ਪਿੰਡਾਂ ਵਿੱਚ ਧੜੇਬੰਦੀ ਦੀਆਂ ਸਰਗਰਮੀਆਂ ਵੈਸੇ ਤਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ, ਪਰ ਇਲੈਕਸ਼ਨਾ ਵੇਲੇ ਖਾਸਕਰ ਪੰਚਾਇਤੀ ਇਲੈਕਸ਼ਨਾ ਮੌਕੇ ਇਹ ਸਿਖਰ 'ਤੇ ਅੱਪੜ ਜਾਂਦੀਆਂ ਹਨ।ਧੜੇਬੰਦੀਆਂ ਦੀਆਂ ਇਹ ਸਰਗਰਮੀਆਂ ਬਹੁਤੀ ਵਾਰ ਗਾਲ਼ਮ-ਗਾਲ਼ੀ ,ਘਸੁੰਨ-ਮੁੱਕੀ , ਡਾਂਗ-ਸੋਟੇ ਤੱਕ ਚਲੀਆਂ ਜਾਂਦੀਆਂ ਹਨ । ਕਦੇ-ਘਧਾਰ ਨੌਬਤ 26 ਤੇ 307 ਦੇ ਪਰਚਿਆਂ ਤੱਕ ਵੀ ਅੱਪੜ ਜਾਂਦੀ ਹੈ। ਕਈ ਵਾਰ ਧੜੇਬੰਦੀ ਪਿੰਡ ਦੇ ਵਿਕਾਸ 'ਚ ਵੀ ਅੜਿੱਕਾ ਬਣਦੀ ਹੈ।
ਪੜ੍ਹੇ ਲਿਖੇ ਬੰਦੇ ਹਮੇਸ਼ਾ ਅਜਿਹੀਆਂ ਸਲਾਹਾਂ ਦਿੰਦੇ ਆਮ ਹੀ ਸੁਣੇ ਜਾਂਦੇ ਨੇ, ਕਿ ਬੰਦੇ ਨੂੰ ਪਿੰਡ ਦੀ ਧੜੇਬਾਜੀ ਤੋਂ ਦੂਰ ਰਹਿਣਾ ਚਾਹੀਦਾ ਹੈ ਜਾਂ ਧੜੇਬਾਜੀ 'ਚ ਕੁੱਝ ਨਹੀਂ ਧਰਿਆ। ਪਰ ਇਹ ਗੱਲ ਕੋਈ ਨਹੀਂ ਸੋਚਦਾ ਕਿ ਆਮ ਬੰਦਾ ਧੜੇਬਾਜੀ 'ਚ ਕਿਓਂ ਪੈਂਦਾ ਹੈ ? ਆਓ ਇਸ ਬਾਬਤ ਥੋੜ੍ਹਾ ਤਫ਼ਸੀਲ 'ਚ ਗੱਲ ਕਰੀਏ। ਧੜੇਬਾਜੀ ਕਿਸੇ ਵੀ ਪੇਂਡੂ ਬੰਦੇ ਦਾ ਸ਼ੌਕ ਨਹੀਂ, ਬਲਕਿ ਮਜ਼ਬੂਰੀ ਹੁੰਦੀ ਹੈ। ਪਿੰਡ ' ਚ ਵਸਦੇ ਆਮ ਬੰਦੇ ਦਾ ਜਦੋਂ ਕਚਹਿਰੀ, ਤਸੀਲ , ਪਟਵਾਰੀ , ਬਿਜਲੀ ਬੋਰਡ ਦੇ ਦਫ਼ਤਰ 'ਚ ਕੋਈ ਕੰਮ ਪੈਂਦਾ ਹੈ, ਤਾਂ ਬਿਨਾ ਮੋਹਤਬਰ ਬੰਦੇ ਨੂੰ ਨਾਲ਼ ਲਏ ਕੰਮ ਹੁੰਦਾ ਹੀ ਨਹੀਂ । ਮਿਸਾਲ ਦੇ ਤੌਰ 'ਤੇ ਜੇਕਰ ਬਿਜਲੀ ਬਿੱਲ ਹੀ ਵੱਧ ਆ ਜਾਵੇ, ਤਾਂ ਬਿਜਲੀ ਦਫਤਰ ਦਾ ਕਲਰਕ ਤੱਕ ਆਮ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਜੇ ਗੱਲ ਠਾਣੇ ਦੀ ਕਰੀਏ ਤਾਂ ਉੱਥੇ ਆਮ ਬੰਦਾ ਤਾਂ ਇੱਕ ਪਾਸੇ ਰਿਹਾ ਖਾਸ ਦੀ ਵੀ ਹਿੰਮਤ ਨਹੀਂ ਪੈਂਦੀ ਕਿ ਉਹ ਬਿਨਾ ਕਿਸੇ ਮੋਹਤਬਰ ਤੋਂ ਠਾਣੇ ਦੀ ਦੇਹਲ਼ੀ ਵੀ ਟੱਪ ਜਾਵੇ। ਦਫ਼ਤਰਾਂ ਦੇ ਇਹੋ ਜਹੇ ਨਿੱਕੇ ਮੋਟੇ ਤੇ ਵੱਡੇ ਕੰਮ ਹਰੇਕ ਬੰਦੇ ਨੂੰ ਨਿੱਤ ਦਿਹਾੜੀ ਪੈਂਦੇ ਰਹਿੰਦੇ ਹਨ। ਝੋਨੇ ਦੇ ਸੀਜਨ 'ਚ ਹਰੇਕ ਕਿਸਾਨ ਨੂੰ ਇਹ ਫਿਕਰ ਰਹਿੰਦਾ ਹੈ, ਜੇਕਰ ਬਿਜਲੀ ਦਾ ਟਰਾਂਸਫਾਰਮਰ ਸੜ ਗਿਆ ਤਾਂ ਮੈਨੂੰ ਪਤਾ ਨਹੀਂ ਕੀਹਦੇ-ਕੀਹਦੇ ਮੂਹਰੇ ਜਾ ਅਰਜ਼ ਕਰਨੀ ਪਵੇਗੀ। ਸੋ ਅਜਿਹੇ ਹੋਰ ਕੰਮਾਂ ਖਾਤਰ ਹੋਰ ਕੀਹਦੇ-ਕੀਹਦੇ ਮੂਹਰੇ ਅਰਜ਼ ਕਰਨ ਤੋਂ ਵੀ ਪਹਿਲਾਂ ਆਪਦੇ ਧੜੇ ਦੇ ਆਗੂ ਮੂਹਰੇ ਅਰਜ਼ ਕਰਨੀ ਸਭ ਤੋਂ ਪਹਿਲਾ ਸਟੈੱਪ ਹੁੰਦਾ ਹੈ।
ਕਿਸੇ ਮੋਹਬਰ ਦਾ ਸਹਾਰਾ ਲੈਣ ਲਈ ਪਿੰਡ ਦੇ ਕਿਸੇ ਧੜੇ ਦੇ ਆਗੂ ਨਾਲ ਜੁੜਨਾ ਪੈਂਦਾ ਹੈ, ਯਾਨੀ ਕਿ ਧੜੇ ਨਾਲ ਲੱਗਣਾ ਪੈਂਦਾ ਹੈ। ਇਸ ਤੋਂ ਬਾਅਦ ਪਿੰਡ 'ਚ ਵਸਦੇ ਕਿਸਾਨ ਜਾਂ ਗੈਰ ਕਾਸ਼ਤਕਾਰ ਦਾ ਆਪਣੇ ਗੁਆਂਢੀ ਨਾਲ਼ ਕਿਸੇ ਨਾ ਕਿਸੇ ਮਸਲੇ 'ਤੇ ਜਿਵੇਂ ਗਲੀ -ਨਾਲੀ ਹੋਵੇ ਜਾਂ ਵੱਟ ਆਦਿ ਦਾ ਮਾੜਾ ਮੋਟਾ ਰੌਲ਼ਾ ਗੋਲਾ ਹੋਣਾ ਸੁਭਾਵਿਕ ਹੈ। ਇਸ ਧੜੇਬਾਜੀ ਤੋਂ ਸੱਖਣੇ ਬੰਦੇ ਨੂੰ ਉਦੋਂ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ, ਉਹਦਾ ਝਗੜਾ ਜਦੋਂ ਕਿਸੇ ਐਸੇ ਬੰਦੇ ਨਾਲ ਹੋ ਜਾਵੇ ਜੀਹਦੀ ਪਿੱਠ ਤੇ ਉਹਦਾ ਧੜਾ ਖੜਾ ਹੋਵੇ।ਅਜਿਹੇ ਮੌਕੇ ਧੜੇ ਤੋਂ ਬਾਹਰ ਰਹਿਣ ਵਾਲ਼ੇ ਬੰਦੇ ਨੂੰ ਥਾਂ ਥਾਂ 'ਤੇ ਬਹੁਤ ਨਮੋਸੀ ਝੱਲਣੀ ਪੈਂਦੀ ਹੈ।
ਆਮ ਬੰਦਾ ਇਹ ਆਸ ਹਮੇਸ਼ਾ ਰੱਖਦਾ ਹੈ ਕਿ ਜੇ ਮੇਰਾ ਕੋਈ ਅਜਿਹਾ ਰੌਲ਼ਾ ਹੋ ਗਿਆ ਤਾਂ ਮੇਰੇ ਨਾਲ਼ ਮੇਰਾ ਧੜਾ ਜਿਸ ਨਾਲ ਮੈ ਜੁੜਿਆ ਹੋਵਾਂਗਾ, ਉਹ ਜ਼ਰੂਰ ਮੇਰੇ ਨਾਲ ਖੜੇਗਾ। ਸੋ ਉਹ ਆਪਣੇ ਧੜੇ ਦੀ ਮਜ਼ਬੂਤੀ ਲਈ ਪੂਰਾ ਤਾਣ ਲਾ ਦਿੰਦਾ ਹੈ। ਜਿਸ ਕਰਕੇ ਉਹ ਹਰੇਕ ਮੁੱਦੇ ਤੇ ਵਿਰੋਧੀ ਧੜੇ ਮੂਹਰੇ ਅੜਦਾ ਹੈ ਤੇ ਬਿਆਨਬਾਜ਼ੀ ਕਰਦਾ ਹੈ। ਅਜਿਹਾ ਕਰਨ ਕਰਕੇ ਉਹਦੇ ਵਿਰੋਧੀਆਂ ਦੀ ਗਿਣਤੀ 'ਚ ਵੀ ਇਜਾਫਾ ਹੁੰਦਾ ਹੈ। ਇਹ ਮੁਖਾਲਫ਼ਤ ਨਿਰੀ ਧੜੇ ਦੇ ਪੱਧਰ ਤੱਕ ਦੀ ਨਾ ਹੋ ਕੇ ਨਿੱਜੀ ਦੁਸ਼ਮਣੀਆਂ 'ਚ ਤਬਦੀਲ ਹੋ ਜਾਂਦੀ ਹੈ।ਇਹ ਦੁਸ਼ਮਣੀ ਪੁਸ਼ਤ ਦਰ ਪੁਸ਼ਤ ਬੰਦੇ ਦੀ ਵਿਰਾਸਤ ਵਾਂਗ ਪੱਲੇ ਚ ਪੈ ਜਾਂਦੀ ਹੈ।
ਜੇਕਰ ਧੜੇਬਾਜੀ 'ਚ ਪਿਆ ਬੰਦਾ ਆਪਣੀ ਸਰਗਰਮੀ ਕੁਝ ਘਟਾ ਦੇਵੇ ਤਾਂ ਆਪਣੇ ਧੜੇ ਦੇ ਬੰਦੇ ਹੀ ਉਹਨੂੰ ਡਰ ਗਿਆ -ਡਰ ਗਿਆ ਕਹਿ ਕੇ ਅਤੇ ਵਿਰੋਧੀ ਧੜੇ ਵਾਲੇ ਉਹਨੂੰ ਡਰਾ ਲਿਆ - ਡਰਾ ਲਿਆ ਕਹਿ ਕੇ ਮੇਹਣੇ ਮਾਰਦੇ ਨੇ।ਬਸ ਇਨ੍ਹਾਂ ਗੱਲਾਂ ਕਰਕੇ ਹੀ ਇੱਕ ਆਮ ਸਧਾਰਨ ਬੰਦਾ ਅਜਿਹੀ ਪਿੱਛੇ ਨਾ ਮੁੜਨ ਵਾਲੀ ਥਾਂ ਵੱਲ ਧੱਕਿਆ ਜਾਂਦਾ ਹੈ, ਜਿੱਥੋਂ ਮੁੜਨਾ ਨਾਮੁਮਕਿਨ ਹੋ ਜਾਂਦਾ ਹੈ। । ਹੁਣ ਗੱਲ ਕਰੀਏ ਪੰਚਾਇਤੀ ਚੋਣਾਂ ਦੀ। ਇਹ ਚੋਣਾਂ ਪਿੰਡ ਦੀ ਧੜੇਬਾਜੀ ਦਾ ਸਿਖ਼ਰ ਦੁਪਹਿਰ ਹੋ ਨਿਬੜਦੀਆਂ ਨੇ। ਬਹੁਤੀ ਵਾਰ ਤਾਂ ਮੈਂ ਵੇਖਿਆ ਹੈ, ਕਿ ਆਮ ਵਰਕਰ ਆਪਣੇ ਧੜੇ ਦੀ ਮਜ਼ਬੂਤੀ ਲਈ ਪਿੰਡ 'ਚ ਲੜਾਈ ਸਹੇੜ ਲੈਂਦਾ ਹੈ, ਫਿਰ ਲੜਾਈ ਥਾਣੇ ਕਚਹਿਰੀ ਤੱਕ ਪਹੁੰਚ ਜਾਂਦੀ ਹੈ ਤੇ ਧੜੇ ਦੇ ਲੀਡਰ ਵੱਲੋਂ ਆਪਣੇ ਵਰਕਰ ਦੀ ਹਿਮਾਇਤ ਕੀਤੀ ਜਾਂਦੀ ਹੈ। ਹੁਣ ਪੰਜਾਬ 'ਚ ਹੋ ਰਹੀਆਂ ਪੰਚਾਇਤੀ ਚੋਣਾਂ 'ਚ ਇਕ ਵਾਰੀ ਮੁੜ ਤੋਂ ਮਾਹਤੜ ਬੰਦੇ ਆਪਣੇ ਧੜੇ ਦਾ ਸਰਪੰਚ ਬਣਾਉਣ ਲਈ ਪੱਬਾਂ ਭਾਰ ਹੋਣਗੇ ਤੇ ਆਪਣੀ ਸਾਰੀ ਤਾਕਤ ਲਾ ਦੇਣਗੇ। ਹਰ ਵਾਰ ਦੀ ਤਰ੍ਹਾਂ ਨਵੇਂ ਵੈਰ ਪਾਉਣਗੇ ਤੇ ਲੜਾਈਆਂ ਮੁੱਲ ਲੈਣਗੇ ਤੇ ਫਿਰ ਸਾਰੀ ਜ਼ਿੰਦਗੀ ਧੜੇ ਦੇ ਲੇਖੇ ਲਾ ਦੇਣਗੇ। ਸੋ ਆਮ ਬੰਦੇ ਦਾ ਧੜੇਬੰਦੀ 'ਚ ਨੁਕਸਾਨ ਬਹੁਤ ਹੁੰਦਾ ਹੈ, ਪਰ ਇਸਦੇ ਬਾਵਜੂਦ ਵੀ ਬੰਦਾ ਧੜੇਬੰਦੀ ਛੱਡ ਨਹੀਂ ਸਕਦਾ । ਕਿਉਂਕਿ ਧੜੇਬੰਦੀ ਤੋਂ ਬਿਨ੍ਹਾਂ ਪਿੰਡ ' ਚ ਜ਼ਿੰਦਗੀ ਬਸਰ ਕਰਨੀ ਬਹੁਤ ਔਖੀ ਹੁੰਦੀ ਆ। ਕਈ ਵਾਰੀ ਅਜਿਹਾ ਜ਼ਰੂਰ ਵੇਖਣ 'ਚ ਆਉਂਦਾ ਹੈ, ਕਿ ਜਦੋਂ ਆਸ ਮੁਤਾਬਿਕ ਕਿਸੇ ਬੰਦੇ ਦੇ ਲੜਾਈ-ਝਗੜੇ 'ਚ ਉਸਦਾ ਧੜਾ ਉਸਦੀ ਹਿਮਾਇਤ ਨਹੀਂ ਕਰਦਾ, ਤਾਂ ਬੰਦਾ ਆਪਣੇ ਧੜੇ ਤੋਂ ਨਾਰਾਜ਼ ਹੋ ਜਾਂਦਾ ਹੈ। ਅਜਿਹੇ ਮੌਕੇ ਬੰਦਾ ਵੱਧ ਤੋਂ ਵੱਧ ਆਪਣੇ ਪਹਿਲੇ ਧੜੇ ਨੂੰ ਛੱਡ ਕੇ ਦੂਜੇ ਧੜੇ 'ਚ ਸ਼ਾਮਲ ਹੋ ਜਾਂਦਾ ਹੈ। ਪਰ ਚਾਹ ਕੇ ਵੀ ਧੜੇਬੰਦੀ ਤੋਂ ਬਾਹਰ ਨਿਕਲ ਨਹੀਂ ਸਕਦਾ।
ਜਿੰਨਾ ਚਿਰ ਕਨੂੰਨ ਦਾ ਰਾਜ ਲਾਗੂ ਨਹੀਂ ਹੋ ਜਾਂਦਾ, ਓਨਾ ਚਿਰ ਬੰਦੇ ਨੂੰ ਆਪਣੇ ਨਿੱਤ ਦੇ ਕੰਮ ਕਰਾਉਣ ਲਈ ਸਿਆਸੀ ਹਮਾਇਤ ਦੀ ਲੋੜ ਪੈਂਦੀ ਰਹਿਣੀ ਹੈ ਤੇ ਇਹ ਸਿਆਸੀ ਲੋੜ ਦੀ ਪੂਰਤੀ ਧੜੇ ਦੀ ਮਾਰਫ਼ਤ ਹੀ ਪੂਰੀ ਹੋ ਸਕਦੀ ਹੈ।
-
ਮਲਕੀਤ ਸਿੰਘ ਮਲਕਪੁਰ, ਲੇਖਕ
malkeetbachhal66461@gmail.com
98154-48201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.