ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੇ ਘਰ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ, 22 ਫਰਵਰੀ 2026 : ਸੰਯੁਕਤ ਕਿਸਾਨ ਮੋਰਚਾ ਪੰਜਾਬ, ਮਜ਼ਦੂਰ ਮੋਰਚਾ ਅਤੇ ਮੁਲਾਜ਼ਮ ਮੋਰਚੇ ਦੇ ਸਾਂਝੇ ਸੱਦੇ ਤੇ ਸਾਂਝੀਆਂ ਮੰਗਾਂ ਨੂੰ ਲੈ ਕੇ ਬੀਜੇਪੀ ਆਗੂਆਂ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਧਰਨਿਆ ਦੇ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਅੱਜ ਬਠਿੰਡਾ ਵਿਖੇ ਬੀਜੇਪੀ ਦੇ ਜਿਲਾ੮ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਘਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਬੀਕੇਯੂ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ ਡਕੌਦਾ ਬੁਰਜ ਗਿੱਲ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀਕੇਯੂ ਡਕੌਦਾ ਧਨੇਰ ਦੇ ਜਿਲਾ ਜਨਰਲ ਸਕੱਤਰ ਗੁਰਨਾਮ ਸਿੰਘ ਮਹਿਰਾਜ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਬਠਿੰਡਾ, ਖੇਤ ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ,ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕੀਤਾ।
ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਅਜਿਹੇ ਕਾਨੂੰਨ ਲਿਆ ਰਹੀ ਜਿਨਾਂ ਨਾਲ ਕਾਰਪੋਰੇਟੀ ਲੁੱਟ ਹੋਰ ਤੇਜ਼ ਹੋਵੇਗੀ ਅਤੇ ਆਮ ਲੋਕਾਂ ਦੇ ਧੰਦੇ ਚੌਪਟ ਹੋ ਜਾਣਗੇ। ਬਿਜਲੀ ਬਿੱਲ ਨਾਲ ਬਿਜਲੀ ਪ੍ਰਾਈਵੇਟ ਹੋ ਜਾਵੇਗੀ ਅਤੇ ਆਮ ਲੋਕਾਂ ਤੇ ਇਸ ਦਾ ਬਹੁਤ ਬੋਝ ਪਵੇਗਾ।ਸੀਡ ਬਿਲ ਨਾਲ ਖੇਤੀ ਮਹਿੰਗੀ ਹੋਵੇਗੀ ਅਤੇ ਕਿਸਾਨਾਂ ਦਾ ਬੀਜ ਰੱਖਣ ਦਾ ਮੁਢਲਾ ਅਧਿਕਾਰ ਵੀ ਖਤਮ ਹੋ ਜਾਵੇਗਾ। ਨਰੇਗਾ ਕਾਨੂੰਨ ਖਤਮ ਹੋਣ ਨਾਲ ਮਜ਼ਦੂਰਾਂ ਨੂੰ ਕੰਮ ਮੰਗਣ ਦਾ ਅਧਿਕਾਰ ਨਹੀਂ ਰਹੇਗਾ ਅਤੇ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਕੰਮ ਕਰਵਾਏਗੀ। ਚਾਰ ਲੇਬਰ ਕੋਡ ਲਾਗੂ ਹੋਣ ਤੇ ਮੁਲਾਜਮ ਬੰਧੂਆ ਮਨਜ਼ੂਰ ਬਣ ਜਾਵੇਗਾ ਅਤੇ ਉਸਦੀ ਨੌਕਰੀ ਦੌਰਾਨ ਉਸ ਨੂੰ ਮਿਲਦੇ ਸਾਰੇ ਲਾਭ ਤੇ ਪੈਨਸ਼ਨ ਆਦਿ ਖਤਮ ਹੋ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਤੇ ਯੂਰਪ ਨਾਲ ਵਪਾਰ ਸਮਝੌਤੇ ਹੋਣ ਤੇ ਖੇਤੀ ਤੇ ਸਹਾਇਕ ਧੰਦੇ ਅਤੇ ਛੋਟੇ ਉਦਯੋਗ ਖਤਮ ਹੋ ਜਾਣਗੇ। ਜਿਸ ਨਾਲ ਵੱਡੇ ਪੱਧਰ ਤੇ ਬੇਰੁਜ਼ਗਾਰੀ ਵਧੇਗੀ।
ਉਹਨਾਂ ਮੰਗ ਕੀਤੀ ਕਿ ਇਹ ਸਾਰੀਆਂ ਨੀਤੀਆਂ ਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਪਬਲਿਕ ਖੇਤਰ ਨੂੰ ਮਜਬੂਤ ਕੀਤਾ ਜਾਵੇ। ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਬਠਿੰਡਾ ਜੋਤੀ ਯਾਦਵ ਦੀ ਅਗਵਾਈ ਵਿੱਚ ਪਿੰਡ ਜਿਉਂਦ ਵਿਖੇ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਬਰਬਰਤਾ ਪੂਰਨ ਤਰੀਕੇ ਨਾਲ ਕੀਤੇ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਅਨੁਸਾਰ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗਣ ਦੇ ਅਧਿਕਾਰ ਨੂੰ ਕੁਚਲਣਾ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਉਹਨਾਂ ਮੰਗ ਕੀਤੀ ਕਿ ਐਸਐਸਪੀ ਬਠਿੰਡਾ ਨੂੰ ਬਰਖਾਸਤ ਕੀਤਾ ਜਾਵੇ ਅਤੇ ਕਿਸਾਨਾਂ ਉੱਪਰ ਕੀਤੇ ਸਾਰੇ ਪਰਚੇ ਰੱਦ ਕੀਤੇ ਜਾਣ।ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਜਸਬੀਰ ਸਿੰਘ ਆਕਲੀਆ,ਅਮਰਜੀਤ ਸਿੰਘ ਹਨੀ, ਕਰਮ ਸਿੰਘ ਭਾਈ ਰੂਪਾ, ਜਗਸੀਰ ਸਿੰਘ ਝੁੰਬਾ, ਮੁਲਾਜ਼ਮ ਆਗੂ ਗੁਰਵਿੰਦਰ ਸਿੰਘ, ਰੇਸ਼ਮ ਸਿੰਘ,ਚੰਦਰ ਸ਼ਰਮਾ,ਮਜ਼ਦੂਰ ਆਗੂ ਤੀਰਥ ਸਿੰਘ ਕੋਠਾ ਅਤੇ ਇਸਤਰੀ ਆਗੂ ਮਾਲਣ ਕੌਰ ਕੋਠਾ ਗੁਰੂ ਨੇ ਵੀ ਸੰਬੋਧਨ ਕੀਤਾ ।
Click to Follow Babushahi Facebook page →