ਮੇਰਾ ਖ਼ਜ਼ਾਨਾ – Mera Khazana – 2
20 ਵਰ੍ਹੇ ਪਹਿਲਾਂ ਦਾ ਯਾਦਗਾਰੀ ਦਿਨ -ਨਾ ਹੀ ਡਾ ਮਨਮੋਹਨ ਸਿੰਘ / ਸੋਨੀਆ ਗਾਂਧੀ ਦੇ ਲਏ ਰੁੱਖ ਭੁੱਲੇ, ਨਾਲ ਹੀ ਭੁਚਾਲ ਦੇ ਦਿਲ ਕੰਬਾਊ ਝਟਕੇ
5 ਜੂਨ ਨੂੰ ਵਾਤਾਵਰਨ ਦਿਵਸ ਦੇ ਮੌਕੇ 'ਤੇ ਰੁੱਖਾਂ ਅਤੇ ਪੌਦਿਆਂ ਨਾਲ ਸੰਬੰਧਤ ਵਿਚਾਰ ਆਉਣੇ ਕੁਦਰਤੀ ਸਨ। ਅਚਾਨਕ ਮੈਨੂੰ ਯਾਦ ਆਇਆ ਕਿ ਕਈ ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਭਵਨ, ਚੰਡੀਗੜ੍ਹ ਵਿੱਚ ਦੋ ਟਾਹਲੀ ਦੇ ਪੌਦੇ ਲਾਏ ਸਨ। ਇਹ ਗੱਲ 2005 ਦੀ ਹੈ, ਜਦੋਂ ਇੱਥੇ ਕਾਂਗਰਸ ਦੇ ਮੁੱਖ ਮੰਤਰੀਆਂ ਦੀ ਕਾਨਫ਼ਰੰਸ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ। ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵੱਲੋਂ ਰੁੱਖ ਲਾਉਣ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਵੀ ਛਪੀਅਾਂ ਸਨ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਉਸ ਸਮੇਂ ਮੈਂ ਅਜੀਤ ਅਖ਼ਬਾਰ ਦਾ ਰਿਪੋਰਟਰ ਸੀ ਅਤੇ ਅਸੀਂ ਵੀ ਇਹ ਤਸਵੀਰਾਂ ਅਜੀਤ ਵਿੱਚ ਪਬਲਿਸ਼ ਕੀਤੀਆਂ ਸਨ। ਇਹ ਉਹੀ ਦਿਨ ਸੀ, ਜਦ ਸਵੇਰੇ 9 ਵਜੇ ਤੋਂ ਥੋੜ੍ਹਾ ਪਹਿਲਾਂ ਉੱਤਰੀ ਭਾਰਤ ਵਿੱਚ 7.6 ਮੈਗਨੀਟਿਊਡ ਵਾਲਾ ਭੂਚਾਲ ਆਇਆ ਸੀ। ਹਾਲਾਂਕਿ ਇਸ ਦਾ ਐਪੀਸੈਂਟਰ ਅਫ਼ਗਾਨਿਸਤਾਨ ਵਿੱਚ ਸੀ, ਪਰ ਇਸ ਨੇ ਜੰਮੂ-ਕਸ਼ਮੀਰ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਕੀਤਾ। ਚੰਡੀਗੜ੍ਹ ਸਮੇਤ ਦਿੱਲੀ ਤੱਕ ਭੂਚਾਲ ਦੇ ਝਟਕੇ ਇੰਨੇ ਤੀਬਰ ਸਨ ਕਿ ਇਮਾਰਤਾਂ ਹਿੱਲ ਗਈਆਂ।
ਅਸੀਂ ਉਸ ਵੇਲੇ ਪੰਜਾਬ ਭਵਨ ਦੀ ਪਹਿਲੀ ਮੰਜ਼ਿਲ ਤੇ ਮੀਡੀਆ ਸੈਂਟਰ ਵਿੱਚ ਸਨ। ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਨੇਤਾ ਹਾਲ ਵਿੱਚ ਮੀਟਿੰਗ ਕਰ ਰਹੇ ਸਨ। ਅਚਾਨਕ ਧਰਤੀ ਹਿੱਲੀ, ਬਿਲਡਿੰਗ ਝੂਲਣ ਲੱਗੀ, ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਸਭ ਹਾਲ ਤੋਂ ਕਦੇ ਪਿਛਲੇ, ਕਦੇ ਅੱਗੇ ਪਾਸੇ ਭੱਜ ਕੇ ਬਾਹਰ ਨਿਕਲ ਗਏ। ਅਸੀਂ ਪੱਤਰਕਾਰ ਵੀ ਪੌੜੀਆਂ ਤੋਂ ਝਟਕੇ ਖਾਂਦੇ ਹੇਠਾਂ ਉਤਰੇ।
ਇਸ ਤੋਂ ਪਹਿਲਾਂ ਜਾਂ ਬਾਅਦ ਮੈਂ ਅਜਿਹਾ ਭੂਚਾਲ ਨਹੀਂ ਹੰਢਾਇਆ। ਮੇਰੇ ਦਿਮਾਗ 'ਚ ਇਕ ਹੋਰ ਡਰ ਵੀ ਸੀ—ਮੇਰੀ ਧੀ ਅਤੇ ਭਾਣਜੀ Aurobindo School ਦੇ ਟੂਰ 'ਤੇ ਪੌਂਡੀਚੇਰੀ ਗਈਆਂ ਹੋਈਆਂ ਸਨ ਅਤੇ ਭੂਚਾਲ ਦੇ ਸਮੇਂ ਰੇਲਗੱਡੀ ਵਿੱਚ ਸਨ। ਮੋਬਾਈਲ ਉਨ੍ਹਾਂ ਕੋਲ ਸੀ, ਪਰ ਸੰਪਰਕ ਨਹੀਂ ਹੋ ਰਿਹਾ ਸੀ। ਜਦ ਤੱਕ ਉਨ੍ਹਾਂ ਨਾਲ ਗੱਲ ਨਹੀਂ ਹੋਈ, ਪਰਿਵਾਰ ਦੇ ਸਾਹ ਸੁੱਕੇ ਰਹੇ। ਉਹ ਦਿਨ ਕਦੇ ਵੀ ਨਹੀਂ ਭੁੱਲਦਾ।
2011 ਵਿੱਚ ਮੈਂ ਇਹਨਾਂ ਦੋਨਾਂ ਟਾਹਲੀ ਦੇ ਰੁੱਖਾਂ ਦੀ ਇੱਕ ਤਸਵੀਰ ਅਤੇ ਆਪਣੀ ਟਿੱਪਣੀ 'ਤਿਰਛੀ ਨਜ਼ਰ' ਕਾਲਮ ਵਿੱਚ ਪਬਲਿਸ਼ ਕੀਤੀ। ਥੋੜ੍ਹੇ ਹਲਕੇ ਵਿਅੰਗ ਭਰੇ ਲਹਿਜ਼ੇ ਵਿੱਚ ਲਿਖਿਆ ਕਿ ਡਾ. ਮਨਮੋਹਨ ਸਿੰਘ ਵੱਲੋਂ ਲਾਇਆ ਰੁੱਖ ਕਮਜ਼ੋਰ ਅਤੇ ਛੋਟਾ ਰਹਿ ਗਿਆ, ਜਦਕਿ ਸੋਨੀਆ ਗਾਂਧੀ ਵੱਲੋਂ ਲਾਇਆ ਰੁੱਖ ਤਕੜਾ ਤੇ ਵੱਡਾ ਨਿਕਲਿਆ।
ਕਾਂਗਰਸੀ ਨੇਤਾਵਾਂ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਯਾਦ ਆਈ ਕਿ ਨਹੀਂ, ਨਹੀਂ ਪਤਾ, ਪਰ ਮੈਨੂੰ ਖ਼ਿਆਲ ਆਇਆ ਕਿ ਦੋਨਾਂ ਰੁੱਖਾਂ ਦਾ ਹਾਲ ਜਾਣਿਆ ਜਾਵੇ।
5 ਜੂਨ 2025 ਨੂੰ ਮੈਂ ਫਿਰ ਪੰਜਾਬ ਭਵਨ ਦਾ ਦੌਰਾ ਕੀਤਾ ਅਤੇ ਦੋਨਾਂ ਰੁੱਖਾਂ ਨੂੰ ਵੇਖਿਆ। ਦੋਵੇਂ ਟਾਹਲੀ ਦੇ ਦਰੱਖਤ ਅਜੇ ਵੀ ਮੌਜੂਦ ਸਨ, ਵੱਡੇ ਹੋ ਚੁੱਕੇ ਹਨ। ਹਾਲਾਂਕਿ ਉਨ੍ਹਾਂ ਦੀ ਉੱਪਰੋਂ ਪਰੋਨਿੰਗ ਕੀਤੀ ਹੋਈ ਸੀ, ਪਰ ਅਜੇ ਵੀ ਉਹੀ ਅੰਤਰ ਸਾਫ਼ ਦਿਸ ਰਿਹਾ ਸੀ ਕਿ ਡਾ. ਮਨਮੋਹਨ ਸਿੰਘ ਵੱਲੋਂ ਲਾਇਆ ਰੁੱਖ ਸੋਨੀਆ ਗਾਂਧੀ ਦੇ ਰੁੱਖ ਦੇ ਮੁਕਾਬਲੇ ਪਤਲਾ ਤੇ ਛੋਟਾ ਹੈ।
ਉਸ ਵੇਲੇ ਦੋਨਾਂ ਰੁੱਖਾਂ ਕੋਲ ਨਾਂਦਾਰ ਪਲੇਟਾਂ ਲਾਈਆਂ ਗਈਆਂ ਸਨ। ਪਲੇਟਾਂ ਤਾਂ ਅਜੇ ਵੀ ਹਨ, ਪਰ ਨਾਂ ਮਿਟ ਚੁੱਕੇ ਹਨ। ਮੈਂ ਵੇਖਿਆ ਕਿ ਪੰਜਾਬ ਭਵਨ ਵਿੱਚ ਟਾਹਲੀ ਦੇ ਸਿਰਫ ਇਹ ਦੋ ਹੀ ਰੁੱਖ ਹਨ।
ਮੇਰੇ ਲਿਖਣ ਦਾ ਮਕਸਦ ਇਹ ਹੈ ਕਿ ਕਿਸੇ ਵੀ ਵੇਲੇ ਕਿਸੇ ਵੱਲੋਂ ਲਾਇਆ ਰੁੱਖ ਸਿਰਫ ਵਾਤਾਵਰਣ ਦੀ ਸੰਭਾਲ ਹੀ ਨਹੀਂ ਕਰਦਾ, ਬਲਕਿ ਇੱਕ ਅਭੂੱਲ ਯਾਦਗਾਰ ਵੀ ਬਣ ਜਾਂਦਾ ਹੈ।
ਆਪਣੇ ਰਿਕਾਰਡ ਖ਼ਜ਼ਾਨੇ ਵਿੱਚੋਂ 2005 ਦੀ ਡਾ. ਮਨਮੋਹਨ ਸਿੰਘ ਵੱਲੋਂ ਟਾਹਲੀ ਦਾ ਪੌਦਾ ਲਾਉਣ ਦੀ ਤਸਵੀਰ, 2011 ਵਿੱਚ ਦੋਨਾਂ ਰੁੱਖਾਂ ਦੀ ਤਸਵੀਰ, ਅਤੇ ਹੁਣ ਦੀ ਤਾਜ਼ਾ ਤਸਵੀਰ ਸਾਂਝੀ ਕਰ ਰਿਹਾ ਹਾਂ।
ਬਲਜੀਤ ਬੱਲੀ
7 ਜੂਨ, 2025

-
Baljit Balli, Editor-in-Chief, Babushahi Network, Tirchhi Nazar Media
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.