ਖੁੱਲੀ ਕਿਤਾਬ,
ਸੁਰੀਲਾ ਜੇਹਾ ਗੀਤ ਮਾਂ
ਮਾਂ ਹੈ ਪਿੰਡ ਹੈ
ਮਾਂ ਹੈ-ਛਾਂ ਹੈ
ਵੱਡਾ ਵਿਹੜਾ ਬੋਹੜ ਦੀ ਸੰਘਣੀ ਛਾਂ
ਅਸੀਸਾਂ ਦਾ ਚਸ਼ਮਾ ਕਲਪ ਬਿਰਖ,
ਤਿਆਗ ਮੁਜੱਸਮਾ, ਤਪਸਵੀ ਦੁਖ ਜਫ਼ਰ ਜਾਲਣੀ
ਵੱਡਾ ਰੱਬ
ਬਿਰਹੋਂ ਦਾ ਤੀਰਥ ਸਵਰਗ ਨਾਲੋਂ ਉੱਤਮ
ਫਰਿਸ਼ਤਾ ਰੂਪ
ਓਸ ਵਿਹੜੇ ਛਾਂ ਨਹੀਂ ਹੁੰਦੀ
ਜਿਸ ਘਰ ਲੋਕੋ ਮਾਂ ਨਹੀਂ ਹੁੰਦੀ,
ਨਿੱਘ ਕੁਰਬਾਨੀ ਅਤੇ ਪਿਆਰ ਦਾ ਅਹਿਸਾਸ ਓਦੋਂ ਹੁੰਦਾ ਹੈ
ਜਦ ਉਹ ਵਿਛੜ ਜਾਂਦੀ ਹੈ
ਮਾਂ ਸੱਭ ਤੋਂ ਵੱਡੀ ਸੰਸਥਾ
ਵਿਸ਼ਵ ਪ੍ਰਸਿੱਧ ਨਜ਼ਾਰਾ ਓਹਦਾ ਇਕ ਚੁੰਮਣ
ਸੰਤ ਭਗਤੀਂ ਮਾਂ ਗੁਰੂ, ਪੀਰ, ਪੈਗ਼ੰਬਰ,
ਹੁਣ ਕਦੋਂ ਆਵੇਂਗਾ ਪੁੱਤ? ਕਹਿੰਦੀ ਹੁੰਦੀ ਸੀ -
ਮਾਂ ਨੂੰ ਕਬਰਾਂ ਦੇ ਰਾਹ ਟੁਰ ਗਈ ਨੂੰ ਸੱਤ ਸਾਲ ਹੋ ਚੁੱਕੇ ਹਨ-
ਫ਼ੋਨ ਦੀ ਤਾਰ ਕੱਟੀ ਗਈ ਹੈ-
ਮਾਂ ਸਦਕਾ ਖੁੱਲ੍ਹੇ ਰਹਿਣ ਵਾਲੇ ਦਰ ਬੰਦ ਹੋ ਗਏ ਹਨ ਹੁਣ
ਦੋਸਤੋ! ਬਹੁਤ ਮੁਸ਼ਕਲ ਹੁੰਦਾ ਏ ਮੁਖ਼ਾਤਿਬ ਹੋਣਾ ਬੰਦ ਬੂਹਿਆਂ ਨੂੰ
ਤੇ ਜਾਂ ਦਰਾਂ ਦੀ ਉਡੀਕ ਬਣ ਕੇ
ਸਦਾ ਲਈ ਦੂਰ ਤੁਰ ਗਈਆਂ ਮਾਵਾਂ ਦੇ ਮੂਕ ਰੁਦਨ ਨੂੰ ਸੁਣਨਾ
ਮਾਰਗ ਦਰਸ਼ਕ, ਸਭ ਤੋਂ ਵੱਡਾ ਰਹਿਨੁਮਾ-
ਪੁੱਤਾਂ ਦੇ ਰਾਹਾਂ ਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜਾ ਕਰਨ ਵਾਲੀ
ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ-
ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ
ਸਭ ਤੋਂ ਵੱਡੀ ਸੁਪਨਸਾਜ਼ ਬੱਚਿਆਂ ਦੀ
ਨੈਣਾਂ ਵਿਚ ਸੁਪਨੇ ਧਰਦੀ,
ਲੋੜਾਂ ਥੋੜਾਂ ਦੀ ਪ੍ਰਵਾਹ ਕੀਤੇ ਬਿਨਾਂ -ਬੱਚਿਆਂ ਦੇ ਚਾਅ ਪੂਰੇ ਕਰਦੀ-
ਸਭ ਤੋਂ ਵੱਡੀ ਖ਼ੈਰ-ਖਵਾਹ,
ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਸੁੱਖਾਂ ਮੰਗਦੀ,
ਟੁੱਟਦੇ ਸਾਹਾਂ ਦੀ ਅਉਧ ਹੰਢਾਉਂਦਿਆਂ ਵੀ,
ਬੱਚਿਆਂ ਦੀ ਲੰਮੀ ਉਮਰ ਦੀ ਦੁਆਵਾਂ ਕਰਦੀ ਧਰਤ
ਪਿਆਰ ਹਮਦਰਦੀ ਦੇ ਫ਼ੈਹੇ ਧਰਦੀ-ਜ਼ਖ਼ਮਾਂ 'ਤੇ
ਮੋਹ ਦੀਆਂ ਟਕੋਰਾਂ ਕਰਦੀ,ਦਰਦ ਹਰਦੀ ਸਿੰਮਦੀ ਪੀੜ 'ਤੇ -
ਕੁਦਰਤ ਦੀ ਮਹਾਨ ਕਿਰਤ, ਤਹਿਜ਼ੀਬ ਦੀ ਅਣਮੋਲ ਦਾਤ,
ਧਰਤ ਦੇ ਵਿਹੜੇ \'ਚ ਸਿਤਾਰਿਆਂ ਦੀ ਪਰਾਤ
ਜੋ ਨਿੱਘ ਤਰੌਂਕੇ, ਰਿਸ਼ਮਾਂ ਵੰਡੇ, ਸੁਖਨ ਦੀ ਰਿਮਝਿਮ-
ਆਪਣਾ-ਆਪਾ- ਜਾਇਆਂ ਤੋਂ ਵਾਰੇ-
ਮੰਜ਼ਲਾਂ ਦੀ ਪ੍ਰਾਪਤੀ ਦਾ ਅਹਿਦ ਮਾਨਵਤਾ ਦਾ ਸਭ ਤੋਂ ਵੱਡਾ ਤੋਹਫ਼ਾ,
ਜੀਵਨ-ਜਾਚ ਦੀ ਪਾਠਸ਼ਾਲਾ,
ਜ਼ਿੰਦਗੀ ਦੀ ਸੁਚੱਜੀ ਵਿਚਾਰਧਾਰਾ-ਨਿਮਰਤਾ ਦਾ ਮੁਜੱਸਮਾ
ਉਹ ਹੋਵੇ ਘਰ ਉਡੀਕਣ- ਘੂਰੀਆਂ-ਝਿੜਕਾਂ ਦੇ ਪਲ ਮੁੜ ਜਿਊਣ
ਗ਼ੈਰ-ਹਾਜ਼ਰੀ ਵਿਚ ਦਰ ਉਦਾਸ ਹੋ ਜਾਣ
ਉਡੀਕ ਖਤਮ ਹੋ ਜਾਵੇ-ਸਿਵਾ ਸੇਕਣਾ ਵੀ ਨਸੀਬ ਨਾ ਹੋਵੇ
ਮੜੀਆਂ ਦੀ ਰਾਖ਼ ਫਰੋਲਣ ਜੋਗੇ ਰਹਿ ਜਾਣ ਪੁੱਤ-
ਨਾਲ ਹੀ ਰੁਖ਼ਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ,
ਬੁੱਝ ਜਾਂਦੇ ਨੇ ਰਹਿਮਤਾਂ ਦੇ ਚਿਰਾਗ -ਜਦ ਟੁਰ ਜਾਵੇ-
ਕੰਬਣ ਲਗ ਜਾਣ ਹੱਥਾਂ ਨਾਲ ਦਿੱਤੀਆਂ ਅਸੀਸਾਂ-
ਜਦ ਬੋਲ ਯਾਦ ਆਉਂਦੇ ਨੇ ਤਾਂ ਮਨ-ਮਮਟੀ 'ਤੇ ਚਿਰਾਗ ਜਗਦਾ ਹੈ-
ਪੁੱਤ ਭੁੱਖ ਤਾਂ ਨਹੀਂ ਲੱਗੀ, ਵੇਲੇ ਸਿਰ ਰੋਟੀ ਖਾ ਲਿਆ ਕਰ
ਨੀਂਦ ਪੂਰੀ ਜ਼ਰੂਰ ਕਰਿਆ ਕਰ\'-ਆਪਣੀ ਸਿਹਤ ਦਾ ਖਿਆਲ ਰੱਖੀਂ,
ਧੁਖਦੀਆਂ ਤਿੱਖੜ ਦੁਪਹਿਰਾ ਮਾਵਾਂ ਬਲਦੀਆਂ ਛਾਵਾਂ
ਗ਼ਮ ਅਤੇ ਵਿਗੋਚਿਆਂ 'ਚ -
ਮੱਥੇ 'ਤੇ ਉੱਕਰੇ ਦਿਸਹੱਦਿਆਂ ਦਾ ਨਾਮਕਰਨ
ਕਰਮ ਸਾਧਨਾ ਅਚੇਤ ਮਨਾਂ ਚ ਉੱਕਰੀ ਵਰਣਮਾਲਾ
ਅਕਲ-ਕਟੋਰਾ ਅਤੇ ਕੰਨ-ਮਰੋੜਨੀ ਮੋਹ-ਭਿੱਜੀ ਘੂਰੀ, -
ਸਭ ਤੋਂ ਵੱਡੀ ਪਨਾਹ,ਮਿੱਠੀ ਜਹੀ ਝਿੜਕ,
ਗਡੀਰਾ ਵੀ ਤੇ ਘਨ੍ਹੇੜੀ ਵੀ
ਲੋਰੀ ਪੋਤੜਾ ਚੋਗ ਤੇ ਝਿੜਕ ਵੀ
ਖਿਡੌਣਾ ਸੁਪਨਾ ਰਾਗ ਤੋਤਲੇ ਬੋਲ ਵੀ
ਉਸਦੀ ਬੁੱਕਲ ਚ ਕੁਦਰਤ -ਪੈਰਾਂ ਚ ਸਵਰਗ,
ਇਸ ਦਰਬਾਰ ਚ ਤਾਜਾਂ ਤਖਤਾਂ ਵਾਲੇ ਵੀ ਸਿਰ ਝੁਕਾੳਣ
ਹਕੂਮਤਾਂ ਨਿਵ ਜਾਣ ਬਾਦਸ਼ਾਹੀਆਂ ਸਲਾਮ ਕਰਨ-
ਅੰਬਰਾਂ ਵਰਗੀ ਚਾਹਤ ਜ਼ਿੰਦਗੀ ਦਾ ਸੱਭ ਤੋਂ ਸੁੱਚਾ ਸਰੋਕਾਰ
ਹਰਫ਼ਾਂ ਚ ਨਾ ਸਮਾ ਸਕਣ ਵਾਲੀ ਇਬਾਦਤ -
ਸਾਰੀ ਰਾਤ ਤੁਰਦੀ-ਫਿਰਦੀ ਜਨਤ
ਮੱਕੀ ਦੇ ਟੁੱਕ ਵਰਗੀ ਲਜ਼ਤ
ਜਿਸਦੀ ਹਿੱਕ ਵਿਚ ਦਰਦ ਸਿੰਮੇ
ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ
ਨਿੰਦਰਾਈਆਂ ਰਾਤਾਂ ਚ ਸੁਖਨ ਦਾ ਜਾਗ ਲਾਉਂਦੀ
ਬੱਚਿਆਂ ਦੇ ਸਿਰਹਾਣੇ ਬੈਠਾ ਰੱਬ --
ਫੋਟੋ -ਹੀ ਇਕ ਰਹਿ ਗਈ ਮਾਂ
ਫੁੱਲਾਂ ਪੱਤਿਆਂ ਨੂੰ - ਡਾ ਅਮਰਜੀਤ ਟਾਂਡਾ
ਫੁੱਲਾਂ ਪੱਤਿਆਂ ਨੂੰ
ਪਤਾ ਹੁੰਦਾ ਹੈ ਦਰਦ ਲੋਕਾਂ ਦੇ ਦਿਲਾਂ ਦਾ
ਪਰ ਆਪਣਾ ਨਹੀਂ ਦੱਸਦੇ ਕਿਸੇ ਨੂੰ
ਪੰਜਾਬ ਵੀ ਹੁੰਦਾ ਸੀ ਕਦੇ ਏਦਾਂ ਦਾ
ਰੁੱਖਾਂ ਦੀ ਲੋਕ ਬੋਲੀ
ਮਨੁੱਖਾਂ ਦਾ ਸ਼ੁੱਭਚਿੰਤਕ
ਸਤਿਕਾਰ ਦੀ ਮਿਸਾਲ ਸੀ
ਲੋਕ ਮਾਨਸਿਕਤਾ ਦਾ ਚਹੇਤਾ ਜੇਹਾ
ਇਹਦੇ ਲੋਕ ਗੀਤ ਬੋਲੀਆਂ
ਦਿਲਾਂ ਦੇ ਜਜ਼ਬਿਆਂ ਦੀ ਤਰਜਮਾਨੀ ਸੀ ਕਦੇ
ਰੁੱਖਾਂ ਮਨੁੱਖਾਂ ਦੀ ਗਹਿਰੀ ਸਾਂਝ ਸੀ
ਮੁਟਿਆਰ ਦੀ ਕਲਪਨਾ ਉਡਾਰੀ
ਕਾਵਾਂ, ਤਿੱਤਰਾਂ, ਮੋਰਾਂ ਰਾਹੀਂ ਸੁਨੇਹੇ
ਪੇਕਿਆਂ ਦੀੰ ਯਾਦ
ਫੁੱਲਾਂ, ਰੁੱਖਾਂ ਅਤੇ ਪੰਛੀਆਂ ਦੀਆਂ
ਉਪਮਾਵਾਂ ਤਸਬੀਹਾਂ ਸਨ ਇਹਦੀਆਂ ਸ਼ਾਮਾਂ
ਬੇਰੀਆਂ ਜੰਡ ਰੋਂਦੇ ਸਨ ਕਦੇ
ਮਹਿਬੂਬਾ ਦੇ ਤੁਰ ਜਾਣ ਤੇ
ਇਸ ਵਿਯੋਗ ਦੀ ਵੇਦਨਾ ਹੁਣ ਪੰਜਾਬ ਹੀ ਕਰੇ
ਲਹਿਲਹਾਉਂਦੀ ਰਮਣੀਕ ਵਾਦੀ
ਬਰਸਾਤੀ ਅਤੇ ਦਰਿਆਈ ਪਾਣੀਆਂ ਦੀ ਕੁਦਰਤ
ਸੂਰਜ ਜਗੇ ਬਨਸਪਤੀ ਮੌਲੇ
ਰੁੱਖਾਂ ਦੀਆਂ ਰੱਖਾਂ ਸਨ ਪੰਜਾਬ ਤੇ
ਕਿੱਸੇ ਕਹਾਣੀਆਂ ਚਿੜੀਆਂ ਕਾਵਾਂ ਦੀਆਂ
ਮੈਦਾਨ ਪਰਬਤ ਦਰਿਆ
ਹਾਲੀ ਦੁੱਧ ਮਧਾਣੀਆਂ
ਸਵਾਣੀਆਂ ਚਰਖੇ ਚੱਕੀਆਂ ਤਾਉਣ
ਨਾਥਾਂ, ਜੋਗੀਆਂ, ਪੀਰਾਂ ਫਕੀਰਾਂ ਦੇ ਧੂਣੇ,
ਤਕੀਏ, ਡੇਰੇ, ਟਿੱਲੇ, ਦਰਗਾਹਾਂ
ਰਮਣੀਕ ਆਬੋ-ਹਵਾ ਜਰਖੇਜ਼ ਜ਼ਮੀਨ
ਸਿੰਧ ਘਾਟੀ ਦੀ ਸੱਭਿਅਤਾ
ਪੱਛਮੀ ਗੰਗਾ ਜਮਨਾ ਦੁਆਬ ਪੰਜਾਬ ਕਿੱਥੇ
ਮੁੱਢ ਕਦੀਮ ਦੇ ਕਬੀਲੇ ਕੋੜਮੇ
ਪੰਜ ਦਰਿਆਵਾਂ ਦੇ ਪੁੱਤ ਪੋਰਸ ਦੀ ਸੈਨਾ
'ਕੰਬੋਜ' ਅਤੇ 'ਗੰਧਾਰ'
ਹਕੂਮਤਾਂ ਅਤੇ ਉਨ੍ਹਾਂ ਦੇ ਲਾਮ ਲਸ਼ਕਰ
ਵੰਨ-ਸੁਵੰਨੀਆਂ ਫਸਲਾਂ ਦਾ ਉਗਮਣਾ
ਵਗਦੇ ਪਾਣੀ ਦਰਿਆਵਾਂ ਦੇ
ਹਰੇ-ਭਰੇ ਰੁੱਖਾਂ ਦੀ ਰੌਣਕ
ਜੰਗਲ, ਝਿੜੀਆਂ, ਰੋਹੀਆਂ,
ਖੂਹ, ਖੇਤ ਖਲਿਆਣ
ਚਹਿਲ-ਪਹਿਲ ਚਹਿਚਹਾਉਂਦੇ ਰੰਗ ਬਿਰੰਗੇ
ਪੰਛੀ ਕੀਟ ਪਤੰਗੇ
ਵਸਦਾ ਰਸਦਾ
ਰੁੱਖ, ਪਸ਼ੂ ਪੰਛੀ ਦਾ ਆਪਣਾ
ਬਸੇਰਾ ਸੀ ਪੰਜਾਬ-- ਕਿੱਥੇ ਹੈ?
ਰਾਜਨੀਤਕ ਅਸਥਿਰਤਾ
ਪੰਜਾਬ ਇਕ ਸੁਪਨਾ ਖਲਬਲੀ
ਕੁਦਰਤ ਵਿਚ ਤਬਾਹੀ
ਮੈਂ ਇੱਕ ਪੰਨਾ ਲਿਖਿਆ ਇਤਿਹਾਸ ਦਾ-
-
ਡਾ ਅਮਰਜੀਤ ਟਾਂਡਾ,
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.