ਸੇਰੇਨਾ ਵਿਲੀਅਮਜ਼ ਵਿਸ਼ਵ ਦੀ ਮਹਾਨਤਮ ਟੈਨਿਸ ਖਿਡਾਰੀ ਹੈ। ਉਹ ਜਦੋਂ ਮੈਦਾਨ ਵਿੱਚ ਨਿੱਤਰਦੀ ਹੈ ਤਾਂ ਵਿਰੋਧੀ ਖਿਡਾਰੀ ਆਪਣੇ ਆਪ ਨੂੰ ਖੇਡਣ ਤੋਂ ਪਹਿਲਾਂ ਹੀ ਹਾਰਿਆ ਹੋਇਆ ਮਹਿਸੂਸ ਕਰਦਾ ਹੈ। ਜੁਲਾਈ 2016 ਵਿੱਚ ਵਿੰਬਲਡਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਗੈਬਰੀਨਾ ਜਰਮਨੀ ਦੀ ਐਂਗਲੀਕ ਕਰਬਰ ਹਰਾ ਕੇ ਉਹ ਹੁਣ ਤੱਕ ਸਿੰਗਲਜ਼ ਵਿੱਚ 22 ਗਰੈਂਡ ਸਲੈਮ ਅਤੇ ਸੈਂਕੜੇ ਹੋਰ ਟੂਰਨਾਮੈਂਟ ਜਿੱਤ ਚੁੱਕੀ ਹੈ। ਸਿਰਫ ਆਸਟਰੇਲੀਆ ਦੀ ਮਾਰਗਰੇਟ ਕੋਰਟ (24 ਗਰੈਂਡ ਸਲੈਮ) ਹੀ ਉਸ ਤੋਂ ਅੱਗੇ ਰਹਿ ਗਈ ਹੈ। ਜਿਸ ਰਫਤਾਰ ਨਾਲ 35 ਸਾਲਾ ਸੇਰੇਨਾ ਅੱਗੇ ਵਧ ਰਹੀ ਹੈ ਲੱਗਦਾ ਹੈ ਕਿ ਜਲਦੀ ਹੀ ਉਸ ਨੂੰ ਬਹੁਤ ਪਿੱਛੇ ਛੱਡ ਦੇਵੇਗੀ। 2003 ਵਿੱਚ ਉਸ ਨੇ ਸਾਲ ਦੇ ਚਾਰੇ ਗਰੈਂਡ ਸਲੈਮ ਜਿੱਤੇ ਸਨ। ਇਸ ਸਾਲ ਦਾ ਵਿਮੈਨ ਡਬਲਜ਼ ਵੀ ਉਸ ਨੇ ਆਪਣੀ ਭੈਣ ਵੀਨਸ ਨਾਲ ਮਿਲ ਕੇ ਜਿੱਤ ਲਿਆ ਹੈ। ਇਹ ਦੋਵਾਂ ਭੈਣਾਂ ਦੀ ਇਕੱਠਿਆਂ 14ਵੀਂ ਗਰੈਂਡ ਸਲੈਮ ਜਿੱਤ ਹੈ।
ਅਜਿਹੀ ਮਹਾਨ ਖਿਡਾਰੀ ਸੇਰੇਨਾ ਜਾਮੇਕਾ ਵਿਲੀਅਮਜ਼ ਦਾ ਜਨਮ ਅਮਰੀਕਾ ਦੇ ਸ਼ਹਿਰ ਸੈਗੀਨਾਉ, ਮਿਸ਼ੀਗਨ ਵਿੱਚ 26 ਸਤੰਬਰ 1981 ਨੂੰ ਹੋਇਆ ਸੀ। ਉਸ ਦੇ ਬਾਪ ਦਾ ਨਾਮ ਰਿਚਰਡ ਵਿਲੀਅਮਜ਼ ਤੇ ਮਾਤਾ ਦਾ ਨਾਮ ਉਰੇਸੀਨ ਪ੍ਰਾਈਸ ਹੈ। ਉਹ ਪੰਜ ਭੈਣਾਂ ਵਿੱਚ ਸਭ ਤੋਂ ਛੋਟੀ ਹੈ। ਉਸ ਨੇ ਤਿੰਨ ਸਾਲ ਦੀ ਉਮਰ ਵਿੱਚ ਹੀ ਟੈਨਿਸ ਖੇਡਣੀ ਸ਼ੁਰੂ ਕਰ ਦਿੱਤੀ ਸੀ। ਜਦੋਂ ਉਹ ਨੌਂ ਸਾਲ ਦੀ ਸੀ ਤਾਂ ਪਰਿਵਾਰ ਵੈਸਟ ਪਾਮ ਬੀਚ ਫਲੋਰੀਡਾ ਚਲਾ ਗਿਆ ਤਾਂ ਜੋ ਰਿੱਕ ਮੈਕੀ ਵਰਗੇ ਨਿਪੁੰਨ ਕੋਚ ਤੋਂ ਟਰੇਨਿੰਗ ਹਾਸਲ ਕੀਤੀ ਜਾ ਸਕੇ। ਰਿੱਕ ਮੈਕੀ ਦੀ ਪਾਰਖੂ ਅੱਖ ਨੇ ਵਿਲੀਅਮਜ਼ ਭੈਣਾਂ ਦੀ ਅਦਭੁੱਤ ਪ੍ਰਤਿਭਾ ਨੂੰ ਪਹਿਚਾਣ ਲਿਆ। ਉਸ ਨੇ ਅਣਘੜ• ਹੀਰਿਆਂ ਨੂੰ ਤਰਾਸ਼ ਕੇ ਕੋਹਿਨੂਰ ਵਾਂਗ ਚਮਕਣ ਲਾ ਦਿੱਤਾ। ਕੈਰੀਅਰ ਦੇ ਸ਼ੁਰੂ ਵਿੱਚ ਵਿਲੀਅਮਜ਼ ਭੈਣਾਂ ਨੂੰ ਨਸਲਵਾਦੀ ਵਿਵਹਾਰ ਵੀ ਸਹਿਣਾ ਪਿਆ ਕਿਉਂਕਿ ਟੈਨਿਸ ਨੂੰ ਸਿਰਫ ਗੋਰਿਆਂ ਦੀ ਖੇਡ ਸਮਝਿਆ ਜਾਂਦਾ ਸੀ। ਜਲਦੀ ਹੀ ਵਿਲੀਅਮਜ਼ ਭੈਣਾਂ ਤਰੱਕੀ ਕਰ ਗਈਆਂ। ਸੇਰੇਨਾ ਫਲੋਰੀਡਾ ਦੇ ਜੂਨੀਅਰ ਵਰਗ ਦੇ ਸਿਖਰ ਦੇ ਦਸ ਪਲੇਅਰਾਂ ਵਿੱਚ ਸ਼ੁਮਾਰ ਹੋ ਗਈ। ਸੇਰੇਨਾ ਨੇ ਆਪਣੇ ਪੇਸ਼ੇਵਰ ਟੈਨਿਸ ਕੈਰੀਅਰ ਦੀ ਸ਼ੁਰੂਆਤ 1995 ਵਿੱਚ 14 ਸਾਲ ਦੀ ਉਮਰ ਵਿੱਚ ਬੈੱਲ ਚੈਲੇਂਜ ਕੱਪ ਨਾਲ ਕੀਤੀ ਪਰ ਉਹ ਪਹਿਲੇ ਹੀ ਰਾਊਂਡ ਵਿੱਚ ਹੀ ਹਾਰ ਗਈ। ਉਸ ਨੇ ਵੀਨਸ ਨਾਲ ਮਿਲ ਕੇ ਡਬਲਜ਼ ਵਿੱਚ ਅਨੇਕਾਂ ਟੂਰਨਾਮੈਂਟ ਜਿੱਤੇ ਪਰ ਸਿੰਗਲਜ਼ ਵਿੱਚ ਉਹ ਹਮੇਸ਼ਾਂ ਸੰਸਾਰ ਦੀਆਂ ਚੋਟੀ ਦੀਆਂ ਖਿਡਾਰਨਾਂ ਅਤੇ ਆਪਣੀ ਭੈਣ ਵੀਨਸ ਤੋਂ ਹਾਰ ਜਾਂਦੀ ਰਹੀ।
ਬਾਰ ਬਾਰ ਹਾਰਨ ਦੇ ਬਾਵਜੂਦ ਸੇਰੇਨਾ ਨੇ ਹੌਸਲਾ ਨਾ ਛੱਡਿਆ। ਉਸ ਦੀ ਮਿਹਨਤ ਰੰਗ ਲਿਆਈ ਅਤੇ 1999 ਵਿੱਚ ਉਹ ਉਪਨ ਗੈਜ਼ ਡੀ ਫਰਾਂਸ ਟੂਰਨਾਮੈਂਟ ਜਿੱਤ ਕੇ ਆਪਣਾ ਪਹਿਲਾ ਪੇਸ਼ੇਵਰ ਖਿਤਾਬ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ। ਉਸੇ ਦਿਨ ਹੀ ਵੀਨਸ ਨੇ ਆਈ.ਜੀ.ਏ. ਸੁਪਰਹਿੱਟ ਕਲਾਸਿਕ ਟੂਰਨਮੈਂਟ ਜਿੱਤ ਲਿਆ। ਇੱਕ ਹੀ ਹਫਤੇ ਵਿੱਚ ਕਲਾਸ ਵੰਨ ਟੂਰਨਾਮੈਂਟ ਜਿੱਤਣ ਵਾਲੀਆਂ ਉਹ ਵਿਸ਼ਵ ਦੀਆਂ ਪਹਿਲੀਆਂ ਭੈਣਾਂ ਬਣ ਗਈਆਂ। ਇੱਕ ਮਹੀਨੇ ਬਾਅਦ ਹੀ ਉਸ ਨੇ ਸਟੈਫੀ ਗਰਾਫ ਵਰਗੀ ਚੋਟੀ ਦੀ ਖਿਡਾਰੀ ਨੂੰ ਹਰਾ ਕੇ ਐਵਰਟ ਕੱਪ ਵੀ ਜਿੱਤ ਲਿਆ। ਇਸ ਤੋਂ ਬਾਅਦ ਉਸ ਨੇ ਅਨੇਕਾਂ ਵਾਰ ਵਿਸ਼ਵ ਦੀਆਂ ਮਹਾਨ ਖਿਡਾਰਨਾਂ, ਕਿਮ ਕਲਿਸਟਰਜ਼, ਕੌਨਚੀਟਾ ਮਾਰਟੀਨੇਜ਼, ਮੋਨੀਕਾ ਸੇਲੇਜ਼, ਲਿੰਡਸੇ ਡੇਵਨਪੋਰਟ ਅਤੇ ਸਟੈਫੀ ਗਰਾਫ ਆਦਿ ਨੂੰ ਧੂਲ ਚਟਾਈ। ਆਂਖਰ 1999 ਵਿੱਚ ਉਸ ਦਾ ਗਰੈਂਡ ਸਲੈਮ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ। ਉਸ ਨੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਮਾਰਟੀਨਾ ਹਿੰਗਜ਼ ਨੂੰ ਹਰਾ ਕੇ ਯੂ.ਐਸ ਉਪਨ ਜਿੱਤ ਲਿਆ। ਇਸ ਕਾਰਨਾਮੇ ਨਾਲ ਉਹ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਐਲਥੀਆ ਗਿਬਸਨ (1958) ਤੋਂ ਬਾਅਦ ਦੂਸਰੀ ਕਾਲੀ ਪਲੇਅਰ ਬਣ ਗਈ।
ਇਸ ਤੋਂ ਬਾਅਦ ਸੇਰੇਨਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 8 ਜੁਲਾਈ 2002 ਵਿੱਚ ਉਹ ਵਿਸ਼ਵ ਦੀ ਨੰਬਰ ਵੰਨ ਪਲੇਅਰ ਬਣ ਗਈ। ਸਿੰਗਲਜ਼ ਵਿੱਚ ਸੇਰੇਨਾ ਦਾ ਜਿੱਤ ਪ੍ਰਤੀਸ਼ਤ 85.54% ਹੈ। ਉਹ 67 ਵੱਡੇ ਟੂਰਨਾਮੈਂਟ ਤੋਂ ਇਲਾਵਾ ਆਸਟਰੇਲੀਅਨ ਉਪਨ 6 ਵਾਰ, ਫਰੈਂਚ ਉਪਨ 3 ਵਾਰ, ਵਿੰਬਲਡਨ ਉਪਨ 6 ਵਾਰ ਅਤੇ ਯੂ.ਐਸ.ਉਪਨ 7 ਵਾਰ ਜਿੱਤ ਚੁੱਕੀ ਹੈ। ਡਬਲਜ਼ ਵਿੱਚ ਦਰਜ਼ਨਾਂ ਹੋਰ ਟੂਰਨਾਮੈਂਟਾਂ ਤੋਂ ਇਲਾਵਾ ਆਸਟਰੇਲੀਅਨ ਉਪਨ 4 ਵਾਰ, ਫਰੈਂਚ ਉਪਨ 2 ਵਾਰ, ਵਿੰਬਲਡਨ ਉਪਨ 6 ਵਾਰ ਅਤੇ ਯੂ.ਐਸ.ਉਪਨ 2 ਵਾਰ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਉਲੰਪਿਕ ਖੇਡਾਂ ਵਿੱਚ ਵੀ ਅਮਰੀਕਾ ਵੱਲੋਂ ਖੇਡਦੇ ਹੋਏ 4 ਗੋਲਡ ਮੈਡਲ ਜਿੱਤ ਚੁੱਕੀ ਹੈ। ਲੰਡਨ ਉਲੰਪਿਕ ਵਿੱਚ ਤਾਂ ਉਸ ਨੇ ਸਿੰਗਲਜ਼ ਅਤੇ ਡਬਲਜ਼ ਵਿੱਚ ਦੋ ਗੋਲਡ ਮੈਡਲ ਜਿੱਤੇ ਸਨ। ਇਸ ਤੋਂ ਇਲਾਵਾ ਮਿਕਸਡ ਡਬਲਜ਼ (ਪੁਰਸ਼ ਨਾਲ ਜੋੜੀ) ਵਿੱਚ ਵੀ 2 ਗਰੈਂਡ ਸਲੈਮ ਜਿੱਤ ਚੁੱਕੀ ਹੈ। ਉਹ ਅਮਰੀਕਨ ਟੀਮ ਨਾਲ ਮਿਲ ਕੇ ਇੱਕ ਵਾਰ ਫੈਡਰੇਸ਼ਨ ਕੱਪ ਤੇ ਦੋ ਵਾਰ ਹੋਪਮੈਨ ਕੱਪ ਜਿੱਤ ਚੁੱਕੀ ਹੈ।
ਉਸ ਸਬੰਧੀ ਕੁਝ ਦਿਲਚਸਪ ਤੱਥ ਵੀ ਹਨ। ਉਸ ਦਾ ਕੱਦ 5 ਫੁੱਟ 9 ਇੰਚ ਹੈ ਤੇ ਸੱਜੇ ਹੱਥ ਨਾਲ ਖੇਡਦੀ ਹੈ। ਸੇਰੇਨਾ ਅਤੇ ਵੀਨਸ ਵਿਲੀਅਮਜ਼ ਗਰੈਂਡ ਸਲੈਮ ਮੁਕਾਬਲਿਆਂ ਦੇ ਫਾਈਨਲਾਂ ਵਿੱਚ ਅੱਠ ਵਾਰ ਭਿੜ ਚੁੱਕੀਆਂ ਹਨ ਤੇ ਸੇਰੇਨਾ 6 ਵਾਰ ਜਿੱਤੀ ਹੈ। ਸੇਰੇਨਾ 69676428 ਡਾਲਰ (ਕਰੀਬ ਚਾਰ ਅਰਬ ਅਠਾਰਾਂ ਕਰੋੜ ਰੁ.) ਦੀ ਕਮਾਈ ਨਾਲ ਮਹਿਲਾ ਖਿਡਾਰੀਆਂ ਵਿੱਚ ਪਹਿਲੇ ਅਤੇ ਕੁੱਲ ਟੈਨਿਸ ਖਿਡਾਰੀਆਂ ਵਿੱਚ ਚੌਥੇ ਨੰਬਰ 'ਤੇ ਹੈ। ਉਹ ਰਿਕਾਰਡ ਤੋੜ 6 ਵਾਰ ਵਿਸ਼ਵ ਦੀ ਬੈਸਟ ਮਹਿਲਾ ਟੈਨਿਸ ਪਲੇਅਰ ਚੁਣੀ ਗਈ ਹੈ। ਉਹ ਖੇਡ ਮੈਦਾਨ ਵਿੱਚ ਵੱਖ ਵੱਖ ਤਰਾਂ ਦੇ ਫੈਸ਼ਨੇਬਲ ਕੱਪੜੇ ਪਹਿਨਣ ਕਰਕੇ ਵੀ ਬਹੁਤ ਚਰਚਿਤ ਰਹਿੰਦੀ ਹੈ। ਉਸ ਦਾ ਨਾਈਕੀ ਨਾਲ ਚਾਰ ਕਰੋੜ ਡਾਲਰ ਸਲਾਨਾ ਦਾ ਕਰਾਰ ਹੈ। ਉਸ ਨੇ ਆਪਣੀ ਖੁਦ ਦੀ ਗਹਿਣਿਆਂ, ਹੈਂਡਬੈਗ ਅਤੇ ਨੇਲ ਪਾਲਿਸ਼ ਦੀ ਰੇਂਜ ਵੀ ਲਾਂਚ ਕੀਤੀ ਹੈ। ਉਹ ਪਹਿਲੀ ਕਾਲੀ ਖਿਡਾਰੀ ਹੈ ਜਿਸ ਦੀ ਫੋਟੋ ਮਸ਼ਹੂਰ ਵੋਗ ਮੈਗਜ਼ੀਨ ਦੇ ਅਪ੍ਰੈਲ 2015 ਦੇ ਅੰਕ ਵਿੱਚ ਕਵਰ ਉੱਪਰ ਪ੍ਰਕਾਸ਼ਿਤ ਹੋਈ। ਉਹ ਟੀ.ਵੀ. 'ਤੇ ਵੀ ਵੱਖ ਵੱਖ ਪ੍ਰੋਗਰਾਮਾਂ ਵਿੱਚ ਪੇਸ਼ਕਾਰੀ ਦਿੰਦੀ ਰਹਿੰਦੀ ਹੈ। ਉਹ ਇੰਗਲਿਸ਼ ਦੇ ਨਾਲ ਨਾਲ ਫਰੈਂਚ ਵੀ ਫੱਰਾਟੇ ਨਾਲ ਬੋਲ ਸਕਦੀ ਹੈ।
ਸੇਰੇਨਾ ਵਿਲੀਅਮਜ਼ ਹਰ ਸਾਲ ਲੱਖਾਂ ਡਾਲਰ ਦਾਨ ਵਿੱਚ ਦੇਂਦੀ ਹੈ। ਉਸ ਨੇ ਕੀਨੀਆਂ ਦੇ ਮਾਟੂਨੀ ਸ਼ਹਿਰ ਵਿੱਚ ਗਰੀਬ ਬੱਚਿਆਂ ਲਈ ਇੱਕ ਸੈਕੰਡਰੀ ਸਕੂਲ ਤਾਮੀਰ ਕਰਵਾਇਆ ਹੈ। ਇਥੇ ਪੜ•ਨ ਵਾਲੇ ਸਾਰੇ ਬੱਚਿਆਂ ਦੀ ਪੜ•ਾਈ ਦਾ ਖਰਚਾ ਸੇਰੇਨਾ ਸਹਿਣ ਕਰਦੀ ਹੈ। ਉਸ ਨੇ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਖੋਜ ਕਰਨ ਵਾਲੇ ਸੰਸਥਾਨਾਂ ਨੂੰ ਲੱਖਾਂ ਡਾਲਰ ਦਾਨ ਵਿੱਚ ਦਿੱਤੇ ਹਨ। ਹੈਤੀ ਭੁਚਾਲ ਵੇਲੇ ਵੀ ਉਸ ਨੇ ਬਹੁਤ ਵੱਡੀ ਮਾਲੀ ਮਦਦ ਦਿੱਤੀ ਸੀ। ਇਹਨਾਂ ਲੋਕ ਹਿੱਤਕਾਰੀ ਕੰਮਾਂ ਲਈ ਉਸ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਦਾ ਸਫਲਤਾ ਦਾ ਸਫਰ ਅਜੇ ਪੂਰੀ ਰਫਤਾਰ ਨਾਲ ਜਾਰੀ ਹੈ। ਮੀਡੀਆ ਵੱਲੋਂ ਉਸ ਨੂੰ ਸੱਚ ਹੀ ਖੇਡ ਮੈਦਾਨ ਦੀ ਰਾਣੀ (ਕਵੀਨ ਆਫ ਦੀ ਕੋਰਟ) ਦਾ ਖਿਤਾਬ ਦਿੱਤਾ ਗਿਆ ਹੈ।
-
ਬਲਰਾਜ ਸਿੰਘ ਸਿੱਧੂ, ਲੇਖਕ -ਪੁਲਸ ਅਫਸਰ
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.