ਅਖੌਤੀ ਸਿੱਖ ਹਤੈਸ਼ੀਆਂ ਦਾ ਰਾਹੁਲ ਪ੍ਰੇਮ ਕਤਲੇਆਮ ਪੀੜਤ ਸਿੱਖਾਂ ਨਾਲ ਕੋਝਾ ਮਜਾਕ
★ ਅੱਖਾਂ ਮੀਚ ਕੇ ਕੀਤਾ ਵਿਰੋਧ ਕੌਮ ਦੇ ਭਵਿੱਖ ਨਾਲ ਖਿਲਵਾੜ
ਸਰੀ (ਕੈਨੇਡਾ)- ਕਾਂਗਰਸ ਪਾਰਟੀ ਦੇ ਲੀਡਰ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ਉੱਤੇ ਗਏ ਹਨ। ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰੇ ਅਕਸਰ ਹੀ ਵਿਵਾਦ ਦਾ ਵਿਸ਼ਾ ਬਣੇ ਰਹਿੰਦੇ ਹਨ ਕਿਉਂਕਿ ਉਹ ਆਪਣੇ ਦੌਰਿਆਂ ਦੌਰਾਨ ਕੁਝ ਅਜਿਹੀ ਬਿਆਨਬਾਜ਼ੀ ਕਰਦੇ ਹਨ ਜੋ ਕਿ ਇੱਕ ਜਿੰਮੇਵਾਰ ਲੀਡਰ ਨੂੰ ਸ਼ੋਭਾ ਨਹੀਂ ਦਿੰਦੀ। ਹਾਲ ਹੀ ਦੇ ਅਮਰੀਕਾ ਦੌਰੇ ਦੌਰਾਨ ਵੀ ਰਾਹੁਲ ਗਾਂਧੀ ਨੇ ਭਾਰਤ ਵਿੱਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਆਖਿਆ ਕਿ ਸਿੱਖਾਂ ਨੂੰ ਭਾਰਤ ਵਿੱਚ ਦਸਤਾਰ ਪਹਿਨਣ ਅਤੇ ਕੜਾ ਧਾਰਨ ਕਰਨ ਕਰਕੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹੁਲ ਦਾ ਇਸ਼ਾਰਾ ਭਾਰਤ ਵਿੱਚ ਘੱਟ ਗਿਣਤੀਆਂ ਦੇ ਹਕੂਕਾਂ ਨੂੰ ਲੈ ਕੇ ਸੀ ਤੇ ਉਹ ਕਹਿਣਾ ਚਾਹੁੰਦੇ ਸਨ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਨਹੀਂ ਹਨ। ਇੱਕ ਲੀਡਰ ਆਫ ਅਪੋਜੀਸ਼ਨ ਦੀ ਜਿੰਮੇਵਾਰੀ ਹੁੰਦੀ ਹੈ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਨੀ ਅਤੇ ਦੇਸ਼ ਨੂੰ ਇੱਕ ਵੱਖਰਾ ਅਤੇ ਆਪਣੀ ਸੋਚ ਮੁਤਾਬਿਕ ਬਿਹਤਰ ਸਿਆਸੀ ਪ੍ਰੋਗਰਾਮ ਦੇਣਾ, ਪਰ ਵਿਰੋਧੀ ਧਿਰ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਇਹ ਜੁੰਮੇਵਾਰੀ ਵੀ ਬਣਦੀ ਹੈ ਕਿ ਉਹ ਦੇਸ਼ ਦੀ ਭਾਈਚਾਰਕ ਸਾਂਝ, ਏਕਤਾ ਅਤੇ ਅਖੰਡਤਾ ਦੀ ਰਖਵਾਲੀ ਕਰੇ। ਆਪਣੀ ਰਾਜਨੀਤੀ ਚਮਕਾਉਣ ਲਈ ਵਿਰੋਧੀ ਧਿਰ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜੋ ਦੇਸ਼ ਦੇ ਹਿੱਤਾਂ ਦੇ ਵਿਰੁੱਧ ਹੋਵੇ, ਕਿਉਂਕਿ ਵਿਰੋਧ ਸਿਰਫ ਸਰਕਾਰ ਦਾ ਹੋ ਸਕਦਾ ਹੈ ਦੇਸ਼ ਦਾ ਨਹੀਂ। ਵਿਰੋਧੀ ਧਿਰ ਦੇ ਨੇਤਾ ਨੂੰ ਦੇਸ਼ ਅਤੇ ਸਰਕਾਰ ਵਿਚਲਾ ਅੰਤਰ ਸਮਝਣਾ ਚਾਹੀਦਾ ਹੈ।
ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਬਾਰੇ ਬੋਲਣਾ ਬਿਲਕੁਲ ਜਾਇਜ਼ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਧਾਰਮਿਕ ਘੱਟ ਗਿਣਤੀਆਂ ਨੂੰ ਖਾਸ ਅਧਿਕਾਰ ਦਿੰਦਾ ਹੈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਘੱਟ ਗਿਣਤੀਆਂ ਨੂੰ ਕੋਈ ਸਮੱਸਿਆ ਦਰਪੇਸ਼ ਨਹੀਂ ਪਰ ਆਜ਼ਾਦ ਭਾਰਤ ਵਿੱਚ ਸਿੱਖਾਂ ਦੀ ਇੱਕ ਵਿਲੱਖਣ ਪਹਿਚਾਣ ਹੈ। ਸਿੱਖ ਪ੍ਰਧਾਨ ਮੰਤਰੀ ਰਾਸ਼ਟਰਪਤੀ, ਫੌਜਾਂ ਦੇ ਜਰਨੈਲ, ਗ੍ਰਹਿ ਮੰਤਰੀ ਅਤੇ ਹੋਰ ਕਈ ਮਹੱਤਵਪੂਰਨ ਅਹੁਦਿਆਂ 'ਤੇ ਬਿਰਾਜਮਾਨ ਰਹੇ ਨੇ ਅਤੇ ਆਜ਼ਾਦ ਭਾਰਤ ਦੀ ਤਕਦੀਰ ਮੁਕਰਰ ਕਰਨ ਦੇ ਵਿੱਚ ਹਮੇਸ਼ਾ ਹੀ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਸਿੱਖ ਭਾਈਚਾਰੇ ਨੂੰ ਭਾਰਤ ਵਿੱਚ ਅਨੇਕਾਂ ਮੁਸ਼ਕਲਾਂ ਦਰਪੇਸ਼ ਵੀ ਆਈਆਂ ਜਿਸ ਵਿੱਚ ਦਿੱਲੀ ਸਿੱਖਾਂ ਦਾ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਤੇ ਭਾਰਤੀ ਫੌਜ ਵੱਲੋਂ ਅਣਮਨੁੱਖੀ ਹਮਲਾ ਪ੍ਰਮੁੱਖ ਹਨ। ਜਿਸ ਤਰ੍ਹਾਂ 1980 ਅਤੇ 90ਵਿਆਂ ਵਿੱਚ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਉਹ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਇਹਨਾਂ ਸਭ ਘਟਨਾਵਾਂ ਦੇ ਬਾਵਜੂਦ ਸਿੱਖ ਭਾਈਚਾਰਾ ਭਾਰਤ ਦੇ ਰਾਸ਼ਟਰੀ ਜੀਵਨ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ ਕਿਉਂਕਿ ਸਿੱਖ ਭਾਈਚਾਰਾ ਜਾਣਦਾ ਹੈ ਕਿ ਸਿੱਖਾਂ ਖਿਲਾਫ ਭਾਰਤ ਵਿੱਚ ਅਤੇ ਭਾਰਤੀ ਸਮਾਜ ਵਿੱਚ ਕੋਈ ਵਿਆਪਕ ਵਿਤਕਰਾ ਨਹੀਂ ਬਲਕਿ ਬੀਤੇ ਵਿਚ ਜੋ ਕੁਝ ਹੋਇਆ ਉਹ ਇੱਕ ਸਿਆਸੀ ਜਮਾਤ ਦੀ ਕੋਝੀ ਰਾਜਨੀਤੀ ਦਾ ਨਤੀਜਾ ਸੀ। ਇਹ ਉਹੀ ਸਿਆਸੀ ਪਾਰਟੀ ਹੈ ਜਿਸ ਦੇ ਨੇਤਾ ਅੱਜ ਰਾਹੁਲ ਗਾਂਧੀ ਹਨ।
ਅੱਜ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਅਖੌਤੀ ਸਿੱਖ ਹਤੈਸ਼ੀ ਵਿਦੇਸ਼ਾਂ ਦੇ ਵਿੱਚ ਬੈਠੇ ਵੱਖਵਾਦੀ ਰਾਹੁਲ ਗਾਂਧੀ ਦੇ ਇਸ ਬਿਆਨ ਦੇ ਸਮਰਥਨ ਦੇ ਵਿੱਚ ਆ ਗਏ ਹਨ। ਕਾਂਗਰਸ ਪਾਰਟੀ ਦੇ ਆਗੂ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਰਾਹੁਲ ਗਾਂਧੀ ਦੇ ਬਚਾਅ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ ਨੂੰ ਗਲਤ ਤਾਂ ਕਹਿ ਰਹੇ ਹਨ ਪਰ ਇਸ ਸਵਾਲ ਦਾ ਜਵਾਬ ਨਹੀਂ ਦੇ ਰਹੇ ਕਿ ਉਸ ਫੌਜੀ ਹਮਲੇ ਅਤੇ 84 ਦੇ ਸਿੱਖ ਕਤਲੇਆਮ ਲਈ ਅੱਜ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸਿੱਖ ਸੰਗਤ ਕੋਲੋਂ ਕਦੇ ਸਪਸ਼ਟ ਮੁਆਫੀ ਕਿਉਂ ਨਹੀਂ ਮੰਗੀ। ਇਥੋਂ ਤੱਕ ਕਿ ਰਾਹੁਲ ਗਾਂਧੀ ਖੁਦ ਇਹ ਗੱਲ ਕਬੂਲ ਕਰ ਚੁੱਕੇ ਹਨ ਕਿ 84 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਪਾਰਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਸੀ ਪਰ ਫਿਰ ਵੀ ਸਿੱਖ ਜਗਤ ਤੋਂ ਮਾਫੀ ਮੰਗਣ ਵਿੱਚ ਕੀ ਗੁਰੇਜ ਹੈ, ਇਹ ਦੱਸਣ ਵਿੱਚ ਉਹ ਅਜੇ ਤੱਕ ਨਾਕਾਮ ਰਹੇ ਹਨ।
ਇਹ ਵੀ ਪੜ੍ਹੋ :
ਰਾਹੁਲ ਗਾਂਧੀ ਨੂੰ ਇਸ ਸਭ ਕਾਸੇ ਤੋਂ ਬਰੀ ਕਰਨ ਲਈ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਜੋ ਕੁਝ ਕੀਤਾ ਕਰਾਇਆ ਸੀ ਉਹ ਉਸਦੀ ਦਾਦੀ ਇੰਦਰਾ ਗਾਂਧੀ ਅਤੇ ਬਾਪ ਰਾਜੀਵ ਗਾਂਧੀ ਦਾ ਸੀ। ਇਹ ਤੱਥ ਸਰਬ ਪ੍ਰਵਾਣਤ ਹੈ ਕਿ ਰਾਜੀਵ ਗਾਂਧੀ ਨੇ ਦਿੱਲੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਸੀ। ਸੀਨੀਅਰ
ਪੁਲਿਸ ਅਧਿਕਾਰੀ ਜੂਲੀਓ ਐਫ ਰਿਬੈਰੋ ਨੇ ਆਪਣੀ ਕਿਤਾਬ 'ਏ ਬੁਲੇਟ ਫਾਰ ਬੁਲੇਟ' ਵਿੱਚ ਇਸ ਤੱਥ ਦਾ ਇਨਕਸ਼ਾਫ ਕੀਤਾ ਹੈ ਜਿੱਥੇ ਉਹ ਲਿਖਦਾ ਹੈ ਕਿ ਜਦੋਂ ਉਸਨੇ ਦਿੱਲੀ ਸਿੱਖ ਨਸ਼ਨਲਕੁਸ਼ੀ ਦੇ ਇਨਸਾਫ ਦੀ ਗੱਲ ਰਾਜੀਵ ਗਾਂਧੀ ਨਾਲ ਕੀਤੀ ਤਾਂ ਖੁਦ ਰਾਜੀਵ ਨੇ ਉਸ ਦੀ ਝਾੜ ਝੰਬ ਕਰਕੇ ਉਸ ਨੂੰ ਚੁੱਪ ਕਰਵਾ ਦਿੱਤਾ ਸੀ। ਇਹਨਾਂ ਸਾਰੀਆਂ ਗੱਲਾਂ ਅਤੇ ਤੱਥਾਂ ਨੂੰ ਹੁਣ ਰਾਹੁਲ ਗਾਂਧੀ ਦੀ ਦਾਦੀ ਅਤੇ ਪਿਤਾ ਦੇ ਖਾਤੇ ਪਾ ਕੇ ਰਾਹੁਲ ਨੂੰ ਦੋਸ਼ਮੁਕਤ ਕੀਤਾ ਜਾ ਰਿਹਾ ਹੈ ਪਰ ਅਖੌਤੀ ਸਿੱਖ ਹਤੈਸ਼ੀ ਆਗੂ ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਦਿੱਲੀ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ ਰਾਹੁਲ ਗਾਂਧੀ ਦੀ ਸਰਪ੍ਰਸਤੀ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਅਤੇ ਉਸ ਦੇ ਪੁੱਤਰ ਨਕੁਲਨਾਥ ਨੂੰ ਮੱਧ ਪ੍ਰਦੇਸ਼ ਦੇ ਬੀਂਦ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਕਿਉਂ ਬਣਾਇਆ ਗਿਆ ? ਕੀ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਵੇਲੇ ਰਾਹੁਲ ਗਾਂਧੀ ਨੂੰ ਸਿੱਖਾਂ ਦੀ ਪੱਗ ਜੋ ਦਿੱਲੀ ਦੀਆਂ ਸੜਕਾਂ ਦੇ ਉੱਤੇ ਬੇਰਹਿਮੀ ਨਾਲ ਰੋਲੀ ਗਈ ਸੀ ਅਤੇ ਸਿੱਖਾਂ ਦਾ ਕੜਾ ਜਿਸ ਨੂੰ ਪਹਿਨਣ ਕਾਰਨ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਸੀ ਦੀ ਯਾਦ ਕਿਉਂ ਨਹੀਂ ਆਈ ਸੀ ? ਕੀ ਸਿੱਖ ਭਾਵਨਾਵਾਂ ਦਾ ਇਸਤੇਮਾਲ ਸਿਰਫ ਸਮੇਂ ਦੀ ਸਰਕਾਰ ਦੇ ਖਿਲਾਫ ਇੱਕ ਮਾਹੌਲ ਬਣਾਉਣ ਲਈ ਹੀ ਕੀਤਾ ਜਾ ਰਿਹਾ ਹੈ ? ਅਖੌਤੀ ਸਿੱਖ ਆਗੂ ਜੋ ਅੱਜ ਰਾਹੁਲ ਦੇ ਹਮਾਇਤੀ ਬਣੇ ਹੋਏ ਹਨ ਅਤੇ ਵਿਦੇਸ਼ਾਂ ਵਿੱਚ ਬੈਠੇ ਵੱਖਵਾਦੀ ਜੋ ਛੋਟੀ-ਛੋਟੀ ਗੱਲ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਕੇ ਭਾਰਤ ਵਿਰੋਧੀ ਏਜੰਡਾ ਸੈਟ ਕਰਦੇ ਨੇ ਉਹ ਇਸ ਗੱਲ ਦਾ ਜਵਾਬ ਸਿੱਖ ਸੰਗਤ ਨੂੰ ਦੇਣ ਕਿ ਸਿੱਖਾਂ ਦੇ ਕਾਤਲ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਰਾਹੁਲ ਗਾਂਧੀ ਦਾ ਅਮਰੀਕਾ ਵਿੱਚ ਕੋਈ ਵਿਰੋਧ ਕਿਉਂ ਨਹੀਂ ਕੀਤਾ ਗਿਆ ?
ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਿੱਖ ਸੰਗਤ ਦੇ ਕਈ ਅਹਿਮ ਲਟਕੇ ਹੋਏ ਕੰਮ ਨੇਪਰੇ ਚਾੜੇ ਹਨ ਜਿਸ ਵਿੱਚ ਕਰਤਾਰਪੁਰ ਕੋਰੀਡੋਰ ਖੋਲ੍ਹਣ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਸ਼੍ਰੋਮਣੀ ਕਮੇਟੀ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਵੋਟ ਦਾ ਅਧਿਕਾਰ ਦੇਣ, ਲੰਗਰ 'ਤੋਂ ਜੀਐਸਟੀ ਖਤਮ ਕਰਨ, ਸਿੱਖ ਯਾਦਗਾਰਾਂ ਬਣਵਾਉਣ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਲਾਲ ਕਿਲੇ 'ਤੇ ਮਨਾਉਣ ਅਤੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ਦੇ ਉੱਤੇ ਮਨਾਉਣ ਵਰਗੇ ਅਨੇਕਾਂ ਕਾਰਜ ਕਰਕੇ ਸਿੱਖ ਹਿਰਦੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਾਰੀ ਦੁਨੀਆ ਦੇ 180 ਤੋਂ ਜਿਆਦਾ ਮੁਲਕ ਜਿੱਥੇ-ਜਿੱਥੇ ਭਾਰਤੀ ਸਫ਼ਾਰਤਖਾਨੇ ਹਨ ਉਥੇ ਮਨਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਸੰਗਤ ਦੇ ਵੱਲ ਕਦੇ ਵੀ ਪਿੱਠ ਨਹੀਂ ਕੀਤੀ ਅਤੇ ਜੋ ਵੀ ਮੰਗਾਂ ਸਿੱਖ ਸੰਗਤ ਨੇ ਕੀਤੀਆਂ ਉਹਨਾਂ ਦੇ ਵਿੱਚ ਬਰੀਕੀ ਦੇ ਨਾਲ ਘੋਖ ਕਰਕੇ ਉਹਨਾਂ ਕੰਮਾਂ ਨੂੰ ਨੇਪਰੇ ਚਾੜਿਆ ਗਿਆ।
35 ਸਾਲਾਂ ਤੋਂ ਸਿੱਖ ਸੰਗਤ ਦੇ ਮਨ ਵਿੱਚ ਇੱਕ ਚੀਸ ਹਮੇਸ਼ਾ ਰਹੀ ਸੀ ਕਿ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਇਨਸਾਫ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਉਲਟਾ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਕਾਤਲਾਂ ਨੂੰ ਤਰੱਕੀਆਂ ਅਤੇ ਟਿਕਟਾਂ ਦੇ ਕੇ ਮੈਂਬਰ ਆਫ ਪਾਰਲੀਮੈਂਟ ਬਣਵਾਇਆ ਤੇ ਉਹਨਾਂ ਨੂੰ ਵਜ਼ੀਰੀਆਂ ਨਾਲ ਨਿਵਾਜਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਉਹਨਾਂ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਸਿੱਖਾਂ ਦੇ ਦੋਸ਼ੀ ਜੋ ਹਜ਼ਾਰਾਂ ਸਿੱਖਾਂ ਦਾ ਘਾਣ ਕਰਕੇ ਆਜ਼ਾਦੀ ਮਾਣ ਰਹੇ ਸਨ ਉਹਨਾਂ ਵਿੱਚੋਂ ਸੱਜਣ ਕੁਮਾਰ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ ਅਤੇ ਜਗਦੀਸ਼ ਟਾਈਟਲਰ ਦੇ ਖਿਲਾਫ ਅਦਾਲਤਾਂ ਦੇ ਵਿੱਚ ਦੋਸ਼ ਆਇਦ ਹੋ ਚੁੱਕੇ ਹਨ। ਕੀ ਇਹ ਮੰਗ ਸਿੱਖ ਸੰਗਤ ਪਿਛਲੇ 40 ਵਰਿਆਂ ਤੋਂ ਨਹੀਂ ਕੀਤੀ ਜਾ ਰਹੀ ਸੀ ?
ਵੱਡੇ ਪੱਧਰ ਦੇ ਉੱਤੇ ਸਿੱਖਾਂ ਦੇ ਮਾਮਲਿਆਂ ਦਾ ਹੱਲ ਕਰਨ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਆਦਰ ਕਰਨ ਤੋਂ ਬਾਅਦ ਵੀ ਨਰਿੰਦਰ ਮੋਦੀ ਨੂੰ ਤਾਂ ਸਿੱਖ ਵਿਰੋਧੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਦੇ ਹਤਿਆਰੇ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਵਾਲੇ ਰਾਹੁਲ ਗਾਂਧੀ ਨੂੰ ਸਿੱਖ ਹਤੈਸ਼ੀ ਕਿਹਾ ਜਾ ਰਿਹਾ ਹੈ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅਖੌਤੀ ਖਾਲਿਸਤਾਨੀ ਤੇ ਕੌਮ ਦੇ ਠੇਕੇਦਾਰ ਮੋਦੀ ਜਾਂ ਭਾਜਪਾ ਨੂੰ ਤਾਂ ਸਿੱਖਾਂ ਦੇ ਦੋਖੀ ਬਣਾਕੇ ਪੇਸ਼ ਕਰਦੇ ਸਾਰਾ ਜ਼ੋਰ ਲਾ ਦਿੰਦੇ ਹਨ ਪਰ ਕਾਂਗਰਸ ਦੇ ਨਾਂ 'ਤੇ ਆਕੇ ਇਨ੍ਹਾਂ ਦੇ ਮੂੰਹ ਵਿੱਚ ਘੁੰਗਣੀਆਂ ਪੈ ਜਾਂਦੀਆਂ ਹਨ। ਜਦੋਂ ਕਦੇ ਵੀ ਕਾਂਗਰਸ ਦੇ ਸੀਨੀਅਰ ਆਗੂ (ਮੈਂਬਰ ਪਾਰਲੀਮੈਂਟ) ਕੈਨੇਡਾ ਆਏ ਤਾਂ ਧਰਮ ਦੇ ਕਿਸੇ ਠੇਕੇਦਾਰ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਸਗੋਂ ਵੱਡੇ ਖਾਲਿਸਤਾਨੀ ਉਨ੍ਹਾਂ ਨਾਲ ਗੁਪਤ ਮੀਟਿੰਗਾਂ ਕਰਦੇ ਰਹੇ ਹਨ। ਇਸ ਤਰ੍ਹਾਂ ਦੇ ਭਰਮ ਅਤੇ ਦੋਗਲੀ ਪਹੁੰਚ ਸਿੱਖ ਸੰਗਤਾਂ ਵਿੱਚ ਪੈਦਾ ਕਰਨ ਵਾਲੀਆਂ ਤਾਕਤਾਂ ਸਿੱਖ
ਕੌਮ ਦਾ ਵੱਡਾ ਨੁਕਸਾਨ ਕਰ ਰਹੀਆਂ ਹਨ ਤੇ ਇਨਾਂ ਤਾਕਤਾਂ ਤੋਂ ਸਿੱਖ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ। ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਦਾ ਹੱਲ ਟਕਰਾਅ ਵਾਲਾ ਵਤੀਰਾ ਇਖਤਿਆਰ ਕਰਕੇ ਨਹੀਂ ਸਗੋਂ ਗੱਲਬਾਤ ਰਾਹੀਂ ਨਿਕਲਣਾ ਹੈ। ਪਿਛਲੇ 10 ਸਾਲਾਂ ਤੋਂ ਸੱਤਾ ਵਿੱਚ ਰਹੀ ਨਰਿੰਦਰ ਮੋਦੀ ਸਰਕਾਰ ਨੇ ਦਿਆਨਤਦਾਰੀ ਨਾਲ ਸਿੱਖ ਭਾਈਚਾਰੇ ਦੇ ਨਾਲ ਸੰਵਾਦ ਸ਼ੁਰੂ ਕੀਤਾ ਹੈ ਜਿਸ ਦਾ ਸਮੂਹ ਸਿੱਖ ਸੰਗਤ ਨੂੰ ਖੁੱਲੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਹੈ ਅਤੇ ਸਿੱਖ ਵਿਰੋਧੀਆਂ ਦੇ ਨਾਲ ਖੜੇ ਅਖੌਤੀ ਸਿੱਖ ਆਗੂਆਂ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਨਿਸ਼ਠਾ ਸਿੱਖ ਪੰਥ ਪ੍ਰਤੀ ਹੈ ਜਾਂ ਉਹਨਾਂ ਤਾਕਤਾਂ ਪ੍ਰਤੀ ? ਜੋ ਦੇਸ਼ ਅਤੇ ਕੌਮ ਨੂੰ ਪਾੜੇ ਪਾ ਕੇ ਕਮਜ਼ੋਰ ਕਰਨ ਲਈ ਤਤਪਰ ਹਨ।
21 ਸਤੰਬਰ, 2024
-
ਮਨਿੰਦਰ ਗਿੱਲ, Managing Director Radio India, Surrey (Canada)
msgill@radioindialtd.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.