ਯੂਕਰੇਨ ਨੇ 17 ਸਤੰਬਰ ਮੰਗਲਵਾਰ 2024 ਦੀ ਰਾਤ ਨੂੰ ਕੀਤੇ ਡ੍ਰੋਨ ਹਮਲੇ `ਚ ਸਰਹੱਦ ਤੋਂ 500 ਕਿਲੋਮੀਟਰ ਦੂਰ ਟਵੇਰ ਸੂਬੇ ਸਥਿਤ ਟੋਰੋਪੇਟਸ ਵਿਖੇ ਰੂਸੀ ਫ਼ੌਜੀ ਅਸਲਾ ਭੰਡਾਰ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਏਨਾ ਭਿਅੰਕਰ ਸੀ ਉੱਥੇ ਰੱਖੀਆਂ ਮਿਜ਼ਾਈਲਾਂ-ਗੋਲੇ ਫਟਣ ਲੱਗੇ ਤੇ ਭੂਚਾਲ ਵਰਗਾ ਮਹਿਸੂਸ ਕੀਤਾ ਗਿਆ। ਨਾਸਾ ਸੈੱਟਲਾਈਟ ਨੇ 14 ਵਰਗ ਕਿਲੋਮੀਟਰ ਇਲਾਕੇ `ਚ ਗਰਮੀ ਦੇ ਵੱਡੇ ਸਰੋਤ ਫੜੇ, ਜਦਕਿ ਭੂਚਾਲ ਨਿਗਰਾਨੀ ਸਟੇਸ਼ਨਾਂ ਦੇ ਸੈਂਸਰ ਨੇ ਇਲਾਕੇ `ਚ ਭੂਚਾਲ ਵਰਗਾ ਝਟਕਾ ਰਿਕਾਰਡ ਕੀਤਾ। ਹਮਲੇ ਦੇ ਬਾਅਦ ਸਥਾਨਕ ਲੋਕਾਂ ਨੂੰ ਉੱਥੋਂ ਨਿਕਲ ਕੇ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਗਿਆ। ਮਾਸਕੋ ਤੋਂ 380 ਕਿਲੋਮੀਟਰ ਦੂਰ ਕਰੀਬ 11 ਹਜ਼ਾਰ ਦੀ ਆਬਾਦੀ ਵਾਲੇ ਟੋਰੋਪੇਟਸ `ਚ ਕੀਤੇ ਗਏ ਹਮਲੇ `ਚ ਯੂਕਰੇਨ `ਚ ਬਣੇ 100 ਤੋਂ ਜ਼ਿਆਦਾ ਕਾਮਿਕੇਜ ਡ੍ਰੋਨਾਂ ਦਾ ਇਸਤੇਮਾਲ ਕੀਤਾ ਗਿਆ।
ਕਰੀਬ ਛੇ ਕਿਲੋਮੀਟਰ ਤੱਕ ਫੈਲੇ ਫੌਜੀ ਭੰਡਾਰ `ਚ ਇਸਕੈਂਡਰ ਤੇ ਟੋਚਕਾ- ਯੂ ਮਿਜ਼ਾਈਲਾਂ, ਗਲਾਈਡ ਬੰਬ, ਤੋਪਾਂ ਦੇ ਗੋਲਿਆਂ ਤੋਂ ਇਲਾਵਾ ਉੱਤਰੀ ਕੋਰੀਆ ਦੀਆਂ ਕੇਐੱਨ-23 ਸ਼ਾਰਟ ਰੇਂਜ ਬੈਲਿਸਟਿਕ ਮਿਜ਼ਾਈਲਾਂ ਵੀ ਪਈਆਂ ਹੋਈਆਂ ਸਨ। ਹਮਲੇ ਦੇ ਬਾਅਦ ਪੂਰਾ ਭੰਡਾਰ ਅੱਗ ਤੇ ਤੇਜ਼ ਧਮਾਕਿਆਂ ਨਾਲ ਸੜਦਾ ਰਿਹਾ। ਰੂਸੀ ਮੀਡੀਆ ਦੇ ਮੁਤਾਬਕ, ਇਸ ਭਿਅੰਕਰ ਡ੍ਰੋਨ ਹਮਲੇ ਨੂੰ ਰੋਕਣ ਲਈ ਰੂਸ ਦਾ ਏਅਰ ਡਿਫੈਂਸ ਸਿਸਟਮ ਪੂਰੇ ਜ਼ੋਰ ਨਾਲ ਕੰਮ ਕਰ ਰਿਹਾ ਸੀ। ਉੱਥੇ ਕਥਿਤ ਰੂਪ ਨਾਲ ਇਸ ਹਮਲੇ ਦੇ ਕੁਝ ਵੀਡੀਓ ਆਨਲਾਈਨ ਵੀ ਪ੍ਰਸਾਰਿਤ ਕੀਤੇ ਗਏ, ਜਿਨ੍ਹਾਂ `ਤੇ ਜ਼ਬਰਦਸਤ ਪ੍ਰਤੀਕ੍ਰਿਆਵਾਂ ਹੋਈਆਂ ਹਨ। ਰਾਇਟਰ ਨੇ ਕੈਲੀਫੋਰਨੀਆ ਸਥਿਤ ਮੋਂਟੇਰੇ `ਚ ਮਿਡਲਬਰੀ ਅੰਤਰਰਾਸ਼ਟਰੀ ਅਧਿਐਨ ਸੰਸਥਾਨ ਦੇ ਜਾਰਜ ਵਿਲੀਅਮ ਹਰਬਰਟ ਦੇ ਹਵਾਲੇ ਨਾਲ ਕਿਹਾ ਕਿ ਵੀਡੀਓ `ਚ ਦਿਖ ਰਹੇ ਮੁੱਖ ਵਿਸਫੋਟ ਦਾ ਆਕਾਰ 200-240 ਟਨ ਉੱਚੇ ਵਿਸਫੋਟਕਾਂ ਦੇ ਬਰਾਬਰ ਦਿਖ ਰਿਹਾ ਸੀ।
ਭਾਰਤੀ ਹਥਿਆਰ ਨਿਰਮਾਤਾਵਾਂ ਵੱਲੋਂ ਯੂਰਪੀ ਗਾਹਕਾਂ ਨੂੰ ਵੇਚੇ ਤੋਪਾਂ ਦੇ ਗੋਲੇ ਉਨ੍ਹਾਂ ਨੇ ਅੱਗੇ ਰੂਸ ਖਿਲਾਫ਼ ਜੰਗ ਵਿਚ ਵਰਤਣ ਵਾਸਤੇ ਯੂਕਰੇਨ ਨੂੰ ਭੇਜ ਦਿੱਤੇ ਹਨ। ਰੂਸ ਵੱਲੋਂ ਇਸ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਭਾਰਤ ਇਸ ਕਾਰਵਾਈ ਨੂੰ ਰੋਕਣ ਲਈ ਕੋਈ ਦਖ਼ਲ ਨਹੀਂ ਦਿੱਤਾ। ਭਾਰਤੀ ਅਸਲਾ ਯੂਕਰੇਨ ਭੇਜਣ ਵਾਲੇ ਯੂਰਪੀ ਮੁਲਕਾਂ ਵਿਚ ਇਟਲੀ ਤੇ ਚੈੱਕ ਗਣਰਾਜ ਵੀ ਸ਼ਾਮਲ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ। ਰੂਸ ਖਿਲਾਫ਼ ਜੰਗ ਵਿਚ ਯੂਰਪੀ ਮੁਲਕਾਂ ਵੱਲੋਂ ਦਿੱਤੀ ਜਾ ਰਹੀ ਮਦਦ ਦੋ ਹਿੱਸੇ ਵਜੋਂ ਕੀਵ ਨੂੰ ਭਾਰਤੀ ਅਸਲੇ ਦੀ ਇਹ ਸਪਲਾਈ ਬੀਤੇ ਕਰੀਬ ਸਾਲ ਤੋਂ ਜਾਰੀ ਹੈ। ਭਾਰਤ ਦੇ ਹਥਿਆਰਾਂ ਦੀ ਬਰਾਮਦ ਸਬੰਧੀ ਨਿਯਮਾਂ ਤਹਿਤ ਵੇਚੇ ਗਏ ਹਥਿਆਰਾਂ ਨੂੰ ਇਨ੍ਹਾਂ ਦੇ ਐਲਾਨੀਆ ਗਾਹਕਾਂ ਤੋਂ ਇਲਾਵਾ ਕਿਸੇ ਹੋਰ ਵੱਲੋਂ ਵਰਤੇ ਜਾਣ ਦੀ ਮਨਾਹੀ ਕਰਦੇ ਹਨ ਅਤੇ ਗਾਹਕਾਂ ਵੱਲੋਂ ਅਜਿਹਾ ਕੀਤੇ ਜਾਣ `ਤੇ ਉਨ੍ਹਾਂ ਨੂੰ ਭਵਿੱਖ ਵਿਚ ਹਥਿਆਰ ਦੇਣ ਤੋਂ ਨਾਂਹ ਕੀਤੀ ਜਾ ਸਕਦੀ ਹੈ। ਤਿੰਨ ਭਾਰਤੀ ਅਧਿਕਾਰੀਆਂ ਮੁਤਾਬਕ ਮਾਸਕੋ ਨੇ ਘੱਟੋ- ਘੱਟ ਦੋ ਵਾਰ ਇਹ ਮਾਮਲਾ ਭਾਰਤ ਕੋਲ ਉਠਾਇਆ ਹੈ, ਜਿਨ੍ਹਾਂ `ਚ ਬੀਤੇ ਜੁਲਾਈ `ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਹੋਈ ਮੀਟਿੰਗ ਵੀ ਸ਼ਾਮਲ ਹੈ। ਜਨਵਰੀ ਮਹੀਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਭਾਰਤ ਨੇ ਯੂਕਰੇਨ ਨੂੰ ਨਾ ਤਾਂ ਤੋਪਾਂ ਦੇ ਗੋਲੇ ਵੇਚੇ ਹਨ ਅਤੇ ਨਾ ਹੀ ਭੇਜੇ ਹਨ। ਯੂਕਰੇਨ ਵਿਚ ਵਰਤੇ ਜਾ ਰਹੇ ਅਸਲੇ ਦਾ ਬਹੁਤ ਛੋਟਾ ਜਿਹਾ ਹਿੱਸਾ ਹੀ ਭਾਰਤ ਵੱਲੋਂ ਬਣਾਇਆ ਜਾਂਦਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਕੀਵ ਵੱਲੋਂ ਦਰਾਮਦ ਕੀਤੇ ਅਸਲੇ ਵਿਚ ਭਾਰਤੀ ਅਸਲੇ ਦਾ ਹਿੱਸਾ ਮਹਿਜ਼ 1 ਫ਼ੀਸਦੀ ਵੀ ਨਹੀਂ ਬਣਦਾ।
ਰੂਸ ਨੇ ਸ਼ੁੱਕਰਵਾਰ ਨੂੰ ਪੱਛਮੀ ਦੇਸ਼ਾਂ ਤੇ ਯੂਕਰੇਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਹ ਬੇਲਾਰੂਸ ਵੱਲ ਵਧੇ ਤਾਂ ਇਸਦਾ ਨਤੀਜਾ ਵਿਨਾਸ਼ਕਾਰੀ ਹੋਵੇਗਾ। ਇਸ ਤੋਂ ਸਾਫ਼ ਸਪੱਸ਼ਟ ਹੈ ਕਿ ਅਜਿਹਾ ਕਰਨਾ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਕਰਨ ਵਾਲੇ ਦੇਸ਼ ਦੀ ਸੁਰੱਖਿਆ `ਚ ਦਖ਼ਲ ਕਰਨਾ ਹੋਵੇਗਾ। ਇਸਦੇ ਨਾਲ ਹੀ ਸਮਾਂ ਆਉਣ `ਤੇ ਉਹ ਯੂਕਰੇਨ ਵੱਲੋਂ ਕੁਸਰਕ ਖੇਤਰ ਦੇ ਕੀਤੇ ਗਏ ਕਬਜ਼ੇ ਵਾਲੇ ਹਿੱਸੇ `ਤੇ ਮੁੜ ਕਬਜ਼ਾ ਕਰ ਲਵੇਗਾ। ਬੇਲਾਰੂਸ ਦੀ ਸਰਹੱਦ `ਤੇ ਉਕਸਾਵੇ ਵਾਲੀ ਕਾਰਵਾਈ ਵਧਣ ਨਾਲ ਰੂਸ ਚਿੰਤਤ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਨਾਲ ਖੇਤਰ `ਚ ਤਣਾਅ ਵੱਧ ਜਾਂਦਾ ਹੈ। ਛੇ ਅਗਸਤ ਨੂੰ ਹੈਰਾਨੀਜਨਕ ਤੌਰ `ਤੇ ਕੁਸਰਕ ਖੇਤਰ ਦੇ ਵੱਡੇ ਹਿੱਸੇ `ਤੇ ਯੂਕਰੇਨ ਨੇ ਕਬਜ਼ਾ ਕਰਨ ਤੋਂ ਬਾਅਦ ਰੂਸ ਦੇ ਵਫਾਦਾਰ ਸਹਿਯੋਗੀ ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਲੁਕਾਸ਼ੈਂਕੋ ਨੇ ਬਿਨਾਂ ਸਬੂਤ ਪੇਸ਼ ਕੀਤੇ ਕਿਹਾ ਕਿ ਸੰਭਾਵੀ ਤੌਰ `ਤੇ ਯੂਕਰੇਨ ਬੇਲਾਰੂਸ `ਤੇ ਖੇਤਰ ਦੀ ਉਲੰਘਣਾ ਕਰ ਰਹੇ ਹਨ। ਬੇਲਾਰੂਸ ਨਾਲ ਲੱਗਦੀ ਸਰਹੱਦ `ਤੇ ਵਾਧੂ ਫ਼ੌਜੀਆਂ ਦੀ ਤਾਇਨਾਤੀ ਕਰ ਰਿਹਾ ਹੈ। ਯੂਕਰੇਨ ਨੇ ਕਿਹਾ ਕਿ ਉਸਨੇ ਸਰਹੱਦੀ ਖੇਤਰ `ਚ ਕੋਈ ਅਹਿਮ ਬਦਲਾਅ ਨਹੀਂ ਕੀਤੇ ਹਨ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਜ਼ਖਾਰੋਵਾ ਨੇ ਕਿਹਾ ਕਿ ਸਾਨੂੰ ਖੇਤਰ `ਚ ਯੂਕਰੇਨੀ ਸੁਰੱਖਿਆ ਫੋਰਸਾਂ ਦੀਆਂ ਸ਼ੱਕੀ ਸਰਗਰਮੀਆਂ ਦੀ ਜਾਣਕਾਰੀ ਮਿਲੀ ਹੈ। ਅਸੀਂ ਇਸ ਮਾਮਲੇ `ਚ ਤੱਥਾਂ ਦੀ ਘੋਖ ਕਰ ਰਹੇ ਹਾਂ।ਇਸ ਵਿਚਾਲੇ, ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਦੇ ਵਿਰੁੱਧ ਉਸਦੀ ਜਿੱਤ ਯੋਜਨਾ ਸਹਿਯੋਗੀਆਂ ਦੇ ਫੈਸਲੇ `ਤੇ ਨਿਰਭਰ ਕਰਦੀ ਹੈ।
-
ਦਿਲਜੀਤ ਸਿੰਘ ਬੇਦੀ, writer
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.