ਹਰਵਿੰਦਰ ਸਿੰਘ ਭੱਟੀ ਦਾ ਕਾਵਿ ਸੰਗ੍ਰਹਿ ‘ਵੰਡਨਾਮਾ’ ਰੂਹ ਦੀ ਆਵਾਜ਼
ਉਜਾਗਰ ਸਿੰਘ
1947 ਵਿੱਚ ਦੇਸ਼ ਦੀ ਹੋਈ ਵੰਡ ਸੰਬੰਧੀ ਬਹੁਤ ਸਾਰਾ ਸਾਹਿਤ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਰਚਿਆ ਜਾ ਚੁੱਕਿਆ ਹੈ। ਪੰਜਾਬੀ ਵਿੱਚ ਨਾਵਲ, ਕਹਾਣੀਆਂ ਅਤੇ ਕਵਿਤਾ ਦੀਆਂ ਪੁਸਤਕਾਂ ਵੱਡੀ ਮਾਤਰਾ ਵਿੱਚ ਮਿਲਦੀਆਂ ਹਨ। ਅੰਮ੍ਰਿਤਾ ਪ੍ਰੀਤਮ ਦੀ ਇੱਕ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ’ ਨੇ ਹੀ ਹਲੂਣਕੇ ਰੱਖ ਦਿੱਤਾ ਸੀ ਪ੍ਰੰਤੂ ਹਰਵਿੰਦਰ ਸਿੰਘ ਭੱਟੀ ਦੇ ਵੰਡਨਾਮੇ ਨੇ ਤਾਂ ਹਰ ਪੰਜਾਬੀ ਦੀ ਮਾਨਸਿਕਤਾ ਨੂੰ ਕੁਰੇਦ ਕੇ ਰੱਖ ਦਿੱਤਾ ਹੈ, ਇਹ ਵੰਡਨਾਮਾ ਇੱਕ ਲੰਬੀ ਕਵਿਤਾ ਦੇ ਰੂਪ ਵਿੱਚ ਹੈ, ਪ੍ਰੰਤੂ ਇਸ ਵਿੱਚ 25 ਕਵਿਤਾਵਾਂ ਤਰਤੀਵ ਵਾਰ ਵੱਖ-ਵੱਖ ਸਥਿਤੀਆਂ ਅਤੇ ਸਮੇਂ ਅਨੁਸਾਰ ਹਨ। ਕਵਿਤਾਵਾਂ ਦੀ ਹਰ ਸਤਰ ਸੁਚੇਤ ਪੰਜਾਬੀਆਂ ਨੂੰ ਉਸ ਦੁੱਖਦਾਈ ਸਮੇਂ ਦੀ ਤਸਵੀਰ ਖਿੱਚ ਕੇ ਝੰਜੋੜ ਦਿੰਦੀ ਹੈ, ਜਿਸ ਨੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਪਰਦਾ ਫਾਸ਼ ਕਰਕੇ ਇਨਸਾਨੀਅਤ ਨੂੰ ਦਾਗ਼ਦਾਰ ਕਰਨ ਦੇ ਮਨਸੂਬੇ ਨੂੰ ਦਰਸਾਇਆ ਹੈ। ਇਹ ਵੰਡਨਾਮਾ ਸ਼ਾਹ ਮੁਹੰਮਦ ਵੱਲੋਂ ਐਂਗਲੋ ਸਿੱਖ ਵਾਰ ਬਾਰੇ ਲਿਖੇ ਜੰਗਨਾਮੇ ਦੀ ਤਰਜ ‘ਤੇ ਲਿਖਿਆ ਗਿਆ ਹੈ। ਉਹ ਜੰਗਨਾਮਾ ਜੋਸ਼ ਪੈਦਾ ਕਰਦਾ ਸੀ ਪ੍ਰੰਤੂ ਇਹ ਵੰਡਨਾਮਾ ਹਿਰਦਿਆਂ ਨੂੰ ਤੜਪਣ ਲਾ ਦਿੰਦਾ ਹੈ। ਇਸ ਵੰਡ ਦਾ ਪ੍ਰਭਾਵ ਪੰਜਾਬੀਆਂ ‘ਤੇ ਅਜਿਹਾ ਅਮਿਟ ਪ੍ਰਭਾਵ ਪਿਆ ਹੈ, ਜਿਹੜਾ ਕਦੀਂ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਹਮੇਸ਼ਾ ਆਪਣਿਆਂ ਦੇ ਵਿਛੋੜੇ ਅਤੇ ਖੋ ਜਾਣ ਦਾ ਸੰਤਾਪ ਦੁੱਖ ਦਿੰਦਾ ਰਹੇਗਾ। ਇਹ ਵੰਡ ਭਾਵੇਂ ਅੰਗਰੇਜ਼ਾਂ ਦਾ ਭਾਰਤੀਆਂ ਦੀ ਹਿੱਕ ਵਿੱਚ ਮਾਰਿਆ ਸਿਆਸੀ ਤੀਰ ਸੀ ਪ੍ਰੰਤੂ ਇਸ ਤੀਰ ਦੀ ਚੀਸ ਦਾ ਦੁਖ਼ਾਂਤ ਸਭ ਤੋਂ ਵੱਧ ਪੰਜਾਬੀਆਂ ਨੂੰ ਸਹਿਣਾ ਪਿਆ, ਜੋ ਏਧਰੋਂ ਓਧਰ ਤੇ ਓਧਰੋਂ ਏਧਰ ਆਏ ਸਨ। ਇੱਕ ਕਿਸਮ ਨਾਲ ਪੰਜਾਬੀਆਂ ਦੀ ਰੂਹ ਨੂੰ ਵੰਡਣ ਦੀ ਕੋਸ਼ਿਸ਼ ਸੀ। ਹੈਵਾਨੀਅਤ ਦਾ ਨੰਗਾ ਨਾਚ ਹੋਇਆ ਸੀ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ‘ਕੋਈ ਹਰਿਓ ਬੂਟ ਰਹਿਓ ਰੀ’ ਉਸੇ ਤਰ੍ਹਾਂ ਦੋਹਾਂ ਪਾਸਿਆਂ ਦੇ ਚੁਨਿੰਦਾ ਪੰਜਾਬੀਆਂ ਨੇ ਜ਼ਾਤ ਪਾਤ, ਧਰਮ ਅਤੇ ਨਸਲ ਤੋਂ ਉਪਰ ਉਠਕੇ ਇਕ ਦੂਜੇ ਦੀ ਬਾਂਹ ਫੜੀ ਸੀ। ਅੰਗਰੇਜ਼ਾਂ ਦਾ ਭਾਰਤ ਆ ਕੇ ਆਪਣਾ ਰਾਜ ਸਥਾਪਤ ਕਰਨ, ਉਸ ਤੋਂ ਬਾਅਦ ਦੀਆਂ ਸਿਆਸੀ ਚਾਲਾਂ, ਵੰਡ ਦੀਆਂ ਸਾਰੀਆਂ ਘਟਨਾਵਾਂ ਅਤੇ ਬਾਅਦ ਵਿੱਚ ਮੁੜ ਵਸੇਬੇ ਬਾਰੇ ਕਵਿਤਾਵਾਂ ਰਾਹੀਂ ਸਥਿਤੀਆਂ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਕਵਿਤਾਵਾਂ ਵਿੱਚ ਵੰਡ ਦਾ ਲੋਕਾਈ ਤੇ ਜਿਹੜਾ ਦੁਖਾਂਤਕ ਪ੍ਰਭਾਵ ਪਿਆ ਉਸ ਬਾਰੇ ਦਰਸਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਦੀ ਇੱਕ ਖ਼ੂਬੀ ਹੈ ਕਿ ਇਹ ਸਾਰੀਆਂ ਹੀ ਪੰਜਾਬੀਆਂ ਦੇ ਦਿਲ ਤੇ ਰੂਹ ਦੀ ਆਵਾਜ਼ ਹਨ। ਭਾਵੇਂ ਹਰਵਿੰਦਰ ਸਿੰਘ ਭੱਟੀ ਦੀਆਂ ਇਹ ਕਵਿਤਾਵਾਂ ਬਜ਼ੁਰਗਾਂ ਤੋਂ ਸੁਣੀਆਂ ਅਤੇ ਇਤਿਹਾਸ ਤੋਂ ਪ੍ਰਾਪਤ ਕੀਤੀ ਜਾਣਕਾਰੀ ਤੇ ਅਧਾਰਤ ਹਨ ਪ੍ਰੰਤੂ ਇਉਂ ਲੱਗਦਾ ਹੈ ਕਿ ਜਿਵੇਂ ਇਹ ਸਾਰਾ ਕੁਝ ਸ਼ਾਇਰ ਨੇ ਅੱਖੀਂ ਵੇਖਿਆ ਹੋਵੇ। ਕਈ ਪਿੰਡਾਂ ਦੇ ਪਿੰਡ ਏਧਰੋਂ ਓਧਰ ਤੇ ਓਧਰੋਂ ਏਧਰ ਆਏ ਪ੍ਰੰਤੂ ਇਨ੍ਹਾਂ ਪਿੰਡਾਂ ਦੇ ਲੋਕ ਅਜੇ ਵੀ ਇੱਕ ਦੂਜੇ ਨੂੰ ਯਾਦ ਕਰਕੇ ਚੰਗੇ ਵਕਤਾਂ ਦੀ ਪ੍ਰਸੰਸਾ ਕਰਦੇ ਹੋਏ ਹਓਕੇ ਲੈਂਦੇ ਹਨ। ਹਰਵਿੰਦਰ ਸਿੰਘ ਭੱਟੀ ਦੇ ਆਪਣੇ ਪਿੰਡ ‘ਛੋਟੀ ਹਰਿਉਂ’ ਦਾ ਤੀਜਾ ਹਿੱਸਾ ਸੁੱਖੀਂ ਸਾਂਦੀਂ ਪਾਕਿਸਤਾਨ ਚਲਾ ਗਿਆ। ਉਨ੍ਹਾਂ ਦੀਆਂ ਅਜੇ ਵੀ ਸਾਂਝਾਂ ਪੀਡੀਆ ਹਨ। ਲੋਕ ਧਰਮ ਅਤੇ ਜ਼ਾਤ ਬਿਰਾਦਰੀ ਤੋਂ ਉਪਰ ਉਠਕੇ ਇਨਸਾਨੀਅਤ ਦੀ ਬਾਤ ਪਾਉਂਦੇ ਹਨ, ਜਿਨ੍ਹਾਂ ਵਿੱਚੋਂ ਮੋਹ ਮੁਹੱਬਤ ਦੀ ਮਹਿਕ ਆਉਂਦੀ ਹੈ। ਕੁਝ ਲੋਕ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੇ ਹਨ। ਭੱਟੀ ਨੇ ਇਸ ਵੰਡਨਾਮਾ ਵਿੱਚ ਪੰਜਾਬ ਦੀ ਪ੍ਰਕ੍ਰਿਤੀ, ਬੋਲੀ, ਰਹਿਤਲ, ਪਹਿਰਾਵਾ ਅਤੇ ਭੂਗੋਲਿਕ ਸਥਿਤੀ ਬਾਰੇ ਲਿਖਿਆ ਹੈ ਕਿ ਪਰਮਾਤਮਾ ਨੇ ਕਿਤੇ ਜੰਗਲ, ਪਰਬਤ, ਸਮੁੰਦਰ ਬਣਾਏ, ਜਿਸ ਨਾਲ ਵਾਤਾਵਰਨ ਮਨਮੋਹਕ ਬਣ ਗਿਆ। ਪੰਜਾਬੀਆਂ ਦੀ ਫਿਤਰਤ ਬਾਰੇ ਉਨ੍ਹਾਂ ਲਿਖਿਆ ਕਿ ਉਹ ਦਰਵੇਸ਼, ਨਿਵੇਕਲੇ, ਅਣਖ਼ੀ, ਈਨ ਨਾ ਮੰਨਣ ਵਾਲੇ, ਧਰਮ ਕਰਮ ਦੇ ਪਹਿਰੇਦਾਰ, ਮਾਣ ਮੱਤੇ, ਕਿਰਤੀ, ਮੁਹੱਬਤੀ, ਮਨ ਮਰਜ਼ੀ ਦੇ ਮਾਲਕ, ਸੁਭਾਅ ਦੇ ਮਿੱਠੇ ਵੀ ਪ੍ਰੰਤੂ ਗੁਸੈਲੇ ਵੀ ਹਨ ਤੇ ਡਾਂਗ ‘ਤੇ ਡੇਰਾ ਰੱਖਦੇ ਹਨ। ਸ਼ਾਇਰ ਨੇ ਲਿਖਿਆ ਹੈ ਘੁਗ ਵਸਦੇ ਪੰਜਾਬ ਵਿੱਚ ਅੰਗਰੇਜ਼ਾਂ ਨੇ ਆ ਕੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾ ਵਿੱਚ ਧਾਰਮਿਕ ਵੰਡੀਆਂ ਪਾਈਆਂ, ਬੰਦਸ਼ਾਂ ਲਗਾਈਆਂ, ਫ਼ਸਾਦ ਕਰਵਾਏ ਅਤੇ ਸ਼ਾਜ਼ਸ਼ ਤਹਿਤ ਸਕੂਲ ਆਪਣੇ ਬਣਾਏ। ਅਖ਼ੀਰ ਇਨ੍ਹਾਂ ਸਕੂਲਾਂ ਦੀ ਸਿਖਿਆ ਹੀ ਉਨ੍ਹਾਂ ਦੀਆਂ ਜੜ੍ਹਾਂ ਵਿੱਚ ਬੈਠੀ, ਜਦੋਂ ਪਰਵਾਸ ਵਿੱਚ ਜਾ ਕੇ ਪੰਜਾਬੀਆਂ ਨੇ ਗ਼ਦਰ ਲਹਿਰ ਸ਼ੁਰੂ ਕੀਤੀ। 1857 ਦਾ ਗ਼ਦਰ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਵਿਰੋਧ ਵਜੋਂ ਹੋਇਆ ਤੇ ਬਾਗ਼ੀਆਂ ਨੂੰ ਫਾਂਸੀਆਂ ਲਗਾਈਆਂ, ਵੰਡੋ ਤੇ ਰਾਜ ਕਰੋ ਦੀ ਨੀਤੀ ਅਪਣਾਈ। ਚਰਬੀ ਵਾਲੇ ਕਾਰਤੂਸਾਂ ਦੇ ਵਿਰੋਧ ਕਰਨ ਤੇ ਗਊ ਹੱਤਿਆਵਾਂ ਸ਼ਰੂ ਕਰਵਾਈਆਂ। ਗਊ ਹੱਤਿਆਵਾਂ ਵਿਰੁੱਧ ਨਾਮਧਾਰੀ ਲਹਿਰ ਦਾ ਆਗਮਨ ਹੋਇਆ। ਨਾਮਧਾਰੀਆਂ ਨੇ ਬੁੱਚੜ ਮਾਰ ਦਿੱਤੇ । ਅੰਗਰੇਜ਼ਾਂ ਨੇ ਨਾਮਧਾਰੀਆਂ ਨੂੰ ਮਾਲੇਰਕੋਟਲਾ ਵਿਖੇ ਤੋਪਾਂ ਨਾਲ ਉੜਾ ਦਿੱਤਾ, ਨਾ ਕੋਈ ਅਪੀਲ ਨਾ ਦਲੀਲ। ਪਹਿਲੇ ਸੰਸਾਰ ਯੁੱਧ ਸਮੇਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾ ਨੂੰ ਫ਼ੌਜ ਵਿੱਚ ਲੜਨ ਲਈ ਭਰਤੀ ਕਰ ਲਿਆ। ਜੰਗ ਖ਼ਤਮ ਹੋਣ ਤੇ ਅੰਗਰੇਜ਼ ਪੁਰਾਣੇ ਰੰਗ ਵਿੱਚ ਆ ਗਏ। ਭਗਤ ਸਿੰਘ ਨੂੰ ਫ਼ਾਂਸੀ ਲਗਾ ਦਿੱਤੀ ਗਈ। ਅੰਗਰੇਜ਼ਾਂ ਦੀ ਫ੍ਰਿਕਾਪ੍ਰਸਤੀ ਦੀ ਨੀਤੀ ਕਰਕੇ ਮਜ਼੍ਹਬੀ ਜਨੂਨ ਪੈਦਾ ਹੋ ਗਏ। ਮੁਸਲਮਾਨਾ ਵਿੱਚ ਡਰ ਪੈਦਾ ਹੋ ਗਿਆ। ਰਿਆਸਤਾਂ ਨੂੰ ਉਨ੍ਹਾਂ ਦੇ ਰਾਜ ਸੰਭਾਲ ਦਿੱਤੇ। ਕਾਂਗਰਸ ਵਿੱਚੋਂ ਜਿਨਹਾ ਨੂੰ ਤੋੜ ਲਿਆ। ਵੋਟਾਂ ਮਜ੍ਹਬ ਤੇ ਜ਼ਾਤ ਨਾਲ ਜੋੜ ਦਿੱਤੀਆਂ। ਦੂਜੇ ਸੰਸਾਰ ਜੰਗ ਵਿੱਚ ਅੰਗਰੇਜ਼ ਤੇ ਰੂਸ ਇਕੱਠੇ ਹੋ ਗਏ। ਮੁਸਲਮ ਲੀਗ ਅੱਗੇ ਕਰ ਲਈ। 1946 ਵਿੱਚ ਬੰਗਾਲ ਵਿੱਚ ਫਿਰਕੂ ਦੰਗੇ ਕਰਵਾ ਦਿੱਤੇ। ਨੇਤਾ ਕੁਰਸੀਆਂ ਲਈ ਲੜ ਪਏ। 47 ਵਿੱਚ ਹਿੰਦ ਹਿੰਦੂਆਂ ਅਤੇ ਪਾਕਿ ਮੁਸਲਮਾਨਾ ਦਾ ਬਣਾ ਦਿੱਤਾ। ਸਿੱਖ ਦੁਬਿਧਾ ਵਿੱਚ ਰਹੇ ਅਖੀਰ ਭਾਰਤ ਵਿੱਚ ਰਹਿਣਾ ਮਾਸਟਰ ਤਾਰਾ ਸਿੰਘ ਮੰਨ ਗਏ। ਫ਼ਿਰਕਾ ਪ੍ਰਸਤੀ ਭਾਰੂ ਹੋ ਗਈ, ਪਹਿਲਾਂ ਪੋਠੋਹਾਰ ਤੇ ਫਿਰ ਪੰਜਾਬ ਵਿੱਚ ਵੱਢ ਟੁੱਕ ਸ਼ੁਰੂ ਹੋ ਗਈ। ਧੀਆਂ ਭੈਣਾ ਦੀ ਇੱਜ਼ਤ ਮਿੱਟੀ ਵਿੱਚ ਰੁਲਣ ਲੱਗੀ। ਆਪਣੀ ਇੱਜ਼ਤ ਬਚਾਉਂਦੀਆਂ ਕੁਝ ਖੂਹਾਂ ਵਿੱਚ ਛਾਲਾਂ ਮਾਰ ਗਈਆਂ। ਬੇਗਾਨਗੀ ਦਾ ਅਹਿਸਾਸ ਹੋ ਗਿਆ। ਥੋੜ੍ਹਾ ਬਹੁਤਾ ਸਾਮਾਨ ਲੈਕੇ ਲੋਕ ਤੁਰ ਪਏ, ਖਾਨਾਬਦੋਸ਼ ਬਣ ਗਏ। ਜਿਹੜੇ ਬਾਰ ਦੇ ਜੰਗਲ ਕੱਟ ਕੇ ਵਾਹੀ ਯੋਗ ਜ਼ਮੀਨ ਬਣਾਈ ਸੀ, ਛੱਡ ਕੇ ਖਾਲ੍ਹੀ ਹੱਥ ਆ ਗਏ। ਓਧਰ ਗੁਰਦੁਆਰਿਆਂ ਵਿੱਚ ਲੁਕਣਾ ਪਿਆ ਤੇ ਏਧਰ ਕੈਂਪਾਂ ਵਿੱਚ ਰੁਲਦੇ ਰਹੇ। ਬੁਰਛਾਗਰਦੀ ਨੇ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਵੀ ਬਖ਼ਸ਼ਿਆ ਨਹੀਂ। ਲਾਸ਼ਾਂ ਰੁਲਦੀਆਂ ਰਹੀਆਂ। ਬੰਦੇ ਹੈਵਾਨ ਹੋ ਗਏ, ਔਰਤਾਂ ਦੀ ਦੁਰਗਤੀ ਹੁੰਦੀ ਰਹੀ। ਬੀਮਾਰੀਆਂ ਫ਼ੈਲ ਗਈਆਂ, ਕਈ ਰਸਤਿਆਂ ਵਿੱਚ ਦਮ ਤੋੜ ਗਏ। ਪੰਜਾਂ ਦਰਿਆਵਾਂ ਦੇ ਦੇਸ਼ ਜਿਥੇ ਕੰਜਕਾਂ ਪੂਜੀਆਂ ਜਾਂਦੀਆਂ ਸਨ, ਉਥੇ ਕਹਿਰ ਵਰਤਿਆ। ਕੁਝ ਕੁ ਨੇ ਧਰਮ ਬਦਲ ਲਏ। ਨੇਕੀ ਤੇ ਬਦੀ ਦੇ ਰਿਕਾਰਡ ਟੁੱਟ ਗਏ। ਚੋਰਾਂ ਤੇ ਠੱਗਾਂ ਦਾ ਬੋਲਬਾਲਾ ਰਿਹਾ। ਫਸਾਦ ਵੱਧ ਗਏ, ਨੇਤਾਵਾਂ ਨੇ ਬਲਦੀ ‘ਤੇ ਤੇਲ ਪਾਏ। ਅਣਗਿਣਤ ਲੋਕ ਮਾਰੇ ਤੇ ਉਜੜ ਗਏ। ਖ਼ੂਨ ਦੇ ਦਾਗ਼ ਬਰਸਾਤਾਂ ਨੇ ਧੋਏ। ਚੰਗੇ ਭਲੇ ਜੀਵਨ ਬਸਰ ਕਰਦੇ ਰਿਫਿਊਜੀ ਕੈਂਪਾਂ ਜੋਗੇ ਰਹਿ ਗਏ। ਮਹਿੰਦਰ ਸਿੰਘ ਰੰਧਾਵਾ ਰੀਫਿਊਜੀਆਂ ਦੇ ਮੁੜ ਵਸੇਬੇ ਲਈ ਫਰਿਸ਼ਤਾ ਬਣਕੇ ਆਏ। ਰਿਫ਼ਿਊਜੀਆਂ ਨੇ ਸ਼ਹਿਰਾਂ ਵਿੱਚ ਹੱਟੀਆਂ ਪਾਈਆਂ ਤਾਂ ਸਥਾਨਕ ਦੁਕਾਨਦਾਰਾਂ ਨੇ ਗੁੱਸਾ ਕੀਤਾ। ਸਿੱਖ ਸਟੇਟ ਦੀ ਦੱਬਵੀਂ ਆਵਾਜ਼ ਆਉਂਦੀ ਰਹੀ। ਪੂਰਵ ਵਿੱਚ ਲੋਕ ਮੁੜ ਵਿਰਾਸਤ ਦੀ ਸਾਂਝ ਹੋਣ ਕਰਕੇ ਇਨਸਾਨੀਅਤ ਦੀ ਹਵਾ ਆਉਣ ਲੱਗੀ। ਏਕਮਕਾਰ ਤੋਂ ਦੂਰ ਹੋ ਕੇ ਦੁੱਖ ਭੋਗਿਆ। ਨਫਰਤ ਪਰ ਲਾ ਕੇ ਉਡ ਗਈ। ਆਪਣੇ ਆਪ ਨੂੰ ਸੁਧਾਰਨ ਲਈ ਆਤਮ ਗਿਆਨ ਜ਼ਰੂਰੀ ਹੈ। ਰੂਹਾਂ ਦਾ ਮੇਲ ਹੋ ਗਿਆ। ਵੰਡਨਾਮਾ ਦਾ ਪਹਿਲਾ ਐਡੀਸ਼ਨ 2015 ਵਿੱਚ ਛਪਿਆ ਸੀ। ਆਉਣ ਵਾਲੀ ਪੀੜ੍ਹੀ ਲਈ ਇਹ ਵੰਡਨਾਮਾ ਉਨ੍ਹਾਂ ਨੂੰ ਆਪਣੀ ਵਿਰਾਸਤ ਦੀ ਦੁੱਖਦਾਈ ਤਸਵੀਰ ਵਿਖਾਉਣ ਵਿੱਚ ਸਹਾਈ ਹੋਵੇਗਾ ਤੇ ਪ੍ਰੇਰਨਾ ਦੇਵੇਗਾ ਕਿ ਪੰਜਾਬੀ ਹਰ ਸਥਿਤੀ ਦਾ ਸਾਹਮਣਾ ਕਰਨ ਸਮੇਂ ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲੇ ਕਰਕੇ ਸਫਲਤਾ ਪ੍ਰਾਪਤ ਕਰਦੇ ਹਨ।
ਉਸ ਵਕਤ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਦੇ ਕੇ ਘਟਨਾਵਾਂ ਦੀ ਸਾਰਥਿਕਤਾ ਬਣਾਈ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਦੇ ਨਾਲ ਹੀ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਤ ਕੀਤਾ ਗਿਆ ਹੈ, ਜਿਸਦੀ ਅਤਿਅੰਤ ਲੋੜ ਹੈ ਕਿਉਂਕਿ ਬਹੁਤੀ ਮਾਤਰਾ ਵਿੱਚ ਨਵੀਂ ਪੀੜ੍ਹੀ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਕਰ ਰਹੀ ਹੈ। ਅੰਗਰੇਜ਼ ਵਿੱਚ ਬਾਕਮਾਲ ਅਨੁਵਾਦ ਡਾ. ਕਮੂਲ ਅਬੀ ਨੇ ਕੀਤਾ ਹੈ, ਉਹ ਵਧਾਈ ਦੇ ਪਾਤਰ ਹਨ।
123 ਪੰਨਿਆਂ ਤੇ 695 ਰੁਪਏ ਕੀਮਤ ਵਾਲਾ ਸੁਚਿਤਰ ਕਾਵਿ ਸੰਗ੍ਰਹਿ ਯੂਨੀਸਟਾਰ ਬੁਕਸ ਮੋਹਾਲੀ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.