ਇਹ ਤਕਰੀਬਨ 25 -30 ਸਾਲ ਪੁਰਾਣੀਆਂ ਗੱਲਾਂ ਹਨ ਉਸ ਸਮੇਂ ਘਰ ਵਿੱਚ ਟੈਲੀਫੋਨ ਹੋਣਾ ਇੱਕ ਖਾਸ ਸਟੇਟਸ ਸਿੰਬਲ ਮੰਨਿਆ ਜਾਂਦਾ ਸੀ, ਉਸ ਸਮੇਂ ਟੈਲੀਫੋਨ ਲਗਾਉਣਾ ਬੜਾ ਹੀ ਔਖਾ ਕੰਮ ਸੀ ਅਤੇ ਕਿੰਨੇ ਸਾਲ ਅਪਲਾਈ ਕਰਨ ਤੋਂ ਬਾਅਦ ਵੀ ਕਿਸੇ ਨੇਤਾ ਜਾਂ ਉੱਚ ਅਧਿਕਾਰੀ ਦੀ ਸਿਫਾਰਸ਼ ਲਗਾਉਣੀ ਪੈਂਦੀ ਸੀ, ਫੇਰ ਜਾ ਕੇ ਕਿਤੇ ਟੈਲੀਫੋਨ ਲੱਗਦਾ ਸੀ। ਜ਼ਿਕਰ ਹੈ ਕਿ ਉਸ ਵੇਲੇ ਟੈਲੀਫੋਨ ਲਗਾਉਣ ਲਈ ਤਾਰਾਂ ਪਾਉਣੀਆਂ ਪੈਂਦੀਆਂ ਸੀ ਤੇ ਇੱਕ ਵਿੱਚ ਜਿੰਨੀਆਂ ਤਾਰਾਂ ਹੁੰਦੀਆਂ ਉਹਨੇ ਕਨੈਕਸ਼ਨ ਦੇ ਟੈਲੀਫੋਨ ਲੱਗਦੇ ਸਨ। ਜਦੋਂ ਨਵਾਂ ਟੈਲੀਫੋਨ ਲੱਗਦਾ ਸਾਰੇ ਪਰਿਵਾਰ ਨੂੰ ਚਾਅ ਜਿਹਾ ਹੀ ਚੜ੍ਹ ਜਾਂਦਾ । ਟੈਲੀਫੋਨ ਘਰ ਦੀ ਇਹੋ ਜਿਹੀ ਜਗ੍ਹਾ ਤੇ ਰੱਖਿਆ ਜਾਂਦਾ ਸੀ ਜਿੱਥੇ ਹਰ ਆਉਣ ਜਾਣ ਵਾਲ਼ੇ ਦੀ ਨਜ਼ਰ ਸਿੱਧੀ ਟੈਲੀਫੋਨ ਤੇ ਪਵੇ ,ਟੈਲੀਫੋਨ ਲਈ ਇੱਕ ਖਾਸ ਪੱਟਾ ਮਿਸਤਰੀ ਤੋਂ ਬਣਾ ਕੇ ਕੰਧ ਵਿੱਚ ਲਗਾਇਆ ਜਾਂਦਾ ਸੀ। ਟੈਲੀਫੋਨ ਨੂੰ ਰੱਖਣ ਤੋਂ ਪਹਿਲਾਂ ਪੱਟੇ ਦੇ ਥੱਲੇ ਕੋਈ ਕਰੋਸ਼ੀਏ ਨਾਲ਼ ਬੁਣਿਆਂ ਹੋਇਆ ਰੁਮਾਲ ਜਾਂ ਹੱਥ ਨਾਲ ਕੱਢਿਆ ਹੋਇਆ ਕੋਈ ਸੋਹਣਾ ਜਿਹਾ ਕੱਪੜਾ ਵਿਛਾਇਆ ਜਾਂਦਾ ਸੀ । ਟੈਲੀਫੋਨ ਰੱਖਣ ਤੋਂ ਬਾਅਦ ਉਸ ਨੂੰ ਸੋਹਣੇ ਕੱਪੜੇ ਨਾਲ਼ ਢੱਕ ਕੇ ਰੱਖਿਆ ਜਾਂਦਾ ਸੀ ਤਾਂ ਜੋ ਉਸ ਉੱਪਰ ਕੋਈ ਮਿੱਟੀ ਘੱਟਾ ਨਾ ਪਵੇ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਟੈਲੀਫੋਨ ਆਰਾਮਦਾਇਕ ਜਗ੍ਹਾ ਤੇ ਨਹੀਂ ਲਗਾਇਆ ਜਾਂਦਾ ਸੀ, ਸਗੋਂ ਇਹੋ ਜਿਹੀ ਜਗ੍ਹਾ ਤੇ ਲਗਾਇਆ ਜਾਂਦਾ ਸੀ ਕਿ ਆਦਮੀ ਗੱਲ ਖੜ੍ਹਾ ਹੋ ਕੇ ਕਰ ਸਕਦਾ ਹੋਵੇ ਤਾਂ ਜ਼ੋ ਗੱਲਾਂ ਘੱਟ ਤੋਂ ਘੱਟ ਸੰਜਮ ਨਾਲ ਕਰੇ ।
ਪਹਿਲਾਂ ਪਹਿਲ ਜਦੋਂ ਟੈਲੀਫੋਨ ਦੀ ਘੰਟੀ ਵੱਜਦੀ ਘਰ ਦੇ ਸਾਰੇ ਮੈਂਬਰ ਛੋਟੇ ਵੱਡੇ ਤੱਕ ਸਾਰਿਆਂ ਨੂੰ ਹੁੰਦਾ ਕਿ ਟੈਲੀਫੋਨ ਮੈਂ ਚੁੱਕਾ, ਘਰ ਦਾ ਵੱਡਾ ਮੈਂਬਰ ਜਿਸ ਨੂੰ ਟੈਲੀਫੋਨ ਤੇ ਗੱਲ ਕਰਨ ਦਾ ਸਲੀਕਾ ਹੁੰਦਾ ਸੀ, ਉਹ ਸਾਰਿਆਂ ਨੂੰ ਟੈਲੀਫੋਨ ਵਿੱਚ ਗੱਲ ਕਰਨ ਦਾ ਤਰੀਕਾ ਸਿਖਾਉਂਦਾ ਉਹ ਦੱਸਦਾ ਕਿ ਫੋਨ ਚੁੱਕ ਕੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਂਣੀ ਹੈ , ਫੇਰ ਉਸ ਨੂੰ ਪੁੱਛਣਾ ਹੁੰਦਾ ਤੁਸੀਂ ਕੌਣ ਬੋਲਦੇ ਹੋ, ਕਿਸੇ ਅਣਜਾਣੇ ਦਾ ਫੋਨ ਜੇਕਰ ਆਵੇ ਤਾਂ ਪਹਿਲਾਂ ਉਸ ਦਾ ਵੇਰਵਾ ਲੈਣਾ ਹੁੰਦਾ ਤੇ ਕਨਫਰਮ ਹੋਣ ਤੇ ਹੀ ਆਪਣਾ ਵੇਰਵੇ ਦੇਣਾ ਹੈ । ਬਜ਼ੁਰਗ ਇਸ ਬਾਰੇ ਦੱਸਣਾ ਜ਼ਰੂਰੀ ਸਮਝਦੇ ਸਨ ਕਿ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਵੇਰਵੇ ਜਾਂ ਜਾਣਕਾਰੀ ਨਹੀਂ ਦੇਣੀ ।
ਜਿਸ ਦੇ ਘਰ ਟੈਲੀਫੋਨ ਹੁੰਦਾ ਤਾਂ ਉਹ ਸਮਾਜ ਵਿੱਚ ਫਕਰ ਨਾਲ ਦੱਸਦਾ ਕਿ ਸਾਡੇ ਘਰ ਟੈਲੀਫੋਨ ਲੱਗਿਆ ਹੋਇਆ ਜਦੋਂ ਕਿਸੇ ਦੇ ਘਰ ਵਿਆਹ ਲਈ ਕੋਈ ਰਿਸ਼ਤਾ ਪੱਕਾ ਹੁੰਦਾ ਤਾਂ ਘਰ ਟੈਲੀਫੋਨ ਲੱਗਿਆ ਕਰਕੇ ਕੁੜੀ ਜਾ ਮੁੰਡੇ ਵਾਲ਼ੇ ਮਾਣ ਮਹਿਸੂਸ ਕਰਦੇ ਕਿ ਸਾਡੇ ਨਵੇਂ ਰਿਸ਼ਤੇਦਾਰਾਂ ਦੇ ਘਰੇ ਟੈਲੀਫੋਨ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਗੁਆਂਢੀਆਂ ਜਾਂ ਦੁਕਾਨਦਾਰ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਡੇ ਗੁਆਂਢੀਆਂ ਦੇ ਘਰ ਟੈਲੀਫੋਨ ਲੱਗਿਆ ਹੋਇਆ ਹੈ ।ਜਦੋਂ ਕੋਈ ਵੀ ਗੁਆਂਢੀ ਜਾਂ ਦੁਕਾਨਦਾਰ ਆਪਣਾ ਵਿਜ਼ਟਿੰਗ ਕਾਰਡ ਜਾਂ ਵਿਆਹ ਦੇ ਕਾਰਡ ਛਪਾਉਣ ਵੇਲੇ ਟੈਲੀਫੋਨ ਨੰਬਰ ਦੇ ਨਾਲ਼ ਪੀਪੀ ਲਿਖਵਾ ਦਿੰਦੇ ਸਨ , ਪੀ ਪੀ ਤੋਂ ਭਾਵ ਪੜੋਸੀ ਦਾ ਫੋਨ, ਤਕਰੀਬਨ ਆਲੇ ਦੁਆਲੇ ਗੁਆਂਢੀਆਂ ਨੇ ਆਪਣੇ ਫੋਨ ਲੱਗੇ ਗੁਆਂਢੀ ਦਾ ਟੈਲੀਫੋਨ ਨੰਬਰ ਹੀ ਆਪਣੇ ਦੋਸਤ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਦਿੱਤਾ ਹੁੰਦਾ ਸੀ। ਜਦੋਂ ਕਦੇ ਵੀ ਗੁਆਂਢੀ ਦੇ ਰਿਸ਼ਤੇਦਾਰ ਦਾ ਫੋਨ ਆਉਂਦਾ ਤਾਂ ਉਹਨਾਂ ਦੇ ਚਾਹ ਪਾਣੀ ਦਾ ਧਿਆਨ ਵੀ ਰੱਖਿਆ ਜਾਂਦਾ ਸੀ। ਕਈ ਵਾਰ ਫੋਨ ਰਾਤ ਦੇ 9 ਵਜੇ,10 ਵਜੇ ,11 ਵਜੇ ਆਉਂਦਾ ਤਾਂ ਟੈਲੀਫੋਨ ਦਾ ਮਾਲਕ ਜ਼ਰੂਰ ਆਪਣੇ ਗੁਆਂਢੀ ਨੂੰ ਸੱਦ ਕੇ ਲਿਆਂਦਾ, ਜਿਸ ਨਾਲ਼ ਇੱਕ ਦੂਜੇ ਦੇ ਘਰ ਆਉਣ ਜਾਣਾ ਵੀ ਬਣਿਆ ਰਹਿੰਦਾ। ਜੇਕਰ ਟੈਲੀਫੋਨ ਦੇ ਬਿੱਲ ਦੀ ਗੱਲ ਕਰੀਏ ਤਾਂ ਟੈਲੀਫੋਨ ਦੇ ਬਿੱਲ ਗੱਲ ਦੀ ਲੰਬਾਈ ਅਨੁਸਾਰ ਆਉਂਦਾ ਸੀ। ਜਿਹੜੇ ਪਰਿਵਾਰ ਟੈਲੀਫੋਨ ਦੀ ਵਰਤੋਂ ਸੰਜਮ ਨਾਲ ਕਰਦੇ ਸੀ ਉਹਨਾਂ ਦਾ ਬਿੱਲ ਘੱਟ ਆਉਂਦਾ ਸੀ । ਜਿਹੜੇ ਉਸਦੀ ਵਰਤੋਂ ਲੋੜ ਤੋਂ ਵੱਧ ਕਰਦੇ ਸੀ ਉਹਨਾਂ ਦੇ ਬਿੱਲ ਬਹੁਤ ਜ਼ਿਆਦਾ ਆਉਂਦੇ ਸਨ । ਕਈ ਵਾਰ ਘਰ ਦੀਆਂ ਔਰਤਾਂ, ਬਜ਼ੁਰਗ ਜਾਂ ਬੱਚੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਜ਼ਿਆਦਾ ਕਰਨ ਲੱਗ ਪੈਂਦੇ ਸਨ। ਜਿਸ ਕਰਕੇ ਬਿੱਲ ਬਹੁਤ ਹੀ ਜ਼ਿਆਦਾ ਆ ਜਾਂਦਾ ਸੀ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾ ਹੋਣ ਲੱਗ ਪਈਆਂ ਤਾਂ ਟੈਲੀਫੋਨ ਨੂੰ ਜਿੰਦਰੇ ਲਗਾਣੇ ਸ਼ੁਰੂ ਕਰ ਦਿੱਤੇ ,ਇੱਕ ਤਰ੍ਹਾਂ ਦਾ ਲੱਕੜ ਦਾ ਜਾ ਲੋਹੇ ਦਾ ਬਕਸਾ ਬਣਿਆ ਹੁੰਦਾ ਸੀ ਤੇ ਉਸ ਦੇ ਵਿੱਚ ਟੈਲੀਫੋਨ ਰੱਖ ਕੇ ਜਿੰਦਰਾ ਲਗਾ ਦਿੱਤਾ ਜਾਂਦਾ ਸੀ। ਇਸ ਦੀ ਖਾਸੀਅਤ ਇਹ ਸੀ ਕਿ ਟੈਲੀਫੋਨ ਰਿਸੀਵਰ ਚੁੱਕ ਕੇ ਸੁਣ ਸਕਦੇ ਸਨ, ਫੋਨ ਡਾਇਲ ਨਹੀਂ ਕਰ ਸਕਦੇ ਸੀ ਕਿਉਂਕਿ ਨੰਬਰ ਡਾਇਲ ਤੇ ਜਿੰਦਰਾ ਲੱਗਿਆ ਹੁੰਦਾ ਸੀ, ਕੁਝ ਸ਼ਰਾਰਤੀ ਅਨਸਰ ਫੋਨ ਦੀਆਂ ਤਾਰਾਂ ਪਿੱਛੇ ਵੀ ਕੱਟ ਮਾਰ ਕੇ ਰਿਸੀਵਰ ਲਗਾ ਕੇ ਚੋਰੀ ਨਾਲ ਗੱਲਾਂ ਕਰਦੇ ਸਨ,ਜਿਸ ਨਾਲ ਟੈਲੀਫੋਨ ਮਾਲਕਾਂ ਨੂੰ ਬਿੱਲ ਜ਼ਿਆਦਾ ਆਉਂਦਾ ਸੀ ਤਾਂ ਟੈਲੀਫੋਨ ਐਕਸਚੇਂਜ ਤੋਂ ਫੋਨ ਦੀ ਸਾਰੀ ਡਿਟੇਲ ਕਢਵਾ ਲਈ ਜਾਂਦੀ ਸੀ ਜਿਸ ਤੋਂ ਪਤਾ ਲੱਗਦਾ ਸੀ ਕਿਹੜੇ ਕਿਹੜੇ ਮੈਂਬਰ ਨੇ ਕਿਸ ਕਿਸ ਨੰਬਰ ਤੇ ਕਦੋਂ ਕਦੋਂ ਗੱਲ ਕੀਤੀ ਹੈ। ਜਿਸ ਨਾਲ਼ ਘਰ ਵਿੱਚ ਵਾਦ ਵਿਵਾਦ ਅਤੇ ਕਲੇਸ਼ ਵੀ ਛਿੜ ਜਾਂਦਾ ਸੀ। ਵਾਦ ਵਿਵਾਦ ਤੋਂ ਬਾਅਦ ਟੈਲੀਫ਼ੋਨ ਨੂੰ ਜਿੰਦਾ ਲਗਾ ਦਿੱਤਾ ਜਾਂਦਾ ਸੀ ।ਜਿਸਦੀ ਚਾਬੀ ਘਰ ਦੇ ਮੁਖੀ ਕੋਲ ਹੁੰਦੀ ਸੀ। ਜੇਕਰ ਕੋਈ ਗੁਆਂਢੀ ਘਰ ਫੋਨ ਕਰਨ ਆਉਂਦਾ ਤਾਂ ਇਹ ਕਹਿ ਕੇ ਪੈਂਡਾਂ ਛੁਡਵਾ ਲਿਆ ਜਾਂਦਾ ਸੀ ਕਿ ਚਾਬੀ ਫਲਾਣੇ ਕੋਲ਼ ਹੈ ।ਜੇਕਰ ਕਿਸੇ ਗੁਆਂਢੀ ਨੂੰ ਚਾਬੀ ਦੇਣੀ ਵੀ ਪੈ ਜਾਵੇ ਤਾਂ ਜ਼ਿਆਦਾ ਗੱਲ ਕਰਦੇ ਵੇਖ ਕੇ ਅੱਕ ਕੇ ਕਹਿਣਾ ਪੈਂਦਾ ਸੀ। ਬਸ ਕਰ ਭਾਈ ਬਹੁਤ ਲੰਬੀ ਗੱਲ ਕਰ ਲਈ ਬਿੱਲ ਬਹੁਤ ਜ਼ਿਆਦਾ ਆਵੇਗਾ।,ਜਿਸ ਨਾਲ਼ ਟੈਲੀਫੋਨ ਤੇ ਗੱਲ ਕਰਨ ਵਾਲਾ ਛੇਤੀ ਟੈਲੀਫੋਨ ਕੱਟ ਦਿੰਦਾ ਸੀ । ਸੈੱਲਫੋਨ ਦੇ ਆਉਣ ਨਾਲ ਟੈਲੀਫ਼ੋਨ ਘਰਾਂ ਵਿੱਚ ਲਗਭਗ ਅਲੋਪ ਹੀ ਹੋ ਗਿਆ , ਬੇਚਾਰਾ ਟੈਲੀਫ਼ੋਨ ਇਹੋ ਜਿਹਾ ਖ਼ਤਮ ਹੋਇਆ ਕਿ ਅੱਜ ਤੱਕ ਮੁੜ ਕੇ ਨਹੀਂ ਆਇਆ। ਜੋ ਕਿ ਹੁਣ ਸਿਰਫ਼ ਸ਼ੋਅ ਪੀਸ ਦੀਆਂ ਚੀਜ਼ਾਂ 'ਚ ਜਾ ਸ਼ਾਮਿਲ ਹੋਇਆ। ਅੱਜਕੱਲ ਦੇ ਬੱਚਿਆਂ ਨੂੰ ਟੈਲੀਫ਼ੋਨ ਅਜਾਇਬ ਘਰਾਂ ਦੇ ਵਿੱਚ ਦਿਖਾਈ ਜਾਂਦੇ ਹਨ। ਸੈਲਫੋਨ ਦੇ ਆਉਣ ਨਾਲ਼ ਜਿੱਥੇ ਕੁਝ ਸਕਾਰਾਤਮਕ ਪੱਖ ਹਨ ਉੱਥੇ ਨਕਾਰਾਤਮਕ ਪੱਖ ਵੀ ਬਹੁਤ ਜ਼ਿਆਦਾ ਹਨ। ਸਭ ਤੋਂ ਵੱਧ ਸਮੇਂ ਦੀ ਬਰਬਾਦੀ ਹੁੰਦੀ ਹੈ ਕਿਉਂਕਿ ਇਸ ਵਿੱਚ ਗੱਲਾਂ ਕਰਨਾ ਅਤੇ ਸੁਣਨਾ ਬਿਲਕੁੱਲ ਫਰੀ ਵਾਂਗ ਹਨ ਬੰਦਾ ਘੰਟਿਆਂ ਬਧੀ ਇਸ ਤੇ ਗੱਲ ਕਰਦਾ ਰਹਿੰਦਾ ਹੈ। ਜਿਸ ਨਾਲ਼ ਸਮੇਂ ਦਾ ਪਤਾ ਹੀ ਨਹੀਂ ਚੱਲਦਾ। ਜਿਵੇਂ ਵਿਰਾਸਤ ਦੀਆਂ ਚੀਜ਼ਾਂ ਇਤਿਹਾਸ ਵਿੱਚ ਖੋ ਗਈਆਂ ਉਸੇ ਤਰ੍ਹਾਂ ਟੈਲੀਫੋਨ ਦੀ ਘੰਟੀ ਦੀਆਂ ਆਵਾਜ਼ਾਂ ਵੀ ਇਤਿਹਾਸ ਵਿੱਚ ਖੋ ਗਈਆਂ। ਮੈਨੂੰ ਤਾਂ ਅੱਜ ਵੀ ਆਪਣੇ ਘਰ ਦੇ ਟੈਲੀਫੋਨ ਦੀ ਘੰਟੀ ਦੀ ਆਵਾਜ਼ ਅਤੇ ਆਪਣਾ ਟੈਲੀਫੋਨ ਨੰਬਰ 0164-271204 ਚੰਗੀ ਤਰ੍ਹਾਂ ਯਾਦ ਹੈ, ਕੀ ਤੁਹਾਨੂੰ ਵੀ ਆਪਣੇ ਘਰ ਦਾ ਟੈਲੀਫ਼ੋਨ ਜਾਂ ਕਿਸੇ ਗੁਆਂਢੀ ਦੇ ਘਰ ਦਾ ਟੈਲੀਫੋਨ ਨੰਬਰ ਯਾਦ ਹੈ ......
-
ਪਿ੍ੰਸੀਪਲ ਰੰਧਾਵਾ ਸਿੰਘ ਪਟਿਆਲਾ, writer
jakhwali89@gmail.com
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.