ਇਕਰਾਰ ਇੱਕ ਭਰੋਸਾ,ਚਾਹ ਕੇ ਵੀ ਨਾ ਟੁੱਟਣ ਦਿਓ -- ਅਜੀਤ ਖੰਨਾ
—————
ਕੌਲ,ਇਕਰਾਰ,ਵਾਅਦਾ ਜਾਂ ਜ਼ੁਬਾਨ ਸਭ ਦਾ ਇਕੋ ਅਰਥ ਹੈ ,ਜੋ ਤੁਸੀਂ ਕਿਸੇ ਨਾਲ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਕਰਦਾ ਹੈ।ਲੋਕ ਭਾਸ਼ਾ ਚ ਇਸ ਨੂੰ ਜੁਬਾਨ ਆਖਿਆ ਜਾਂਦਾ ਹੈ।ਭਾਵ ਜੋ ਤੁਸੀਂ ਕਿਸੇ ਨੂੰ ਜ਼ੁਬਾਨ ਦਿੰਦੇ ਹੋ ਉਸ ਨੂੰ ਪੂਰਾ ਕਰੋ।ਕਿਉਂਕਿ ਜ਼ੁਬਾਨ ਤੋਂ ਨਿਕਲੇ ਬੋਲਾਂ ਦਾ ਮੁੱਲ ਹੁੰਦਾ ਹੈ।ਇਸ ਵਾਸਤੇ ਕਿਸੇ ਨਾਲ ਜੇ ਤੁਸੀਂ ਕੋਈ ਜ਼ੁਬਾਨ ਕਰਦੇ ਹੋ ਭਾਵ ਕਿਸੇ ਨਾਲ ਇਕਰਾਰ ਜਾਂ ਕੌਲ ਕਰਦੇ ਹੋ ਤਾਂ ਉਸ ਨੂੰ ਹਰ ਹਾਲ ਚ ਪੁਗਾਉ।ਜੇ ਇਸ ਤੋਂ ਮੁੱਕਰੋਗੇ ਤਾਂ ਬੇ ਜ਼ੁਬਾਨੇ ਅਖਵਾਉਗੇ।ਪੁਰਾਣੇ ਸਮਿਆਂ ਚ ਲੋਕ ਜ਼ੁਬਾਨ ਦੇ ਬੜੇ ਪੱਕੇ ਹੁੰਦੇ ਸਨ।ਜੋ ਕਹਿ ਤਾ ਸੋ ਕਹਿ ਤਾ।ਇਸ ਲਈ ਰਿਸ਼ਤੇ ਨਾਤੇ ਬਣੇ ਰਹਿੰਦੇ ਸਨ ਤੇ ਲੰਬਾ ਸਮਾਂ ਨਿਭਦੇ ਸਨ।ਵਜ੍ਹਾ ਇਹੀ ਹੁੰਦੀ ਸੀ ਕੇ ਲੋਕ ਕੌਲ ਨੂੰ ਨਿਭਾਉਂਦੇ ਸਨ।
ਜ਼ੁਬਾਨ ਨਾਲ ਕਾਮਯਾਬੀ ਨੂੰ ਛੂਹਣਾ ਸੌਖਾ
ਜ਼ੁਬਾਨ ਦੇ ਸਹਾਰੇ ਕਿਸੇ ਵੀ ਕਾਮਯਾਬੀ ਨੂੰ ਅਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ।ਕਿਉਂਕਿ ਜੇ ਤੁਸੀਂ ਜ਼ੁਬਾਨ ਦੇ ਪੱਕੇ ਹੋ ਤਾਂ ਲੋਕ ਤੁਹਾਡੇ ਉੱਤੇ ਵਿਸ਼ਵਾਸ਼ ਕਰਨਗੇ ਤੇ ਤੁਸੀਂ ਉਸ ਵਿਸ਼ਵਾਸ਼ ਦੇ ਸਹਾਰੇ ਲੱਖਾਂ ਕਰੋੜਾਂ ਦਾ ਕਾਰੋਬਾਰ ਕਰ ਸਕਦੇ ਹੋ।ਜੇ ਤੁਸੀਂ ਇਕਰਾਰ ਦੇ ਪੱਕੇ ਨਹੀਂ ਤਾਂ ਤੁਹਾਡੇ ਉੱਤੇ ਕੋਈ ਯਕੀਨ ਨਹੀਂ ਕਰੇਗਾ।ਚਾਹੇ ਤੁਸੀਂ ਲੱਖ ਮਿੰਨਤਾਂ ਕਰੋ।ਕੌਲ ਦੇ ਇੰਨੇ ਪੱਕੇ ਹੋਵੋ ਕੇ ਤੁਹਾਡੇ ਨਿੱਕੇ ਜਿੰਨੇ ਬੋਲ ਤੇ ਲੋਕ ਤੁਹਾਡੇ ਪਿੱਛੇ ਲੱਗ ਤੁਰਨ ਤੇ ਤੁਸੀਂ ਮੰਜ਼ਲ ਹਾਸਲ ਕਰ ਸਕੋ ।
ਇਕਰਾਰ ਸੋਚ ਕੇ ਕਰੋ
ਜੇ ਇਕਰਾਰ ਟੁੱਟਦਾ ਹੈ ਤਾਂ ਵਿਸ਼ਵਾਸ਼ ਟੁੱਟਦਾ ਹੈ।ਇਸ ਲਈ ਜਦੋ ਵੀ ਤੁਸੀਂ ਕਿਸੇ ਨਾਲ ਕੋਈ ਇਕਰਾਰ ਕਰੋ ਤਾਂ ਸੋਚ ਸਮਝ ਕੇ ਕਰੋ।ਜੇ ਉਸ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਬਿਲਕੁਲ ਨਾ ਕਰੋ।ਕਿਉਂਕਿ ਜਿਸ ਨਾਲ ਤੁਸੀਂ ਇਕਰਾਰ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਇਕਰਾਰ ਕਰਦਾ ਹੈ ਤਾਂ ਉਹ ਜਾਂ ਤੁਸੀਂ ਇਕ ਦੂਜੇ ਤੇ ਭਰੋਸਾ ਕਰਦੇ ਹੋ।ਭਰੋਸਾ ਟੁੱਟਣ ਨਾਲ ਮਨ ਨੂੰ ਠੇਸ ਪੁੱਜਦੀ ਹੈ।ਇਕਰਾਰ ਟੁੱਟਣ ਨਾਲ ਮਨ ਉਦਾਸ ਹੁੰਦਾ ਹੈ।ਰਿਸ਼ਤਿਆਂ ਦੀ ਪਕੜ ਢਿੱਲੀ ਪੈਂਦੀ ਹੈ।ਰਿਸ਼ਤੇ ਕਮਜ਼ੋਰ ਹੁੰਦੇ ਹਨ ਤੇ ਖ਼ਰਾਬ ਵੀ।ਪੁਰਾਣੇ ਵਕਤਾਂ ਚ ਜੇ ਕਿਸੇ ਨਾਲ ਇਕਰਾਰ ਜਾਂ ਜ਼ੁਬਾਨ ਕਰ ਲਈ ਜਾਂਦੀ ਸੀ ਤਾਂ ਉਸ ਨੂੰ ਪੂਰੀ ਸ਼ਿੱਦਤ ਤੇ ਦ੍ਰਿੜਤਾ ਨਾਲ ਨਿਭਾਇਆ ਜਾਂਦਾ ਸੀ।ਇਕਰਾਰ ਨੂੰ ਨਿਭਾਉਣ ਲਈ ਕਈ ਵਾਰ ਖ਼ੁਦ ਨੂੰ ਵੀ ਨੁਕਸਾਨ ਉਠਾਉਣਾ ਪੈਂਦਾ ਹੈ।ਪਰ ਕਿਸੇ ਨਾਲ ਕੀਤੀ ਜੁਬਾਨ ਨੂੰ ਤੋੜਿਆ ਨਹੀਂ ਜਾਂਦਾ ਸੀ।ਇਕਰਾਰ ਤੋੜਨ ਵਾਲੇ ਨੂੰ ਸਮਾਜ ਚ ਬੇ ਜੁਬਾਨਾਂ ਕਿਹਾ ਜਾਂਦਾ ਸੀ।ਪੁਰਾਣੇ ਸਮਿਆਂ ਚ ਛੇਤੀ ਦੇ ਕੇ ਇਕਰਾਰ ਨਹੀਂ ਤੋੜਿਆ ਜਾਂਦਾ ਸੀ ਸਗੋਂ ਨਿਭਾਇਆ ਜਾਂਦਾ ਸੀ ਤੇ ਕੋਈ ਟਾਂਵਾਂ ਵਿਅਕਤੀ ਹੀ ਹੁੰਦਾ ਸੀ ਜੋ ਜ਼ੁਬਾਨ ਤੋ ਮੁਕਰਦਾ ਸੀ।ਉਸ ਵਕਤ ਲੋਕਾਂ ਦੀ ਸੋਚ ਬੜੀ ਸ਼ਪਸ਼ਟ ਤੇ ਪਾਏਦਾਰ ਹੁੰਦੀ ਸੀ।ਇਸੇ ਵਾਸਤੇ ਉਦੋਂ ਆਖਿਆ ਜਾਂਦਾ ਸੀ ਕੇ ‘ਜਾਨ ਜਾਏ ਪਰ ਵਚਨ ਨਾ ਜਾਏ’।ਪੁਰਾਣੇ ਵਕਤਾਂ ਚ ਲੋਕ ਜ਼ੁਬਾਨ ਦੇ ਪੱਕੇ ਹੁੰਦੇ ਸਨ।ਕੁੜੀ ਮੁੰਡੇ ਦਾ ਰਿਸ਼ਤਾ ਬਿਨ ਦੇਖੇ ਕਰਕੇ ਜੁਬਾਨ ਦੇ ਦਿੱਤੀ ਜਾਂਦੀ ਸੀ। ਜੋ ਨਿਭਾਈ ਜਾਂਦੀ ਸੀ ।
ਇਕਰਾਰ ਤੋੜਗੇ,ਤਕਰਾਰ ਹੋਵੇਗਾ
ਅੱਜ ਕੱਲ ਜਿਆਦਤਰ ਲੋਕ ਜ਼ੁਬਾਨ ਦੇ ਪੱਕੇ ਨਹੀਂ ਹਨ।ਇਥੋਂ ਤੱਕ ਕੇ ਲਿਖਤੀ ਇਕਰਾਰ ਕਰਕੇ ਵੀ ਮੁੱਕਰ ਜਾਂਦੇ ਹਨ।ਜਿਸ ਦੀ ਮੁੱਖ ਵਜ੍ਹਾ ਪੈਸੇ ਦੀ ਦੌੜ ਤੇ ਬੇਈਮਾਨੀ ਹੈ। ਯਾਦ ਰੱਖੋ ਇਕਰਾਰ ਟੁੱਟਣ ਨਾਲ ਤਕਰਾਰ ਹੁੰਦਾ ਹੈ।ਕਿਸੇ ਨਾਲ ਕੀਤਾ ਇਕਰਾਰ ਕਦੇ ਨਾ ਤੋੜੋ।ਕਿਉਂਕਿ ਇਕਰਾਰ ਇਕ ਭਰੋਸਾ ਹੈ।ਜਿਸ ਨਾਲ ਜਿੰਦਗੀ ਦੀ ਗੱਡੀ ਚੱਲਦੀ ਹੈ। ਜ਼ੁਬਾਨ ਤੇ ਦੁਨੀਆ ਦੇ ਕਾਰੋਬਾਰ ਚਲਦੇ ਹਨ।ਸੋ ਕਦੇ ਇਕਰਾਰ ਤੋੜ ਕੇ ਤਕਰਾਰ ਪੈਦਾ ਨਾ ਕਰੋ।ਇਹ ਤੁਹਾਡੇ ਵਕਾਰ ਨੂੰ ਢਾਹ ਲਾਉਂਦਾ ਹੈ।ਤੁਹਾਨੂੰ ਸਮਾਜ ਚ ਬੇਜ਼ੁਬਾਨੇ ਬਣਾਉਂਦਾ ਹੈ ਤੇ ਤੁਹਾਡੇ ਫੈਲੀਅਰ ਦਾ ਕਰਨ ਬਣਦਾ ਹੈ।ਸੋ ਜੇ ਕਿਸੇ ਨਾਲ ਇਕਰਾਰ ਕਰੋ ਤਾਂ ਉਸ ਨੂੰ ਨਿਭਾਉ।ਕਿਉਂਕਿ ਇਕਰਾਰ ਦਾ ਮੁੱਲ ਹੁੰਦਾ ਹੈ।
ਲੈਕਚਰਾਰ ਅਜੀਤ ਖੰਨਾ
ਐਮਏ ਐਮਫਿਲ ਐਮਜੇਐਮਸੀ ਬੀ ਐਡ
ਮੋਬਾਈਲ:76967-54669

-
ਲੈਕਚਰਾਰ ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.