ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਨੌਜਵਾਨਾਂ ਲਈ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਮੈਨੀਫੈਸਟੋ ਵਿੱਚ ਪੰਜਾਬ ਨੂੰ ਭ੍ਰਿਸ਼ਟਾਚਾਰ ਰਹਿਤ ਕਰਨ ਦੇ ਨਾਲ ਨਾਲ, ਪੰਜਾਬ ਦੇ ਨੌਜਵਾਨਾਂ ਲਈ 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਪਿੰਡਾਂ ਅਤੇ ਸ਼ਹਿਰਾਂ 'ਚ ਵਾਈ-ਫਾਈ ਕੁਨੈਕਸ਼ਨ ਦੇਣ ਦੇ ਨਾਲ ਨਾਲ, ਸੂਬੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਇਦਾ ਵੀ ਇਸ ਚੋਣ ਮੈਨੀਫੈਸਟੋ 'ਚ ਕੀਤਾ ਗਿਆ ਹੈ। ਨੌਜਵਾਨਾਂ ਲਈ ਬਣਾਏ ਇਸ ਚੋਣ ਮੈਨੀਫੈਸਟੋ ਅਧੀਨ ਰੁਜ਼ਗਾਰ, ਨਸ਼ਾ-ਮੁਕਤੀ ਲਹਿਰ, ਸਿੱਖਿਆ, ਉੱਚ ਸਿੱਖਿਆ ਅਤੇ ਖੇਡਾਂ ਲਈ 51 ਪੁਆਇੰਟ ਲਿਖਕੇ ਨੌਜਵਾਨਾਂ ਲਈ ਵੱਡੇ ਸੁਪਨੇ ਇਸ ਮੈਨੀਫੈਸਟੋ 'ਚ ਦਿਖਾਏ ਗਏ ਹਨ। ਇਸ ਮੈਨੀਫੈਸਟੋ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਲੋਕ ਤਾਂ ਪੁਰਾਣੀ ਬੋਤਲ ਵਿੱਚ ਨਵੀਂ ਸ਼ਰਾਬ ਪਾਉਂਦੇ ਹਨ, ਪਰ ਆਪ ਵਾਲਿਆਂ ਦੀ ਬੋਤਲ ਵੀ ਪੁਰਾਣੀ ਹੈ ਅਤੇ ਸ਼ਰਾਬ ਵੀ ਪੁਰਾਣੀ ਹੈ ਅਤੇ ਚੋਣ ਮੈਨੀਫੈਸਟੋ 'ਚ ਪ੍ਰਗਟ ਕੀਤੇ ਖਿਆਲ ਵੀ ਉਧਾਰੇ ਲਏ ਗਏ ਆ।
ਲਉ ਜੀ, ਆਹ ਆ ਗੇ ਦਿਲੀਓਂ ਕੇਜਰੀਵਾਲ, ਅਖੇ 25 ਲੱਖ ਨੌਕਰੀਆਂ ਦਊਂ ਮੁੰਡਿਆਂ ਨੂੰ, ਪਰ ਭਾਈ ਇਹਨੂੰ ਕੋਈ ਭਲਾ ਮਾਣਸ ਪੁੱਛੇ, ਉਨਾਂ ਨੂੰ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਕਿੱਥੋਂ ਦਊ? ਖਜ਼ਾਨਾ ਤਾਂ ਹੁਣ ਵਾਲਿਆਂ ਮਸਤ ਕੀਤਾ ਹੋਇਆ ਅਤੇ ਅਗਲੇ ਦਸ ਸਾਲ ਤੱਕ ਚੁੱਕਿਆ, ਗੱਡਿਆਂ ਦੇ ਗੱਡੇ ਕਰਜ਼ਾ, ਆਉਣ ਵਾਲੀ ਸਰਕਾਰ ਤੋਂ ਨਹੀਓਂ ਲੱਥਣਾ। ਪੈਸਾ ਭਾਈ ਫਿਰ ਆਊ ਤਾਂ ਆਊ ਕਿਥੋਂ?
ਹੁਣ ਵਾਲਿਆਂ ਪਾਣੀ 'ਚ ਬੱਸਾਂ ਚਲਾਤੀਆਂ।ਪੰਜਾਬ ਨੂੰ ਗੱਪਾਂ ਮਾਰਕੇ ਕੈਲੇਫੋਰਨੀਆਂ ਬਣਾਤਾ। ਰੂੜੀ ਮਾਰਕਾ ਖਤਮ ਕਰਕੇ ਵਲੈਤੀ ਦਾਰੂ ਪਿੰਡਾਂ, ਸ਼ਹਿਰਾਂ, ਕਸਬਿਆਂ, ਸੜਕਾਂ, ਗਲੀਆਂ, ਮੁਹੱਲਿਆਂ 'ਚ ਪਹੁੰਚਾਤੀ। ਮੁੰਡੇ ਵਲੈਤੀਂ ਪਹੁੰਚਾਤੇ ਜਾਂ ਰਹਿੰਦੇ ਖੂੰਹਦੇ ਲੱਡੂਆਂ ਵਾਲਿਆਂ, ਕਾਰਖਾਨੇਦਾਰਾਂ ਦੀਆਂ ਯੂਨੀਵਰਸਿਟੀਆਂ ਹੱਥ ਫੜਾਤੇ। ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਪੜਨ ਜਾਣ 'ਤੇ ਡੱਕੇ ਲੁਆਤੇ। ਡੈਸਕਾਂ ਬੈਂਚਾਂ ਦੀ ਥਾਂ ਤੱਪੜ ਵਿਛਾਤੇ। ਰੋਟੀ ਟੁਕ ਦੀ ਆਵਾਜਾਰੀ ਕਰਕੇ ਸੱਥਾਂ 'ਚ ਵੈਣ ਪੁਆਤੇ। ਤੇ ਇਨਾਂ ਤੋਂ ਪਿਛਲਿਆਂ, ਢਿੱਡ ਤੋਪਾਂ ਬਣਾ ਲਈਆਂ। ਆਪਣੀਆਂ ਇੱਜਤਾਂ ਦਿਲੀ ਵਾਲਿਆਂ ਕੋਲ ਗਿਰਵੀਆਂ ਰਖਾਤੀਆਂ। ਸਕੈਂਡਲਾਂ ਦੇ ਹਾਰ ਗਲਾਂ 'ਚ ਪੁਆ ਲਏ, ਅਤੇ ਮਹਿੰਗਾਈ, ਭ੍ਰਿਸ਼ਟਾਚਾਰ, ਕੁਨਬਾਪਰਵਰੀ ਨਾਲ ਲੋਕਾਂ ਦੇ ਵਖੀਏ ਉਧੇੜ ਤੇ।
ਹੁਣ ਆਹ ਜੇ ਆਪ ਵਾਲੇ ਪੁਰਾਣੀ ਬੋਤਲ 'ਚ ਪੁਰਾਣੀ ਸ਼ਰਾਬ ਲੈਕੇ ਹੀ ਆ ਗਏ ਆ, ਲੋਕਾਂ ਦੀਆਂ ਅੱਖਾਂ ਚੰਧਿਆਉਣ ਲਈ, ਨਵੇਂ ਫਲੇਵਰ ਨਾਲ ਤਾਂ ਭਾਈ ਰਤਾ ਸਬਰ ਤਾਂ ਕਰ ਲਉ, ਕੱਢ ਲੈਣ ਦਿਉ ਕੇਜਰੀਵਾਲ ਨੂੰ ਵੀ ਸੱਪ, ਜਿਹੜਾ ਉਹ ਕੱਢਣਾ ਚਾਹੁੰਦਾ। ਪਰ ਅਕਾਲੀ ਚਾਹੁੰਦੇ ਆ, ਜੇ ਅਸੀਂ ਨਾ ਆਈਏ ਤਾਂ ਆਹ ਕੈਪਟਨ ਸਿਹੁੰ ਆ ਜਾਏ, ਉਤਰ ਕਾਟੋ ਮੈਂ ਚੜਾਂ ਕਹਿਕੇ। ਭਲਾ ਇਹ ਦਿਲੀ ਵਾਲੇ ਸਾਡੇ ਤੇ ਰਾਜ ਕਿਉਂ ਕਰਨ?
ਉਂਜ ਭਾਈ ਦਿਲੀਉਂ ਆ ਕੇ ਜਿਹੜੀ ਵਾਅਦਿਆਂ ਦੀ ਪਟਾਰੀ ਕੇਜਰੀਵਾਲ ਨੇ ਖੋਹਲੀ ਆ, ਉਹ ਪੂਰੀ ਕਰੂ ਤਾਂ ਕਿਵੇਂ? ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ ਵਾਲੀ ਗੱਲ ਆ। ਕਿਥੋਂ ਖੋਹਲੂ ਸਕੂਲ, ਯੂਨੀਵਰਸਿਟੀਆਂ? ਕਿਥੋਂ ਖੋਹਲੂ ਸਕਿੱਲ ਸੈਂਟਰ? ਕਿਥੋਂ ਦਊ “ਨਿਆਣਿਆਂ” ਨੂੰ ਵਾਈ-ਫਾਈ! ਮੁਆਫੀ ਮੰਗ ਕੇ ਛੁਟੇ ਆ ਉਹਦੇ ਅਹਿਲਕਾਰ ਗਲਤ ਫੋਟੋ ਛਾਪ ਕੇ ਮੈਨੀਫੈਸਟੋ ਤੇ ।
ਉਂਜ ਸੋਚਦਾ ਹੋਊ ਕੇਜਰੀਵਾਲ, ਕਾਹਨੂੰ ਛੇੜਨਾ ਸੀ ਕਾਲਾ ਨਾਗ, ਜਿਹਨੂੰ ਬੱਸ ਕਰਕੇ ਪਟਾਰੀ 'ਚ ਪਾਉਣ ਦਾ ਮੰਤਰ ਭਾਈ ਉਹਨੇ ਹਾਲੀ ਸਿਖਿਆ ਹੀ ਨਹੀਂ ਸੀ! ਨਾ ਉਹ ਪੰਜਾਬ ਦੇ ਅਮਲੀਆਂ ਨੂੰ ਮਿਲਿਆ, ਨਾ ਮਚਲੇ ਗਾਮੇ-ਸ਼ਾਮੇ ਨੂੰ, ਨਾ ਉਹ ਬੇਬੇ ਲੱਛੋ ਨੂੰ ਮਿਲਿਆ, ਨਾ ਦਾਣੇ ਭੁੰਨਦੀ ਤਾਈ ਬਚਨੀ ਨੂੰ, ਜਿਹਨਾਂ ਕੋਲ ਕਾਲੇ ਨਾਗ ਨੂੰ ਬੱਸ ਕਰਨ ਦਾ ਮੰਤਰ ਆ! ਉਹ ਤਾਂ ਭਾਈ ਵੱਡਿਆਂ ਦੇ ਗਲ ਲਗਕੇ, ਵੱਡੀਆਂ ਗੱਲਾਂ ਕਰਕੇ, ਵਾਅਦਿਆਂ ਦੀ ਟਕਸਾਲ ਖੋਹਲਕੇ ਮੁੜ ਜਾ ਦਿਲੀ ਬੈਠਾ।
ਸਵੱਛ, ਨਿਰਾ ਸਾਫ, ਦੁੱਧ ਧੋਤਾ
ਖ਼ਬਰ ਹੈ ਕਿ ਕਾਂਗਰਸ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਕਰਦਿਆਂ 45 ਹਜਾਰ ਕਰੋੜ ਰੁਪਏ ਦੇ ਟੈਲੀਕਾਮ ਘੁਟਾਲੇ ਦਾ ਦੋਸ਼ ਲਾਇਆ ਹੈ। ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਨਿਯਮਾਂ ਦੀ ਅਣਦੇਖੀ ਕਰਕੇ ਫਾਇਦਾ ਪਹੁੰਚਾਇਆ । ਕਾਂਗਰਸ ਬੁਲਾਰੇ ਨੇ ਕਿਹਾ ਕਿ ਇਹ ਘੁਟਾਲਾ ਮਨਰੇਗਾ ਦੇ ਕੁਲ ਬਜਟ ਤੋਂ ਵੀ ਜਿਆਦਾ ਹੈ। ਉਹਨਾਂ ਕਿਹਾ ਕਿ ਸਪੈਕਟਰਮ ਨਿਲਾਮੀ ਦਾ ਸਰਕਾਰ ਨੂੰ ਕੋਈ ਲਾਭ ਨਹੀਂ ਮਿਲਿਆ ਅਤੇ ਜਿਹੜੀਆਂ 6 ਕੰਪਨੀਆਂ ਨੂੰ ਇਸਦਾ ਲਾਭ ਮਿਲਿਆ, ਉਨਾਂ ਨੇ ਆਪਣੀ ਆਮਦਨ ਘੱਟ ਦੇ ਕੇ ਲਾਭ ਕਮਾਇਆ।
ਸਰਕਾਰਾਂ, ਨਿਲਾਮੀਆਂ 'ਚ ਥੋੜਾ-ਬਹੁਤਾ ਕੰਪਨੀਆਂ ਨੂੰ ਹੇਰ-ਫੇਰ ਦਾ ਮੌਕਾ ਨਾ ਦੇਣਗੀਆਂ ਤਾਂ ਉਹ ਸਿਆਸੀ ਪਾਰਟੀਆਂ ਦੇ ਢਿੱਡ ਕਿਵੇਂ ਵੱਡੇ ਕਰਨਗੀਆਂ?“ਇਸ ਹੱਥ ਦਿਓ,ਉਸ ਹੱਥ ਲਓ” ਦਾ ਸਿਧਾਂਤ ਆ ਬਾਈ ਵੱਡੇ ਘਰਾਣਿਆਂ ਦਾ ਸਰਕਾਰਾਂ ਨਾਲ! ਗੱਫੇ ਦਿਓ-ਗੱਫੇ ਲਓ, ਨਹੀਂ ਤਾਂ ਮਰੋ ਭੁੱਖੇ।
ਚਿੱਟੇ ਬਸਤਰ ਸਜਾਕੇ ਪਹਿਲਾਂ ਕਾਂਗਰਸੀ-ਕੁਨਬੇ ਬਣ,ਗੋਗੜਾਂ ਵਾਲੇ ਘਪਲੇ ਘੁਟਾਲੇ ਕਰਦੇ ਰਹੇ ਤੇ ਹੁਣ ਉਹਨਾਂ ਗੋਗੜਾ ਨੇ ਸਵੱਛ ਭਾਰਤ, ਸਵੱਛ ਗੰਗਾ, ਅਤੇ ਅੰਦਰੋਂ “ਬਿਲਕੁਲ ਸਾਫ ਕਰਨ ਲਈ ਇਧਰ ਆ ਡੇਰੇ ਲਾ ਦਿਤੇ ਆ। ਦੋ ਵਰੇ ਹੋ ਗਏ, ਕਾਗਜ਼ਾਂ 'ਚ ਭਾਰਤ ਸਵੱਛ ਬਣ ਗਿਆ ਤੇ ਕੂੜੇ ਦੇ ਢੇਰ ਵੱਧ ਗਏ । ਪ੍ਰਾਜੈਕਟ ਗੰਗਾ ਲਾਗੂ ਹੋ ਗਈ, ਉਸ ਵਿਚਲਾ ਪਾਣੀ ਹੋਰ ਬਦਬੂਆਂ ਮਾਰਨ ਲੱਗ ਪਿਆ । ਦੁੱਧ ਧੋਕੇ ਕੱਪੜੇ ਪਾ ਕੇ “ਹੁਣ ਵਾਲੇ ਰਾਜੇ, ਨਿਰੇ ਸਾਫ ਹੋ ਗਏ, ਤੇ ਡੰਗਮਾਰ ਅੰਦਰੋਗਤੀ ਡੰਗ ਚਲਾਉਂਦੇ” ਦੁਧ ਧੋਤਿਆਂ ਨੂੰ ਹਿੱਸਾ-ਪਤੀ ਦੇਣ ਦਾ ਸ਼ੁਭ-ਕਰਮ ਕਰਨ ਲੱਗੇ ਰਹੇ! ਹਿੰਦੋਸਤਾਨ 'ਚ ਭਾਈ ਇੱਕੋ ਚੀਜ ਹਿੱਸਾ-ਪਤੀ ਹੀ ਤਾਂ ਹੈ ਜਿਹੜੀ ਸੌਦਿਆਂ ਨੂੰ ਨਿਰੇ ਸਾਫ ਰੱਖਦੀ ਆ। ਇਹ ਹਿੱਸਾ ਪੱਤੀ ਸਿਆਸਤ 'ਚ ਹੋਵੇ ਜਾਂ ਕਾਰੋਬਾਰ 'ਚ। ਇਹ ਹਿੱਸਾ ਪੱਤੀ ਭਾਵੇਂ ਚਿੱਟੇ-ਭਗਵੇਂ ਵਿਚਾਰਾਂ 'ਚ ਹੋਵੇ ਜਾਂ ਭ੍ਰਿਸ਼ਟਾਚਾਰ 'ਚ। ਇਹਦੇ ਆਸਰੇ ਤਾਂ ਭਾਈ ਸਾਡਾ ਮਹਾਨ ਦੇਸ਼ ਹਿੰਦੋਸਤਾਨ ਚੱਲਦਾ ।
ਸ਼ਾਮ ਸਵੇਰੇ ਦਮਗਜ਼ੇ , ਦਾਅਵੇ ਕਰਨ ਹਜ਼ਾਰ
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੰਨਿਆ ਹੈ ਕਿ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ ਹੁੰਦੇ ਹਨ। ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਆਮ ਆਦਮੀ ਵਲੋਂ ਜਾਰੀ ਮੈਨੀਫੈਸਟੋ ਝੂਠ ਦਾ ਪੁਲੰਦਾ ਹੈ। ਉਨਾਂ ਇਹ ਵੀ ਕਬੂਲ ਕੀਤਾ ਕਿ ਹਰ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਜਾਰੀ ਕੀਤਾ ਜਾਣ ਵਾਲਾ ਚੋਣ ਮਨੋਰਥ ਪੱਤਰ ਝੂਠਾ ਹੀ ਹੁੰਦਾ ਹੈ। ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਾਅਦੇ ਕਰਦੀਆਂ ਹਨ , ਪਰ ਸਾਰੇ ਵਾਅਦੇ ਪੂਰੇ ਨਹੀਂ ਹੁੰਦੇ।
ਜੇਕਰ ਆਮ ਆਦਮੀ ਨੂੰ ਚਾਰ ਦਿਨ ਸੁਪਨੇ ਵੇਖਣ ਦਾ ਮੌਕਾ ਮਿਲਦਾ ਆ , ਉਹ ਵੀ ਨੇਤਾਵਾਂ ਤੋਂ ਜਰਿਆ ਨਹੀਂ ਜਾਂਦਾ। ਵੇਖੋ ਨਾ , ਉਪਰਲਿਆਂ “ਅੱਛੇ ਦਿਨ ਆਨੇ ਵਾਲੇ ਹੈ ਦਾ ਸੁਪਨਾ ਵਿਖਾਇਆ , ਦੋ ਸਾਲ ਊਠ ਦਾ ਬੁਲ ਡਿਗਣ ਵਾਂਗਰ ਲੋਕ ਉਡੀਕਦੇ ਰਹੇ। ਨਹੀਂ ਆਏ ਅੱਛੇ ਦਿਨ। ਚਲੋ ਕੋਈ ਗੱਲ ਨਹੀਂ। ਚਾਰ ਦਿਨ ਲੋਕਾਂ ਉਮੀਦ 'ਚ ਤਾਂ ਸੌਖੇ ਕੱਟੇ। ਆਹ “ਆਪ” ਵਾਲਿਆਂ ਨੌਜਵਾਨਾਂ ਨੂੰ 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਆ , ਅਕਾਲੀਆਂ , ਕਾਂਗਰਸੀਆਂ ਤੋਂ ਜਰਿਆ ਨਹੀਂ ਜਾਂਦਾ। ਨਹੀਂ ਚਾਹੁੰਦੇ ਉਹੋ ਕਿ ਲੋਕ ਉਮੀਦ 'ਚ ਵੀ ਚਾਰ ਦਿਨ ਕੱਟਣ। ਜਾਣਦੇ ਆ ਭਾਈ ਚੋਣ ਵਾਅਦੇ ਤਾਂ ਹੁੰਦੇ ਆ ਝੂਠੇ। ਵਾਅਦੇ ਹੁੰਦੇ ਆ ਦਮਗਜੇ , ਜਿਨਾਂ ਬਿਨਾਂ ਨੇਤਾਵਾਂ ਦਾ ਸਰਦਾ ਕੋਈ ਨਾ।
ਉਂਝ ਭਾਈ ਭੁੱਖਿਆਂ ਦਾ ਦਾਅਵਿਆਂ , ਦਮਗਜ਼ਿਆਂ , ਵਾਅਦਿਆਂ ਨਾਲ ਢਿੱਡ ਨਹੀਂ ਭਰਦਾ!
ਫਾਈਲ ਤਾਂ ਮਰਨ ਬਾਅਦ ਹੀ ਬੰਦ ਹੁੰਦੀ ਆ
ਖ਼ਬਰ ਹੈ ਕਿ ਰਾਜਸਥਾਨ ਪੁਲਿਸ ਨੂੰ ਪੰਜਾਬ ਦੇ ਕਰੀਬ ਡੇਢ ਸੌ ਭਗੌੜੇ ਤਸਕਰਾਂ ਦੀ ਤਲਾਸ਼ ਹੈ। ਇਨਾਂ ਤਸਕਰਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਤਾਂ ਡੇਢ-ਡੇਢ ਦਹਾਕਾ ਪੁਰਾਣੇ ਹਨ। ਰਾਜਸਥਾਨ ਨ ਪੰਜਾਬ ਦੇ 166 ਮੁਲਜ਼ਮਾਂ ਦੇ ਵਰੰਟ ਜਾਰੀ ਕੀਤੇ ਹੋਏ ਹਨ, ਜੋ ਅਦਾਲਤਾਂ 'ਚੋਂ ਗੈਰ ਹਾਜ਼ਰ ਹੋ ਗਏ ਸਨ।ਇਨਾਂ ਭਗੌੜਿਆਂ ਦੀ ਗ੍ਰਿਫਤਾਰੀ ਲਈ ਪ੍ਰੀਕਿਰਿਆ ਚਲਦੀ ਰਹਿੰਦੀ ਹੈ। ਰਾਜਸਥਾਨ ਦੇ ਇੱਕ ਪੁਲਿਸ ਅਧਿਕਾਰੀ ਦਾ ਸ਼ਿਕਵਾ ਹੈ ਕਿ ਪੰਜਾਬ ਪੁਲਸ ਤਸਕਰਾਂ ਦੀ ਗ੍ਰਿਫਤਾਰੀ ਲਈ ਪੂਰਾ ਸਹਿਯੋਗ ਨਹੀਂ ਦਿੰਦੀ।
ਪੁਲਸ ਤਾਂ ਮੁਲਜ਼ਮਾਂ ਨਾਲ ਚੋਰ ਸਿਪਾਹੀ ਦਾ ਖੇਲ ਖੇਲਦੀ ਰਹਿੰਦੀ ਆ।ਮੁਲਜ਼ਮ ਹੱਥ ਆ ਗਏ ਤਾਂ ਠੀਕ , ਨਹੀਂ ਤਾਂ ਨਾਂ ਸਹੀ । ਅਮਲੀ ਕਿਸੇ ਦਾ ਕੀ ਵਿਗਾੜਦੇ ਆ ? ਮਾਵਾ ਖਾਕੇ ਕੰਮ ਕਰਦੇ ਆ।ਸੁਤੇ ਰਹਿੰਦੇ ਆ। ਨਾ ਰੰਨ ਨਾ ਕੰਨ। ਜੇਲੋਂ ਬਾਹਰ ਹੋਏ ਜਾਂ ਅੰਦਰ, ਉਹ ਤਾਂ ਬੱਸ ਭਾਈ ਖਾਨਾ ਪੂਰਤੀ ਆ।
ਜਾਣਦੀ ਆ ਪੁਲਿਸ ਕਿ ਫਾਈਲ ਤਾਂ ਮੁਲਜ਼ਮ ਦੀ ਮਰਨ ਬਾਅਦ ਹੀ ਬੰਦ ਹੁੰਦੀ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਹਰ ਸਾਲ ਦੋ ਕਰੋੜ ਵਿਦਿਆਰਥੀ ਗਰੈਜੂਏਟ ਪੱਧਰ ਦੀ ਪੜਾਈ 'ਚ ਦਾਖਲਾ ਲੈਂਦੇ ਹਨ। ਇਨਾਂ ਵਿਦਿਆਰਥੀਆਂ ਵਿਚ 16% ਇੰਜੀਨੀਰਿੰਗ , ਟੈਕਨੌਲੋਜੀ 'ਚ ਦਾਖਲ ਹੁੰਦੇ ਹਨ।.
ਭਾਰਤ ਵਿਚ ਅਨੁਸੂਚਿਤ ਜਾਤੀਆਂ ਦੇ ਵਿਰੁੱਧ ਸਾਲ 2009 ਵਿੱਚ 33412 ਅਪਰਾਧ ਹੋਏ ਸਨ , ਜੋ ਵੱਧਕੇ ਸਾਲ 2014 ਵਿੱਚ 47064 ਹੋ ਗਏ।.
ਇੱਕ ਵਿਚਾਰ
ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਲੇਕਿਨ ਉਨਾਂ ਨੂੰ ਖ਼ੁਦ ਵੀ ਸਿਖਣ ਦੇਣਾ ਚਾਹੀਦਾ ਹੈ
-
ਗੁਰਮੀਤ ਸਿੰਘ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.