2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਹਰ ਪਾਰਟੀ ਹੁਣ ਤੋਂ ਹੀ ਤਿਆਰੀਆਂ ਵਿੱਚ ਰੁੱਝ ਗਈ ਹੈ। ਇਹ ਸ਼ਾਇਦ ਕਈ ਦਹਾਕਿਆਂ ਬਾਅਦ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਵਿੱਚ ਇੰਨਾ ਫਸਵਾਂ ਤਿਕੋਣਾ ਮੁਕਾਬਲਾ ਹੋਵੇ। ਬੇਸ਼ਕ 2012 ਵਿੱਚ ਵੀ ਤਿਕੋਣੇ ਮੁਕਾਬਲੇ ਦੀ ਆਸ ਬੱਝੀ ਸੀ ਪਰ ਇਸ ਤਰਾਂ ਹੋ ਨਹੀਂ ਸਕਿਆ ਸੀ ਕਿਉਂਕਿ ਮਨਪ੍ਰੀਤ ਬਾਦਲ ਦੀ ਪਾਰਟੀ ਬੁਰੀ ਤਰਾਂ ਹਾਸ਼ੀਏ ਉੱਤੇ ਚਲੀ ਗਈ ਸੀ। ਪਰ ਇਸ ਵਾਰੀ ਦੇ ਹਾਲਾਤ ਦੱਸਦੇ ਹਨ ਕਿ ਇਸ ਵਾਰੀ ਇਹ ਚੋਣਾਂ ਸੱਚਮੁੱਚ ਹੀ ਦਿਲਚਸਪ ਹੋਣ ਜਾ ਰਹੀਆਂ ਹਨ। ਇਸ ਲਈ ਆਉਂਦੇ ਕੁਝ ਮਹੀਨੇ ਕਈ ਤਰਾਂ ਦੀਆਂ ਦਲ-ਬਦਲੀਆਂ ਵਾਲੇ ਹੋ ਸਕਦੇ ਹਨ। ਹਰ ਸਿਆਸੀ ਆਗੂ ਆਪੋ ਆਪਣੇ ਪਿਆਦੇ ਅਤੇ ਮੋਹਰੇ ਤਿਆਰ ਕਰ ਰਿਹਾ ਹੈ। ਹਰ ਛੋਟਾ ਵੱਡਾ ਨੇਤਾ ‘ਜਨਤਾ ਦਾ ਸੇਵਾਦਾਰ’ ਬਣਨ ਨੂੰ ਕਾਹਲਾ ਪਿਆ ਹੋਇਆ ਹੈ। ਮੁੱਖ ਮੰਤਰੀ ਬਣਨ ਦੇ ਵੀ ਕਈਆਂ ਨੂੰ ਹੁਣੇ ਹੀ ਸੁਪਨੇ ਆਉਣ ਲੱਗ ਗਏ ਹਨ। ਹਰ ਪਾਰਟੀ ਦੇ ਸਮਰਥਕ ਆਪੋ ਆਪਣੇ ਚਹੇਤੇ ਨੂੰ ਵੱਡੀ ਕੁਰਸੀ ਉੱਤੇ ਬਿਠਾਉਣ ਵਾਸਤੇ ਕਾਹਲੇ ਪੈ ਰਹੇ ਹਨ। ਭਾਵੇਂ ਕਿ ਸ। ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਨੂੰ ਪੂਰੀ ਤਰਾਂ ਤੰਦਰੁਸਤ ਅਤੇ ਫਿੱਟ ਦੱਸ ਰਹੇ ਹਨ ਪਰ ਫਿਰ ਵੀ ਅਕਾਲੀ ਦਲ ਦੇ ਨੌਜਵਾਨ ਸਮਰਥਕ ਸੁਖਬੀਰ ਸਿੰਘ ਬਾਦਲ ਨੂੰ, ਕਾਂਗਰਸ ਦੇ ਬਹੁਤੇ ਸਮਰਥਕ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਪੋ-ਆਪਣੇ ਪਸੰਦੀਦਾ ਨੇਤਾ ਨੂੰ ਅਗਲਾ ਮੁੱਖ ਮੰਤਰੀ ਬਣਾਈ ਬੈਠੇ ਹਨ।
ਬੇਸ਼ਕ ਇੱਕ ਮੁੱਖ ਮੰਤਰੀ ਵਿੱਚ ਬਹੁਤ ਸਾਰੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ। ਉਸਨੇ ਮੰਤਰੀਆਂ ਦੀ ਇੱਕ ਵੱਡੀ ਟੀਮ ਨੂੰ ਦਿਸ਼ਾ ਦੇਣੀ ਹੁੰਦੀ ਹੈ, ਪੂਰੀ ਅਫਸਰਸ਼ਾਹੀ ਤੋਂ ਕੰਮ ਲੈਣਾ ਹੁੰਦਾ ਹੈ, ਵਿਰੋਧੀ ਪਾਰਟੀਆਂ ਅਤੇ ਗਵਰਨਰ ਨਾਲ ਤਾਲਮੇਲ ਬਿਠਾਉਣਾ ਹੁੰਦਾ ਹੈ ਅਤੇ ਸਭ ਤੋਂ ਵੱਧ ਜਨਤਾ ਅਤੇ ਮੀਡੀਆ ਨਾਲ ਨੇੜਲਾ ਰਿਸ਼ਤਾ ਬਣਾ ਕੇ ਰੱਖਣਾ ਹੁੰਦਾ ਹੈ। ਪਰ ਬਾਕੀ ਗੱਲਾਂ ਨੂੰ ਜੇਕਰ ਪਾਸੇ ਵੀ ਰੱਖ ਦੇਈਏ ਤਾਂ ਸਭ ਤੋਂ ਜਰੂਰੀ ਖੂਬੀ ਹੋਣੀ ਚਾਹੀਦੀ ਹੈ ਉਸਦੀ ਸ਼ਬਦਾਵਲੀ। ਲੋਕਤੰਤਰ ਵਿੱਚ ਚੋਣਾਂ ਜਿੱਤਣ ਲਈ ਭਾਵੇਂ ਹਮਲਾਵਰ ਸ਼ਬਦਾਵਲੀ ਦੀ ਸਖਤ ਲੋੜ ਰਹਿੰਦੀ ਹੈ ਪਰ ਇੱਕ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਰੱਖਿਆਤਮਕ ਸ਼ਬਦਾਵਲੀ ਵਿੱਚ ਵੀ ਪੂਰਾ ਮਾਹਰ ਹੋਣਾ ਚਾਹੀਦਾ ਹੈ। ਜਿਵੇਂ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵਿਰੋਧ ਵਾਲੀ ਹਮਲਾਵਰ ਸ਼ਬਦਾਵਲੀ ਦੀ ਦੱਬ ਕੇ ਵਰਤੋਂ ਕੀਤੀ ਅਤੇ ਇਸਦਾ ਖੂਬ ਲਾਹਾ ਵੀ ਖੱਟਿਆ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੂੰ ਇਹ ਸ਼ਬਦਾਵਲੀ ਬਦਲਣੀ ਪਈ ਕਿਉਂਕਿ ਹੁਣ ਉਹਨਾਂ ਨੇ ਤੀਰ ਚਲਾਉਣੇ ਨਹੀਂ ਬਲਕਿ ਤੀਰ ਰੋਕਣੇ ਹਨ। ਤੀਰ ਚਲਾਉਣ ਦਾ ਕੰਮ ਤਾਂ ਹੁਣ ਵਿਰੋਧੀ ਪਾਰਟੀਆਂ ਕੋਲ ਹੈ। ਮਨਮੋਹਨ ਸਿੰਘ ਨੂੰ ‘ਮੌਨ ਮੋਹਨ’ ਕਹਿਣ ਵਾਲੇ ਨਰਿੰਦਰ ਮੋਦੀ ਨੇ ਮਹਿੰਗਾਈ, ਦਾਦਰੀ ਹੱਤਿਆਕਾਂਡ, ਰੋਹਿਤ ਵੇਮੁਲਾ, ਕਨ੍ਹਈਆ ਕਾਂਡ, ਦਲਿਤ ਅੱਤਿਆਚਾਰਾਂ ਅਤੇ ਅਸਹਿਣਸ਼ੀਲਤਾ ਵਰਗੇ ਜਰੂਰੀ ਮੁੱਦਿਆਂ ਉੱਤੇ ਵੀ ਚੁੱਪ ਹੀ ਵੱਟੀ ਰੱਖੀ।ਸ਼ਾਇਦ ਉਹਨਾਂ ਕੋਲ ਰੱਖਿਆਤਮਕ ਸ਼ਬਦਾਵਲੀ ਦੀ ਘਾਟ ਹੈ ਅਤੇ ਇਸੇ ਕਾਰਨ ਉਹ ਅਕਸਰ ਹੀ ਆਲੋਚਨਾ ਦਾ ਸ਼ਿਕਾਰ ਵੀ ਹੁੰਦੇ ਰਹਿੰਦੇ ਹਨ। ਨਾਲੇ ਜਦੋਂ ਉਹਨਾਂ ਨੇ 2015 ਦੀਆਂ ਦਿੱਲੀ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹਮਲਾਵਰ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਇਸਦਾ ਭਾਰੀ ਨੁਕਸਾਨ ਵੀ ਉਠਾਉਣਾ ਪਿਆ ਸੀ। ਇਸ ਦਾ ਕਾਰਨ ਸ਼ਾਇਦ ਇਹੀ ਹੋਵੇ ਕਿ ਪ੍ਰਧਾਨ ਮੰਤਰੀ ਦੇ ਹੱਥ ਵਿੱਚ ‘ਢਾਲ’ ਦੀ ਲੋੜ ਹੁੰਦੀ ਹੈ, ‘ਤੀਰਕਮਾਨ’ ਦੀ ਨਹੀਂ। ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਉੱਤੇ ਬੈਠ ਕੇ ਤੁਸੀਂ ਗੈਰ-ਜ਼ਿੰਮੇਵਾਰੀ ਵਾਲੀ ਭਾਸ਼ਾ ਬੋਲ ਹੀ ਕਿਵੇਂ ਸਕਦੇ ਹੋ ?
ਇਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੀ ਉਦਾਹਰਨ ਦੇਣੀ ਵੀ ਢੁੱਕਵੀਂ ਰਹੇਗੀ। ਕੇਜਰੀਵਾਲ ਦੀ ਖਾਸੀਅਤ ਹੈ ਕਿ ਉਹਨਾਂ ਦੀ ਵਿਰੋਧ ਵਾਲੀ ਅਤੇ ਬਚਾਅ ਵਾਲੀ, ਦੋਵੇਂ ਹੀ ਤਰਾਂ ਦੀ ਸ਼ਬਦਾਵਲੀ ਉੱਤੇ ਪੂਰੀ ਮੁਹਾਰਤ ਹੈ। ਉਹ ਆਪਣੇ ਵਿਰੋਧੀਆਂ ਉੱਤੇ ਸਖਤ ਸ਼ਬਦੀ ਹਮਲੇ ਕਰ ਸਕਦੇ ਹਨ, ਮੁਕੇਸ਼ ਅੰਬਾਨੀ ਵਰਗੀਆਂ ਵੱਡੀਆਂ ਹਸਤੀਆਂ ਬਾਰੇ ਸਖਤ ਸ਼ਬਦਾਵਲੀ ਵਰਤਣੀ ਜਾਣਦੇ ਹਨ। ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਬਾਰੇ ਉਹ ਬੜੇ ਹੀ ਤਿੱਖੇ ਤੀਰ ਚਲਾਉਂਦੇ ਰਹਿੰਦੇ ਹਨ ਅਤੇ ਅਕਸਰ ਹੀ ਬੜਬੋਲੇ ਨੇਤਾ ਵਜੋਂ ਮਸ਼ਹੂਰ ਹਨ। ਪਰ ਉਹ ਮੀਡੀਆ ਦੇ ਸਖਤ ਸਵਾਲਾਂ ਦੇ ਉੱਤਰ ਵੀ ਠਰੰਮੇ ਨਾਲ ਦੇਣਾ ਜਾਣਦੇ ਹਨ। ਉਹ ਵੱਡੇ ਵੱਡੇ ਪੱਤਰਕਾਰਾਂ ਨੂੰ ਆਪਣੀਆਂ ਦਲੀਲਾਂ ਨਾਲ ਨਿਰਉੱਤਰ ਕਰ ਸਕਦੇ ਹਨ। ਖਬਰ ਚੈਨਲਾਂ ਨੂੰ ਦਿੱਤੀਆਂ ਬਹੁਤ ਸਾਰੀਆਂ ਇੰਟਰਵਿਊਆਂ ਵਿੱਚ ਉਹਨਾਂ ਨੇ ਆਪਣੀ ਬਚਾਅ ਵਾਲੀ ਸ਼ਬਦਾਵਲੀ ਨਾਲ ਵੱਡਿਆਂ-ਵੱਡਿਆਂ ਨੂੰ ਚੁੱਪ ਕਰਵਾਇਆ ਹੈ। ਇਹ ਗੁਣ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿੱਚ ਵੀ ਹੈ ਕਿ ਉਹ ਔਖੇ ਸਵਾਲ ਸੁਣ ਕੇ ਛਿੱਥੇ ਨਹੀਂ ਪੈਂਦੇ ਜਾਂ ਆਪਣਾ ਸੰਜਮ ਨਹੀਂ ਗੁਆਉਂਦੇ। ਕਈ ਸਵਾਲਾਂ ਨੂੰ ਉਹ ਮਜ਼ਾਕੀਆ ਲਹਿਜੇ ਵਿੱਚ ਵੀ ਟਾਲ ਦਿੰਦੇ ਹਨ ਤਾਂ ਕਿ ਕੋਈ ਵਿਵਾਦ ਨਾ ਖੜਾ ਹੋਵੇ।ਕਈ ਵਾਰੀ ਜਦੋਂ ਆਪਣੇ ਕੋਲ ਕੋਈ ਢੁੱਕਵਾਂ ਜਵਾਬ ਨਾ ਹੋਵੇ ਤਾਂ ਸਵਾਲ ਕਰਨ ਵਾਲੇ ਵੱਲ ਹੀ ਉਲਟਾ ਸਵਾਲ ਦਾਗ ਦੇਣਾ ਵੀ ਇੱਕ ਬਿਹਤਰ ਰਣਨੀਤੀ ਹੁੰਦੀ ਹੈ। ਜਿਵੇਂ ਕਿ ਇਹ ਕਹਿਣਾ ਕਿ ‘ਚਲੋ ਫਿਰ ਤੁਸੀਂ ਹੀ ਦੱਸ ਦਿਉ ਕਿ ਹੋਰ ਕੀ-ਕੀ ਕਰਨ ਦੀ ਲੋੜ ਹੈ।’
ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੇ ਵੱਡੇ ਦਾਅਵੇਦਾਰਾਂ ਵਿੱਚ ਬੇਸ਼ਕ ਹੋਰ ਬਹੁਤ ਸਾਰੇ ਗੁਣ ਹੋਣਗੇ। ਜਿਵੇਂ ਕਿ ਸੁਖਬੀਰ ਬਾਦਲ ਇੱਕ ਬਹੁਤ ਚੰਗੇ ਸੰਗਠਨ ਕਰਤਾ ਹਨ।ਉਹਨਾਂ ਕੋਲ ਆਪਣੀ ਪਾਰਟੀ ਨੂੰ ਇੱਕਮੁੱਠ ਰੱਖਣ ਅਤੇ ਪੂਰਾ ਜੋਸ਼ ਭਰਨ ਦੀ ਬਹੁਤ ਕਲਾ ਹੈ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦਾ ਆਮ ਕਿਸਾਨਾਂ ਦੇ ਅੰਦਰ ਇੱਕ ਚੰਗਾ ਅਕਸ ਹੈ। ਉਹ ਇੱਕ ਧੜੱਲੇਦਾਰ ਨੇਤਾ ਵਜੋਂ ਮਸ਼ਹੂਰ ਹਨ ਜਿਹੜਾ ਆਪਣੇ ਪੱਧਰ ਉੱਤੇ ਹੀ ਵੱਡੇ ਸਟੈਂਡ ਲੈ ਸਕਦਾ ਹੈ। ਇਸੇ ਤਰਾਂ ‘ਆਪ’ ਆਗੂਆਂ ਕੋਲ ਨੌਜਵਾਨਾਂ ਨੂੰ ਆਪਣੇ ਨਾਲ ਤੋਰਨ ਦੀ ਜਾਦੂਗਰੀ ਹੈ।ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਵਰਗਿਆਂ ਦੇ ਭਾਸ਼ਣ ਲੋਕਾਂ ਉੱਤੇ ਜਾਦੂ ਵਰਗਾ ਅਸਰ ਕਰਦੇ ਹਨ। ਸੁਖਪਾਲ ਸਿੰਘ ਖਹਿਰਾ ਇੱਕ ਸੁਲਝੇ ਹੋਏ ਨੇਤਾ ਹਨ ਜੋ ਆਪਣੇ ਵਿਰੋਧੀਆਂ ਤੋਂ ਔਖੇ ਸਵਾਲ ਪੁੱਛ ਕੇ ਉਹਨਾਂ ਦੀ ਬੋਲਤੀ ਬੰਦ ਕਰਨ ਵਿੱਚ ਮਾਹਰ ਹਨ। ਹਰਵਿੰਦਰ ਸਿੰਘ ਫੂਲਕਾ ਵਰਗੇ ਨੇਤਾ ਭਾਵੇਂ ਰਾਜਨੀਤੀ ਵਿੱਚ ਨਵੇਂ ਹਨ ਪਰ ਉਹਨਾਂ ਦੀ ਇਮਾਨਦਾਰੀ ਬਾਰੇ ਲੋਕਾਂ ਨੂੰ ਕਾਫੀ ਉਮੀਦਾਂ ਹਨ। ਕੰਵਰ ਸੰਧੂ ਨੂੰ ਪੱਤਰਕਾਰੀ ਦਾ ਲੰਬਾ ਤਜਰਬਾ ਹੋਣ ਕਾਰਨ ਉਹ ਇੱਕ ਪਰਪੱਕ ਨੇਤਾ ਵਜੋਂ ਬਹੁਤ ਸੋਚ ਸਮਝ ਕੇ ਸੰਜਮ ਨਾਲ ਬੋਲਦੇ ਹਨ। ਉਂਜ ਵੀ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਕੇਜਰੀਵਾਲ ਦੇ ਨਾਮ ਉੱਤੇ ਵੀ ਲੋਕ ਬਹੁਤ ਵਿਸ਼ਵਾਸ ਕਰਦੇ ਹਨ। ਇਸ ਲਈ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਇੱਕ ਜਜ਼ਬਾਤੀ ਹੁੰਗਾਰਾ ਵੀ ਮਿਲ ਸਕਦਾ ਹੈ।
ਪਰ ਜੇਕਰ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੀ ਸ਼ਬਦਾਵਲੀ ਨੂੰ ਧਿਆਨ ਨਾਲ ਸੁਣੀਏ ਤਾਂ ਪਤਾ ਲੱਗਦਾ ਹੈ ਕਿ ਅਜੇ ਤੱਕ ਇਹਨਾਂ ਕੋਲ ਵਿਰੋਧ ਵਾਲੀ ਸ਼ਬਦਾਵਲੀ ਹੀ ਭਾਰੂ ਹੈ। ਇਹ ਆਪਣੇ ਵਿਰੋਧੀਆਂ ਨੂੰ ਆਪਣੇ ਸ਼ਬਦੀ ਤੀਰਾਂ ਨਾਲ ਚਿੱਤ ਕਰਨਾ ਜਾਣਦੇ ਹਨ। ਪਰ ਕੀ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਤੋਂ ਬਾਅਦ ਇੰਨੇ ਨਾਲ ਹੀ ਸਫਲਤਾ ਮਿਲ ਜਾਏਗੀ? ਕੀ ਇਹਨਾਂ ‘ਤੀਰ ਅੰਦਾਜ਼ਾਂ’ ਕੋਲ ਆਪਣੇ ਵਿਰੋਧੀਆਂ ਦੇ ‘ਤੀਰਾਂ ਦੀ ਵਾਛੜ’ ਨੂੰ ਰੋਕਣ ਵਾਸਤੇ ਕੋਈ ‘ਢਾਲ’ ਵੀ ਹੈ ? ਕੀ ਇਹਨਾਂ ਕੋਲ ਔਖੇ ਸਵਾਲਾਂ ਦਾ ਸਾਹਮਣਾ ਕਰਨ ਵਾਲਾ ਸੰਜਮ ਵੀ ਨਜ਼ਰ ਆਉਂਦਾ ਹੈ ? ਸੁਖਬੀਰ ਸਿੰਘ ਬਾਦਲ ਭਾਵੇਂ ਕਿ ਕਈ ਸਾਲਾਂ ਤੋਂ ਉਪ ਮੁੱਖ ਮੰਤਰੀ ਹਨ ਪਰ ਫਿਰ ਵੀ ਮੁੱਖ ਮੰਤਰੀ ਬਣ ਕੇ ਉਹਨਾਂ ਨੂੰ ਆਪਣਾ ਅੰਦਾਜ਼ ਬਹੁਤ ਹੱਦ ਤੱਕ ਬਦਲਣਾ ਪਵੇਗਾ ਤਾਂ ਕਿ ਵਿਰੋਧੀਆਂ ਨੂੰ ਉਹਨਾਂ ਦਾ ਮਜ਼ਾਕ ਉਡਾਉਣ ਦਾ ਮੌਕਾ ਨਾ ਮਿਲੇ। ਕੈਪਟਨ ਅਮਰਿੰਦਰ ਸਿੰਘ ਦਾ ਭਾਵੇਂ ਕਿ ਪਿਛਲੇ ਕਾਰਜਕਾਲ ਦਾ ਤਜਰਬਾ ਵੀ ਹੈ ਅਤੇ ਇਸ ਵਾਰੀ ਉਹ ਖੂੰਡੇ ਵਾਲੀ ਭਾਸ਼ਾ ਦਾ ਕਾਫੀ ਹੱਦ ਤੱਕ ਤਿਆਗ ਵੀ ਕਰ ਚੁੱਕੇ ਲੱਗਦੇ ਹਨ ਪਰ ਫਿਰ ਵੀ ਉਹਨਾਂ ਨੂੰ ਅਜੇ ਇਸ ਪਾਸੇ ਹੋਰ ਵੀ ਸੰਜਮ ਅਪਣਾਉਣ ਦੀ ਲੋੜ ਪਵੇਗੀ। ਵਿਰੋਧੀਆਂ ਨੂੰ ਕੁੱਟਣ ਦੀ ਨੀਤੀ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ ਬਲਕਿ ਟਕਰਾਅ ਵਧਣ ਕਰਕੇ ਅਸਲ ਮੁੱਦਿਆਂ ਤੋਂ ਧਿਆਨ ਭਟਕ ਸਕਦਾ ਹੈ। ਇਸੇ ਤਰਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਣਨ ਦੇ ਚਾਹਵਾਨਾਂ ਨੂੰ ਵੀ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਇੰਨੀ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਨੁਕਸ ਕੱਢਣ ਦੀ ਨਹੀਂ ਬਲਕਿ ਆਪਣੀ ਕਾਬਲੀਅਤ ਵਿਖਾਉਣ ਦੀ ਲੋੜ ਹੁੰਦੀ ਹੈ।
ਭਾਵੇਂ ਕਿ ਇਹ ਗੱਲ ਬਹੁਤੀ ਠੀਕ ਨਹੀਂ ਜਾਪਦੀ ਪਰ ਕੁਝ ਲੋਕਾਂ ਦਾ ਇਹ ਵਿਚਾਰ ਹੈ ਕਿ ਭਾਰਤ ਵਿੱਚ ਬਹੁਤੇ ਕਮਿਊਨਿਸਟ ਨੇਤਾਵਾਂ ਦੇ ‘ਸਫਲ ਸ਼ਾਸਕ’ ਨਾ ਬਣ ਸਕਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਕੋਲ ਹਮੇਸ਼ਾ ਹਮਲਾਵਰ ਰਣਨੀਤੀ ਹੀ ਰਹਿੰਦੀ ਹੈ ਅਤੇ ਬਚਾਅ ਕਰਨ ਦੀ ਕਲਾ ਉਹ ਸਿੱਖੇ ਹੀ ਨਹੀਂ ਹੁੰਦੇ। ਪਰ ਲੋਕਤੰਤਰ ਵਿੱਚ ਇੱਕ ਰਾਜਸੀ ਆਗੂ ਕੋਲ ਹਮਲਾਵਰ ਅਤੇ ਰੱਖਿਆਤਮਕ ਦੋਵੇਂ ਹੀ ਤਰਾਂ ਦੀ ਸ਼ਬਦਾਵਲੀ ਹੋਣੀ ਬਹੁਤ ਜਰੂਰੀ ਹੈ। ਕਿਉਂਕਿ ਜ਼ਿੰਮੇਵਾਰੀ ਵਾਲੀ ਕੁਰਸੀ ਉੱਤੇ ਬੈਠ ਕੇ ‘ਤੀਰ ਚਲਾਉਣ’ ਦੀ ਹੀ ਨਹੀਂ ਬਲਕਿ ‘ਤੀਰਾਂ ਨੂੰ ਰੋਕਣ’ ਦੀ ਜਾਚ ਵੀ ਹੋਣੀ ਚਾਹੀਦੀ ਹੈ। ਉਦੋਂ ਗੱਲਾਂ ਨਾਲ ਨਹੀਂ ਸਰਦਾ ਬਲਕਿ ਠੀਕ ਨਿਰਣੇ ਲੈਣ ਦੀ ਕਲਾ ਵਿਖਾਉਣੀ ਪੈਂਦੀ ਹੈ। ਸਹੀ ਅਰਥਾਂ ਵਿੱਚ ਤਾਂ ਚੋਣਾਂ ਜਿੱਤਣ ਤੋਂ ਪਹਿਲਾਂ ਹਮਲਾਵਰ ਸ਼ਬਦਾਵਲੀ ਜਰੂਰ ਆਉਣੀ ਚਾਹੀਦੀ ਹੈ ਪਰ ਜਿੱਤਣ ਤੋਂ ਬਾਅਦ ਰੱਖਿਆਤਮਕ ਸ਼ਬਦਾਵਲੀ ਦੀ ਵਰਤੋਂ ਕਰਨੀ ਜਰੂਰੀ ਹੋ ਜਾਂਦੀ ਹੈ। ਕਿਉਂਕਿ ਕਿਸੇ ਸਿਆਸੀ ਰੈਲੀ ਦੀ ਸਟੇਜ ਉੱਤੇ ਖੜ ਕੇ, ਤਾੜੀਆਂ ਦੀ ਗੜਗੜਾਹਟ ਵਿੱਚ, ਆਪਣੇ ਵਿਰੋਧੀਆਂ ਨੂੰ ਸਵਾਲ ਪੁੱਛਣੇ ਜਿੰਨੇ ਸੌਖੇ ਹੁੰਦੇ ਹਨ, ਲੋਕਾਂ ਦੀ ਕਚਹਿਰੀ ਵਿੱਚ ਖੜ ਕੇ ਸਵਾਲਾਂ ਦੇ ਜਵਾਬ ਦੇਣੇ ਓਨੇ ਹੀ ਔਖੇ ਹੁੰਦੇ ਹਨ।
-
ਜੀ. ਐੱਸ. ਗੁਰਦਿੱਤ,
gurditgs@gmail.com
9417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.