ਬਚਪਨ ‘ਚ ਸੁਣੀ ਬਾਤ ਮੈਨੂੰ ਅੱਜ ਵੀ ਯਾਦ ਆ ਰਹੀ ਹੈ-ਤੈਨੂੰ ਆਖ ਰਹੀ, ਤੈਨੂੰ ਵੇਖ ਰਹੀ, ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ। ਅੱਗੋਂ ਬਟੇਰਾ ਕਹਿੰਦਾ ਹੈ-ਮੈਂ ਜੀਂਦਾ ਹਾਂ, ਮੈਂ ਜਿਉਂਦਾ ਹਾਂ, ਤੂੰ ਮੁੜ ਬਚੜਿਆਂ ਕੋਲ ਜਾਹ ਨੀ ਬਟੇਰੀਏ। ਜੱਟ ਦੇ ਖੇਤ ਗਏ ਬਟੇਰੇ ਨਾਲ ਫਿਰ ਜੋ ਹੁੰਦੀ ਹੈ ਉਹਦਾ ਸਭ ਨੂੰ ਪਤਾ ਹੈ। ਜੱਟ ਬਟੇਰੇ ਨੂੰ ਪਤੀਲੇ ‘ਚ ਚਾੜ੍ਹਦਾ ਹੈ, ਰਿੰਨ੍ਹਦਾ ਪਕਾਉਂਦਾ ਹੈ, ਖਾਂਦਾ ਪੀਂਦਾ ਹੈ ਪਰ ਉਸ ਨੂੰ ਹਜ਼ਮ ਨਹੀਂ ਕਰ ਸਕਦਾ। ਪੇਟ ‘ਚ ਗੜਬੜ ਹੁੰਦੀ ਹੈ, ਉਹ ਖੇਤ ਜਾਂਦਾ ਹੈ ਤਾਂ ਬਟੇਰਾ ਫੁਰਰ ਕਰ ਕੇ ਉਡ ਜਾਂਦਾ ਹੈ।
ਇਹ ਬਾਤ ਤਿੰਨ ਕੁ ਮਹੀਨੇ ਪਹਿਲਾਂ ਵੀ ਮੈਨੂੰ ਯਾਦ ਆਈ ਸੀ ਜਦੋਂ ਪਰਗਟ ਸਿੰਘ ਨੇ ਮੁੱਖ ਸੰਸਦੀ ਸਕੱਤਰ ਦੀ ਸਹੁੰ ਨਹੀਂ ਸੀ ਚੁੱਕੀ। ਉਦੋਂ ਅਸੀਂ ਉਸ ਨੂੰ ਸੁਚੇਤ ਕਰਦਿਆਂ ਕਿਹਾ ਸੀ-ਪਰਗਟ, ਤੂੰ ਪਰਗਟ ਈ ਰਹੀਂ! ਸ਼ੁਕਰ ਹੈ ਪਰਗਟ, ਪਰਗਟ ਹੀ ਰਿਹਾ। ਉਹ ਹੰਢਿਆ ਵਰਤਿਆ ਖਿਡਾਰੀ ਸੀ ਜਿਹੜਾ ਜਾਲ ਵਿਚ ਫਸ ਕੇ ਵੀ ਉਡ ਗਿਆ! ਜਾਂ ਇਓਂ ਕਹਿ ਲਵੋ, ਬਦਹਜ਼ਮੀ ਕਾਰਨ ਉਡਾ ਦਿੱਤਾ ਗਿਆ!
ਪਰਗਟ ਸਿੰਘ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਹਨ ਜਿਨ੍ਹਾਂ ‘ਚੋਂ 168 ਮੈਚਾਂ ਵਿਚ ਭਾਰਤੀ ਟੀਮਾਂ ਦਾ ਕਪਤਾਨ ਸੀ। ਚੈਂਪੀਅਨਜ਼ ਟਰਾਫੀ ਤੋਂ ਲੈ ਕੇ, ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸਿ਼ਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਰਿਹਾ। ਭਾਰਤ ਦਾ ਉਹ ਇਕੋ-ਇਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਰਿਹਾ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਉਹ ਅਰਜਨਾ ਅਵਾਰਡੀ ਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੋਇਐ। ਉਹ ਪੰਜਾਬ ਖੇਡ ਡਾਇਰੈਕਟਰ ਵੀ ਰਿਹਾ। ਖੇਡਾਂ ਦੀ ਚੰਗੀ ਭਲੀ ਸੇਵਾ ਕਰਦੇ ਇਕ ਈਮਾਨਦਾਰ ਖਿਡਾਰੀ ਨੂੰ ਸ. ਸੁਖਬੀਰ ਸਿੰਘ ਬਾਦਲ ਨੇ ਜਲੰਧਰ ਛਾਉਣੀ ਦੀ ਸੀਟ ਜਿੱਤਣ ਲਈ ਹੀ 2012 ਵਿਚ ਖੇਡਾਂ ਦੀ ਡਾਇਰੈਕਟਰੀ ਛੁਡਾ ਕੇ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ ਸੀ। ਖੇਡ ਪ੍ਰੇਮੀਆਂ ਦਾ ਉਦੋਂ ਹੀ ਮੱਥਾ ਠਣਕਿਆ ਸੀ ਕਿ ਪਰਗਟ ਸਿੰਘ ਨਾਲ ਕਿਤੇ ਬਟੇਰੇ ਵਾਲੀ ਨਾ ਹੋਵੇ। ਆਖ਼ਰ ਹੋਈ ਵੀ ਬਟੇਰੇ ਵਾਲੀ!
ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ ਤੇ ਪੈਨਲਟੀ ਕਾਰਨਰ ਤੋਂ ਗੋਲ ਦਾਗਣ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਹਾਕੀ ਦੇ ਗੜ੍ਹ ਸੰਸਾਰਪੁਰ ਦੇ ਨੇੜੇ ਹੀ ਹੈ ਮਿੱਠਾਪੁਰ। ਉਸ ਪਿੰਡ ‘ਚ 5 ਮਾਰਚ 1965 ਨੂੰ ਉਸ ਦਾ ਜਨਮ ਹੋਇਆ। 2005 ਵਿਚ ਉਹ ਪੁਲਿਸ ਦੀ ਕਪਤਾਨੀ ਛੱਡ ਕੇ ਪੰਜਾਬ ਦਾ ਖੇਡ ਡਾਇਰੈਕਟਰ ਬਣਿਆ। 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ ਵਿਚ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ। ਭਗਵੰਤ ਮਾਨ ਤੋਂ ਲੈ ਕੇ ਨਵਜੋਤ ਸਿੱਧੂ ਤਕ ਸਾਰੇ ਹੀ ਪਰਗਟ ਸਿੰਘ ਦੀ ਕਦਰ ਕਰਦੇ ਹਨ।
ਪਰਗਟ ਸਿੰਘ ਦੀ ਪਤਨੀ ਬੀਬੀ ਬਰਿੰਦਰਜੀਤ ਕੌਰ ਸਾਬਕਾ ਸਪੀਕਰ ਪੰਜਾਬ ਤੇ ਸਾਬਕਾ ਗਵਰਨਰ ਰਾਜਸਥਾਨ ਸ. ਦਰਬਾਰਾ ਸਿੰਘ ਦੀ ਧੀ ਹੈ। ਉਸ ਦੇ ਸਾਂਢੂ ਵੀ ਸਿਆਸਤਦਾਨਾਂ ਦੇ ਪੁੱਤਰ ਹਨ। ਸਿਆਸੀ ਤੌਰ ‘ਤੇ ਉਹ ਵਜ਼ਨਦਾਰ ਹੈ ਪਰ ਸਿਆਸਤ ਦੀ ਡ੍ਰਿਬਿਲਿੰਗ ਕਰਨੀ ਨਹੀਂ ਸਿੱਖਿਆ। ਐਮ. ਐਲ. ਏ. ਤਾਂ ਉਹ ਪਹਿਲੇ ਹੱਲੇ ਹੀ ਬਣ ਗਿਆ ਪਰ ਨਾ ਉਹਨੂੰ ਲਾਰੇ ਲਾਉਣੇ ਆਏ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਖੁਸ਼ਾਮਦ। ਸਿਆਸਤ ਦੇ ਅਜਿਹੇ ਖਿਡਾਰੀ ਦਾ ਅਜੋਕੇ ਰਾਜ ਭਾਗ ਵਿਚ ਕੀ ਬਣਨਾ ਸੀ?
ਸਰਕਾਰ ਨੇ ਐੱਮ. ਐਲ. ਏ. ਬਣੇ ਪਰਗਟ ਸਿੰਘ ਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਜਿਸ ਵਿਚ ਉਹ ਮਾਹਿਰ ਸੀ। ਨਾ ਉਹਦੇ ਹਲਕੇ ਦਾ ਕੁਝ ਸੁਆਰਿਆ ਗਿਆ ਹਾਲਾਂ ਕਿ ਸੁਆਰਨ ਵਾਲਾ ਬਹੁਤ ਕੁਝ ਸੀ। ਉਲਟਾ ਵਿਗਾੜਨ ਦੇ ਆਸਾਰ ਬਣ ਗਏ। ਦੋਸਤ ਮਿੱਤਰ ਮਿਹਣੇ ਮਾਰਨ ਲੱਗੇ, ਭਾਅ ਜੀ ਬਟੇਰੇ ਵਾਂਗ ਕਿਥੇ ਜਾ ਫਸੇ? ਅਗਲਿਆਂ ਨੂੰ ਫਿ਼ਕਰ ਹੋਇਆ ਕਿਤੇ ਉਡਾਰੀ ਨਾ ਮਾਰ ਜਾਵੇ? ਚੀਫ਼ ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਦਾ ਜਾਲ ਸੁੱਟਿਆ ਗਿਆ। ਫਸਣ ਵਾਲੇ ਫਸ ਗਏ ਪਰ ਉਹ ਨਾ ਫਸਿਆ। ਪਲੋਸਿਆ ਤਾਂ ਉਹਨੇ ਕਿਹਾ, “ਜੇ ਕੁਝ ਕਰਨਾ ਹੈ ਤਾਂ ਮੇਰੇ ਹਲਕੇ ਦਾ ਕਰੋ, ਕਿਹੜਾ ਮੂੰਹ ਵਿਖਾਊਂ ਮੈਂ ਆਪਣੇ ਵੋਟਰਾਂ ਨੂੰ?”
ਉਹ ਆਪਣੇ ਹਲਕੇ ਦੀਆਂ ਮੰਗਾਂ ਵਾਰ ਵਾਰ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਰਿਹਾ। ਲਾਰੇ ਲੱਗਦੇ ਰਹੇ ਪਰ ਅਮਲ ਟਲਦਾ ਰਿਹਾ। ਨਾ ਉਹਦੇ ਹਲਕੇ ਦੀਆਂ ਮੁਸ਼ਕਲਾਂ ਹੱਲ ਹੋਈਆਂ ਤੇ ਨਾ ਪਰਗਟ ਸਿੰਘ ਸੰਗਤ ਦਰਸ਼ਨ ਦੇਣ ਵਾਲਿਆਂ ਦਾ ਖ਼ੁਸ਼ਾਮਦੀ ਬਣਿਆ। ਨਵਤੇਜ ਸਿੱਧੂ ਨੇ ਰਾਜ ਸਭਾ ਦੀ ਸੀਟ ਛੱਡਦਿਆਂ ਛੱਕਾ ਮਾਰਿਆ ਤਾਂ ਪਰਗਟ ਸਿੰਘ ਦੇ ਪੈਨਲਟੀ ਕਾਰਨਰ ਤੋਂ ਡਰਦਿਆਂ, ਅਗਲਿਆਂ ਨੇ ਬਿਨਾਂ ਕੋਈ ਸ਼ੋਅ ਕਾਜ਼ ਨੋਟਿਸ ਦੇਣ ਦੇ, ਯਾਨੀ ‘ਫਾਊਲ’ ਦੇਣ ਬਿਨਾਂ ਹੀ ਉਹਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ। ਉਂਜ ਚੰਗਾ ਹੀ ਹੋਇਆ, ਉਹਨੂੰ ਫੁਰਰ ਕਰ ਕੇ ਨਹੀਂ ਉਡਣਾ ਪਿਆ! ਹੁਣ ਪਰਗਟ ਸਿੰਘ ਦੀ ਵਾਰੀ ਹੈ ਕਿ ਉਹ ਸਰਕਾਰ ਦੇ ‘ਫਾਊਲ’ ਦੱਸੇ। ਸਿਆਸਤ ਵਿਚ ਭਾਵੇਂ ਉਹਨੂੰ ਮਜਬੂਰ ਕਰ ਕੇ ਲਿਆਂਦਾ ਗਿਆ ਸੀ ਪਰ ਹੁਣ ਉਹ ਸਿਆਸਤ ਦੀ ਖੇਡ ਹੀ ਖੇਡੇ।
ਜਿਹੜੇ ਕਹਿੰਦੇ ਸੀ ਪਰਗਟ ਅੰਦਰਲਾ ਪਰਗਟ ਮਰ ਗਿਆ, ਉਨ੍ਹਾਂ ਨੂੰ ਸੁਖ ਦਾ ਸਾਹ ਆਇਐ ਕਿ ਪਰਗਟ ਅਜੇ ਪਰਗਟ ਹੀ ਹੈ। ਉਹਦੇ ਸ਼ੁਭਚਿੰਤਕਾਂ ਦੀਆਂ ਸ਼ੁਭ ਇਛਾਵਾਂ ਹਨ-ਪਰਗਟ, ਤੂੰ ਪਰਗਟ ਈ ਰਹੀਂ। ਵੇਖੀਂ ਕਿਤੇ ਪਰਗਟ ਦੇ ਨਾਂ ਨੂੰ ਲਾਜ ਨਾ ਲੁਆ ਬਹੀਂ!
-
ਪ੍ਰੋ ਸਰਵਣ ਸਿੰਘ, ਲੇਖਕ , ਆਲੋਚਕ ਅਤੇ ਖੇਡ ਮਾਹਰ
gsandhu75@yahoo.com
+1-905-799-1661
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.