ਨੂੰ ਇਸ ਮਾਮਲੇ ਨੂੰ ਲੈ ਕੇ ਵਿਧਾਇਕ ਵੱਲੋਂ ਮੌਕੇ ‘ਤੇ ਪਹੁੰਚ ਕੇ ਗੰਭੀਰ ਇਤਰਾਜ਼ ਜਤਾਇਆ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਕਣਕ ‘ਤੇ ਪਾਣੀ ਛਿੜਕ ਕੇ ਉਸ ਦਾ ਵਜ਼ਨ ਵਧਾਇਆ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਖਰੀਦ ਅਤੇ ਆਵਾਜਾਈ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਕੇ ਲੱਖਾਂ ਰੁਪਏ ਦਾ ਗਲਤ ਲਾਭ ਲਿਆ ਜਾ ਸਕਦਾ ਹੈ। ਉਸ ਵੇਲੇ ਲੋਕਾਂ ਨੂੰ ਉਮੀਦ ਸੀ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇਗੀ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਰ 22 ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਐਫਆਈਆਰ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਅਤੇ ਨਾ ਹੀ ਕਿਸੇ ਵਿਭਾਗੀ ਕਾਰਵਾਈ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਸਾਹਮਣੇ ਆਈਆਂ ਖ਼ਬਰਾਂ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖਿਰ ਉਹ ਕਣਕ ਸਰਕਾਰੀ ਗੋਦਾਮਾਂ ਤੱਕ ਕਿਵੇਂ ਪਹੁੰਚੀ ਅਤੇ ਕਿਸ ਦੀ ਮਨਜ਼ੂਰੀ ਨਾਲ ਉਸ ਨੂੰ ਅੱਗੇ ਭੇਜਿਆ ਗਿਆ।
ਇਸ ਮਾਮਲੇ ਨੂੰ ਲੈ ਕੇ ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਵੱਲੋਂ ਆਵਾਜ਼ ਉਠਾਈ । ਉਹਨਾਂ ਵੱਲੋ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਗਈ ਤਾਜ਼ਾ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਜੇਕਰ ਵਿਵਾਦਿਤ ਕਣਕ ਵਾਸਤਵ ਵਿੱਚ ਸਰਕਾਰੀ ਸਟਾਕ ਦਾ ਹਿੱਸਾ ਬਣ ਚੁੱਕੀ ਹੈ ਤਾਂ ਇਹ ਸਿਰਫ਼ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ, ਸਗੋਂ ਆਮ ਲੋਕਾਂ ਅਤੇ ਗਰੀਬ ਵਰਗ ਦੇ ਹੱਕਾਂ ਨਾਲ ਜੁੜਿਆ ਬਹੁਤ ਗੰਭੀਰ ਮਾਮਲਾ ਹੈ।
ਹੁਣ ਲੋਕਾਂ ਦੀ ਨਜ਼ਰ ਸਰਕਾਰ, ਖੁਰਾਕ ਤੇ ਸਪਲਾਈ ਵਿਭਾਗ ਅਤੇ ਸੰਬੰਧਿਤ ਏਜੰਸੀਆਂ ‘ਤੇ ਟਿਕੀ ਹੋਈ ਹੈ। ਜਨਤਾ ਇਹ ਜਾਣਨਾ ਚਾਹੁੰਦੀ ਹੈ ਕਿ ਜੇ ਮਾਮਲਾ ਇੰਨਾ ਗੰਭੀਰ ਸੀ ਤਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋਈ ਅਤੇ ਜੇ ਕਣਕ ਮਿਆਰੀ ਸੀ ਤਾਂ ਫਿਰ ਉਸ ਵੇਲੇ ਉਠੇ ਇਤਰਾਜ਼ਾਂ ਦਾ ਸੱਚ ਕੀ ਸੀ। ਇਸ ਪੂਰੇ ਮਾਮਲੇ ਨੇ ਸਰਕਾਰੀ ਖਰੀਦ ਪ੍ਰਣਾਲੀ ਦੀ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਗਰਾਨੀ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਨਤਾ ਹੁਣ ਇਸ ਮਾਮਲੇ ਦੀ ਨਿਰਪੱਖ ਜਾਂਚ ਅਤੇ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਮੰਗ ਕਰ ਰਹੀ ਹੈ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਆਖਿਰ ਜ਼ਿੰਮੇਵਾਰ ਕੌਣ ਹੈ ਅਤੇ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-