ਡਾ.ਹਰਕੇਸ਼ ਸਿੰਘ ਸਿੱਧੂ ਦੀ ਜੀਵਨਂੀ ‘ਸਰਪੰਚ ਤੋਂ ਡੀ.ਸੀ.ਤੱਕ’ ਨੌਜਵਾਨਾ ਲਈ ਪ੍ਰੇਰਨਾਸ੍ਰੋਤ
ਉਜਾਗਰ ਸਿੰਘ
ਪੰਜਾਬੀ ਵਿੱਚ ਜੀਵਨੀ ਸਾਹਿਤ ਵੱਡੀ ਮਾਤਰਾ ਵਿੱਚ ਲਿਖਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਜੀਵਨੀਆਂ ਪੰਜਾਬੀ ਦੇ ਸਾਹਿਤਕਾਰਾਂ ਦੀਆਂ ਹਨ। ਹਰ ਵਿਅਕਤੀ ਇਹ ਸੋਚਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਮਾਅਰਕੇ ਮਾਰੇ ਹਨ। ਉਨ੍ਹਾਂ ਜ਼ਰੂਰ ਵੱਡੇ ਮਾਅਰਕੇ ਮਾਰੇ ਹੋਣਗੇ ਪ੍ਰੰਤੂ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਉਨ੍ਹਾਂ ਦੀ ਜੀਵਨੀ ਤੋਂ ਸਮਾਜ ਨੂੰ ਕੋਈ ਪ੍ਰੇਰਨਾ ਵੀ ਮਿਲਦੀ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਕੁਝ ਸਾਰਥਿਕ ਗ੍ਰਹਿਣ ਕਰ ਸਕੇ। ਮੈਂ ਬਹੁਤ ਸਾਰੀਆਂ ਜੀਵਨੀਆਂ ਪੜ੍ਹਦਾ ਹਾਂ ਤਾਂ ਜੋ ਕੋਈ ਚੰਗੀ ਗੱਲ ਪੱਲੇ ਪੈ ਸਕੇ। ਹੁਣੇ ਜਿਹੇ ਇੱਕ ਵੱਡ ਆਕਾਰੀ ਜੀਵਨੀ ਸਾਹਿਤਕ ਮਾਰਕੀਟ ਵਿੱਚ ਆਈ ਹੈ। ਇਹ ਜੀਵਨੀ ਡਾ.ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ.ਅਧਿਕਾਰੀ ਦੀ ‘ਸਰਪੰਚ ਤੋਂ ਡੀ.ਸੀ.ਤੱਕ’ ਨੂੰ ਪੜ੍ਹਨ ਦਾ ਇਤਫ਼ਾਕ ਹੋਇਆ। ਹਰ ਪਾਠਕ ਇਤਨੀ ਵੱਡੀ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਹਿਚਕਚਾਹਟ ਮਹਿਸੂਸ ਕਰੇਗਾ ਕਿਉਂਕਿ ਕਿਹਾ ਜਾਂਦਾ ਹੈ ਕਿ ਇੰਟਰਨੈਟ ਦੇ ਜ਼ਮਾਨੇ ਵਿੱਚ ਲੋਕਾਂ ਦੀ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ ਪ੍ਰੰਤੂ ਮੈਨੂੰ 115 ਚੈਪਟਰਾਂ ਵਾਲੀ ਇਸ ਜੀਵਨੀ ਨੂੰ ਪੜ੍ਹਦਿਆਂ ਸਗੋਂ ਉਤਸੁਕਤਾ ਵੱਧਦੀ ਰਹੀ, ਹਰ ਚੈਪਟਰ ਇੱਕ ਦੂਜੇ ਨਾਲੋਂ ਵਧੇਰੇ ਦਿਲਚਸਪ ਲੱਗਿਆ। ਹਰ ਚੈਪਟਰ ਤੋਂ ਪਹਿਲਾਂ ਹਰਕੇਸ਼ ਸਿੰਘ ਸਿੱਧੂ ਨੇ ਇੱਕ ਸ਼ਿਅਰ ਕਈ ਥਾਂ ‘ਤੇ ਚੈਪਟਰ ਦੇ ਅਖ਼ੀਰ ਵਿੱਚ ਵੀ ਦਿੱਤਾ ਹੈ, ਉਹ ਸ਼ਿਅਰ ਉਸ ਚੈਪਟਰ ਦਾ ਸਾਰੰਸ਼ ਹੁੰਦੇ ਹਨ। ਇਹ ਸ਼ਿਅਰ ਵਰਤਮਾਨ ਪ੍ਰਣਾਲੀ ਦਾ ਪਰਦਾ ਫਾਸ਼ ਕਰਦੇ ਹਨ। ਹਰਕੇਸ਼ ਸਿੰਘ ਸਿੱਧੂ ਸਾਹਿਬ ਨੂੰ ਇਨ੍ਹਾਂ ਸ਼ਿਅਰਾਂ ਦੀ ਇੱਕ ਵੱਖਰੀ ਪੁਸਤਕ ਪ੍ਰਕਾਸ਼ਤ ਕਰਵਾਉਣੀ ਚਾਹੀਦੀ ਹੈ। ਇਹ ਪੁਸਤਕ ਜੀਵਨੀ ਨਾਲੋਂ ਜੀਵਨ ਜਾਚ ਵਧੇਰੇ ਲੱਗਦੀ ਹੈ ਪ੍ਰੰਤੂ ਕੁਝ ਚੈਪਟਰ ਅਜਿਹੇ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਸਫ਼ਰਨਾਮਾ ਲੱਗਦਾ ਹੈ। ਲਗਪਗ ਹਰ ਚੈਪਟਰ ਵਿੱਚੋਂ ਪਾਠਕਾਂ ਨੂੰ ਪ੍ਰੇਰਨਾ ਮਿਲਦੀ ਹੈ। ਹਰਕੇਸ਼ ਸਿੰਘ ਸਿੱਧੂ ਦਾ ਸਿਧਾਂਤ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ‘ਤੇ ਜਿਊਣਾ ਵੱਡੀ ਗੱਲ ਹੈ। ਆਮ ਤੌਰ ‘ਤੇ ਸਰਕਾਰੀ ਮੁਲਾਜ਼ਮ ਅਜਿਹਾ ਨਹੀਂ ਕਰਦੇ, ਸਗੋਂ ਭ੍ਰਿਸ਼ਟਾਚਾਰੀ ਅਧਿਕਾਰੀਆਂ ਦੇ ਥੱਲੇ ਲੱਗਕੇ ਆਪ ਵੀ ਭ੍ਰਿਸ਼ਟਾਚਾਰ ਕਰਨ ਲੱਗ ਜਾਂਦੇ ਹਨ। ਹਰਕੇਸ਼ ਸਿੰਘ ਸਿੱਧੂ ਦੀ ਜਵੀਨੀ ਦੀ ਸਭ ਤੋਂ ਵੱਡੀ ਪ੍ਰੇਰਨਾ ਇਹੋ ਮਿਲਦੀ ਹੈ ਕਿ ਜੇਕਰ ਅਸੀਂ ਸਮਾਜਕ ਤੇ ਪ੍ਰਸ਼ਾਸ਼ਕੀ ਪ੍ਰਣਾਲੀ ਵਿੱਚ ਬਦਲਾਓ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਹੱਕ ਤੇ ਸੱਚ ਤੇ ਪਹਿਰਾ ਦੇ ਕੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਬਚਨਵੱਧ ਹੋਣਾ ਪਵੇਗਾ। ਇਨਸਾਫ ਪਸੰਦ ਬਣਨਾ ਪਵੇਗਾ। ਜਦੋਂ ਤੁਸੀਂ ਇਨਸਾਫ ਦੇ ਸਿਧਾਂਤ ‘ਤੇ ਪਹਿਰਾ ਦੇਵੋਗੇ ਤਾਂ ਭ੍ਰਿਸ਼ਟਾਚਾਰ ਆਪਣੇ ਆਪ ਖ਼ਤਮ ਹੋ ਜਾਵੇਗਾ। ਜੀਵਨੀਕਾਰ ਨੇ ਪ੍ਰਸ਼ਾਸ਼ਨਕ ਪ੍ਰਣਾਲੀ ਦਾ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸ ਦਾ ਪਰਦਾ ਫਾਸ਼ ਨਾ ਕੀਤਾ ਹੋਵੇ। ਇਹ ਸਵੈ ਜੀਵਨੀ ਨੌਜਵਾਨਾ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਸਰਪੰਚ ਤੋਂ ਡੀ.ਸੀ.ਤੱਕ ਪਹੁੰਚਣਾ ਬੜਾ ਔਖਾ, ਅਜੀਬ ਤੇ ਕਾਲਪਨਿਕ ਜਿਹਾ ਲੱਗਦਾ ਹੈ, ਜਿਵੇਂ ਸਾਹਿਤਕਾਰ ਦਿਲਚਸਪੀ ਪੈਦਾ ਕਰਨ ਲਈ ਆਪਣੀਆਂ ਰਚਨਾਵਾਂ ਵਿੱਚ ਕਾਲਪਨਿਕ ਗੱਲਾਂ ਸ਼ਾਮਲ ਕਰ ਦਿੰਦੇ ਹਨ ਪ੍ਰੰਤੂ ਇਹ ਜੀਵਨੀ ਇੱਕ ਸਚਾਈ ਤੇ ਨਿੱਜੀ ਤਜ਼ਰਬੇ ‘ਤੇ ਅਧਾਰਤ ਹੈ। ਇਹ ਜੀਵਨੀ ਪੜ੍ਹਕੇ ਇਹ ਵੀ ਪਤਾ ਲੱਗਦਾ ਹੈ ਕਿ ਇਮਾਨਦਾਰ ਵਿਅਕਤੀਆਂ ਦੇ ਦੁਸ਼ਮਣ ਵੀ ਬਹੁਤ ਬਣਦੇ ਹਨ ਪ੍ਰੰਤੂ ਜੇਕਰ ਇਨ੍ਹਾਂ ਦੁਸ਼ਮਣਾ ਦੇ ਡਰ ਕਰਕੇ ਵਿਅਕਤੀ ਥਿੜ੍ਹਕ ਜਾਵੇ ਤਾਂ ਉਹ ਭ੍ਰਿਸ਼ਟਾਚਾਰੀਆਂ ਦਾ ਮਦਦਗਾਰ ਬਣ ਜਾਂਦਾ ਹੈ। ਹਰਕੇਸ਼ ਸਿੰਘ ਸਿੱਧੂ ਥਿੜ੍ਹਕਿਆ ਨਹੀਂ ਸਗੋਂ ਹੋਰ ਜੋਸ਼ ਤੇ ਹੋਸ਼ ਨਾਲ ਇਮਾਨਦਾਰੀ ਦੀ ਪਹਿਰੇਦਾਰੀ ਕਰਦਾ ਰਿਹਾ ਹੈ।
ਹਰਕੇਸ਼ ਸਿੰਘ ਸਿੱਧੂ ਸੋਨੇ ਦੇ ਚਮਚੇ ਦੀ ਗੁੜ੍ਹਤੀ ਲੈ ਕੇ ਜੰਮਿ੍ਹਆਂ ਨਹੀਂ ਸਗੋਂ ਪਛੜੇ ਇਲਾਕੇ ਦੇ ਸਾਧਾਰਨ ਦਿਹਾਤੀ ਜੱਟ/ਕਿਸਾਨ ਪਰਿਵਾਰ ਵਿੱਚ ਜਨਮਿਆਂ ਉਹ ਦੁੱਖਾਂ ਤਕਲੀਫ਼ਾਂ ਦਾ ਮੁਕਾਬਲਾ ਤੇ ਤਲਖ ਹਕੀਕਤਾਂ ਦਾ ਸਾਹਮਣਾ ਕਰਦਿਆਂ, ਪਿੰਡਾਂ ਵਿੱਚ ਵਿਦਿਅਕ ਸਹੂਲਤਾਂ ਦੀ ਅਣਹੋਂਦ ਦੇ ਬਾਵਜੂਦ ਲੈਂਡ ਮਾਰਗੇਜ ਬੈਂਕ ਦਾ ਕਲਰਕ, ਮਾਲਵਾ ਮਿਲਕ ਯੂਨੀਅਨ ਸੰਗਰੂਰ ਦਾ ਡਾਇਰੈਕਟਰ, ਸਰਕਾਰੀ ਵਕੀਲ, ਸੁਨਾਮ ਬਾਰ ਐਸੋਸੀਏਸ਼ਨ ਦਾ ਪ੍ਰਧਾਨ, ਲਾਅ ਕਾਲਜ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ, ਸਰਪੰਚ, ਪੀ.ਸੀ.ਐਸ., ਆਈ.ਏ.ਐਸ.ਬਣਨਾ ਤੇ ਫਿਰ ਇੱਕ ਨਹੀਂ ਤਿੰਨ-ਤਿੰਨ ਜ਼ਿਲਿ੍ਹਆਂ ਦਾ ਡਿਪਟੀ ਕਮਿਸ਼ਨਰ ਬਣਕੇ ਆਪਣੇ ਆਪ ਵਿੱਚ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹੈ। ਇਸ ਤੋਂ ਅਣਖ਼ ਨਾਲ ਜੀਵਨ ਬਤੀਤ ਕਰਨ ਦਾ ਹੌਸਲਾ ਵੀ ਮਿਲਦਾ ਹੈ। ਬਚਪਨ ਵਿੱਚ 2 ਸਾਲ ਦੀ ਉਮਰ ਵਿੱਚ ਹੀ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ, ਆਪਣਿਆਂ ਨੇ ਹੀ ਪਰਿਵਾਰਿਕ ਜਾਇਦਾਦ ਹੜੱਪ ਕਰ ਲਈ ਤੇ ਫਿਰ ਨਾਨਕੇ ਘਰ ਰਹਿਕੇ ਆਪਣੇ ਨਾਨੇ ਦੀ ਰਹਿਨੁਮਾਈ ਹੇਠ ਪੜ੍ਹਾਈ ਕੀਤੀ। ਉਸਦਾ ਨਾਨਾ ਧਾਰਮਿਕ ਖਿਆਲਾਂ ਦਾ ਵਿਅਕਤੀ ਸੀ, ਜਿਸਦੀ ਇਮਾਨਦਾਰੀ ਦੀ ਪ੍ਰਵਿਰਤੀ ਨੇ ਹਰਕੇਸ਼ ਸਿੰਘ ਸਿੱਧੂ ਦੇ ਜੀਵਨ ਨੂੰ ਹੱਕ ਸੱਚ ਤੇ ਇਮਾਨਦਾਰੀ ਤੇ ਪਹਿਰਾ ਦੇਣ ਦਾ ਰਾਹ ਵਿਖਾਇਆ। ਪਿੰਡ ਦੇ ਲੋਕਾਂ ਦੀਆਂ ਚੁੱਭਵੀਆਂ ਟਕੋਰਾਂ ਵੀ ਬਰਦਾਸ਼ਤ ਕੀਤੀਆਂ, ਜਿਨ੍ਹਾਂ ਨੇ ਉਚ ਅਹੁਦੇ ‘ਤੇ ਪਹੁੰਚਣ ਦੀ ਖੁੰਦਕ ਪੈਦਾ ਕੀਤੀ। ਬੀ.ਏ.ਪ੍ਰਾਈਵੇਟ, ਲਾਅ ਈਵਨਿੰਗ ਕਲਾਸ, ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿੱਚ ਪੋਸਟ ਗ੍ਰੈਜੂਏਸ਼ਨ, ਬਿਜ਼ਨਸ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਸ਼ਨ, ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਅਤੇ ਇੰਡਸਟਰੀਲ ਰਿਲੇਸ਼ਨ, ਐਮ.ਏ. ਤੇ ਫਿਰ ਪੀ.ਐਚ.ਡੀ ਦੀ ਪੜ੍ਹਾਈ ਕੀਤੀ। ਪੜ੍ਹਾਈ ਦੇ ਨਾਲ ਹੀ ਵਿਦਿਆਰਥੀ ਨੇਤਾਗਿਰੀ ਵੀ ਕੀਤੀ। ਇਹ ਸਾਰੀਆਂ ਪ੍ਰਾਪਤੀਆਂ ਨਿਸ਼ਾਨਾ ਨਿਸਚਤ ਕਰਨ, ਲਗਨ, ਮਿਹਨਤ, ਦ੍ਰਿੜ੍ਹਤਾ ਅਤੇ ਜਦੋਜਹਿਦ ਦਾ ਨਤੀਜਾ ਹਨ। ਅਜਿਹੇ ਮਹੱਤਵਪੂਰਨ ਉਚ ਅਹੁਦਿਆਂ ‘ਤੇ ਹੁੰਦਿਆਂ ਭ੍ਰਿਸ਼ਟਾਚਾਰ ਦੇ ਮਕੜਜਾਲ ਦੇ ਸਮੇਂ ਇਮਾਨਦਾਰ ਰਹਿਣਾ ਆਪਣੇ ਆਪ ਵਿੱਚ ਵਿਲੱਖਣ ਗੱਲ ਹੈ।
ਹਰਕੇਸ਼ ਸਿੰਘ ਸਿੱਧੂ ਦੀ ਇਹ ਸਿਰਫ ਜੀਵਨੀ ਹੀ ਨਹੀਂ ਸਗੋਂ ਇਸ ਵਿੱਚ ਉਸ ਨੇ ਆਪਣੇ ਤਜ਼ਰਬਿਆਂ ਦੇ ਆਧਾਰ ‘ਤੇ ਪ੍ਰਸ਼ਾਸ਼ਨਿਕ, ਨਿਆਇਕ, ਪੁਲਿਸ, ਸਿਹਤ, ਮਾਲ ਅਤੇ ਹੋਰ ਵਿਭਾਗਾਂ ਦੀ ਪ੍ਰਣਾਲੀ ਦੀਆਂ ਚੋਰ ਮੋਰੀਆਂ ਦੇ ਵੀ ਪਰਦੇ ਫਾਸ਼ ਕੀਤੇ ਹਨ, ਜਿਨ੍ਹਾਂ ਵਿੱਚ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ। ਬਹੁਤੇ ਡਿਪਟੀ ਕਮਿਸ਼ਨਰਾਂ/ਮਾਲ ਅਧਿਕਾਰੀਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਖ਼ਰਚੇ ਮਾਲ ਵਿਭਾਗ ਵੱਲੋਂ ਵਗਾਰਾਂ ਰਾਹੀਂ ਕੀਤੇ ਜਾਂਦੇ ਹਨ, ਫਿਰ ਅਧਿਕਾਰੀ ਲੋਕਾਂ ਨਾਲ ਇਨਸਾਫ਼ ਕਿਵੇਂ ਕਰਨਗੇ? ਡਿਪਟੀ ਕਮਿਸ਼ਨਰਾਂ ਦੀ ਪ੍ਰਸ਼ਾਸ਼ਨਿਕ ਪ੍ਰਣਾਲੀ ਦਾ ਪਰਦਾ ਫਾਸ ਕੀਤਾ ਹੈ। ਪਿੰਡਾਂ ਵਿੱਚ ਸ਼ਰੀਕੇਬਾਜ਼ੀ, ਜ਼ੋਰ ਜਬਰਦਸਤੀ, ਜ਼ਮੀਨ ਜਾਇਦਾਦ ਦੇ ਝਗੜੇ, ਘਰੇਲੂ ਲੜਾਈਆਂ, ਡੇਰਾਵਾਦ ਦੇ ਵਾਦਵਿਵਾਦ, ਸਕੱਤਰੇਤ ਦੇ ਬਾਬੂਆਂ ਦੀ ਭ੍ਰਿਸ਼ਟ ਸੋਚ, ਨਵੇਂ ਅਧਿਕਾਰੀਆਂ ਦੇ ਚੋਚਲੇ, ਗ਼ਲਤੀ ਨੂੰ ਸੁਧਾਰਨਾ, ਅਧਿਕਾਰੀਆਂ ਦਾ ਇੱਕ ਦੂਜੇ ਨੂੰ ਠਿੱਬੀ ਲਾਉਣਾ, ਕੰਮ ਦੀ ਕਦਰ, ਪਰਜਾਤੰਤਰ ਵਿੱਚ ਲੁੱਟ ਘਸੁੱਟ ਦਾ ਬੋਲਬਾਲਾ, ਕਿਸਾਨਾਂ ਦੀ ਵਿਆਹਾਂ ‘ਤੇ ਕਰਜ਼ੇ ਲੈ ਕੇ ਫ਼ਜ਼ੂਲ ਖ਼ਰਚੀ, ਖੇਤੀ ਘਾਟੇ ਦਾ ਸੌਦਾ, ਪੰਜਾਬੀਆਂ ਦੀ ਭੇਡ ਚਾਲ ਦੀ ਪ੍ਰਵਿਰਤੀ, ਬਹੁਤੇ ਸਰਕਾਰੀ ਅਧਿਕਾਰੀਆਂ ਦੀ ਬਦਨੀਤੀ, ਸਰਕਾਰੀ ਨੌਕਰੀ ਵੀ ਤਿਗੜਮਬਾਜ਼ੀ ਆਦਿ ਦਾ ਵੀ ਵਰਣਨ ਕੀਤਾ ਗਿਆ ਹੈ। ਇੱਕ ਕਿਸਮ ਨਾਲ ਸਫਲ ਜ਼ਿੰਦਗੀ ਜਿਓਣ ਲਈ ਨਮੂਨਾ ਪੇਸ਼ ਕੀਤਾ ਹੈ। ਪ੍ਰਸ਼ਾਸ਼ਨਿਕ ਉਚ ਅਹੁਦੇ ‘ਤੇ ਹੁੰਦਿਆਂ ਇਮਾਨਦਾਰ ਰਹਿਣਾ ਤਲਵਾਰ ਦੀ ਧਾਰ ‘ਤੇ ਚਲਣ ਦੇ ਬਰਾਬਰ ਹੁੰਦਾ ਹੈ।
ਹਰਕੇਸ਼ ਸਿੰਘ ਸਿੱਧੂ ਨੇ ਸਾਰੀ ਨੌਕਰੀ ਦੌਰਾਨ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਉਸਨੂੰ ਅਨੇਕਾਂ ਵਾਰ ਵੱਡੇ ਸਿਆਸਤਦਾਨਾ ਅਤੇ ਸੀਨੀਅਰ ਅਧਿਕਾਰੀਆਂ ਨੇ ਗ਼ਲਤ ਕੰਮ ਕਰਨ ਲਈ ਜ਼ੋਰ ਪਾਇਆ। ਹਰ ਵਾਰੀ ਹਰਕੇਸ਼ ਸਿੰਘ ਸਿੱਧੂ ਗ਼ਲਤ ਹੁਕਮਾ ਦਾ ਵਿਰੋਧ ਕਰਕੇ ਆਪਣੀ ਅੜੀ ਪੁਗਾਉਂਦਾ ਰਿਹਾ। ਜਿਥੇ ਵੀ ਉਸ ਦੀ ਨਿਯੁਕਤੀ ਹੁੰਦੀ ਉਥੇ ਹੀ ਭਰਿਸ਼ਟਾਚਾਰੀਆਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ। ਭ੍ਰਿਸ਼ਟਾਚਾਰੀਆਂ ਨੂੰ ਉਹ ਨੰਗਾ ਕਰ ਦਿੰਦਾ। ਸਰਕਾਰਾਂ ਵਿੱਚ ਹੋ ਰਹੇ ਘਾਲੇ ਮਾਲੇ ਉਸ ਨੇ ਲੋਕ ਕਚਹਿਰੀ ਵਿੱਚ ਲਿਆਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜੇ ਸਾਰੇ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਦੀ ਤਰ੍ਹਾਂ ਆਪਣੇ ਫਰਜ ਨਿਭਾਉਣ ਤਾਂ ਭਾਰਤ ਵਿੱਚ ਵੀ ਰਾਮ ਰਾਜ ਆ ਸਕਦਾ ਹੈ। ਭਾਰਤ ਦੇ ਪਰਜਾਤੰਤਰ ਦੀ ਹਾਲਤ ਵੇਖੋ ਆਪੇ ਸਿਆਸਤਦਾਨ ਤੇ ਅਧਿਕਾਰੀ ਸਰਕਾਰ ਦੀ ਆਮਦਨ ਵਧਾਉਣ ਦੇ ਉਪਰਾਲੇ ਕਰਨ ਲਈ ਕਹਿੰਦੇ ਹਨ, ਜਦੋਂ ਭ੍ਰਿਸ਼ਟਾਚਾਰੀ ਪਕੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਛੱਡਣ ਦੀ ਤਾਕੀਦ ਕਰਦੇ ਹਨ। ਅਧਿਕਾਰੀ ਅਤੇ ਸਿਆਸਤਦਾਨਾ ਦੀ ਮਿਲੀ ਭੁਗਤ ਹੁੰਦੀ ਹੈ। ਹਰਕੇਸ਼ ਸਿੰਘ ਸਿੱਧੂ ਦੀ ਕਮਾਲ ਇਸੇ ਵਿੱਚ ਸੀ ਕਿ ਉਹ ਗ਼ਲਤ ਹੁਕਮ ਅਣਡਿਠ ਕਰ ਦਿੰਦਾ ਸੀ ਭਾਵੇਂ ਉਸ ਨੂੰ ਇਸ ਦਾ ਨੁਕਸਾਨ ਵੀ ਉੁਠਾਉਣਾ ਪੈਂਦਾ ਸੀ। ਸਿਆਸਤਦਾਨ ਚੋਰੀ, ਠੱਗੀ, ਧੋਖਾ ਫ਼ਰੇਬ ਦੇ ਹਿੱਸੇਦਾਰ ਬਣਦੇ ਹਨ। ਦਫ਼ਤਰਾਂ ਦੀ ਪ੍ਰਣਾਲੀ ਚੰਗੀਆਂ ਯੋਜਨਾਵਾਂ ਨੂੰ ਸਿਰੇ ਨਹੀਂ ਚੜ੍ਹਨ ਦਿੰਦੀ। ਸੂਚਨਾ ਪ੍ਰਣਾਲੀ ਲਾਗੂ ਕਰਨ ਵਿੱਚ ਅਧਿਕਾਰੀ ਢਿੱਲ ਮੱਠ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਗ਼ਲਤ ਕੰਮਾ ਦੀ ਜਾਣਕਾਰੀ ਮਿਲਦੀ ਹੈ। ਇਸ ਜੀਵਨੀ ਦਾ ਇੱਕ ਹਿੱਸਾ ਹਰਕੇਸ਼ ਸਿੰਘ ਸਿੱਧੂ ਦਾ ਸਬਫ਼ਰਨਾਮਾ ਵੀ ਹੈ, ਜਿਸ ਵਿੱਚ ਉਸਨੇ ਪਰਵਾਸ ਦੀ ਜੀਵਨ ਸ਼ੈਲੀ, ਰੋਜ਼ਗਾਰ, ਵਿਓਪਾਰ ਅਤੇ ਖੇਤੀ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਹਰਕੇਸ਼ ਸਿੰਘ ਸਿੱਧੂ ਦੀ ਆਪਣੀ ਵਿਚਾਰਧਾਰਾ ਹੈ, ਇਸ ਜੀਵਨੀ ਵਿੱਚ ਕਈ ਥਾਂ ਉਸਨੇ ਆਪਣੀ ਵਿਚਾਰਧਾਰਾ ਦਾ ਭਾਸ਼ਣ ਵੀ ਲਿਖ ਦਿੱਤਾ ਜਿਸ ਕਰਕੇ ਇਹ ਜੀਵਨੀ ਵੱਡੀ ਬਣ ਗਈ। ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਜੀਵਨੀ ਨੌਜਵਾਨ ਪੀੜ੍ਹੀ ਲਈ ਵਰਦਾਰਨ ਸਾਬਤ ਹੋ ਸਕਦੀ ਹੈ। ਇਸ ਲਈ ਨੌਜਵਾਨਾ ਇਹ ਪੁਸਤਕ ਪੜ੍ਹਨ ਦੀ ਤਾਕੀਦ ਕਰਦਾ ਹਾਂ।
425 ਪੰਨਿਆਂ, 500 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.