ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਕੁਰਬਾਨੀਆ ਭਰੇ ਗੌਰਵਸ਼ਾਲੀ ਇਤਿਹਾਸ ਅਤੇ ਲਾਸਾਨੀ ਵਿਰਸੇ ਨੇ ਇਸ ਨੂੰ ਦੁਨੀਆਂ ਭਰ ਵਿਚ ਨਿਆਰਾ ਪੰਥ ਹੋਣ ਦਾ ਮਾਣ ਹਾਸਿਲ ਕਰਵਾਇਆ ਹੈ। ਸਿੱਖ ਪੰਥ ਦੇ ਤਿਉਹਾਰ ਪਰੰਪਰਾਗਤ ਭਾਰਤੀ ਤਿਉਹਾਰਾਂ ਵਾਂਗ ਮਹਿਜ ਫੋਕੀਆਂ ਰਸਮਾਂ ਨਾ ਹੋ ਕੇ ਆਪਣੇ ਲਾਸਾਨੀ ਵਿਰਸੇ ਨੂੰ ਪਰਗਟ ਕਰਦੇ ਹੋਏ ਨਰੋਏ ਸਭਿਆਚਾਰ ਦਾ ਪ੍ਰਗਟਾ ਕਰਦੇ ਹਨ। ਹਰ ਸਾਲ ਕੱਤਕ ਦੇ ਮਹੀਨੇ ਜਿੱਥੇ ਸਮੁੱਚੇ ਭਾਰਤ ਵਾਸੀ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਉੱਥੇ ਸਮੁੱਚਾ ਸਿੱਖ ਪੰਥ ਇਸ ਨੂੰ ਅਸਲ ਵਿਚ ਹੱਕ-ਸੱਚ ਦੀ ਜਿੱਤ ਵਜੋਂ ਬੰਦੀ ਛੋੜ ਦਿਵਸ ਦੇ ਰੂੁਪ ਵਿਚ ਮਨਾ ਕੇ ਆਪਣੇ ਵਿਰਸੇ ਤੇ ਮਾਣ ਮਹਿਸੂਸ ਕਰਦਾ ਹੈ।
ਸਿੱਖ ਇਤਿਹਾਸ ਨਾਲ ਇਸ ਤਿਓਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਜਦ ਮੀਰੀ-ਪੀਰੀ ਦੇ ਮਾਲਕ, ਬੰਦੀ-ਛੋੜ ਸਤਿਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਗੁਰੂ ਦਰਸ਼ਨਾਂ ਲਈ ਬਿਹਬਲ ਹੋਈਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਨਿਰਸੰਦੇਹ ਇਹ ਇਕ ਸੱਚਾਈ ਦੀ ਕੂੁੜ ਉੱਪਰ ਅਤੇ ਸਬਰ ਦੀ ਜ਼ਬਰ ਉੱਪਰ ਜਿੱਤ ਦਾ ਮੁਬਾਰਕ ਮੌਕਾ ਸੀ, ਜਿਸ ਨੂੰ ਸੰਗਤਾਂ ਨੇ ਅਤਿਅੰਤ ਖੁਸ਼ੀ ਵਿਚ ਦੀਪਮਾਲਾ ਕਰਕੇ ਮਨਾਇਆ।
ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਮਕਸਦ ਲਈ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਕਿ ਉਹ ਇਸ ਸੱਚ ਦੀ ਅਵਾਜ਼ ਨੂੰ ਹਮੇਸ਼ਾਂ ਲਈ ਬੰਦ ਕਰ ਦੇਵੇਗਾ। ਪਰ ਦਲਿ ਭੰਜਨ ਗੁਰ ਸੂਰਮੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਸੰਭਾਲਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਦੀ ਸਿਰਜਨਾ ਅਤੇ ਚੰਗੇ ਘੋੜੇ ਅਤੇ ਸ਼ਸਤਰ ਭੇਟਾ ਵਜੋਂ ਲਿਆਉਣ ਦੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ, ਕਿ ਜ਼ੁਲਮ ਅਤੇ ਜ਼ਬਰ ਅੱਗੇ ਝੁਕਿਆ ਨਹੀਂ ਜਾਵੇਗਾ ਅਤੇ ਸੱਚ ਦੀ ਸਦਾਅ ਧੀਮੀ ਹੋਣ ਦੀ ਬਜਾਏ ਹੋਰ ਉੱਚੀ ਹੋਵੇਗੀ।
ਜਹਾਂਗੀਰ ਪਾਸ ਵੀ ਇਹ ਸੋਆਂ ਪੁੱਜਦੀਆਂ ਰਹੀਆਂ। ਚੁਗਲ, ਚੁਗਲੀਆਂ ਵੀ ਕਰਦੇ ਰਹੇ, ਕਿ ਗੁਰੂ ਜੀ ਨੇ ਫੌਜਾਂ ਰੱਖ ਲਈਆਂ ਹਨ, ਉਹਨਾਂ ਸ੍ਰੀ ਅਕਾਲ ਤਖ਼ਤ ਬਣਾ ਲਿਆ ਹੈ, ਉਹ ਸੱਚਾ ਪਾਤਸ਼ਾਹ ਅਖਵਾਉਂਦੇ ਹਨ। ਜਹਾਂਗੀਰ ਇਹ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋਇਆ। ਉਹ ਤਾਂ ਇਸ ਸਿੱਖੀ ਦੇ ਮਾਰਗ ਨੂੰ ਦੁਕਾਨਿ ਬਾਤਲ ਕਹਿ ਕੇ ਹਮੇਸ਼ਾਂ ਲਈ ਬੰਦ ਕਰਨਾ ਚਾਹੁੰਦਾ ਸੀ। ਪਰ, ਇਹ ਤਾਂ ਕਹਾਣੀ ਪਹਿਲਾਂ ਤੋਂ ਕਿਤੇ ਅੱਗੇ ਚਲੀ ਗਈ। ਉਹ ਬਹੁਤ ਤਿਲਮਲਾਇਆ। ਬਾਦਸ਼ਾਹ ਦੀ ਨੀਂਦ ਹਰਾਮ ਹੋ ਗਈ ਤੇ ਅਖੀਰ ਉਸ ਨੇ ਗੁਰੂ ਜੀ ਨੂੰ ਦਿੱਲੀ ਬੁਲਾ ਭੇਜਿਆ। ਗੁਰੂ ਜੀ ਦੇ ਦਿੱਲੀ ਪਹੁੰਚਣ ਤੇ ਜਹਾਂਗੀਰ ਨੇ ਇਸ ਸੱਚ ਦੀ ਅਵਾਜ਼ ਤੋਂ ਵਿਸ਼ੇਸ਼ ਖ਼ਤਰਾ ਅਨੁਭਵ ਕਰਦਿਆਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ। ਗੁਰੂ ਜੀ ਜਦ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਸਨ ਤਾਂ ਪੰਜਾਬ ਦੇ ਸਿੱਖਾਂ ਵਿਚ ਵਿਸ਼ੇਸ਼ ਤੌਖਲਾ ਤੇ ਬੇਚੈਨੀ ਵਧ ਗਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿਚ ਸਿੱਖ ਸੰਗਤਾਂ ਮਿਸ਼ਾਲਾਂ ਜਗਾ ਕੇ ਗੁਰ-ਸ਼ਬਦ ਪੜ੍ਹਦੀਆਂ ਜਲੂਸਾਂ ਦੀ ਸ਼ਕਲ ਵਿਚ ਵਿਖਾਵੇ ਕਰਦੀਆਂ। ਕਈ ਜਥੇ ਪੰਜਾਬ ਤੋਂ ਚੱਲ ਕੇ ਗਵਾਲੀਅਰ ਪੁੱਜਦੇ, ਕਿਲ੍ਹੇ ਦੀਆਂ ਪ੍ਰਕਰਮਾ ਕਰਦੇ ਅਤੇ ਉਹਨਾਂ ਕੰਧਾਂ ਨੂੰ ਚੁੰਮ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਵਾਪਸ ਪਰਤਦੇ। ਕਈ ਇਨਸਾਫ-ਪਸੰਦ ਮੁਸਲਮਾਨਾਂ ਨੇ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦੀਆਂ ਅਪੀਲਾਂ ਜਹਾਂਗੀਰ ਨੂੰ ਲਿਖ ਭੇਜੀਆਂ।
ਹਾਲਾਤ ਅਨੁਸਾਰ ਬਾਦਸ਼ਾਹ ਸਮਝ ਗਿਆ ਕਿ ਇਸ ਲਹਿਰ ਨੂੰ ਬਹੁਤੀ ਦੇਰ ਦਬਾਇਆ ਨਹੀਂ ਜਾ ਸਕਦਾ। ਸੋ, ਇਸ ਤਰ੍ਹਾਂ ਉਸ ਨੇ ਗੁਰੂ ਜੀ ਨਾਲ ਸੁਲਾਹ ਕਰਨੀ ਹੀ ਠੀਕ ਸਮਝੀ ਅਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜ ਦਿੱਤੇ। ਗੁਰੂ ਜੀ ਨੇ ਉਸ ਕਿਲ੍ਹੇ ਵਿਚ ਕੈਦ 52 ਰਾਜਿਆਂ ਦੀ ਦਰਦ ਪੁਕਾਰ ਸੁਣ ਉਨ੍ਹਾਂ ਨੂੰ ਵੀ ਰਿਹਾ ਕਰਵਾਇਆ ਅਤੇ ਆਪ ਜੀ ਬੰਦੀਛੋੜ ਦੇ ਨਾਮ ਨਾਲ ਪ੍ਰਸਿੱਧ ਹੋਏ। ਇਹ ਸੀ ਕੂੜ ਦੇ ਖਾਤਮੇ ਦੀ ਅਤੇ ਅੰਤ ਨੂੰ ਸਚਿ ਰਹਿਣ ਦੀ ਉਦਾਹਰਣ, ਜਿਸ ਦਾ ਸੰਗਤਾਂ ਨੂੰ ਉਸ ਸਮੇਂ ਪ੍ਰਤੱਖ ਪ੍ਰਗਟਾਵਾ ਹੋਇਆ ਜਦ ਗੁਰੂ ਜੀ ਇਸ ਇਤਿਹਾਸਕ ਮੌਕੇ ਤੇ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚੇ। ਇਥੇ ਸੰਗਤਾਂ ਵੱਲੋਂ ਆਪ ਜੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਬੰਦੀਛੋੜ ਦਿਵਸ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਇਤਿਹਾਸ ਨਾਲ ਵੀ ਜੁੜਦਾ ਹੈ। 1733 ਈ: ਦੀ ਦੀਵਾਲੀ ਦੇ ਅਵਸਰ ’ਤੇ ਭਾਈ ਮਨੀ ਸਿੰਘ ਜੀ ਨੇ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ ਕਿਉਂਕਿ ਉਸ ਸਮੇਂ ਹਕੂਮਤ ਵੱਲੋਂ ਅਜਿਹੇ ਪੰਥਕ ਇਕੱਠ ਕਰਨ ਦੀ ਮਨਾਹੀ ਸੀ, ਇਸ ਲਈ ਭਾਈ ਮਨੀ ਸਿੰਘ ਜੀ ਨੇ ਹਕੂਮਤ ਨੂੰ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਪੰਥਕ ਇਕੱਤਰਤਾ ਕਰਨ ਦੀ ਇਜ਼ਾਜ਼ਤ ਲਈ। ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ:
ਦੁਆਲੀ ਕੋ ਥੋ ਮੇਲਾ ਲਾਇਆ, ਤੁਰਕਨ ਨੋ ਥੋ ਟਕਾ ਚੁਕਾਯਾ।
ਦਸ ਹਜ਼ਾਰ ਰੁਪੱਯਾ ਠਹਿਰਾਣਾ, ਟਕਨ ਖ਼ਾਤਰ ਤਿਨ ਦਰੋਗਾ ਬਹਾਯਾ।
(ਪ੍ਰਾਚੀਨ ਪੰਥ ਪ੍ਰਕਾਸ਼)
ਓਧਰ ਨਵਾਬ ਜ਼ਕਰੀਆਂ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਮਨੀ ਸਿੰਘ ਜੀ ਨੂੰ ਵੀ ਮਿਲ ਗਈ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋਂ ਰੋਕ ਦਿੱਤਾ। ਸੰਗਤਾਂ ਦੇ ਨਾ ਆਉਣ ’ਤੇ, ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਸੱਦ ਭੇਜਿਆ। ਟੈਕਸ ਅਦਾ ਨਾ ਕਰਨ ਦਾ ਬਹਾਨਾ ਬਣਾ ਕੇ, ਭਾਈ ਮਨੀ ਸਿੰਘ ਜੀ ਨੂੰ ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫੁਰਮਾਨ ਸੁਣਾ ਦਿੱਤਾ। ਪਰੰਤੂ ਭਾਈ ਸਾਹਿਬ ਦਾ ਸਿੱਖੀ ਸਿਦਕ ਕਾਇਮ ਰਿਹਾ ਤੇ ਮੁਗ਼ਲ ਹਾਕਮ ਨੂੰ ਜਵਾਬ ਦਿੱਤਾ:
ਮੈ ਬੰਦ ਬੰਦ ਅਬ ਚਹੋਨ ਕਟਾਯਾ। ਇਹ ਕਹਿ ਕੈ ਉਨ ਇਮੈ ਅਲਾਯਾ।
ਅਬ ਪੈਸੇ ਹਮ ਪੈ ਕਛੁ ਨਾਹੀ। ਲੈ ਜਾਨ ਹਮਾਰੀ ਨਗਦੀ ਮਾਹੀ।
(ਪ੍ਰਾਚੀਨ ਪੰਥ ਪ੍ਰਕਾਸ਼)
ਇਸ ਤਰ੍ਹਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ 1734 ਈ: ਨੂੰ ਬੰਦ-ਬੰਦ ਕੱਟ ਕੇ ਲਾਹੌਰ ਦੇ ਨਖ਼ਾਸ ਚੌਂਕ ਵਿਚ ਸ਼ਹੀਦ ਕਰ ਦਿੱਤੇ ਗਏ। ਸਿੱਖਾਂ ਲਈ ਬੰਦੀ ਛੋੜ ਦਿਵਸ ਦੋ ਮਹਾਨ ਸ਼ਖ਼ਸੀਅਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਕੇ ਸਮੁੱਚੇ ਪੰਥ ਨੂੰ ਆਪਣੇ ਇਤਿਹਾਸ ’ਤੇ ਫ਼ਖਰ ਕਰਨ ਦੀ ਯਾਦ ਦਿਵਾਉਂਦਾ ਹੈ।
ਬੰਦੀਛੋੜ ਦਿਵਸ ਦੇ ਮੌਕੇ ’ਤੇ ਅਸੀਂ ਜਿੱਥੇ ਹੱਕ, ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ ਨੂੰ ਹਰ ਸਿੱਖ ਨੇ ਦ੍ਰਿੜ ਕਰਨਾ ਹੈ ਉੱਥੇ ਸਿੱਖੀ ਸਿਦਕ ਦੀ ਪ੍ਰਪੱਕਤਾ ਅਤੇ ਉਹ ਵੀ ਬੰਦ-ਬੰਦ ਕਟਵਾਏ ਜਾਣ ਤੱਕ ਦੀ ਪ੍ਰਪੱਕਤਾ ਨੂੰ ਹੱਡੀਂ ਰਚਾਉਣਾ ਹੈ। ਰੋਮ-ਰੋਮ ਵਿਚ ਵਸਾਉਣਾ ਹੈ। ਆਪਣੇ ਹਿਰਦੇ ਦੀਆਂ ਅੰਧੇਰੀਆਂ ਗ਼ੁਫ਼ਾਵਾਂ ਵਿਚ ਗੁਰਮਤਿ ਗਿਆਨ ਦੇ ਦੀਪਕ ਦੀ ਰੌਸ਼ਨੀ ਨਾਲ ਬਿਬੇਕ ਬੁੱਧ ਦੇ ਧਾਰਨੀ ਬਣਨਾ ਹੈ, ਸਿੱਖ ਇਤਿਹਾਸ ਵਿੱਚੋਂ ਬੰਦੀਛੋੜ ਦਿਵਸ ਤਿਉਹਾਰ ਸੰਬੰਧੀ ਐਸੀ ਹੀ ਪ੍ਰੇਰਨਾ ਮਿਲਦੀ ਹੈ, ਜਿਸ ਤੇ ਅੱਜ ਦੇ ਸੰਕਟਮਈ ਸਮੇਂ ਵਿਚ ਚੱਲਣ ਦੀ ਅਤਿਅੰਤ ਜ਼ਰੂਰਤ ਹੈ।
ਬੰਦੀਛੋੜ ਦਿਵਸ ਦਾ ਇਹ ਪਾਵਨ ਇਤਿਹਾਸਕ ਦਿਹਾੜਾ ਮਨਾ ਕੇ ਅਸੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਤਾਂ ਹੀ ਪ੍ਰਾਪਤ ਕਰ ਸਕਾਂਗੇ ਜੇਕਰ ਅਸੀਂ ਆਪਣੇ ਹਿਰਦਿਆਂ ਅੰਦਰ ਸਤ, ਸੰਤੋਖ, ਦਯਾ, ਧਰਮ, ਨੇਕੀ ਤੇ ਪਰਉਪਕਾਰ ਜਿਹੇ ਸਦਗੁਣਾਂ ਦੇ ਦੀਪਕ ਜਗਾ ਕੇ ਆਪਣੇ ਅੰਦਰੋਂ ਅਤੇ ਸਮਾਜ ਵਿੱਚੋਂ ਬਦੀ ਦੇ ਹਨੇਰੇ ਨੂੰ ਖਤਮ ਕਰਨ ਲਈ ਤਤਪਰ ਹੋਵਾਂਗੇ। ਇਹੋ ਸਾਡੇ ਸ਼ਹੀਦਾਂ ਨੂੰ ਵੀ ਸੱਚੀ ਸਰਧਾਜ਼ਲੀ ਹੋਵੇਗੀ। ਇਸ ਤਰ੍ਹਾਂ ਨਿਸ਼ਚੇ ਹੀ ਜ਼ੁਲਮ, ਬੇ-ਇਨਸਾਫੀ ਅਤੇ ਕੂੜ ਦਾ ਨਾਸ਼ ਹੋਵੇਗਾ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.