ਹਰ ਵਿਅਕਤੀ ਦੇ ਦੋ ਰੂਪ ਹੁੰਦੇ ਹਨ, ਇੱਕ ਤਾਂ ਉਸਦਾ ਅਸਲੀ ਵਿਅਕਤੀਤਵ (ਸੀਰਤ) ਅਤੇ ਦੂਸਰਾ ਜੋ ਉਹ ਦਿਖਾਉਣਾ ਚਾਹੁੰਦਾ ਹੋਵੇ। ਅਸਲੀ ਰੂਪ ਤਾਂ ਹਰ ਥਾਂ ਦਿਖਾਇਆ ਵੀ ਨਹੀਂ ਜਾਂਦਾ। ਲੋਕ ਮਰਿਆਦਾ ਅਨੁਸਾਰ ਅਤੇ ਕਈ ਵਾਰ ਕਿਸੇ ਕਮਜ਼ੋਰੀ ਨੂੰ ਛੁਪਾਉਣ ਲਈ ਵੀ ਵਿਅਕਤੀ ਆਪਣਾ ਬਾਹਰੀ ਰੂਪ ਸਮੇਂ ਦੀਆਂ ਪਰਿਸਥਿਤੀਆਂ ਅਨੁਸਾਰ ਬਦਲਦਾ ਰਹਿੰਦਾ ਹੈ।
ਵਿਅਕਤੀ ਦੀ ਜੀਵਨ ਸ਼ੈਲੀ ਕਿਹੋ ਜਿਹੀ ਹੈ ਇਹ ਦੇਖਣ ਲਈ ਇੱਕ ਸਧਾਰਨ ਵਿਅਕਤੀ ਅਤੇ ਇੱਕ ਵਿਸ਼ੇਸ਼ ਵਿਅਕਤੀ ਦੀ ਲਿਖਾਈ ਨੂੰ ਦੇਖਣ ਤੇ ਸਪਸ਼ਟ ਫ਼ਰਕ ਨਜ਼ਰ ਆਵੇਗਾ। ਸਧਾਰਨ ਵਿਅਕਤੀ ਆਪਣੇ ਬਾਰੇ ਹਮੇਸ਼ਾ ਵੱਧ ਚੜ ਕੇ ਗੱਲਾਂ ਕਰਦਾ ਹੈ। ਕਈ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਅਦਰਸ਼ ਵਿਅਕਤੀ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਜਿੱਥੇ ਮੂਲ ਲਿਖਾਵਟ ਉਸਦੇ ਅੰਦਰੂਨੀ ਵਿਅਕਤੀਤਵ ਸੋਚ ਅਤੇ ਚਰਿਤਰ ਬਾਰੇ ਦੱਸਦੀ ਹੈ ਉਥੇ ਉਹਦੇ ਦਸਤਖ਼ਤ ਉਹਦੇ ਬਾਹਰੀ ਸੁਭਾਅ ਬਾਰੇ ਜਾਣਕਾਰੀ ਦਿੰਦੇ ਹਨ।
ਹਰ ਵਿਅਕਤੀ ਦੇ ਦਸਤਖ਼ਤ ਵੱਖਰੇ ਵੱਖਰੇ ਹੁੰਦੇ ਹਨ। ਇਹਨਾਂ ਦੀ ਅਸਲੀ ਤੌਰ ਤੇ ਨਕਲ ਨਹੀਂ ਕੀਤੀ ਜਾ ਸਕਦੀ। ਬਹੁਤੀ ਵਾਰ ਵਿਅਕਤੀ ਦੀ ਮੂਲ ਲਿਖਾਵਟ ਅਤੇ ਦਸਤਖ਼ਤ ਵੱਖ-ਵੱਖ ਹੁੰਦੇ ਹਨ। ਇਸ ਦਾ ਅਧਿਐਨ ਕਰਨ ਤੇ ਉਸਦੇ ਵਿਹਾਰ ਅਤੇ ਚਰਿਤਰ ਦੇ ਭੇਦ ਬਾਰੇ ਪਤਾ ਲੱਗਦਾ ਹੈ। ਇਸ ਦੇ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਦਸਤਖ਼ਤ ਹਰ ਵਿਅਕਤੀ ਦਾ ਪੂਰਾ ਖਾਕਾ ਹੁੰਦਾ ਹੈ। ਕਈ ਵਿਅਕਤੀ ਸਮਾਜਿਕ ਸਥਿਤੀਆਂ ਵਿੱਚ ਪੂਰੀ ਤਰ੍ਹਾਂ ਆਪਣੇ ਆਪ ਨੂੰ ਸੰਭਾਲ਼ ਕੇ ਰੱਖਦੇ ਹਨ ਪਰ ਅੰਦਰੋਂ ਭਾਵੁਕ ਹੁੰਦੇ ਹਨ। ਅਜਿਹੇ ਵਿਅਕਤੀ ਦੀ ਲਿਖਾਈ ਸੱਜੇ ਪਾਸੇ ਨੂੰ ਝੁਕੀ ਹੁੰਦੀ ਹੈ ਪਰ ਦਸਤਖ਼ਤ ਸਿੱਧੇ ਹੁੰਦੇ ਹਨ। ਜੇਕਰ ਇਹਨਾਂ ਦੇ ਸੰਪਰਕ ਵਿੱਚ ਆਈਏ ਤਾਂ ਇਹਨਾਂ ਦੇ ਵਿਅਕਤੀਤਵ ਦੀ ਗਰਮਜੋਸ਼ੀ ਦਾ ਅਨੁਭਵ ਹੁੰਦਾ ਹੈ। ਉਹ ਵਿਅਕਤੀ ਜਿਸ ਦੀ ਲਿਖਾਈ ਸਿੱਧੀ ਹੋਵੇ ਅਤੇ ਦਸਤਖ਼ਤ ਸੱਜੇ ਪਾਸੇ ਝੁਕੇ ਹੋਣ ਤਾਂ ਪਤਾ ਲੱਗਦਾ ਹੈ ਕਿ ਅਜਿਹਾ ਵਿਅਕਤੀ ਆਪਣੀ ਲੋੜ ਅਨੁਸਾਰ ਵਕਤੀ ਤੌਰ ਤੇ ਮਿਲਣਸਾਰ ਹੁੰਦਾ ਹੈ ਪਰ ਸਦਾ ਨਹੀਂ। ਉਹ ਬਿਨਾਂ ਸੋਚੇ ਸਮਝੇ ਕਿਸੇ ਨਾਲ਼ ਦੋਸਤੀ ਨਹੀਂ ਕਰਦਾ। ਬਹੁਤੇ ਲੋਕ ਆਪਣੇ ਦਸਤਖ਼ਤ ਦੇ ਹੇਠਾਂ ਲਕੀਰ ਖਿੱਚਦੇ ਹਨ, ਕਈ ਦਸਤਖ਼ਤਾਂ ਦੇ ਚਾਰੇ ਪਾਸੇ ਸਜਾਵਟੀ ਰੇਖਾਵਾਂ ਵੀ ਖਿੱਚਦੇ ਹਨ। ਕਈ ਦਸਤਖ਼ਤਾਂ ਦੇ ਪਿੱਛੇ ਬਿੰਦੀ ਲਾਉਂਦੇ ਹਨ। ਇਹਨਾਂ ਦੇ ਵੱਖ-ਵੱਖ ਅਰਥ ਹਨ ਇਹਨਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੌਣ ਸੱਚ ਬੋਲਦਾ ਹੈ, ਕੌਣ ਅਪਰਾਧੀ ਹੈ, ਕੌਣ ਹੰਕਾਰੀ ਹੈ ਅਤੇ ਕੌਣ ਸੰਵੇਦਨਸ਼ੀਲ।
ਆਮ ਕਰਕੇ ਦਸਤਖ਼ਤਾਂ ਨੂੰ ਨਾਮ ਲਿਖਣ ਦੇ ਨਾਲ਼ ਜੋੜ ਕੇ ਦੇਖਿਆ ਜਾਂਦਾ ਹੈ ਪਰ ਜਦੋਂ ਇੱਕ ਤੋਂ ਵੱਧ ਵਾਰ ਦਸਤਖ਼ਤ ਕਰਨੇ ਪੈਂਦੇ ਹਨ ਤਾਂ ਉਹਨਾਂ ਦਾ ਰੂਪ ਬਦਲ ਜਾਂਦਾ ਹੈ। ਵਿਅਕਤੀਤਵ ਵਿੱਚ ਚਾਹੇ ਪਰਿਵਰਤਨ ਨਾਲ਼ ਵੀ ਦਸਤਖ਼ਤਾਂ ਦਾ ਰੂਪ ਬਦਲ ਜਾਂਦਾ ਹੈ। ਲਿਖਾਵਟ ਦੀ ਤੁਲਨਾ ਵਿੱਚ ਜੇਕਰ ਦਸਤਖ਼ਤ ਵੱਡੇ ਹਨ ਤਾਂ ਵਿਅਕਤੀ ਦੇ ਸਵੈ ਪ੍ਰਸ਼ੰਸਕ ਅਤੇ ਘਮੰਡੀ ਹੋਣ ਦਾ ਸੂਚਕ ਹੈ। ਉਹ ਆਪਣੇ ਆਪ ਨੂੰ ਵੱਡਾ ਦਿਖਾਉਣਾ ਤੇ ਆਪਣੀਆਂ ਕਮਜ਼ੋਰੀਆਂ ਢੱਕਣਾ ਚਾਹੁੰਦਾ ਹੈ। ਜੇਕਰ ਦਸਤਖ਼ਤ ਦੇ ਹੇਠਾਂ ਲਕੀਰ ਲਗਾਈ ਗਈ ਹੈ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਦਸਤਖ਼ਤ ਕਰਨ ਵਾਲ਼ੇ ਦੀ ਸਖਸ਼ੀਅਤ ਵਿਲੱਖਣ ਨਿੱਡਰ ਤੇ ਖਿੱਚਪਾਊ ਹੈ। ਜਦੋਂ ਕੋਈ ਵਿਅਕਤੀ ਆਪਣੇ ਦਸਤਖ਼ਤ ਦੇ ਪਿੱਛੇ ਡੰਡੀ ਲਗਾਉਂਦਾ ਹੈ ਤਾਂ ਉਹ ਕਹਿ ਰਿਹਾ ਹੁੰਦਾ ਹੈ ਕਿ ਮੈਂ ਜੋ ਕਹਿ ਦਿੱਤਾ ਹੈ ਉਹੀ ਠੀਕ ਹੈ ਹੋਰ ਗੱਲ ਕਰਨ ਦੀ ਜ਼ਰੂਰਤ ਨਹੀਂ। ਵਿਅਕਤੀ ਦੀ ਮਾਨਸਿਕ ਸਥਿਤੀ ਡਾਵਾਂ ਡੋਲ ਹੋਣ ਤੇ ਉਸਦੇ ਦਸਤਖ਼ਤਾਂ ਦੇ ਨਮੂਨੇ ਵੀ ਬਦਲਦੇ ਰਹਿੰਦੇ ਹਨ। ਜਿਸ ਵਿਅਕਤੀ ਦੀ ਲਿਖਾਈ ਤੇ ਦਸਤਖ਼ਤ ਇੱਕੋ ਜਿਹੇ ਹੋਣ ਤਾਂ ਉਸਦਾ ਵਿਵਹਾਰ ਸਦਾ ਪਾਰਦਰਸ਼ੀ, ਸਾਦ ਮੁਰਾਦਾ ਅਤੇ ਸਭ ਨਾਲ਼ ਇੱਕੋ ਜਿਹਾ ਵਰਤਾਓ ਕਰਨ ਵਾਲ਼ਾ ਹੁੰਦਾ ਹੈ। ਜਿਸ ਵਿਅਕਤੀ ਦੇ ਦਸਤਖਤਾਂ ਦਾ ਪਹਿਲਾ ਅੱਖਰ ਵੱਡਾ ਹੁੰਦਾ ਹੈ ਉਹ ਵਿਅਕਤੀ ਗਰੂਰੀ ਹੁੰਦਾ ਹੈ। ਜੇਕਰ ਦਸਤਖ਼ਤ ਉੱਪਰ ਵੱਲ ਨੂੰ ਜਾਣ ਤਾਂ ਵਿਅਕਤੀ ਦੀ ਸੋਚ ਆਸ਼ਾਵਾਦੀ ਹੈ ਤੇ ਜੇਕਰ ਹੇਠਾਂ ਨੂੰ ਜਾਣ ਤਾਂ ਨਿਰਾਸ਼ਾਵਾਦੀ ਦਰਸਾਉਂਦੇ ਹਨ।
ਕਈ ਵਿਅਕਤੀਆਂ ਦੇ ਦਸਤਖ਼ਤਾਂ ਦੇ ਦੁਆਲ਼ੇ ਗੋਲ਼ਾ ਖਿੱਚਿਆ ਹੁੰਦਾ ਹੈ ਜਾਂ ਉਹ ਪਹਿਲੇ ਅੱਖਰ ਨੂੰ ਗੋਲ਼ਾ ਖਿੱਚ ਕੇ ਢੱਕ ਦਿੰਦੇ ਹਨ। ਇਸ ਤੋਂ ਉਹ ਭਾਵ ਲਿਆ ਜਾਂਦਾ ਹੈ ਕਿ ਉਹ ਵਿਅਕਤੀ ਆਪਣੇ ਵਿਅਕਤੀਤਵ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ। ਵੱਡੇ ਲੋਕਾਂ ਦੇ ਦਸਤਖਤਾਂ ਵੀ ਵੱਡੇ ਹੋਣ ਕੋਈ ਜ਼ਰੂਰੀ ਨਹੀਂ ਹੁੰਦਾ। ਛੋਟੇ ਦਸਤਖ਼ਤ ਕਰਨ ਵਾਲ਼ੇ ਲੋਕ ਅੰਤਰਮੁਖੀ ਹੁੰਦੇ ਹਨ। ਇਹਨਾਂ ਦਾ ਬਹੁਤਾ ਸਮਾਂ ਸਮਾਜਿਕ ਗਤੀਵਿਧੀਆਂ ਦੀ ਥਾਂ ਆਪਣੇ ਹੀ ਕੰਮਾਂ ਵਿੱਚ ਗੁਜ਼ਰਦਾ ਹੈ। ਇਸ ਤਰ੍ਹਾਂ ਜੇਕਰ ਦਸਤਖ਼ਤ ਦੇ ਹੇਠ ਲਕੀਰ ਖਿੱਚੀ ਹੋਵੇ ਤਾਂ ਉਸਦੇ ਹੰਕਾਰ, ਗਰੂਰ ਦੀ ਨਿਸ਼ਾਨੀ ਹੈ ਕਿ ਉਹ ਜਿੱਥੇ ਉਸਦੀ ਚੱਲ ਸਕਦੀ ਹੈ ਚਲਾਵੇਗਾ। ਜੇਕਰ ਦਸਤਖ਼ਤ ਦੇ ਹੇਠਾਂ ਲਕੀਰ ਛੋਟੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਆਪਣੇ ਅਧਿਕਾਰਾਂ ਤੇ ਫਰਜ਼ਾਂ ਦੇ ਬਾਰੇ ਵਿੱਚ ਦਬਾਅ ਬਣਾ ਕੇ ਰੱਖਦਾ ਹੈ। ਜੇਕਰ ਲਕੀਰ ਲੰਮੀ ਸਿੱਧੀ ਅਤੇ ਦਬਾ ਕੇ ਖਿੱਚੀ ਗਈ ਹੋਵੇ ਤਾਂ ਇਹ ਹਮਲਾਵਰ ਮਾਨਸਿਕ ਸਥਿਤੀ ਦੀ ਸੂਚਕ ਹੈ। ਜੇਕਰ ਲਕੀਰ ਹਲਕੇ ਦਬਾਅ ਨਾਲ਼ ਹੋਵੇ ਤਾਂ ਅਧਿਆਤਮਕ ਅਤੇ ਜੇਕਰ ਗਲਾਈਦਾਰ ਹੋਵੇ ਤਾਂ ਦਿਆਨਤਦਾਰ ਹੋਣ ਦੀ ਸੂਚਕ ਹੈ ਪਰ ਜੇਕਰ ਲਕੀਰ ਦੇ ਅੰਤ ਤੇ ਗੋਲਾਈਦਾਰ ਗੰਢ ਹੋਵੇ ਤਾਂ ਵਿਅਕਤੀ ਦੇ ਦ੍ਰਿੜ ਸੰਕਲਪੀ ਅਤੇ ਆਪਣੀ ਗੱਲ ਤੇ ਕਾਇਮ ਰਹਿਣ ਬਾਰੇ ਦੱਸਦੀ ਹੈ। ਜੇਕਰ ਦਸਤਖ਼ਤਾਂ ਦੇ ਉੱਪਰ ਲਹਿਰਾਉਂਦੀ ਹੋਈ ਲਕੀਰ ਹੁੰਦੀ ਹੈ ਕਿ ਅਜਿਹਾ ਵਿਅਕਤੀ ਆਪਣੇ ਵਿਚਾਰਾਂ ਨੂੰ ਬਚਾਉਣ ਲਈ ਜੁਟਿਆ ਰਹਿੰਦਾ ਹੈ। ਕਈ ਵਿਅਕਤੀਆਂ ਦੇ ਦਸਤਖਤਾਂ ਨੂੰ ਦੇਖ ਕੇ ਉਹਨਾਂ ਦੇ ਕੰਮਾਂ ਦਾ ਅੰਦਾਜ਼ਾ ਹੋ ਜਾਂਦਾ ਹੈ। ਜਿਨਾਂ ਨੂੰ ਆਪਣਾ ਨਾਮ ਪਸੰਦ ਨਾ ਹੋਵੇ ਉਹ ਆਪਣੇ ਦਸਤਖ਼ਤ ਕੱਟ ਦਿੰਦੇ ਹਨ ਕਲਾਕਾਰਾਂ ਸੰਗੀਤਕਾਰਾਂ ਆਦਿ ਦੇ ਦਸਤਖਤਾਂ ਤੋਂ ਉਹਨਾਂ ਦੇ ਕੰਮ ਦੀ ਛਾਪ ਝਲਕਦੀ ਹੈ।
ਆਮ ਤੌਰ ਤੇ ਦਸਤਖ਼ਤ ਲਿਖਤ ਦੇ ਹੇਠਾਂ ਅੰਤ ਤੇ ਸੱਜੇ ਪਾਸੇ ਕੀਤੇ ਜਾਂਦੇ ਹਨ। ਖੱਬੇ ਪਾਸੇ ਦਸਤਖ਼ਤ ਕਰਨ ਵਾਲ਼ਾ ਨਿਰਾਸ਼ਾਵਾਦੀ ਅਤੇ ਸੱਚਾਈ ਤੋਂ ਭੱਜਣ ਵਾਲ਼ਾ ਮੰਨਿਆ ਜਾਂਦਾ ਹੈ। ਕਈ ਵਿਅਕਤੀ ਦਸਤਖ਼ਤ ਕਰਕੇ ਹੇਠਾਂ ਖਿੱਚੀ ਲਕੀਰ ਨੂੰ ਫਿਰ ਪਿੱਛੇ ਨੂੰ ਮੋੜ ਕੇ ਆਪਣਾ ਨਾਮ ਕੱਟ ਦਿੰਦੇ ਹਨ। ਅਜਿਹੇ ਲੋਕ ਕਿਸੇ ਦਾ ਕੁਝ ਵਿਗਾੜਨ ਦੇ ਸਮਰੱਥ ਨਹੀਂ ਹੁੰਦੇ। ਦਸਤਖ਼ਤ ਦੇ ਅੰਤ ਤੇ ਲਕੀਰ ਹੇਠਾਂ ਨੂੰ ਖਿੱਚ ਦੇਣੀ ਸਤੰਤਰ ਰਹਿਣ ਅਤੇ ਆਪਣਾ ਨਾਮ ਬਣੇ ਰਹਿਣ ਦੀ ਚਿੰਤਾ ਕਰਨ ਵਾਲ਼ਾ ਹੁੰਦਾ ਹੈ। ਜਦਕਿ ਟੇਢੀ ਮੇਢੀ ਲਕੀਰ ਖਿੱਚ ਕੇ ਛੱਡਣ ਵਾਲ਼ਾ ਦ੍ਰਿੜ ਇੱਛਾ ਸ਼ਕਤੀ, ਸਰੀਰਕ ਅਤੇ ਬੌਧਿਕ ਸਮਰੱਥਾ ਰੱਖਣ ਵਾਲ਼ਾ ਹੁੰਦਾ ਹੈ। ਜੇਕਰ ਲਕੀਰ ਪਹਿਲਾਂ ਖੱਬੇ ਫਿਰ ਸੱਜੇ ਮੁੜ ਕੇ ਜਾਵੇ ਤਾਂ ਵਿਅਕਤੀ ਚਟਕੀਲਾ, ਫੁਰਤੀਲਾ ਅਤੇ ਹਮਲਾਵਰ ਸੁਭਾਅ ਵਾਲ਼ਾ ਹੁੰਦਾ ਹੈ। ਦਸਤਖ਼ਤ ਦੇ ਉੱਪਰ ਲਕੀਰ ਖਿੱਚਣ ਵਾਲ਼ਾ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਨ ਵਾਲ਼ਾ ਹੁੰਦਾ ਹੈ।
ਪੰਜਾਬੀ ਭਾਸ਼ਾ ਬੋਲਣ ਅਤੇ ਗੁਰਮੁਖੀ ਲਿਪੀ ਪੜ੍ਹਨ ਵਾਲ਼ੇ ਪੰਜਾਬੀ ਪਿਆਰਿਆਂ ਨੂੰ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ ਦੇ ਸ਼ੁੱਧ ਬੋਲਣ ਤੇ ਲਿਖਣ ਲਈ ਆਪਣੇ ਆਪਣੇ ਪੱਧਰ ਤੇ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ। ਆਓ ਇਸ ਪਾਸੇ ਜੁੱਟ ਜਾਈਏ।
-
ਜਗਤਾਰ ਸਿੰਘ ਸੋਖੀ , writer
jagtar@gmail.com
9417166386
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.