19 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ’ਤੇ ਵਿਸ਼ੇਸ਼:
ਧੰਨੁ ਧੰਨੁ ਰਾਮਦਾਸ ਗੁਰੁ....
ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਬਾਨੀ, ਅੰਮ੍ਰਿਤ ਰੂਪ ਬਾਣੀ ਦੇ ਰਚਣਹਾਰ, ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦ-ਗੁਣਾਂ ਨਾਲ ਭਰਪੂਰ ਤੇ ਉਪਦੇਸ਼-ਜਨਕ ਹੈ। ਨਿਸ਼ਕਾਮ ਸੇਵਾ ਤੇ ਸੱਚੇ ਸਿਦਕ ਕਾਰਨ ਉਨ੍ਹਾਂ ਅਧਿਆਤਮਿਕ ਖੇਤਰ ਦੀ ਸਰਵ-ਉੱਚ ਪਦਵੀ ਪ੍ਰਾਪਤ ਕੀਤੀ, ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ।
ਦੀਨ-ਦਿਆਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਦੇ ਵਸਨੀਕ ਪਿਤਾ ਸ੍ਰੀ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 25 ਅੱਸੂ ਸੰਮਤ 1591 (ਸੰਨ 1534) ਨੂੰ ਹੋਇਆ। ਆਪ ਜੀ ਦਾ ਬਚਪਨ ਦਾ ਨਾਮ `ਜੇਠਾ` ਸੀ। ਜਦੋਂ ਆਪ ਮਸਾਂ ਸੱਤਾਂ ਜਾਂ ਅੱਠਾਂ ਸਾਲਾਂ ਦੇ ਸਨ ਤਾਂ ਆਪ ਜੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉਠ ਗਿਆ ਅਤੇ ਆਪ ਆਪਣੇ ਨਾਨਕੇ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ ਆ ਗਏ। ਆਪ ਜੀ ਨੂੰ ਛੋਟੀ ਉਮਰੇ ਕਿਰਤ-ਕਮਾਈ ਵਿਚ ਲਗਾਇਆ ਗਿਆ। ਆਪ ਘੁੰਗਣੀਆਂ ਵੇਚ ਕੇ ਘਰ ਦੇ ਨਿਰਬਾਹ ਵਿਚ ਹਿੱਸਾ ਪਾਉਂਦੇ ਸਨ।
ਆਪ ਜੀ ਨੇ ਬਚਪਨ ਵਿਚ ਆਪਣੇ ਨਾਨਕੇ ਪਿੰਡ ਦੇ ਹਰ ਵਸਨੀਕ ਦਾ ਮਨ ਮੋਹ ਲਿਆ ਸੀ। ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਜਨਮ-ਨਗਰੀ ਸੀ ਅਤੇ ਇਥੋਂ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਕਸਰ ਗੋਇੰਦਵਾਲ ਸਾਹਿਬ ਜਾਇਆ ਕਰਦੀ ਸੀ ਅਤੇ ਕਈ ਵਾਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਖੁਦ ਪਿੰਡ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਜਦੋਂ ਵੀ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਆਉਂਦੇ, ਉਦੋਂ ਉਹ ਭਾਈ ਜੇਠਾ ਜੀ ਨਾਲ ਬਹੁਤ ਸਨੇਹ ਕਰਦੇ। ਇਧਰ ਭਾਈ ਜੇਠਾ ਜੀ ਸੇਵਾ ਨੂੰ ਸਮਰਪਤ ਰਹਿੰਦੇ ਅਤੇ ਗੁਰੂ-ਘਰ ਨਾਲ ਸਬੰਧਤ ਹਰ ਕੰਮ ਨੂੰ ਖਿੜੇ-ਮੱਥੇ ਨਿਭਾਉਂਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਨਗਰ ਗੋਇੰਦਵਾਲ ਸਾਹਿਬ ਸੰਮਤ 1606 (ਸੰਨ 1549) ਦੇ ਆਸ-ਪਾਸ ਵਸਾਇਆ ਸੀ ਅਤੇ ਅਜੇ ਇਸ ਦੀ ਵਸੋਂ ਨਵੀਂ-ਨਵੀਂ ਸੀ ਤੇ ਆਬਾਦੀ ਵੀ ਘੱਟ ਸੀ।
ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ, ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ-ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ ਕਿ ਸਹੁਰੇ-ਘਰ ਵਿਚ ਜਵਾਈਆਂ ਨੂੰ ਹੱਥੀਂ ਛਾਵਾਂ ਹੁੰਦੀਆਂ ਨੇ ਪਰ ਤੂੰ ਤਾਂ ਟੋਕਰੀਆਂ ਢੋ ਕੇ ਸਾਨੂੰ ਲਾਜ ਲੁਆ ਛੱਡੀ ਹੈ। ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਲਾਂਭਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਰਾਮਦਾਸ ਦੇ ਸਿਰ `ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਸਗੋਂ ਦੀਨ-ਦੁਨੀਆਂ ਦਾ ਛਤਰ ਹੈ, ਗੁਰੂ ਸਾਹਿਬ ਦਾ ਇਹ ਪਵਿੱਤਰ ਬਚਨ ਸੱਚ ਹੋ ਨਿਬੜਿਆ।
ਹੁਣ ਪ੍ਰੀਖਿਆ ਦਾ ਸਮਾਂ ਆ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਥੜ੍ਹੇ ਬਣਾਉਣ ਦਾ ਹੁਕਮ ਕੀਤਾ। ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਥੜ੍ਹੇ ਬਣਾਉਂਦੇ ਰਹੇ ਪਰ ਗੁਰੂ ਜੀ ਕੋਈ ਨਾ ਕੋਈ ਨੁਕਸ ਕੱਢ ਕੇ ਥੜੇ੍ਹ ਢੁਹਾ ਦਿੰਦੇ। ਕਈ ਵਾਰ ਅਜਿਹਾ ਹੋਇਆ ਤਾਂ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਨਿਮਰਤਾ ਵਿਚ ਭਿੱਜੇ `ਸਤਿ ਬਚਨ` ਕਹਿ ਕੇ ਫਿਰ ਉਸਾਰੀ ਸ਼ੁਰੂ ਕਰ ਦਿੰਦੇ ਰਹੇ। ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸਤੰਬਰ 1574 ਈ: ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪੀ ਗਈ।
ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਦੀ ਨੀਂਹ ਰੱਖੀ। 1577 ਈ: ਵਿਚ ਗੁਰੂ ਸਾਹਿਬ ਨੇ `ਸੰਤੋਖਸਰ` ਅਤੇ ਅੰਮ੍ਰਿਤਸਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਾਇਆ ਅਤੇ ਇਥੇ ਹੀ ਰਹਿਣ ਲੱਗ ਪਏ। ਆਸ-ਪਾਸ ਦੇ ਪਿੰਡਾਂ ਦੇ ਜ਼ਿੰਮੀਦਾਰਾਂ ਤੋਂ ਪੰਜ ਸੌ ਵਿੱਘੇ ਜ਼ਮੀਨ ਮੁੱਲ ਲੈ ਕੇ `ਗੁਰੂ ਦਾ ਚੱਕ` (ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ) ਵਸਾਉਣਾ ਸ਼ੁਰੂ ਕੀਤਾ। ਨਗਰ ਵਿਚ ਵਾਪਾਰ, ਰੋਟੀ-ਰੋਜ਼ੀ ਤੇ ਕਿਰਤ-ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ 52 ਕਿਸਮ ਦੇ ਕਿਰਤੀ ਕਾਰੀਗਰਾਂ ਅਤੇ ਵਾਪਾਰੀਆਂ ਨੂੰ ਵਸਾਇਆ। ਗੁਰੂ ਸਾਹਿਬ ਜੀ ਨੇ ਜਿਸ ਪਹਿਲੇ ਬਾਜ਼ਾਰ ਨੂੰ ਸੰਚਾਲਿਤ ਕੀਤਾ, ਉਸ ਦਾ ਨਾਂ `ਗੁਰੂ ਬਾਜ਼ਾਰ` ਪ੍ਰਸਿੱਧ ਹੋਇਆ ਜੋ ਅੱਜ ਵੀ ਮੌਜੂਦ ਹੈ ਤੇ ਸੋਨੇ-ਚਾਂਦੀ ਦੇ ਜੇਵਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਹੈ। ਆਪ ਨੇ ਆਪਣੀ ਰਿਹਾਇਸ਼ ਲਈ ਇੱਕ ਛੋਟਾ ਜਿਹਾ ਮਕਾਨ ਬਣਵਾਇਆ ਜੋ `ਗੁਰੂ ਕਾ ਮਹਿਲ` ਕਰ ਕੇ ਪ੍ਰਸਿੱਧ ਹੋਇਆ। ਹੁਣ ਇਸ ਜਗ੍ਹਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਸਿੱਖੀ ਦਾ ਵਿਕਾਸ ਸਿਖਰਾਂ ਤੱਕ ਪਹੁੰਚ ਚੁੱਕਾ ਸੀ। ਸ਼ਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਸੀ। ਲੰਗਰ ਜਾਰੀ ਸੀ। ਨਵੀਆਂ ਧਰਮਸ਼ਾਲਾਵਾਂ ਦੀ ਉਸਾਰੀ ਅਤੇ ਅੰਮ੍ਰਿਤ ਸਰੋਵਰ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਾਫ਼ੀ ਧਨ ਦੀ ਲੋੜ ਸੀ। ਅਜਿਹੇ ਸਮੇਂ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ। ਇਹ ਮਸੰਦ ਜਿਥੇ ਸੰਗਤਾਂ ਨੂੰ ਗੁਰੂ-ਘਰ ਦੇ ਨਵੇਂ ਕਾਰਜਾਂ ਤੋਂ ਜਾਣੂੰ ਕਰਵਾਉਂਦੇ, ਉਥੇ ਕਾਰ-ਭੇਟਾ ਲਿਆ ਕੇ ਗੁਰੂ-ਦਰਬਾਰ ਵਿਚ ਜਮ੍ਹਾਂ ਕਰਵਾ ਦਿੰਦੇ। ਇਸ ਨਾਲ ਕਾਫ਼ੀ ਮਾਤਰਾ ਵਿਚ ਧਨ ਇਕੱਠਾ ਹੋਣ ਲੱਗ ਪਿਆ। ਇਥੇ ਇਹ ਯਾਦ ਰਹੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ `ਮਸੰਦ` ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਸੀ, ਕਿਉਂਕਿ ਸਮੇਂ ਦੇ ਚੱਲਦਿਆਂ ਇਸ ਦੇ ਕੰਮਾਂ ਵਿਚ ਖੜੋਤ ਆ ਗਈ ਸੀ ਅਤੇ ਇਹ ਆਪਣੇ ਰਸਤੇ ਤੋਂ ਭਟਕ ਗਈ ਸੀ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਪਹਿਲੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ `ਤੇ ਚੱਲਦਿਆਂ ਆਪਣੇ ਤਿੰਨ ਸਪੁੱਤਰਾਂ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਆਂ ਸ਼ਖ਼ਸੀਅਤਾਂ ਅਤੇ ਸਿੱਖੀ ਪ੍ਰਤੀ ਵਿਚਾਰਾਂ ਨੂੰ ਪਰਖ ਅਤੇ ਪ੍ਰਮੁੱਖ ਸਿੱਖਾਂ ਅਤੇ ਸੰਗਤਾਂ ਦੀ ਸਲਾਹ ਨਾਲ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ (ਗੁਰੂ) ਅਰਜਨ ਦੇਵ ਜੀ ਦੇ ਮੋਢਿਆਂ `ਤੇ ਰੱਖੀ। ਆਪਣੀ ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣ ਕੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਅਤੇ ਇਥੇ 2 ਅੱਸੂ, ਸੰਮਤ 1638 (ਸੰਨ 1581) ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ-ਜੋਤਿ ਸਮਾ ਗਏ। ਵਾਰ ਰਾਮਕਲੀ ਵਿਚ ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਬਚਨ ਕਰਦੇ ਹਨ:
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
(ਪੰਨਾ 968)
ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਮੂਹ ਸਿੱਖ ਜਗਤ ਨੂੰ ਬਹੁਤ ਵਧਾਈਆਂ ਹੋਣ ਜੀ।
******
-
ਦਿਲਜੀਤ ਸਿੰਘ ਬੇਦੀ, writer
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.