ਐੱਨਸੀਸੀ ਅਜਿਹਾ ਮੰਚ ਹੈ, ਜੋ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਜ਼ਿੰਮੇਵਾਰੀ ਲਈ ਪ੍ਰੇਰਿਤ ਕਰਦਾ ਹੈ। ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਜਿਹੜੇ ਵਿਦਿਆਰਥੀ ਰਾਸ਼ਟਰੀ ਸੇਵਾ ਜਾਂ ਹਥਿਆਰਬੰਦ ਸੈਨਾਵਾਂ ’ਚ ਆਪਣਾ ਭਵਿੱਖ ਦੇਖਦੇ ਹਨ, ਉਹ ਸਕੂਲ ਤੇ ਕਾਲਜ ਪੱਧਰ ’ਤੇ ਐੱਨਸੀਸੀ ਮੰਚ ਨੂੰ ਅਪਣਾਉਂਦੇ ਹਨ।
ਭਾਰਤੀ ਸੈਨਾ ਦਾ ਮਹੱਤਵਪੂਰਨ ਅੰਗ
ਐੱਨਸੀਸੀ ਵਿੰਗ ਭਾਰਤੀ ਸੈਨਾ ਦਾ ਮਹੱਤਵਪੂਰਨ ਅੰਗ ਹੈ, ਜਿਸ ਵਿਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਨੌਕਰੀ ਲਈ ਵੀ ਪ੍ਰੇਰਿਤ ਹੁੰਦੇ ਹਨ। ਭਾਰਤੀ ਫ਼ੌਜ ਵਿਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਐੱਨਸੀਸੀ ਦੀ ਸਥਾਪਨਾ ਕੀਤੀ ਗਈ। ਐੱਨਸੀਸੀ ਦੀਆਂ ਤਿੰਨ ਬ੍ਰਾਂਚਾਂ ਆਰਮੀ, ਏਅਰ ਤੇ ਨੇਵਲ ਵਿੰਗ ਹਨ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਤੇ ਦੇਸ਼ਭਗਤ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ। ਇਸ ਦਾ ਮੁੱਖ ਦਫ਼ਤਰ ਦਿੱਲੀ ਵਿਚ ਹੈ ਅਤੇ ਇਸ ਦੇ ਖੇਤਰੀ ਦਫ਼ਤਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਹਨ । ਸਾਲ 1948 ਤੋਂ ਇਸ ਸੰਸਥਾ ਨੇ ਸ਼ੁਰੂ ਹੋ ਕੇ ਦੇਸ਼ ਨਿਰਮਾਣ ਵਿਚ ਵੱਡਾ ਯੋਗਦਾਨ ਪਾਇਆ ਹੈ। ਵਿਦਿਆਰਥੀ ਜੀਵਨ ’ਚ ਇਸ ਦਾ ਅਹਿਮ ਮਹੱਤਵ ਹੈ।
ਦੇਸ਼ ਪ੍ਰਤੀ ਬਣਾਉਂਦੀ ਹੈ ਜ਼ਿੰਮੇਵਾਰ
ਐੱਨਸੀਸੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਲਈ ਪ੍ਰੇਰਿਤ ਕਰਦੀ ਹੈ। ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਇਸ ਅਧੀਨ ਵਿਦਿਆਰਥੀ ਸਕੂਲ ਪੱਧਰ ’ਚ ਦੋ ਅਤੇ ਕਾਲਜ ਪੱਧਰ ’ਤੇ ਤਿੰਨ ਸਾਲਾ ਕੋਰਸ ਵਿਚ ਸ਼ਾਮਿਲ ਹੋ ਸਕਦੇ ਹਨ । ਇਸ ਸਮੇਂ ਦੌਰਾਨ ਵਿਦਿਆਰਥੀ ਜਿੱਥੇ ਆਪਣਾ ਅਕਾਦਮਿਕ ਕੋਰਸ ਕਰਦਾ ਹੈ, ਉੱਥੇ ਨਾਲ-ਨਾਲ ਐੱਨਸੀਸੀ ਤਹਿਤ ਵਿਸ਼ੇਸ਼ ਜੀਵਨ ਜਾਚ ਸਿੱਖ ਕੇ ਦੇਸ਼ ਅੰਦਰ ਹਥਿਆਰਬੰਦ ਸੈਨਾ ਵਿਚ ਸ਼ਾਮਿਲ ਹੋਣ ਲਈ ਰਾਹ ਵੀ ਖੋਲ੍ਹਦਾ ਹੈ। ਪੂਰੇ ਦੇਸ਼ ’ਚ ਬਹੁਤ ਸਾਰੇ ਸਕੂਲ ਤੇ ਕਾਲਜ ਐੱਨਸੀਸੀ ਤਹਿਤ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ ਪਰ ਇੱਥੇ ਮਸਲਾ ਇਹ ਹੈ ਕਿ ਕਾਲਜ ਤੇ ਸਕੂਲਾਂ ’ਚ ਬਹੁਤ ਸਾਰੇ ਵਿਦਿਆਰਥੀ ਹੁੰਦੇ ਹਨ ਪਰ ਸੀਟਾਂ ਸੀਮਤ ਹੁੰਦੀਆਂ ਹਨ। ਇਸ ਲਈ ਬਹੁਤ ਘੱਟ ਵਿਦਿਆਰਥੀਆਂ ਨੂੰ ਐੱਨਸੀਸੀ ਮਿਲਦੀ ਹੈ। ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਤਹਿਤ ਐੱਨਸੀਸੀ ਨੂੰ ਚੋਣਵੇਂ ਵਿਸ਼ੇ ਵਜੋਂ ਸ਼ੁਰੂ ਕਰਨ ਲਈ ਕਦਮ ਪੁੱਟਿਆ ਹੈ । ਇਸ ਨਾਲ ਬਹੁਤ ਸਾਰੇ ਵਿਦਿਆਰਥੀ ਇਸ ਦਾ ਲਾਹਾ ਲੈ ਸਕਦੇ ਹਨ।
ਰੁਜ਼ਗਾਰ ਦੇ ਮੌਕੇ
ਵਿੱਦਿਅਕ ਅਦਾਰਿਆਂ ਵਿਚ ਐੱਨਸੀਸੀ ਨੂੰ ਚੋਣਵੇਂ ਵਿਸ਼ੇ ਵਜੋਂ ਸ਼ਾਮਿਲ ਕਰਨ ਦੇ ਫ਼ੈਸਲੇ ਨਾਲ ਦੇਸ਼ ਦੇ ਕੈਡਿਟਾਂ ਨੂੰ ਬਹੁਤ ਲਾਭ ਹੋਵੇਗਾ। ਰਾਸ਼ਟਰੀ ਪੱਧਰ ’ਤੇ ਵਿਦਿਆਰਥੀ ਜੇ ਇਸ ਨੂੰ ਵਿਸ਼ੇ ਵਜੋਂ ਤਿੰਨ ਸਾਲ ਪੜ੍ਹਦੇ ਹਨ ਤਾਂ ਭਵਿੱਖ ਵਿਚ ਰੁਜ਼ਗਾਰ ਦੇ ਮੌਕੇ ਵਧਣਗੇ। ਸਰਹੱਦੀ ਇਲਾਕਿਆਂ ਦੇ ਕੈਡਿਟਾਂ ਨੂੰ ਵੱਡਾ ਲਾਭ ਹੋਵੇਗਾ। ਵਿਸ਼ੇ ਦੇ ਸਿਲੇਬਸ ਦੀ ਰੂਪ-ਰੇਖਾ ਅਨੁਸਾਰ ਕੈਡਿਟਾਂ ਨੂੰ ਖ਼ਾਸ ਤੌਰ ’ਤੇ ਬੀ ਅਤੇ ਸੀ ਸਰਟੀਫਿਕੇਟ ਪ੍ਰੀਖਿਆਵਾਂ ਪਾਸ ਕਰਨ ਵਿਚ ਵੱਡਾ ਫ਼ਾਇਦਾ ਮਿਲੇਗਾ, ਜੋ 2 ਤੋਂ 5 ਸਾਲਾਂ ਦੀ ਨਿਰਧਾਰਤ ਸਿਖਲਾਈ ਸਮੇਂ ਤੋਂ ਬਾਅਦ ਦਿੱਤੇ ਜਾਂਦੇ ਹਨ। ਸਿੱਖਿਆ ਖੇਤਰ ਵਿਚ ਇਸ ਦੀ ਚੋਣਵੇਂ ਵਿਸ਼ੇ ਵਜੋਂ ਸ਼ੁਰੂਆਤ ਹੋ ਚੁੱਕੀ ਹੈ। ਇਸ ਯੋਜਨਾ ਲਈ ਸੂਬਾ ਸਰਕਾਰਾਂ ਵੱਲੋਂ ਹਾਂ-ਪੱਖੀ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਇਸ ਕਦਮ ਨੂੰ ਸਹੀ ਦਿਸ਼ਾ ਵਿਚ ਇਕ ਦੂਰਦਰਸ਼ੀ ਭਵਿੱਖ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ 2020 ਤਹਿਤ ਵਿਦਿਆਰਥੀ ਸਿਰਫ਼ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਮੰਚ ’ਚ ਸੀਮਤ ਰਹਿਣ ਦੀ ਬਜਾਏ ਆਪਣੇ ਵਿਸ਼ੇ ਵਜੋਂ ਚੋਣ ਕਰ ਸਕਦੇ ਹਨ। ਇਸ ਦਾ ਉਦੇਸ਼ ਸਿਖਲਾਈ ਨੂੰ ਹੋਰ ਸੰਪੂਰਨ ਤੇ ਕਿੱਤਾਮੁਖੀ ਬਣਾਉਣਾ ਹੈ। ਇਸ ਖੇਤਰ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਸੌਖਾ ਬਣਾਉਣਾ ਹੈ।
ਚੋਣਵੇਂ ਵਿਸ਼ੇ ਵਜੋਂ ਪੜ੍ਹ ਕੇ ਹੋਣਗੇ ਸਿੱਖਿਅਤ
ਵਿਦਿਆਰਥੀ ਇਕ ਪਾਸੇ ਆਪਣੀ ਪੜ੍ਹਾਈ ਦੇ ਨਾਲ-ਨਾਲ ਐੱਨਸੀਸੀ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹ ਕੇ ਇਸ ਪ੍ਰਤੀ ਪੂਰੀ ਤਰ੍ਹਾਂ ਸਿੱਖਿਅਤ ਹੋਵੇਗਾ ਤੇ ਦੂਜੇ ਪਾਸੇ ਇਸ ਕੋਰਸ ਦੌਰਾਨ ਉਹ ਚੰਗੀ ਤਰ੍ਹਾਂ ਅਨੁਸ਼ਾਸਨ ਬਾਰੇ ਵੀ ਜਾਣ ਲਵੇਗਾ। ਐੱਨਸੀਸੀ ਅਜਿਹਾ ਵਿਸ਼ਾ ਹੈ, ਜਿਸ ਵਿਚ ਵਿਦਿਆਰਥੀ ਜਿੱਥੇ ਸਰੀਰਕ ਤੌਰ ’ਤੇ ਫਿੱਟ ਰਹਿੰਦਾ ਹੈ, ਉੱਥੇ ਇਸ ਕੋਰਸ ਤਹਿਤ ਦੇਸ਼ ਦੇ ਸੁਰੱਖਿਆ ਪ੍ਰਬੰਧ ਬਾਰੇ ਵੀ ਚੰਗੀ ਤਰ੍ਹਾਂ ਜਾਣਦਾ ਹੋਇਆ ਆਪਣਾ ਭਵਿੱਖ ਇਸ ਵਿਚ ਬਣਾ ਸਕਦਾ ਹੈ। ਭਾਰਤ ਅਜਿਹਾ ਦੇਸ਼ ਹੈ, ਜਿਸ ਦੀਆਂ ਸਰਹੱਦਾਂ ਬਹੁਤ ਸਾਰੇ ਦੇਸ਼ਾਂ ਨਾਲ ਲੱਗਦੀਆਂ ਹਨ ਤੇ ਵਿਕਾਸਸ਼ੀਲ ਦੇਸ਼ ਹੋਣ ਦੇ ਬਾਵਜੂਦ ਇਸ ਦੇ ਗੁਆਂਢੀ ਦੇਸ਼ਾਂ ਨਾਲ ਸਬੰਧ ਬਹੁਤੇ ਸੁਖਾਵੇਂ ਨਹੀਂ ਹਨ। ਇਸ ਲਈ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ’ਚ ਵਿਦਿਆਰਥੀਆਂ ਵੱਲੋਂ ਰੁਜ਼ਗਾਰ ਦੇ ਮੌਕੇ ਤਾਂ ਹੀ ਪ੍ਰਾਪਤ ਹੋ ਸਕਦੇ ਹਨ, ਜੇ ਸਿੱਖਿਆ ਵਜੋਂ ਉਨ੍ਹਾਂ ਨੂੰ ਅਜਿਹੀ ਟ੍ਰੇਨਿੰਗ ਕਰਵਾਈ ਜਾ ਸਕੇ।
ਵਿਦਿਆਰਥੀ ਅੰਦਰ ਚੇਤਨਾ ਜਗਾਉਣ ’ਚ ਸਹਾਇਕ
ਐੱਨਸੀਸੀ ਵਿਸ਼ਵ ਦੀ ਸਭ ਤੋਂ ਵੱਡੀ ਵਰਦੀਧਾਰੀ ਸੰਸਥਾ ਹੈ, ਜਿਸ ਵਿਚ ਇਸ ਸਮੇਂ ਸੈਨਾ, ਹਵਾਈ ਸੈਨਾ ਤੇ ਨੇਵੀ ਵਿੰਗ ਅਧੀਨ ਤਕਰੀਬਨ 14 ਲੱਖ ਕੈਡਿਟ ਹਨ। ਇਹ ਮੰਚ ਨੌਜਵਾਨਾਂ ’ਚ ਦੇਸ਼ਭਗਤੀ ਅਤੇ ਅਗਵਾਈ ਦੀ ਭਾਵਨਾ ਪੈਦਾ ਕਰਨ ’ਚ ਸਹਾਇਤਾ ਕਰਦਾ ਹੈ। ਸਰਕਾਰ ਐੱਨਸੀਸੀ ਨੂੰ ਹੋਰ ਆਕਰਸ਼ਕ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਬਹੁਤ ਸਾਰੀ ਨਵੀਂ ਤਕਨੀਕ ਤੇ ਅਤਿ-ਆਧੁਨਿਕ ਸਾਜ਼ੋ ਸਾਮਾਨ ਨਾਲ ਭਾਰਤੀ ਸੈਨਾ ਵਿਸ਼ਵ ਦੀਆਂ ਅਹਿਮ ਸੈਨਾਵਾਂ ’ਚ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋਈ ਹੈ। ਮੌਜੂਦਾ ਸਮੇਂ ਹਰ ਦੇਸ਼ ਆਪਣੀਆਂ ਸੈਨਾਵਾਂ ਦੀ ਬਿਹਤਰੀ ਲਈ ਕਾਰਜ ਕਰ ਰਿਹਾ ਹੈ। ਵਿਸ਼ਵ ’ਚ ਬਹੁਤ ਸ਼ਕਤੀਸ਼ਾਲੀ ਦੇਸ਼ ਹਨ, ਜਿਨ੍ਹਾਂ ਦੀਆਂ ਸੈਨਾਵਾਂ ਅਤਿ-ਆਧੁਨਿਕ ਤਕਨਾਲੋਜੀ ਨਾਲ ਭਰਪੂਰ ਹਨ। ਅਜਿਹੇ ’ਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਵੀ ਇਹ ਚੁਣੌਤੀ ਬਣ ਜਾਂਦੀ ਹੈ ਕਿ ਉਹ ਵਿਸ਼ਵ ’ਚ ਚੱਲ ਰਹੇ ਘਟਨਾਕ੍ਰਮ ਤੋਂ ਜਾਣੂ ਹੋ ਕੇ ਆਪਣੇ ਦੇਸ਼ ਦੀਆਂ ਸੈਨਾਵਾਂ ਦੀ ਬਿਹਤਰੀ ਲਈ ਕਾਰਜ ਕਰੇ। ਦੇਸ਼ ਦੇ ਨੌਜਵਾਨਾਂ ਵਿਚ ਸੈਨਾ ਪ੍ਰਤੀ ਚੇਤਨਾ ਤੇ ਦਿਲਚਸਪੀ ਵਧੇ, ਇਸ ਲਈ ਸਕੂਲ ਪੱਧਰ ਤੋਂ ਹੀ ਐੱਨਸੀਸੀ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਅੰਦਰ ਅਜਿਹੀ ਚੇਤਨਾ ਜਗਾਈ ਜਾਂਦੀ ਹੈ, ਤਾਂ ਜੋ ਉਹ ਭਵਿੱਖ ਵਿਚ ਚੰਗੇ ਸੈਨਿਕ ਬਣ ਕੇ ਦੇਸ਼ ਦੀ ਸੇਵਾ ਕਰ ਸਕਣ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.