ਖੱਬੇ-ਪੱਖੀ ਸਿਆਸੀ ਪਾਰਟੀਆਂ ਦੀ ਜਲੰਧਰ ਵਿਖੇ ਕਰਵਾਈ ਗਈ ਕਨਵੈਨਸ਼ਨ ਨੇ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਉਤਸ਼ਾਹ ਭਰਿਆ ਹੈ। ਰਾਜ ਦੇ ਗੰਧਲੇ ਹੋ ਰਹੇ ਸਿਆਸੀ ਵਾਤਾਵਰਣ ਵਿੱਚ ਇੱਕ ਆਸ ਦੀ ਕਿਰਨ ਦਿਖੀ ਹੈ ਅਤੇ ਲੋਕ ਆਪਣੇ-ਆਪ ਕੋਲੋਂ ਹੀ ਇਹ ਸਵਾਲ ਪੁੱਛਣ ਲੱਗ ਪਏ ਹਨ ਕਿਖੱਬੀਆਂ ਧਿਰਾਂ ਉਨਾਂ ਦੀ ਪਹਿਲੀ ਪੰਸਦ ਕਿਉਂ ਨਹੀਂ ਬਣ ਸਕੀਆਂ?
ਇਸ ਸਮੇਂ 'ਆਪ' ਦੇ ਝਾੜੂ ਦਾ ਪੰਜਾਬ ਵਿੱਚ ਰੌਲਾ-ਗੌਲਾ ਪਿਆ ਹੋਇਆ ਹੈ। ਬਹੁਤੀਆਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ-ਪੱਤਰ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਫੋਟੋ ਦੇ ਥੱਲੇ ਪਾਰਟੀ ਦਾ ਚੋਣ-ਚਿੰਨ ਝਾੜੂ ਛਾਪਣ ਬਾਰੇ ਬਿਆਨਬਾਜ਼ੀ ਕਰ ਰਹੀਆਂ ਹਨ। ਸਵਾਲਪੰਜਾਬੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਤੇ ਵਿਸ਼ਵਾਸ ਦਾ ਹੈ। ਇਸ ਨੂੰ ਪੰਜਾਬ 'ਚ ਰਾਜਨੀਤੀ ਕਰਦੀਆਂ ਸਿਆਸੀ ਪਾਰਟੀਆਂ ਸਮੇਂ-ਸਮੇਂ ਖ਼ੂਬ ਵਰਤਦੀਆਂ ਹਨ। ਬਹੁਤੀਆਂ ਪਾਰਟੀਆਂ ਧਰਮ ਨੂੰ ਸਿਆਸਤ ਨਾਲ ਜੋੜਨ ਤੋਂ ਗੁਰੇਜ਼ ਨਹੀਂ ਕਰਦੀਆਂ। ਪੰਜਾਬ ਦੇ ਬਹੁਤੇ ਸਿਆਸੀ ਦਲਧਰਮ ਦੇ ਨਾਮ ਉੇੱਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਪਵਿੱਤਰ ਕੁਰਾਨ ਸ਼ਰੀਫ਼ ਦੀ ਮਲੇਰਕੋਟਲਾ 'ਚ ਬੇਅਦਬੀ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਦੀ ਫੋਟੋ ਦੇ ਥੱਲੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਝਾੜੂ ਲਗਾਉਣ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ। ਜਦੋਂ ਸੋਸ਼ਲ ਮੀਡੀਆ ਉੱਤੇ ਕਾਂਗਰਸਅਤੇ ਅਕਾਲੀ ਦਲ (ਬਾਦਲ) ਵੱਲੋਂ ਪਾਈਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨਾਂ ਵਿੱਚ ਹੱਥ ਅਤੇ ਤੱਕੜੀ ਦੋਵਂੇ ਹੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਦਿਖਾਈ ਦਿੱਤੇ, ਤਦ 'ਸਵਾਲ' ਉਠਾ ਰਹੀਆਂ ਇਨਾਂ ਪਾਰਟੀਆਂ ਦੇ ਨੇਤਾਵਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।
ਖੱਬੇ-ਪੱਖੀ ਧਿਰਾਂ ਧਰਮ ਅਤੇ ਸਿਆਸਤ ਨੂੰ ਰਲਗੱਡ ਕਰਨ ਦਾ ਸਦਾ ਵਿਰੋਧ ਕਰਦੀਆਂ ਰਹੀਆਂ ਹਨ ਅਤੇ ਹੁਣ ਵੀ ਕਰਦੀਆਂ ਹਨ। ਉਨਂ ਦੀ ਪੰਜਾਬ ਦੇ ਮਸਲਿਆਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਦੀਆਂ ਸੱਮਸਿਆਵਾਂ ਸੰਬੰਧੀ ਸੋਚ ਬਹੁਤ ਸਪੱਸ਼ਟ ਹੈ। ਉਹ ਸਮਾਜਵਿੱਚ ਕਾਣੀ ਵੰਡ ਦੇ ਖ਼ਿਲਾਫ਼ ਲੜਦੀਆਂ ਹਨ। ਜ਼ਿਮੀਂਦਾਰਾ ਪ੍ਰਥਾ, ਮਾਲਕ ਵੱਲੋਂ ਮਜ਼ਦੂਰ ਦੀ ਲੁੱਟ-ਖਸੁੱਟ ਅਤੇ ਸਮਾਜਿਕ ਬੁਰਾਈਆਂ ਦੇ ਵਿਰੋਧ ਵਿੱਚ ਉਹ ਸਦਾ ਝੰਡਾ ਬੁਲੰਦ ਕਰਦੀਆਂ ਰਹੀਆਂ ਹਨ। ਪੰਜਾਬ 'ਚ ਕੰਮ ਕਰਦੀਆਂ ਸੀ ਪੀ ਆਈ, ਸੀ ਪੀ ਐੱਮ ਤੇ ਨਕਸਲਬਾੜੀ ਗਰੁੱਪ ਸਮੇਂ-ਸਮੇਂ ਰਾਜਦੇ ਸਿਆਸੀ ਦ੍ਰਿਸ਼ 'ਚ ਆਪਣੀ ਭਰਪੂਰ ਹਾਜ਼ਰੀ ਦਰਜ ਕਰਦੇ ਰਹੇ ਹਨ। ਕੁਝ ਸੀਟਾਂ ਉੱਤੇ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਉਹ ਕਦੇ ਵੀ ਪੰਜਾਬ 'ਚ ਹਾਕਮ ਧਿਰ ਨਹੀਂ ਬਣ ਸਕੇ।
ਸਰਵੋਦਿਆ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਹਿੰਦੋਸਤਾਨ ਦੀ ਸਿਆਸਤ ਉੱਤੇ ਦਹਾਕਿਆਂ ਤੱਕ ਛਾਈ ਰਹੀ ਆਲ ਇੰਡੀਆ ਕਾਂਗਰਸ ਪਾਰਟੀ ਦਾ ਜਨਮ 28 ਦਸੰਬਰ 1885 ਨੂੰ ਹੋਇਆ ਸੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਫੈਲੇ ਸਮਾਜਵਾਦ ਦੇ ਸਿਧਾਂਤ ਨੂੰ ਪ੍ਰਣਾਈ ਕਮਿਊਨਿਸਟ ਪਾਰਟੀ ਦਾਜਨਮ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ ਪੀ ਆਈ) ਦਾ 26 ਦਸੰਬਰ 1925 ਨੂੰ ਹੋਇਆ ਸੀ, ਜਦੋਂ ਕਿ 1964 'ਚ ਇਸੇ ਪਾਰਟੀ ਵਿੱਚੋਂ ਵੱਖਰੀ ਹੋਈ ਸੀ ਪੀ ਆਈ (ਮਾਰਕਸਵਾਦੀ) ਕਮਿਊਨਿਸਟ ਲਹਿਰ ਦਾ ਜਨਮ 1920 ਮੰਨਦੀ ਹੈ। ਪੰਜਾਬ ਉੱਤੇ ਪੰਜਵੀਂ ਵੇਰ ਰਾਜ ਕਰਨ ਵਾਲੇਸ਼੍ਰੋਮਣੀ ਅਕਾਲੀ ਦਲ ਦਾ ਜਨਮ 14-12-1920 ਮੰਨਿਆ ਜਾਂਦਾ ਹੈ। ਜਨ ਸੰਘ 1951'ਚ ਜਨਮੀ ਸੀ ਤੇ ਇਸੇ ਦਾ ਵਿਸਥਾਰਤ ਰੂਪ ਭਾਜਪਾ 1980 'ਚ ਬਣੀ। ਬਹੁਜਨ ਸਮਾਜ ਪਾਰਟੀ 1984 ਅਤੇ ਆਮ ਆਦਮੀ ਪਾਰਟੀ 2012 'ਚ ਹੋਂਦ ਵਿੱਚ ਆਈਆਂ। ਕਾਂਗਰਸ, ਕਮਿਊਨਿਸਟ,ਅਕਾਲੀ, ਜਨ ਸੰਘ, ਭਾਜਪਾ, ਬੀ ਐੱਸ ਪੀ, ਆਮ ਆਦਮੀ ਪਾਰਟੀ,-ਸਭਨਾਂ ਦਾ ਵਿਸ਼ਾਲ ਆਧਾਰ ਹਿੰਦੋਸਤਾਨ ਦੇ ਖੁਸ਼ਹਾਲ ਕਹੇ ਜਾਂਦੇ ਸੂਬੇ ਪੰਜਾਬ 'ਚ ਪਿਛਲੇ ਚਾਰ-ਪੰਜ ਦਹਾਕਿਆਂ 'ਚ ਵੇਖਣ ਨੂੰ ਮਿਲਿਆ, ਪਰ ਇਨਾਂ ਸਭਨਾਂ ਪਾਰਟੀਆਂ ਵਿੱਚੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ,ਨੌਜਵਾਨਾਂ, ਬੁੱਧੀਜੀਵੀਆਂ 'ਚ ਵਧੇਰੇ ਪ੍ਰਭਾਵ ਤੇ ਆਧਾਰ ਖੱਬੇ-ਪੱਖੀ ਧਿਰਾਂ ਦਾ ਰਿਹਾ ਹੈ, ਜਿਨਾਂ ਦੀ ਆਪਣੀ ਵਿਗਿਆਨਕ ਸੋਚ, ਸਿਧਾਂਤ ਹਨ ਤੇ ਲੋਕ-ਮਨਾਂ ਉੱਤੇ ਪ੍ਰਭਾਵ ਪਾਉਣ ਦਾ ਨਿਵੇਕਲਾ ਤਰੀਕਾ ਹੈ। ਆਮ ਤੌਰ 'ਤੇ ਖੱਬੀਆਂ ਧਿਰਾਂ ਨਾਲ ਜੁੜਿਆ ਕੋਈ ਵੀ ਵਿਅਕਤੀ ਉਮਰ ਭਰ ਇਸੇ ਸੋਚ 'ਤੇਪਹਿਰਾ ਦਿੰਦਾ ਰਿਹਾ ਹੈ। ਇਸੇ ਕਰ ਕੇ ਖੱਬੀ ਲਹਿਰ ਨੇ ਪੰਜਾਬ 'ਚ ਜਿੱਥੇ ਪ੍ਰਪੱਕ ਸੋਚ ਵਾਲੇ ਉੱਘੇ ਨੇਤਾ ਪੈਦਾ ਕੀਤੇ, ਉੱਥੇ ਪਿੰਡ, ਮੁਹੱਲਾ ਪੱਧਰ 'ਤੇ ਕੰਮ ਕਰਨ ਵਾਲਾ ਵਿਸ਼ੇਸ਼ ਕਾਡਰ ਅਤੇ ਯੂਨੀਅਨਾਂ, ਕਿਸਾਨ ਸਭਾਵਾਂ, ਬੁੱਧੀਜੀਵੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਦ੍ਰਿੜ ਇਰਾਦੇ ਵਾਲੇ ਲੋਕ-ਪੱਖੀਵਰਕਰਾਂ ਦੀ ਫ਼ਸਲ ਵੀ ਤਿਆਰ ਕੀਤੀ, ਜਿਹੜੇ ਬਿਨਾਂ ਕਿਸੇ ਕੁਰਸੀ ਦੇ ਲਾਲਚ ਦੇ ਸਾਰੀ ਉਮਰ ਲੋਕ ਸੇਵਕ ਵਜੋਂ ਕੰਮ ਕਰਨ ਲਈ ਜਾਣੇ ਜਾਂਦੇ ਰਹੇ। ਲੰਮੇ ਸੰਘਰਸ਼ਾਂ, ਮੋਰਚਿਆਂ, ਹੜਤਾਲਾਂ, ਅੰਦੋਲਨਾਂ ਦੇ ਬਾਵਜੂਦ ਖੱਬੀਆਂ ਧਿਰਾਂ ਪੰਜਾਬ ਵਿੱਚ ਆਪਣੀ ਸਿਆਸੀ ਪੈਂਠ ਨਹੀਂ ਬਣਾ ਸਕੀਆਂ, ਜਿਵੇਂਥੋੜ-ਚਿਰਾ ਪ੍ਰਭਾਵ ਦੇਣ ਵਾਲੀਆਂ, ਪੰਜਾਬ ਦੀ ਸਿਖ਼ਰਲੀ ਕੁਰਸੀ ਉੱਤੇ ਕਬਜ਼ਾ ਕਰਨ ਦੀ ਲਾਲਸਾ ਵਾਲੀਆਂ ਪਾਰਟੀਆਂ ਬਣਾ ਰਹੀਆਂ ਹਨ ਜਾਂ ਬਣਾ ਚੁੱਕੀਆਂ ਹਨ।
ਖੱਬੇ-ਪੱਖੀਆਂ ਦੀ ਪੰਜਾਬ ਵਿੱਚ ਸਿਆਸੀ ਕੜੀ ਕਿੱਥੋਂ ਕਮਜ਼ੋਰ ਹੈ? ਕਿਉਂ ਵਿਰਵੀ ਰਹਿ ਜਾਂਦੀ ਹੈ ਲੋਕ ਸੇਵਾ ਕਰਨ ਵਾਲੀ ਇਹ ਖੱਬੀ ਧਿਰ? ਕੀ ਖੱਬੀ ਧਿਰ ਸਿਰਫ਼ ਲੋਕ ਸੇਵਾ 'ਚ ਹੀ ਮਾਰਗ-ਦਰਸ਼ਨ ਵਜੋਂ ਵਿਚਰਨ ਤੱਕ ਸੀਮਤ ਕਰ ਚੁੱਕੀ ਹੈ ਆਪਣੇ ਆਪ ਨੂੰ? ਕੀ ਉਹ ਪੰਜਾਬ ਦੀ ਵਿਗੜੀਤਾਣੀ ਨੂੰ ਥਾਂ ਸਿਰ ਕਰਨ ਲਈ ਹਾਕਮ ਧਿਰ ਨਹੀਂ ਬਣਨਾ ਚਾਹੁੰਦੀ? ਕਿੱਥੇ ਉਕਾਈ ਹੋ ਜਾਂਦੀ ਹੈ ਉਸ ਤੋਂ? ਕਿਉਂ ਨਹੀਂ ਖੱਬੀ ਧਿਰ ਪੰਜਾਬ ਦੇ ਹਾਕਮ ਟੋਲੇ ਲਈ ਖ਼ਤਰਾ ਬਣ ਸਕੀ ਹੁਣ ਤੱੱਕ? ਜੇਕਰ ਆਮ ਆਦਮੀ ਪਾਰਟੀ ਸਿਰਫ਼ ਭ੍ਰਿਸ਼ਟਾਚਾਰ ਤੋਂ ਮੁਕਤੀ ਦਾ ਨਾਹਰਾ ਦੇ ਕੇ, ਬਿਨਾਂ ਦਫ਼ਤਰੋਂ, ਬਿਨਾਂਪਾਰਟੀ ਕਾਡਰੋਂ, ਹਵਾ ਦੇ ਤੇਜ਼ ਬੁੱਲੇ ਵਾਂਗ ਪੰਜਾਬ 'ਚ ਚਾਰ ਲੋਕ ਸਭਾ ਸੀਟਾਂ ਹਥਿਆ ਗਈ, ਅੱਗੋਂ ਇਸੇ ਮੁੱਦੇ 'ਤੇ ਅਤੇ ਪੰਜਾਬ ਦੇ ਹੋਰ ਮਸਲਿਆਂ-ਮੁੱਦਿਆਂ ਨੂੰ ਉਭਾਰ ਕੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 100 ਸੀਟਾਂ ਲੈਣ ਦਾ ਦਾਅਵਾ ਪੇਸ਼ ਕਰ ਸਕਦੀ ਹੈ, ਅਤੇ ਉਹ ਵੀ ਆਪਣੇਜਨਮ ਦੇ ਪੰਜ ਸਾਲਾਂ ਦੇ ਅੰਦਰ-ਅੰਦਰ, ਤਦ ਫਿਰ ਉਮਰ ਦੀ ਇੱਕ ਸਦੀ ਨੂੰ ਪਹੁੰਚਣ ਵਾਲੀ ਖੱਬੀ ਧਿਰ, ਜਿਸ ਦਾ ਪੰਜਾਬ 'ਚ ਆਪਣਾ ਵਿਸ਼ਾਲ ਕਾਡਰ ਹੈ, ਜਿਸ ਦੀ ਆਪਣੀ ਨੀਤੀ ਹੈ, ਜਿਸ ਦਾ ਆਪਣਾ ਹਮਾਇਤੀ ਬੁੱਧੀਜੀਵੀ ਵਰਗ ਹੈ, ਜਿਸ ਦੇ ਪੱਲੇ ਕਿਸਾਨ ਯੂਨੀਅਨਾਂ, ਵਿਦਿਆਰਥੀਯੂਨੀਅਨਾਂ, ਕਿਰਤੀ ਸਭਾਵਾਂ ਹਨ, ਆਪਣੀ ਸੋਚ ਲੋਕਾਂ ਪੱਲੇ ਪਾਉਣ ਵਾਲੀਆਂ ਅਖ਼ਬਾਰਾਂ, ਰਸਾਲੇ ਹਨ, ਜਿਹੜੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮਸਲਿਆਂ ਉੱਤੇ ਬੇਬਾਕ ਰਾਏ ਦੇਣ ਲਈ ਮੰਨੇ ਜਾਂਦੇ ਹਨ, ਆਪਣਾ ਵਿਸ਼ਾਲ ਆਧਾਰ ਪਕੇਰਾ ਕਿਉਂ ਨਹੀਂ ਕਰ ਸਕੀ? ਕਿਉਂ ਆਮ ਲੋਕ ਖੱਬੀ ਧਿਰ ਨਾਲਖੜ ਕੇ ਉਸ ਨਾਲ ਕਦਮ-ਤਾਲ ਨਹੀਂ ਮਿਲਾ ਪਾਉਂਦੇ? ਕਿਉਂ ਉਸ ਤੋਂ ਦੂਰੀ ਬਣਾ ਕੇ ਬੈਠੇ ਹਨ ਲੋਕ?
ਪੰਜਾਬ ਦਾ ਕਿਸਾਨ ਉਪਰਾਮ ਹੈ। ਉਸ ਲਈ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਕਿਸਾਨ ਆਪਣੀ ਲਾਗਤ ਵੀ ਖੇਤੀ ਤੋਂ ਵਸੂਲ ਨਹੀਂ ਕਰ ਪਾ ਰਿਹਾ। ਡਾ: ਸਵਾਮੀਨਾਥਨ ਦੀ ਜਿਸ ਰਿਪੋਰਟ ਨੂੰ ਭਾਰਤੀ ਜਨਤਾ ਪਾਰਟੀ ਨੇ ਤਾਕਤ ਵਿੱਚ ਆਉਣ 'ਤੇ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਉਸ ਤੋਂਉਹ ਇਹ ਕਹਿ ਕੇ ਮੁੱਕਰ ਗਈ ਹੈ ਕਿ ਲਾਗਤ ਮੁੱਲ ਉੱਤੇ 50 ਫ਼ੀਸਦੀ ਦੇ ਵਾਧੇ ਨਾਲ ਮੰਡੀ ਵਿੱਚ ਦਿੱਕਤਾਂ ਪੈਦਾ ਹੋ ਜਾਣਗੀਆਂ, ਇਸ ਲਈ ਇਸ ਨੂੰ ਲਾਗੂ ਕਰਨਾ ਹਾਲੇ ਸੰਭਵ ਨਹੀਂ।
ਇਸ ਗੰਭੀਰ ਮਸਲੇ ਨੂੰ ਕਿਸਾਨਾਂ ਦੇ ਹੱਕ ਵਿੱਚ ਉਠਾਉਣ ਦੀ ਵੱਡੀ ਜ਼ਿੰਮੇਵਾਰੀ ਖੱਬੀ ਧਿਰ ਦੀ ਸੀ, ਜਿਸ ਦੇ ਕਿਸਾਨ ਵਿੰਗ ਪੰਜਾਬ ਵਿੱਚ ਕੰਮ ਕਰ ਰਹੇ ਹਨ। ਐਨੇ ਵੱਡੇ ਲੋਕ ਮਸਲੇ ਨੂੰ ਖੱਬੀ ਧਿਰ ਜ਼ੋਰ-ਸ਼ੋਰ ਨਾਲ ਕਿਉਂ ਨਹੀਂ ਉਠਾ ਸਕੀ? ਰਾਸ਼ਟਰੀ ਨਮੂਨਾ ਸਰਵੇਖਣ ਅਨੁਸਾਰ ਸਾਲ 2013 ਵਿੱਚਕੀਤੇ ਇੱਕ ਸਰਵੇ ਮੁਤਾਬਕ ਹਰੇਕ ਕਿਸਾਨ ਪਰਵਾਰ ਦੇ ਸਿਰ 47000 ਰੁਪਏ ਦਾ ਕਰਜ਼ਾ ਹੈ। ਦੇਸ਼ ਵਿੱਚ ਕੁੱਲ 9 ਕਰੋੜ 2 ਲੱਖ ਕਿਸਾਨ ਪਰਵਾਰ ਹਨ। ਇਨਾਂ ਵਿੱਚੋਂ 69 ਪ੍ਰਤੀਸ਼ਤ ਪਰਵਾਰਾਂ ਕੋਲ ਇੱਕ ਹੈਕਟੇਅਰ (2.5 ਏਕੜ) ਤੋਂ ਵੀ ਘੱਟ ਜ਼ਮੀਨ ਹੈ। ਰਾਸ਼ਟਰੀ ਪੱਧਰ 'ਤੇ 0.1 ਪ੍ਰਤੀਸ਼ਤਕਿਸਾਨ ਹੁਣ ਜ਼ਮੀਨ ਰਹਿਤ ਹੋ ਗਏ ਹਨ, ਜਦੋਂ ਕਿ 6.7 ਪ੍ਰਤੀਸ਼ਤ ਪਰਵਾਰਾਂ ਕੋਲ ਰਹਿਣ ਲਈ ਮਕਾਨ ਲਈ ਹੀ ਜ਼ਮੀਨ ਬਚੀ ਹੈ। ਕੁੱਲ 92.6 ਪ੍ਰਤੀਸ਼ਤ ਕਿਸਾਨ ਪਰਵਾਰਾਂ ਕੋਲ ਮਕਾਨ ਤੋਂ ਇਲਾਵਾ ਥੋੜੀ-ਬਹੁਤ ਜ਼ਮੀਨ ਬਚੀ ਹੈ।
ਪੰਜਾਬ ਵਿੱਚ ਵੀ ਹਾਲਾਤ ਇਸ ਤੋਂ ਵੱਖਰੇ ਨਹੀਂ ਹਨ, ਜਿੱਥੋਂ ਦੇ ਕਿਸਾਨ ਪਰਵਾਰ ਵੱਡੇ ਕਰਜ਼ਾਈ ਬਣੇ ਬੈਠੇ ਹਨ, ਜ਼ਮੀਨ ਵੇਚ ਕੇ ਮਜ਼ਦੂਰੀ ਕਰਨ ਵੱਲ ਤੁਰੇ ਜਾ ਰਹੇ ਹਨ ਜਾਂ 30000 ਰੁਪਏ ਤੋਂ 45000 ਰੁਪਏ ਪ੍ਰਤੀ ਏਕੜ ਜ਼ਮੀਨ ਕਿਰਾਏ ਉੱਤੇ ਲੈ ਕੇ ਖੇਤੀ ਕਰਨ ਲਈ ਮਜਬੂਰ ਹਨ। ਪੰਜਾਬਦੀ ਰੀੜ ਦੀ ਹੱਡੀ ਕਿਸਾਨੀ, ਜਿਹੜੀ ਆਮ ਤੌਰ 'ਤੇ ਚੋਣਾਂ 'ਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਜਿਹੜੀ ਇਸ ਵੇਲੇ ਵੱਡੀ ਬਿਪਤਾ ਵਿੱਚ ਹੈ, ਦੇ ਮਸਲੇ ਕੀ ਲੋਕ-ਹਿੱਤੂ ਖੱਬੀ ਧਿਰ ਦੀ ਪਹਿਲ ਉੱਤੇ ਨਹੀਂ ਸਨ ਹੋਣੇ ਚਾਹੀਦੇ? ਪੰਜਾਬ 'ਚ ਕਦੇ ਖੁਸ਼-ਹੈਸੀਅਤੀ ਟੈਕਸ ਵਿਰੋਧੀ ਮੋਰਚਾ ਪੰਜਾਬ ਦੀਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸਮੇਂ ਲੱਗਾ ਸੀ। ਪੂਰੇ ਪੰਜਾਬ ਦਾ ਕਿਸਾਨ ਕਮਿਊਨਿਸਟ ਪਾਰਟੀ ਦੀ ਰਹਿ-ਨੁਮਾਈ ਵਿੱਚ ਇੱਕਜੁੱਟ ਹੋ ਕੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਹੋ ਤੁਰਿਆ ਸੀ ਅਤੇ ਇੱਕ ਲਹਿਰ ਪੈਦਾ ਹੋ ਗਈ ਸੀ।
ਵਿਦਿਆਰਥੀ ਵਰਗ ਦੀ ਰਹਿ-ਨੁਮਾਈ ਕਰਦਿਆਂ ਪੰਜਾਬ ਸਟੂਡੈਂਟ ਯੂਨੀਅਨ (ਪੀ ਐੱਸ ਯੂ), ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ (ਐੱਸ ਐੱਫ਼ ਆਈ) ਨੇ ਵਧ ਰਹੀਆਂ ਫੀਸਾਂ, ਬੱਸ ਪਾਸਾਂ, ਪੁਲਸ ਜ਼ਿਆਦਤੀਆਂ ਦੇ ਖ਼ਿਲਾਫ਼ ਮੋਰਚਾ ਵਿੱਢਿਆ ਸੀ। ਖੱਬੀ ਧਿਰ ਦੀ ਛਤਰ-ਛਾਇਆ ਹੇਠ ਕੰਮ ਕਰਦੀਪੰਜਾਬ ਦੀ ਵਿਸ਼ਾਲ ਟੀਚਰ ਯੂਨੀਅਨ ਨੇ ਅਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਲੋਕ ਚੇਤਨਾ ਪੈਦਾ ਕਰਨ ਅਤੇ ਖੱਬੇ-ਪੱਖੀ ਲਹਿਰ ਨੂੰ ਮਜ਼ਬੂਤ ਕਰਨ ਅਤੇ ਲੋਕ ਆਵਾਜ਼ ਬਣਨ ਲਈ ਅਹਿਮ ਰੋਲ ਅਦਾ ਕੀਤਾ, ਪਰ ਖੱਬੀਆਂ ਧਿਰਾਂ ਦੇ ਆਪਸੀ ਵਿਰੋਧਾਂ ਤੇ ਮਸਲਿਆਂ ਬਾਰੇ ਵੱਖਰੀ ਪਹੁੰਚ ਕਾਰਨਇਹ ਲਹਿਰਾਂ ਸਮੇਂ-ਸਮੇਂ ਉਭਾਰ ਤੋਂ ਬਾਅਦ ਨੀਵੀਂ ਸੁਰ 'ਚ ਹੁੰਦੀਆਂ ਰਹੀਆਂ।
ਖੱਬੀ ਧਿਰ ਨੂੰ ਵੱਖਰੀ ਪਹਿਚਾਣ ਦੇਣ ਲਈ ਪੰਜਾਬ ਦੇ ਲੇਖਕਾਂ, ਬੁੱਧੀਜੀਵੀਆਂ, ਕ੍ਰਾਂਤੀਕਾਰੀ ਕਵੀਆਂ ਨੇ ਵਿਸ਼ੇਸ਼ ਰੋਲ ਅਦਾ ਕੀਤਾ, ਜਿਸ ਦਾ ਪ੍ਰਭਾਵ ਅੱਜ ਵੀ ਲੋਕ, ਖ਼ਾਸ ਕਰ ਕੇ ਨੌਜਵਾਨ ਪੀੜੀ ਕਬੂਲੀ ਬੈਠੀ ਹੈ। ਚੰਗੇ-ਚੋਖੇ, ਚੰਗੇ-ਸੁਚੱਜੇ ਖੱਬੇ-ਪੱਖੀ ਪ੍ਰਭਾਵ ਦੇ ਬਾਵਜੂਦ ਪਿਛਲਾ ਲੰਮਾ ਸਮਾਂ ਪੰਜਾਬਦੀ ਖੱਬੀ ਧਿਰ ਆਪਣਾ ਬਣਦਾ-ਸਰਦਾ ਰੋਲ (ਪੰਜਾਬ ਨੂੰ ਹੁਣ ਵਾਲੀ ਸਥਿਤੀ 'ਚੋਂ ਬਾਹਰ ਕੱਢਣ ਲਈ) ਅਦਾ ਨਹੀਂ ਕਰ ਸਕੀ। ਲੋਕ ਆਖਦੇ ਹਨ ਕਿ ਖੱਬੀ ਧਿਰ ਮੁੱਦਿਆਂ-ਮਸਲਿਆਂ ਦੀ ਪਹਿਚਾਣ ਕਰਦੀ ਹੈ, ਉਨਾਂ ਨੂੰ ਰਿੜਕਦੀ ਵੀ ਹੈ, ਪਰ ਸਮੱਸਿਆਵਾਂ ਦੇ ਹੱਲ ਲਈ ਵਿਧੀ-ਬੱਧ ਪਹੁੰਚ ਤੋਂਕਿਨਾਰਾ ਕਰੀ ਬੈਠੀ ਰਹਿੰਦੀ ਹੈ ਜਾਂ ਮਸਲਿਆਂ ਨੂੰ ਓਨੀ ਸ਼ਿੱਦਤ ਨਾਲ ਨਹੀਂ ਲੈਂਦੀ, ਜਿਵੇਂ ਲੋਕ ਉਨਾਂ ਨੂੰ ਲੈਣ ਲਈ ਤੱਤਪਰ ਦਿੱਸਦੇ ਹਨ। ਅੱਜ ਪੰਜਾਬ ਦੀ ਇਕੱਠੀ ਹੋਣ ਵੱਲ ਵੱਧ ਰਹੀ ਖੱਬੀ ਧਿਰ, ਪੰਜਾਬ ਦੀ ਪੇਚੀਦਾ ਹੋਈ ਸਿਆਸੀ ਸਥਿਤੀ 'ਚੋਂ ਪਾਰ-ਉਤਾਰਾ ਕਰਨ ਲਈ, ਆਪਣੀ ਸੋਚ ਆਸ-ਪਾਸ ਦੇ ਕੰਮ ਕਰਨ ਵਾਲੀਆਂ ਪਾਰਟੀਆਂ, ਗੁੱਟਾਂ ਨਾਲ ਸਾਂਝ ਪਾ ਕੇ ਸਾਂਝਾ ਚੋਣ ਪ੍ਰੋਗਰਾਮ ਕਿਉਂ ਨਹੀਂ ਉਲੀਕਦੀ, ਜਿਹੜਾ ਸਿਰਫ਼ ਕਾਗ਼ਜ਼ੀ ਨਾ ਹੋਵੇ, ਖ਼ਾਸ ਕਰ ਕੇ ਨੌਜਵਾਨਾਂ ਦੇ ਦਿਲਾਂ ਨੂੰ ਟੁੰਬੇ, ਸਿਰਫ਼ ਸੁਫ਼ਨੇ ਹੀ ਨਾ ਦਿਖਾਏ।
ਅਕਾਲੀ-ਭਾਜਪਾ ਗੱਠਜੋੜ ਤੋਂ ਲੋਕ ਮੁੱਖ ਮੋੜ ਬੈਠੇ ਹਨ। ਕਾਂਗਰਸ ਨੂੰ ਲੋਕ ਪਰਖ ਬੈਠੇ ਹਨ। ਇਨਾਂ ਸਿਆਸੀ ਪਾਰਟੀਆਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ। ਲੋਕ ਇਹ ਗੱਲ ਸਮਝ ਬੈਠੇ ਹਨ ਤੇ ਇਹ ਵੀ ਸਮਝ ਬੈਠੇ ਹਨ ਕਿ ਮੁੱਖ ਰਿਵਾਇਤੀ ਸਿਆਸੀ ਪਾਰਟੀਆਂ ਨੇ ਲੋਕ ਹਿੱਤਾਂ ਨੂੰ ਪਾਸੇ ਰੱਖ ਕੇਆਪਣੇ ਹੀ ਹਿੱਤ ਪੂਰੇ ਹਨ। ਮਨੋਂ-ਮਨੀਂ ਲੋਕ ਨਵੀਂ ਸਿਆਸੀ ਧਿਰ ਨੂੰ ਆਪਣੀ ਹਾਕਮ ਬਣਾਉਣ ਦਾ ਜਿਵੇਂ ਨਿਸ਼ਚਾ ਕਰੀ ਬੈਠੇ ਹਨ। ਖੱਬੀ ਧਿਰ ਦਾ ਪੰਜਾਬ 'ਚ ਵਿਸ਼ਾਲ ਆਧਾਰ ਹੈ। ਲੋਕ ਉਸ ਦੀ ਇੱਜ਼ਤ ਵੀ ਕਰਦੇ ਹਨ। ਲੋਕ ਜਜ਼ਬਿਆਂ ਨੂੰ ਸਮਝ ਕੇ, ਉਨਾਂ ਦੀਆਂ ਲੋੜਾਂ, ਸਮੱਸਿਆਵਾਂ, ਮੁੱਦਿਆਂ,ਮਸਲਿਆਂ ਨਾਲ ਖੱਬੀਆਂ ਧਿਰਾਂ ਸਦਾ ਸਾਂਝ ਪਾਉਂਦੀਆਂ ਰਹੀਆਂ ਹਨ। ਖੱਬੀ ਧਿਰ ਤੀਜਾ ਬਦਲ ਬਣ ਸਕਦੀ ਹੈ ਅਤੇ ਪੰਜਾਬ ਦੀ ਬੇੜੀ ਪੱਤਣੀਂ ਲਾਉਣ ਲਈ ਇਹੋ ਜਿਹੀ ਧਿਰ ਦਾ ਅੱਗੇ ਆਉਣਾ ਸਮੇਂ ਦੀ ਲੋੜ ਹੈ। ਸਿਰਫ਼ ਜਜ਼ਬਿਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਅਤੇ ਇਕੱਠੀ ਹੋਈ ਭੀੜ ਵੋਟਨਹੀਂ ਬਣ ਸਕਦੀ।
ਅਸਲ ਵਿੱਚ ਲੋਕ ਗੱਲਾਂ ਨਹੀਂ, ਅਮਲ ਚਾਹੁੰਦੇ ਹਨ। ਕੁੱਟ ਖਾਂਦੇ ਬੇਰੁਜ਼ਗਾਰ ਨੌਜਵਾਨ, ਬੁਰੀ ਤਰਾਂ ਬਲਦੀ ਦੇ ਬੁੱਥੇ 'ਚ ਆਏ ਗ਼ਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਤੋਂ ਨਪੀੜੇ ਜਾ ਰਹੇ ਮਜ਼ਦੂਰ, ਕਿਸਾਨ, ਆਦਿ ਜਿਉਣ ਦੀ ਆਸ ਅਤੇ ਚੰਗੇਰੀ ਮਨੁੱਖੀ ਜ਼ਿੰਦਗੀ ਲਈ ਉਨਾਂ ਮਰਜੀਵੜਿਆਂ ਦੀ ਰਾਹਸ਼ਿੱਦਤ ਨਾਲ ਵੇਖ ਰਹੇ ਹਨ, ਜਿਹੜੇ ਉਨਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਦੇ ਜ਼ਾਮਨ ਬਣ ਸਕਦੇ ਹਨ।
-
ਗੁਰਮੀਤ ਸਿੰਘ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.