ਸਾਕਾ ਨੀਲਾ ਤਾਰਾ 1984 ਵਾਪਰਨ ਤੋਂ ਪਹਿਲਾਂ ਦੇ ਹਾਲਾਤ: ਗਿਆਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ
# 2 ਗਲੀ ਨੰਬਰ 1,
ਨਿਊ ਦਸ਼ਮੇਸ਼ ਨਗਰ,
ਮੋਗਾ
ਮੋਬਾਈਲ 9815784100
------------
*ਸਾਕਾ ਨੀਲਾ ਤਾਰਾ 1984 ਵਾਪਰਨ ਤੋਂ ਪਹਿਲਾਂ ਦੇ ਹਾਲਾਤ
----------------
ਪੰਜਾਬ ਵਿਚ ਸ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ 13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਿੱਖ ਜੱਥੇਬੰਦੀਆਂ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜੱਥੇ ਦੇ ਕਾਰਕੁਨਾਂ ਤੇ ਨਿਰੰਕਾਰੀ ਮਿਸ਼ਨ ਦੇ ਮੈਬਰਾਂ ਵਿਚਕਾਰ ਹੋਇਆ ਟਕਰਾ ਤੇ ਹਿੰਸਾ ਕਾਰਨ 16
ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਸਿੱਖ ਜੱਥੇਬੰਦੀਆਂ ਦੇ 13 ਅਤੇ ਨਿਰੰਕਾਰੀ
ਮਿਸ਼ਨ ਦੇ 3 ਮੈਂਬਰ ਸਾਮਲ ਸਨ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਫੌਜਾ ਸਿੰਘ ਦੀ ਅਗਵਾਈ
ਹੇਠ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਨਿਰੰਕਾਰੀ ਮਿਸ਼ਨ ਦੀ
ਕਨਵੈਨਸ਼ਨ ਰੋਕਣ ਦਾ ਯਤਨ ਕੀਤਾ ਸੀ।ਅਸਲ ਵਿਚ ਇਹ ਘਟਨਾ ਸਾਕਾ ਨੀਲਾ ਤਾਰਾ ਦਾ ਮੁੱਢ ਸੀ।ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਮੱਤਾ 1973, ਧਰਮਯੁੱਧ ਮੋਰਚਾ 1982 ਤੇ ਸਿੱਖਾਂ ਦੀ ਵੱਖਰੀ ਰਿਆਸਤ ਦੀ ਮੰਗ ਵੀ ਸ਼ਾਮਲ ਹਨ।
ਭਾਰਤ ਵਿਚ ਰਹਿਕੇ ਕਿਸੇ ਸੂਬੇ ਦੇ ਖਾਸ ਸੰਗਠਨ ਵਲੋ ਵੱਧ ਅਧਿਕਾਰਾਂ ਦੀ ਮੰਗ ਕਰਨਾ ਕੋਈ
ਦੇਸ਼ ਧਰੋਹੀ ਨਹੀ ਸਗੋ ਹੱਕ ਹੈ। ਇਹ ਲਹਿਰ ਹੋਲੀ ਹੋਲੀ ਵੱਧ ਅਧਿਕਾਰਾਾਂ ਤੋਂ ਵੱਖਰੇ
ਰਾਜ ਦੀ ਮੰਗ ਬਣ ਗਈ। ਪੰਜਾਬ ਵਿਚ ਗਰਮਦਲੀਆਂ ਦੀਆਂ ਸਰਗਰਮੀਆਂ ਦਿਨੋ ਦਿਨ ਵੱਧਣ
ਲੱਗੀਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੰਜਾਬ ਵਿਚ ਪ੍ਰਭਾਵ ਦਿਨੋ ਦਿਨ ਵੱਧਣ
ਲੱਗਾ ਜਿਸ ਕਾਰਨ ਪੰਜਾਬ ਵਿਚ ਅਮਨ-ਕਨੂੰਨ ਦੀ ਸਥਿਤੀ ਗੰਭੀਰ ਰੂਪ ਧਾਰਨ ਕਰਨ
ਲੱਗੀ। ਕੇਂਦਰ ਸਰਕਾਰ ਨੇ 17 ਫਰਵਰੀ 1980 ਨੂੰ ਪੰਜਾਬ ਵਿਚ ਸ ਪਰਕਾਸ਼ ਸਿੰਘ ਬਾਦਲ ਦੀ
ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਉਸ ਵੇਲੇ ਪੰਜਾਬ ਦੇ ਰਾਜਪਾਲ ਸ੍ਰੀ ਜੈ ਸੁਖ ਲਾਲ ਹਾਥੀ ਸਨ। ਪੰਜਾਬ ਵਿਚ ਕੇਦਰੀ ਸੁਰੱਖਿਆ ਸੈਨਾਵਾਂ ਦੀ ਤਾਇਨਾਤੀ
ਅਰੰਭ ਕਰ ਦਿੱਤੀ। ਪੰਜਾਬ ਵਿਚ ਅਮਨ ਕਨੂੰਨ ਦੀ ਸਥਿਤੀ ਵਿਚ ਸੁਧਾਰ ਆਉਣਾ ਸੁਰੂ ਹੋਇਆ
ਤਾਂ ਪੰਜਾਬ ਵਿਚ ਮੁੜ ਚੋਣਾਂ ਕਰਵਾ ਦਿੱਤੀਆਂ, 6 ਜੂਨ 1980 ਨੂੰ ਸ ਦਰਬਾਰਾ ਸਿੰਘ
ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਉਹ ਵੀ ਆਪਣੇ ਕਾਰਜ਼ਕਾਲ ਦੌਰਾਨ ਪੰਜਾਬ ਦੀ ਦਿਨ-ਬ-ਦਿਨ
ਵਿਗੜ ਰਹੀ ਸਥਿਤੀ ਤੇ ਕਾਬੂ ਨਾ ਕਰ ਸਕੇ।ਜ਼ਰਨੈਲ ਸਿੰਘ ਭਿੰਡਰਾਂਵਾਲੇ ਨੇ 200
ਸਾਥੀਆਂ ਸਮੇਤ 19 ਜੁਲਾਈ 1982 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿਖੇ ਗੁਰੁ ਨਾਨਕ ਨਵਾਸ ਵਿਚ ਪ੍ਰਵੇਸ਼ ਕਰ ਲਿਆ। ਪੰਜਾਬ ਵਿਚ ਵਾਪਰ ਰਹੀਆਂ ਘਟਨਾਂਵਾਂ ਵੱਧਦੀਆਂ ਜਾ ਰਹੀਆਂ ਸਨ।ਦਹਿਸ਼ਤਗਰਦਾਂ ਨੇ 6 ਅਕਤੂਬਰ 1983 ਨੂੰ ਬੱਸਾਂ ਵਿਚੋ
ਉਤਾਰਕੇ ਇੱਕ ਫਿਰਕੇ ਦੇ 6 ਲੋਕਾਂ ਨੂੰ ਕਤਲ ਕਰ ਦਿੱਤਾ।ਉਸ ਦਿਨ ਹੋਰ ਵੀ ਘਟਨਾਵਾਂ
ਵਾਪਰੀਆਂ ਜਿਸ ਕਰਕੇ ਕੇਂਦਰ ਸਰਕਾਰ ਨੇ ਸ ਦਰਬਾਰਾ ਸਿੰਘ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਉਸ ਵੇਲੇ ਪੰਜਾਬ ਦੇ ਰਾਜਪਾਲ ਸ੍ਰੀ ਅਨੰਤ ਪ੍ਰਸ਼ਾਦ
ਸ਼ਰਮਾ ਸਨ ਜਿਨ੍ਹਾਂ ਦੀ ਥਾਂ ਤਿੰਨ ਦਿਨਾਂ ਬਾਅਦ 10 ਅਕਤੂਬਰ 1983 ਨੂੰ ਸ੍ਰੀ ਭੈਰਵ ਦੱਤ ਪਾਂਡੇ (ਬੀ.ਡੀ.ਪਾਂਡੇ) ਨੂੰ ਪੰਜਾਬ ਦੇ ਰਾਜਪਾਲ ਨਿਯੁਕਤ ਕਰ ਦਿੱਤਾ ਜੋ ਇਸ ਅਹੁੱਦੇ ਤੇ 2 ਜੁਲਾਈ 1984 ਤੱਕ ਰਹੇ। ਇਸ ਤੋ ਸਪੱਸ਼ਟ ਹੈ ਕਿ ਸ੍ਰੀ ਪਾਂਡੇ ਦੀ
ਨਿਯੁਕਤੀ ਖਾਸ ਮੰਤਵ ਲਈ ਕੀਤੀ ਗਈ ਸੀ।
ਪੰਜਾਬ ਦੀ ਵਾਗਡੋਰ ਅਫਸਰ ਸ਼ਾਹੀ ਦੇ ਹੱਥ ਵਿਚ ਆ ਗਈ ਸੀ। ਪੰਜਾਬ ਵਿੱਚ ਕੇਦਰੀ
ਸੁਰੱਖਿਆ ਸੈਨਾਵਾਂ ਦੀ ਗਿਣਤੀ ਵਧਾ ਦਿੱਤੀ ਗਈ। ਪੰਜਾਬ ਦੀ ਅੰਦਰੂੰਨੀ ਸੁਰੱਖਿਆ ਲਈ ਫੌਜ਼ ਨੂੰ ਵੀ ਚੌਕਸ ਕਰ ਦਿੱਤਾ ਗਿਆ।ਪੰਜਾਬ ਵਿਚ ਕਈ ਥਾਂਵਾਂ ਤੇ ਫੌਜ਼ ਨੇ ਆ ਕੇ ਕੈਂਪ ਲਗਾ ਲਏ। ਪੰਜਾਬ ਵਿਚ ਅੱਤਵਾਦੀ ਤੇ ਵੱਖਵਾਦੀ ਤਾਕਤਾਂ ਜ਼ੋਰ ਫੜ੍ਹਨ ਲੱਗੀਆਂ। ਹਾਲਾਤ ਕਾਬੂ
ਵਿਚ ਨਹੀ ਆ ਰਹੇ ਸਨ। ਖਾੜਕੂਆਂ ਦੀਆਂ ਵਧੇਰੇ ਸਰਗਰਮੀਆਂ ਮਾਝੇ ਵਿਚ ਸਨ ਪਰ ਜਰਨੈਲ ਸਿੰਘ
ਭਿੰਡਰਾਂਵਾਲਿਆਂ ਦਾ ਜੱਦੀ ਪਿੰਡ ਰੋਡੇ ਤਹਿਸੀਲ ਮੋਗਾ ਵਿਚ ਹੋਣ ਕਰਕੇ ਆਲ ਇੰਡੀਆ ਸਿੱਖ
ਸਟੂਡੈਂਟ ਫ਼ੈਡਰੇਸ਼ਨ ਦੇ ਸਰਗਰਮ ਆਗੂਆਂ ਨੇ ਲਾਮਬੰਦੀ ਸੁਰੂ ਕਰ ਦਿੱਤੀ। ਮੋਗਾ ਤੇ
ਬਾਘਾਪੁਰਾਣਾ ਕੇਂਦਰ ਬਣ ਗਏ। ਪ੍ਰਸ਼ਾਸਨ ਲਈ ਉਨ੍ਹਾਂ ਦੀਆਂ ਗੱਤੀਵਿਧੀਆਂ ਅਸਿਹ ਹੋ ਗਈਆਂ। ਆਸ ਪਾਸ ਦੇ ਜ਼ਿਿਲ੍ਹਆਂ ਵਿਚ ਬਹੁਤ ਘਟਨਾਵਾਂ ਵਾਪਰੀਆ ਜਿਸ ਕਰਕੇ ਦਹਿਸ਼ਤ ਦਾ ਮਹੌਲ ਬਣ ਗਿਆ।ਅਖੀਰ ਫਰਵਰੀ 1984 ਵਿਚ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ
ਮੈਬਰਾਂ ਨੇ ਮੋਗਾ ਸ਼ਹਿਰ ਦੇ ਤਿੰਨ ਗੁਰਦਵਾਰਿਆਂ ਬੀਬੀ ਕਾਹਨ ਕੌਰ, ਸਿੰਘ ਸਭਾ ਅਤੇ ਅਕਾਲ ਸਰ ਤੇ ਕਬਜਾ ਕਰ ਲਿਆ। ਮੋਗਾ ਸ਼ਹਿਰ ਵਿਚ ਸੀਮਾ ਸੁਰੱਖਿਆ ਬੱਲ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਵਲੋਂ ਪੰਜਾਬ ਬੰਦ ਦਾ ਸੱਦਾ, ਮੋਗਾ ਤੇ ਬਾਘਾਪੁਰਾਣਾ ਵਿਚ ਲਗਾਤਾਰ ਧਰਨਿਆਂ ਨਾਲ ਦਿਨੋ ਦਿਨ ਸਥਿਤੀ ਵਿਗੜਦੀ ਜਾ ਰਹੀ ਸੀ। ਮੋਗਾ ਤੇ ਬਾਘਾਪੁਰਾਣਾ ਸ਼ਹਿਰਾਂ ਵਿਚ ਦਹਿਸ਼ਤ ਦਾ ਮਹੌਲ ਹੋਣ ਕਰਕੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਦੇ ਹੁਕਮ ਆ ਰਹੇ ਸਨ ਕਿ ਮਹੌਲ ਸ਼ਾਂਤ ਕਰਨ ਲਈ ਯਤਨ ਕੀਤੇ
ਜਾਣ।
ਗੱਲਬਾਤ ਨਾਲ ਮੱਸਲਾ ਹੱਲ ਨਹੀ ਹੋ ਰਿਹਾ ਸੀ, ਸਥਿਤੀ ਵਿਚ ਸੁਧਾਰ ਨਾ ਆਉਦਾ ਵੇਖ
ਅਖੀਰ ਪ੍ਰਸ਼ਾਸਨ ਨੇ ਪੰਜਾਬ ਵਿਚ ਪਹਿਲੀ ਵਾਰ 17 ਅਪ੍ਰੈਲ 1984 ਨੂੰ ਸਵੇਰੇ 4 ਵਜੇ ਤੋਂ ਸ਼ਾਮ 7 ਵਜੇ ਤੱਕ ਮੋਗਾ ਤੇ ਬਾਘਾਪੁਰਾਣਾ ਵਿਚ ਕਰਫਿਊ ਲੱਗਾ ਦਿੱਤਾ ਤੇ ਕਰਫਿਊ ਵਿਚ
ਲਗਾਤਾਰ ਵਾਧਾ ਕੀਤਾ ਗਿਆ। ਅਖੀਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਕਰਫਿਊ ਤਿੰਨ
ਗੁਰਦਵਾਰਿਆਂ ਦੇ 100 ਮੀਟਰ ਘੇਰੇ ਤੱਕ ਸੀਮਤ ਕਰ ਦਿੱਤਾ। 26 ਅਪ੍ਰੈਲ 1984 ਨੂੰ ਜਦੋਂ
ਸ਼ਾਮ ਨੂੰ ਕਰਫਿਊ ਵਿਚ ਢਿਲ ਦਿੱਤੀ ਗਈ ਤਾਂ ਗੁਰਦਵਾਰਾ ਬੀਬੀ ਕਾਹਨ ਕੌਰ ਤੋਂ ਬਾਹਰ ਆਉਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਮੈਬਰਾਂ ਦੀ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਨਾਲ ਝੜੱਪ ਹੋ ਗਈ ਤੇ ਜਵਾਨਾਂ ਨੇ ਗੋਲੀ ਚਲਾ ਦਿੱਤੀ ਜਿਸ ਨਾਲ 6 ਸਿੰਘਾਂ ਦੀ ਮੌਤ ਹੋ ਗਈ। ਕਰਫਿਊ ਫੇਰ
ਅਣਮਿਥੇ ਸਮੇ ਲਈ ਲਗਾ ਦਿੱਤਾ।ਪੰਜਾਬ ਦੇ ਰਾਜਪਾਲ ਸ੍ਰੀ ਪਾਂਡੇ ਨੇ ਆਪਣੇ ਸਲਾਹਕਾਰ ਐਸ ਐਸ ਸਿੱਧੂ ਨੂੰ 2 ਮਈ 1984 ਨੂੰ ਮੋਗਾ ਭੇਜ ਦਿੱਤਾ। ਉਨਾਂ ਕੱਟੜਪੰਥੀ ਅਕਾਲੀ
ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਮੈਬਰਾਂ ਤੋ ਬਿਨ੍ਹਾਂ ਸ਼ਹਿਰੀਆਂ ਦੇ
ਨਾਲ ਮੀਟਿੰਗਾਂ ਕਰਨ ਉਪਰੰਤ 3 ਮਈ ਸ਼ਾਮ ਨੂੰ ਗੁਰਦਵਾਰਿਆਂ ਵਿਚੋਂ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਮੈਬਰਾਂ ਨੂੰ ਸਰਕਾਰੀ ਬੱਸਾਂ ਵਿਚ ਬੈਠਾ ਕੇ ਬਾਹਰ ਕੱਢ ਦਿੱਤਾ।
ਮੋਗਾ ਤੇ ਬਾਘਾਪੁਰਾਣਾ ਵਿਚੋ ਦਿਨ ਦਾ ਕਰਫਿਊ ਹਟਾ ਕੇ ਰਾਤ ਦਾ ਕਰਫਿਊ ਜਾਰੀ ਰਹਿਣ ਦਿੱਤਾ। ਲੋਕਾਂ ਨੇ ਸੁੱਖ ਦਾ ਸਾਹ ਲਿਆ।ਪੰਜਾਬ ਵਿਚ ਦਹਿਸ਼ਤਗਰਦਾਂ ਦੀਆਂ ਸਰਗਰਮੀਆਂ ਘੱਟ ਨਾ ਹੋਈਆਂ। ਓਧਰ ਸ੍ਰੀ
ਦਰਬਾਰ ਸਾਹਿਬ ਵਿਚ ਦਹਿਸ਼ਤ ਦਾ ਮਹੌਲ ਤੇ ਅਸਾਂਤ ਵਾਤਾਵਰਣ ਸੀ। ਪੰਜਾਬ ਵਾਸੀ ਖਤਰੇ ਦੇ ਮਹੌਲ ਵਿਚ ਸਨ। ਭਿੰਡਰਾਂਵਾਲੇ ਤੇ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ
ਕੰਪਲੈਕਸ ਸਥਿਤ ਗੁਰੂ ਨਾਨਕ ਨਵਾਸ ਨੂੰ ਛੱਡ ਕੇ ਸ੍ਰੀ ਅਕਾਲ ਤੱਖਤ ਵਿਚ ਰਹਾਇਸ ਤਬਦੀਲ ਕਰ ਲਈ। ਜਰਨਲ ਕੇ ਐਸ ਬਰਾੜ ਦੀ ਅਗਵਾਈ ਹੇਠ ਫੌਜ਼ ਨੇ ਸ੍ਰੀ ਦਰਬਾਰ ਕੰਪਲੈਕਸ ਨੂੰ ਘੇਰਿਆ ਹੋਇਆ ਸੀ ਜਿਥੇ 1 ਜੂਨ ਤੋੰ 10 ਜੂਨ 1984 ਤੱਕ ਅਪ੍ਰੇਸ਼ਨ ਜਾਰੀ ਰਿਹਾ।
ਅਖੀਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ
ਪੰਜਾਬ ਸਰਕਾਰ ਨੇ ਜ਼ਰਨੈਲ ਸਿੰਘ ਭਿੰਡਰਾਂਵਾਲੇ ਤੇ ਸਾਥੀਆਂ ਤੋ ਸ੍ਰੀ ਦਰਬਾਰ ਸਾਹਿਬ/ ਸ੍ਰੀ ਅਕਾਲ ਤਖਤ ਨੂੰ ਮੁਕਤ ਕਰਵਾਉਣ ਦਾ ਫੈਸਲਾ ਕਰ ਲਿਆ। ਪੰਜਾਬ ਸਰਕਾਰ ਨੇ 3
ਜੂਨ 1984 ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ ਗੁਰਦੇਵ ਸਿੰਘ
ਬਰਾੜ੍ਹ ਨੂੰ ਤਬਦੀਲ ਕਰਕੇ ਸ ਰਮੇਸ਼ਇੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਤਾਇਨਾਤ ਕਰ ਦਿੱਤਾ ਜਿਨ੍ਹਾਂ 4 ਜੂਨ ਨੂੰ ਆਪਣੀ ਡਿਊਟੀ ਸੰਭਾਲੀ।ਪੰਜਾਬ ਵਿਚ 3 ਜੂਨ ਤੋਂ 5 ਜੂਨ ਤੱਕ
ਮੁਕੰਮਲ ਕਰਫਿਊ ਲਗਾ ਕੇ ਸਾਰੀ ਆਵਾਜਾਈ ਠੱਪ ਕਰ ਦਿੱਤੀ ਜੋ ਅਗੋਂ ਵੀ ਜਾਰੀ ਰਿਹਾ। ਸ੍ਰੀ
ਗੁਰੁ ਅਰਜਨ ਦੇਵ ਜੀ ਦਾ 3 ਜੂਨ ਨੂੰ ਸ਼ਹੀਦੀ ਗੁਰਪੁਰਬ ਹੋਣ ਕਰਕੇ ਸੰਗਤਾਂ ਦਰਬਾਰ
ਸਾਹਿਬ ਆ ਰਹੀਆਂ ਸਨ ਜਿਨ੍ਹਾ ਨੂੰ ਫੌਜ਼ ਨੇ ਨਾ ਰੋਕਿਆ। ਵੱਡੀ ਗਿਣਤੀ ਵਿਚ ਸੰਗਤਾਂ
ਦਰਬਾਰ ਵਿਚ ਘਿਰ ਗਈਆਂ। ਫੌਜ਼ ਨੇ ਟੈਕਾਂ ਤੇ ਤੋਪਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ 5 ਤੇ 6 ਜੂਨ ਦੀ ਦਰਮਿਆਨੀ ਰਾਤ ਜ਼ਰਨੈਲ ਸਿੰਘ ਭਿੰਡਰਾਂਵਾਲੇ ਸਾਥੀਆਂ ਸਮੇਤ ਰੱਬ ਨੂੰ ਪਿਆਰੇ ਹੋ ਗਏ । ਹਜਾਰਾਂ ਸ਼ਰਧਾਲੂ ਜੋ ਮੱਥਾ ਟੇਕਣ ਆਏ ਸਨ ਉਹ ਵੀ ਮਾਰੇ ਗਏ।ਫੌਜ਼ ਦੇ ਹਮਲੇ ਕਾਰਨ
ਮਰਨ ਵਾਲਿਆਂ ਦੀ ਗਿਣਤੀ 534 ਸਿੱਖ ਅੱਤਵਾਦੀ ਹੈ ਤੇ ਫੌਜ਼ ਦੇ 4 ਅਫਸਰ 79 ਜਵਾਨ ਸ਼ਹੀਦ ਹੋ ਗਏ।
ਫੌਜ ਨੇ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਗਿ੍ਫ਼ਤਾਰ ਵੀ ਕਰ ਲਿਆ। ਮਰਨ ਵਾਲਿਆਂ ਦੇ ਸਹੀ ਅੰਕੜਿਆਂ ਬਾਰੇ ਕੋਈ ਸਹੀ ਰਿਪੋਰਟ ਸਾਹਮਣੇ ਨਹੀ ਆਈ। ਫੌਜ਼ ਦੇ ਹਮਲੇ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਤੇ
ਪਰਿਕਰਮਾ ਵਿਚ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੇ ਸਾਕਾ ਨੀਲਾ ਤਾਰਾ ਉਪਰੰਤ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਜੋ ਫੌਜ਼ਾਂ ਦੇ ਸੁਪਰੀਮ ਕਮਾਂਡਰ ਸਨ ਨੇ ਦਰਬਾਰ ਸਾਹਿਬ
ਪਹੁੰਚ ਕੇ ਜਾਇਜਾ ਲਿਆ।ਉਸ ਵੇਲੇ ਦੇ ਚਸਮਦੀਦ ਗਵਾਹਾਂ ਅਨੁਸਾਰ ਗਿਆਨੀ ਜੀ ਨੇ ਇਸ ਫੌਜ਼ੀ
ਕਾਰਵਾਈ ਅਤੇ ਧਾਰਮਿਕ ਸਿੱਖ ਇਮਾਰਤਾਂ ਦੀ ਹੋਈ ਭੰਨ ਤੋੜ ਤੇ ਦੁੱਖ ਵਿਅਕਤ ਕੀਤਾ।
ਇਥੇ ਵਰਨਣਯੋਗ ਹੈ ਕਿ ਅੱਤਵਾਦ ਦਾ ਮੁੱਢ ਬੰਨਣਵਾਲੇ ਜਰਨੈਲ ਸਿੰਘ
ਭਿੰਡਰਾਂਵਾਲੇ, ਸਾਕਾ ਨੀਲਾ ਤਾਰਾ ਕਰਨ ਵਾਲੀ ਫੌਜ਼ ਦੇ ਕਮਾਂਡਰ ਜਰਨਲ ਕੇ ਐਸ ਬਰਾੜ
ਮੋਗਾ ਤਹਿਸੀਲ ਜ਼ਿਲਾ ਫ਼ਰੀਦਕੋਟ ਨਾਲ ਸਬੰਧਤ ਸਨ। ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ
ਵੀ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਤ ਹਨ। ਜੇਕਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ
ਗੁਰਦੇਵ ਸਿੰਘ ਬਰਾੜ ਦਾ ਤਬਾਦਲਾ ਨਾ ਹੁੰਦਾ ਤਾਂ ਉਹਨਾਂ ਦਾ ਸਬੰਧ ਵੀ ਫਰੀਦਕੋਟ ਨਾਲ ਹੋਣ ਕਰਕੇ ਉਹਨਾਂ ਦਾ ਨਾਂ ਵੀ ਨਾਲ ਹੋਣਾ ਸੀ।

-
ਗਿਆਨ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ
gyankhiva@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.