ਕਾਮਰੇਡ ਦਰਸ਼ਨ ਸਿੰਘ ਬਾਗੀ ਵੱਲੋਂ ਪੰਜਾਬ ਦੀ ਇਨਕਲਾਬੀ ਜਮਹੂਰੀ ਵਿਦਿਆਰਥੀ ਲਹਿਰ ਵਿੱਚ ਅਦਾ ਕੀਤੇ ਗਏ ਇਤਿਹਾਸਕ ਯੋਗਦਾਨ ਨੂੰ ਯਾਦ ਕਰਦਿਆਂ...
ਲਹਿੰਬਰ ਸਿੰਘ ਤੱਗੜ
ਕਾਮਰੇਡ ਦਰਸ਼ਨ ਸਿੰਘ ਬਾਗੀ ਮੇਰੇ ਤੋਂ ਪਹਿਲੀ ਪੀੜ੍ਹੀ ਦਾ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਸਿਰਮੌਰ ਵਿਦਿਆਰਥੀ ਆਗੂ ਸੀ ਜਿਸ ਦੀ ਪਹਿਲ ਕਦਮੀ ਅਤੇ ਅਗਵਾਈ ਵਿੱਚ 1960 ਵਿਆਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪੰਜਾਬ ਵਿੱਚ ਇੱਕ ਇਨਕਲਾਬੀ, ਲੜਾਕੂ ਅਤੇ ਇਤਿਹਾਸਕ ਵਿਦਿਆਰਥੀ ਲਹਿਰ ਪੈਦਾ ਹੋਈ ਅਤੇ ਸਿਖਰਾਂ ਤੇ ਪੁੱਜੀ। ਭਾਵੇਂ ਅਖੀਰ ਵਿੱਚ ਉਹ ਆਪਣੀਆਂ ਦੋਹਾਂ ਪਹਿਚਾਣਾਂ ‘ਕਾਮਰੇਡ’ ਅਤੇ ‘ਬਾਗੀ’ ਨੂੰ ਤਿਲਾਂਜਲੀ ਦੇ ਕੇ ਦਰਸ਼ਨ ਸਿੰਘ ਖਹਿਰਾ ਬਣ ਗਿਆ ਅਤੇ ਦੇਸ਼ ਨੂੰ ਵੀ ਛੱਡ ਕੇ ਕੈਨੇਡਾ ਜਾ ਵਸਿਆ, ਪਰ ਅੱਜ ਜਿਸ ਵੇਲੇ ਅਸੀਂ ਉਸ ਦੇ 86 ਸਾਲ ਦੀ ਉਮਰ ਵਿੱਚ ਪਏ ਸਦੀਵੀ ਵਿਛੋੜੇ ’ਤੇ ਕੁੱਝ ਸ਼ਬਦ ਲਿਖਣ ਲੱਗੇ ਹਾਂ ਤਾਂ ਅਸੀਂ ਉੁਸ ਨੂੰ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਕਹਿ ਕੇ ਹੀ ਗੱਲ ਕਰਾਂਗੇ ‘ਖਹਿਰਾ’ ਕਹਿਕੇ ਨਹੀਂ। ਉਹ ਇਸ ਲਈ ਕਿਉਂਕਿ ਅਸੀਂ ਉਸਦੀ ਜਿੰਦਗੀ ਦੇ ਜਿਹੜੇ ਪੰਜ ਛੇ ਵਰਿ੍ਹਆਂ ਦੀ ਗੱਲ ਕਰਨੀ ਹੈ ਉਨ੍ਹਾਂ ਸਮਿਆਂ ਵਿੱਚ ਉਹ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਹੀ ਸੀ ‘ਖਹਿਰਾ’ ਨਹੀਂ ਸੀ।
ਜ਼ਿਨ੍ਹਾਂ ਸਮਿਆਂ ਵਿੱਚ ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਅਗਵਾਈ ਵਿੱਚ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਚਲ ਰਹੀ ਸੀ, ਵਿਕਸਤ ਹੋ ਰਹੀ ਸੀ ਅਤੇ ਸਿਖਰਾਂ ਨੂੰ ਪਹੁੰਚ ਰਹੀ ਸੀ, ਉਨ੍ਹਾਂ ਸਮਿਆਂ ਵਿੱਚ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਬੀ.ਏ. ਦਾ ਵਿਦਿਆਰਥੀ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਯੂਨਿਟ ਵਿੱਚ ਪੂਰੀ ਤਰ੍ਹਾਂ ਸੁਚੇਤ ਤੌਰ ’ਤੇ ਸਰਗਰਮ ਸੀ । ਦਰਸ਼ਨ ਸਿੰਘ ਬਾਗੀ ਦਾ ਸਾਡੇ ਕਾਲਜ ਵਿੱਚ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਅਤੇ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਸੀ। ਹਾਲਾਤ ਇਹ ਸਨ ਕਿ ਪੰਜਾਬ ਵਿੱਚ ਲੱਗ ਪੱਗ ਰੋਜ਼ ਕਿਤੇ ਨਾ ਕਿਤੇ ਵਿਦਿਆਰਥੀ ਸੰਘਰਸ਼ ਚਲ ਰਹੇ ਸਨ। ਪੁਲਿਸ ਨਾਲ ਟੱਕਰਾਂ ਹੋ ਰਹੀਆਂ ਸਨ। ਲਾਠੀਚਾਰਜਾਂ, ਪੁਲਿਸ ਫਾਇਰਿੰਗ, ਗ੍ਰਿਫਤਾਰੀਆਂ ਦਾ ਦੌਰ ਚਲ ਰਿਹਾ ਸੀ। ਹਰ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਹੜਤਾਲਾਂ ਹੋ ਰਹੀਆਂ ਸਨ। ਰੋਹ ਭਰੇ ਮੁਜ਼ਾਹਰੇ ਹੋ ਰਹੇ ਸਨ ਅਤੇ ਕਿਤੇ ਕਿਤੇ ਗੁਸੇ ਵਿੱਚ ਭੜਕਾਊ ਅਤੇ ਹਿੰਸਕ ਵਾਰਦਾਤਾਂ ਵੀ ਹੋ ਜਾਂਦੀਆਂ ਸਨ। ਇੱਕ ਦਿਨ ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਰੇਲਵੇ ਪੁਲਿਸ ਨਾਲ ਕਿਸੇ ਝਗੜੇ ਤੋਂ ਰੋਹ ਵਿੱਚ ਆ ਕੇ ਫਗਵਾੜੇ ਦੇ ਰੇਲਵੇ ਸਟੇਸ਼ਨ ਨੂੰ ਹੀ ਫੂਕ ਦਿੱਤਾ।
ਤਿੰਨ ਚਾਰ ਘੰਟੇ ਸਟੇਸ਼ਨ ਤੇ ਵਿਦਿਆਰਥੀਆਂ ਦਾ ਹੀ ‘ਰਾਜ’ ਰਿਹਾ। ਇੱਕ ਹੋਰ ਦਿਨ ਸਾਡੇ ਫਗਵਾੜੇ ਦੇ ਵਿਦਿਆਰਥੀਆਂ ਨੇ ਵਿਦਿਆਰਥੀ ਲਹਿਰ ਦੇ ਹਮਦਰਦ ਪਰੋਫੈਸਰ ਕਸ਼ਮੀਰਾ ਸਿੰਘ ਨੂੰ ਨਕਸਲੀ ਹੋਣ ਦਾ ਬਹਾਨਾ ਲਾ ਕੇ ਹਿਰਾਸਤ ਵਿੱਚ ਲੈਣ ਵਿਰੁੱਧ ਹੜਤਾਲ ਤੇ ਮੁਜ਼ਾਹਰਾ ਕਰਕੇ ਪੁਲਿਸ ਦੇ ਥਾਣੇ ਤੇ ਹੀ ਹਮਲਾ ਕਰ ਦਿੱਤਾ ਅਤੇ ਪ੍ਰੋਫੈਸਰ ਸਾਹਿਬ ਨੂੰ ਪੁਲਿਸ ਹਿਰਾਸਤ ਵਿੱਚੋਂ ਖੋਹ ਕੇ ਹੀ ਲੈ ਗਏ। ਪੰਜਾਬ ਸਟੂਡੈਂਟਸ਼ ਯੂਨੀਅਨ ਵੱਲੋਂ ਲਗਾਤਾਰ ਹੜਤਾਲਾਂ ਮੁਜ਼ਾਹਰਿਆਂ ਦੇ ਸੱਦੇ ਆਉਂਦੇ ਤੇ ਬਾਕੀ ਸਾਰੇ ਪੰਜਾਬ ਵਾਂਗ ਫਗਵਾੜੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੀ ਇਹ ਸੱਦੇ ਸਫਲ ਹੁੰਦੇ। ਦਰਸ਼ਨ ਸਿੰਘ ਬਾਗੀ ਦੇ ਨਾਂ ਤੇ ਪੋਸਟਰ ਨਿਕਲਦੇ, ਰਾਤੋ ਰਾਤ ਸਾਰੇ ਪੰਜਾਬ ਵਿੱਚ ਲਗ ਜਾਂਦੇ। ਅਖਬਾਰਾਂ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਅਤੇ ਦਰਸ਼ਨ ਸਿੰਘ ਬਾਗੀ ਦਾ ਨਾਂ ਦੰਦ ਕਥਾਵਾਂ ਦੇ ਜਨਨਾਇਕ ਵਰਗਾ ਬਣ ਕੇ ਉਭਰ ਰਿਹਾ ਸੀ ਅਤੇ ਪੂਰੇ ਚਾਰ ਪੰਜ ਸਾਲ (1963 ਤੋਂ 1968) ਤੱਕ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਛਾਇਆ ਰਿਹਾ।
ਸਾਡੇ ਰਾਮਗੜ੍ਹੀਆ ਕਾਲਜ ਫਗਵਾੜਾ ਬਾਰੇ ਉਹ ਆਪਣੀ ਕਿਤਾਬ ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਦੇ ਸਫਾ ਨੰਬਰ 73 ’ਤੇ ਲਿਖਦਾ ਹੈ, ‘‘ਰਾਮਗੜ੍ਹੀਆ ਕਾਲਜ ਫਗਵਾੜਾ-ਇਸ ਕਾਲਜ ਵਿੱਚ 10 ਵਿਦਿਆਰਥੀਆਂ ਦਾ ਬਹੁਤ ਤਕੜਾ ਸਿਧਾਂਤਕ ਪਕਿਆਈ ਵਾਲਾ ਮਾਰਕਸਵਾਦੀ ਯੂਨਿਟ ਸੀ। ਇਸ ਯੂਨਿਟ ਦੀ ਅਗਵਾਈ ਨਿਰਮਲ ਸਿੰਘ ਢੀਂਡਸਾ, ਲਹਿੰਬਰ ਸਿੰਘ ਤੱਗੜ ਕਰਦੇ ਸਨ। ਮਾਹਿਲ ਗਹਿਲਾਂ ਵਾਲੇ ਸਕੂਲ ਤੋਂ ਇਕ ਹਫਤੇ ਮਗਰੋਂ ਦਰਸ਼ਨ ਸਿੰਘ ਬਾਗੀ ਨੇ ਰਾਮਗੜ੍ਹੀਆ ਕਾਲਜ ਦੇ ਹੋਸਟਲ ਵਿੱਚ 5 ਦਿਨ ਵਾਸਤੇ ਮਾਰਕਸਵਾਦ, ਦਵੰਦਵਾਦੀ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਵਾਦ ਤੇ ਸਕੂਲ ਲਾਇਆ ਤੇ ਇਸ ਸਕੂਲ ਵਿੱਚ 10 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮਾਰਕਸਵਾਦੀ ਯੂਨਿਟ ਦਾ ਮੁੱਖ ਸਰਗਰਮ ਵਿਦਿਆਰਥੀ ਨਿਰਮਲ ਸਿੰਘ ਢੀਂਡਸਾ ਸੀ ਤੇ ਇਹ ਯੂਨਿਟ ਪੀ.ਐਸ.ਯੂ. ਦਾ ਬੜਾ ਸਰਗਰਮ ਅੰਗ ਸੀ। ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਰਾਮਗੜ੍ਹੀਆ ਕਾਲਜ ਨੇ ਸਾਰੇ ਕਾਲਜਾਂ ਵਿੱਚ ਹੜਤਾਲ ਕਰਵਾ ਕੇ ਜਲੂਸ ਕੱਢਿਆ ਸੀ। ਇਸ ਯੂਨਿਟ ਨਾਲ ਦਰਸਨ ਸਿੰਘ ਬਾਗੀ ਦਾ ਬਹੁਤ ਨੇੜਤਾ ਦਾ ਰਿਸ਼ਤਾ ਰਿਹਾ ਤੇ ਲੱਗ ਪੱਗ ਹਰ ਮਹੀਨੇ ਪਿੱਛੋਂ ਇਸ ਯੂਨਿਟ ਦੀ ਮੀਟਿੰਗ ਹੁੰਦੀ ਰਹਿੰਦੀ ਸੀ’’।
ਕਾਮਰੇਡ ਦਰਸ਼ਨ ਸਿੰਘ ਬਾਗੀ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਤਹਿਸੀਲ ਦੇ ਪਿੰਡ ਬੀਂਬੜੀ ਦਾ ਰਹਿਣ ਵਾਲਾ ਸੀ ਅਤੇ ਸਰਦਾਰ ਲਾਭ ਸਿੰਘ ਖਹਿਰਾ ਦਾ ਵੱਡਾ ਸਪੁੱਤਰ ਸੀ। ਸੰਗਰੂਰ ਜ਼ਿਲ੍ਹੇ ਵਿੱਚ ਕਮਿਊਨਿਸਟ ਲਹਿਰ ਦੇ ਬਹੁਤ ਮਜ਼ਬੂਤ ਹੋਣ ਕਾਰਨ ਉਹ ਕਮਿਊਨਿਸਟ ਵਿਚਾਰਾਂ ਦਾ ਧਾਰਨੀ ਬਣ ਚੁੱਕਾ ਸੀ। ਵਿਦਿਆਰਥੀ ਲਹਿਰ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਉਹ ਪੰਚਾਇਤ ਵਿਭਾਗ ਵਿੱਚ ‘ਗਰਾਮ ਸੇਵਕ’ ਦੇ ਤੌਰ ਤੇ ਸਰਵਿਸ ਕਰ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਦੇਸ਼ ਭਰ ਵਿੱਚ ਸੀ.ਪੀ.ਆਈ. ਵਿੱਚ ਦੋ ਗਰੁੱਪ ਬਣ ਚੁੱਕੇ ਸਨ ਪਰ ਅਜੇ ਸੀ.ਪੀ.ਆਈ.(ਐਮ) ਦੀ ਵੱਖਰੀ ਸਥਾਪਨਾ ਨਹੀਂ ਹੋਈ ਸੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਗ੍ਰਿਫਤਾਰੀ ਦਾ ਲਾਹਾ ਲੈਂਦਿਆਂ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਧੱਕੇ ਨਾਲ ਪੰਜਾਬ ਦਾ ਸਕੱਤਰ ਬਣ ਚੁੱਕਾ ਸੀ ਅਤੇ ਤੇਜ਼ੀ ਨਾਲ ਪਾਰਟੀ ਦੀ ਸਾਰੀ ਮਸ਼ੀਨਰੀ ’ਤੇ ਕਬਜ਼ਾ ਕਰ ਰਿਹਾ ਸੀ। ਵਿਦਿਆਰਥੀ ਫਰੰਟ ਨੂੰ ਵੀ ਸਰਗਰਮ ਕਰਨ ਦੇ ਮੰਤਵ ਨਾਲ ਕਾਮਰੇਡ ਮਲਹੋਤਰਾ ਨੇ 15 ਮਾਰਚ 1963 ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਦਿਆਰਥੀਆਂ ਦੀ ਇੱਕ ਮੀਟਿੰਗ ਸੱਦੀ ਜਿਸ ਵਿੱਚ ਦਰਸ਼ਨ ਸਿੰਘ ਬਾਗੀ ਵੀ ਨੂੰ ਸੱਦਿਆ ਗਿਆ।
ਦਰਸ਼ਨ ਸਿੰਘ ਬਾਗੀ ਸੋਧਵਾਦੀ ਵਿਚਾਰਾਂ ਦਾ ਵਿਰੋਧੀ ਸੀ ਅਤੇ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਤ ਸੀ। ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਪਹਿਲ ਕਦਮੀ ਕਾਰਨ ਮੀਟਿੰਗ ਵਿੱਚ ਸ਼ਾਮਲ ਬਹੁਗਿਣਤੀ ਵਿਦਿਆਰਥੀਆਂ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੀਟਿੰਗ ਵਿੱਚੋਂ ਬਾਹਰ ਆ ਗਏ। ਪਰ ਇਸ ਮੀਟਿੰਗ ਵਿੱਚ ਹੋਈਆਂ ਗੱਲਾਂਬਾਤਾਂ ਅਤੇ ਵਿਚਾਰ ਵਟਾਂਦਰਿਆਂ ਦਾ ਨਤੀਜਾ ਇਹ ਨਿਕਲਿਆ ਕਿ ਕਾਮਰੇਡ ਦਰਸ਼ਨ ਸਿੰਘ ਬਾਗੀ ਦੇ ਮਨ ਮਸਤਕ ਵਿੱਚ ਪੰਜਾਬ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਜਥੇਬੰਦ ਕਰਨ ਦੀਆਂ ਚਿਣਗਾਂ ਫੁੱਟ ਪਈਆਂ। ਉਸ ਨੇ ਆਪਣੇ ਇਕ ਹੋਰ ਸਾਥੀ ਰਾਜਿੰਦਰ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲੈ ਲਿਆ। ਦਾਖਲਾ ਲੈਣ ਦਾ ਇੱਕ ਮਾਤਰ ਉਦੇਸ਼ ਪੰਜਾਬ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਜਥੇਬੰਦ ਕਰਨਾ ਹੀ ਸੀ।
ਬਸ ਫਿਰ ਕੀ ਸੀ, ਚੱਲ ਸੋ ਚੱਲ। ਸਤੰਬਰ 1963 ਵਿੱਚ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਸਥਾਪਤ ਕੀਤੀ ਗਈ। ਗੁੰਡਾ ਅਨਸਰਾਂ ਦੀ ਗੁੰਡਾਗਰਦੀ ਵਿਰੁੱਧ ਜਬਰਦਸਤ ਸੰਘਰਸ਼ ਲੜਿਆ ਗਿਆ। ਚੰਡੀਗੜ੍ਹ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਹੜਤਾਲ ਕਰਕੇ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀ ਅਤੇ ਵਿਦਿਆਰਥਣਾਂ ਰੋਹ ਭਰੇ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਬਹੁਤ ਰੋਹ ਭਰਿਆ ਸੰਘਰਸ਼ ਸੀ। ਭੁੱਖ ਹੜਤਾਲਾਂ ਵੀ ਹੋਈਆਂ। ਸਰਕਾਰ ਇੱੱਕ ਦਮ ਘਬਰਾ ਗਈ। ਗ੍ਰਹਿ ਮੰਤਰੀ ਦਰਬਾਰਾ ਸਿੰਘ ਨੇ ਵਿਦਿਆਰਥੀਆਂ ਨੂੰ ਸੱਦ ਕੇ ਉਨ੍ਹਾਂ ਦੀਆਂ ਸਾਰੀਆਂ ਹੀ ਮੰਗਾਂ ਪ੍ਰਵਾਨ ਕਰ ਲਈਆਂ। ਇਹ ਵਿਦਿਆਰਥੀ ਸੰਘਰਸ਼ ਦੇ ਮੈਦਾਨ ਦੀ ਪਹਿਲ ਪਲੇਠੀ ਲਲਕਾਰ ਅਤੇ ਜਿੱਤ ਸੀ। ਇਸ ਸੰਘਰਸ਼ ਤੋਂ ਤੁਰੰਤ ਬਾਅਦ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਦਾ ਬਹੁਤ ਹੀ ਜਬਰਦਸ਼ਤ ਸੰਘਰਸ਼ ਚਲਿਆ ਜਿਸ ਵਿੱਚ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਅਤੇ ਆਗੂਆਂ ਨੇ ਲੁਧਿਆਣਾ ਜਾ ਕੇ ਸਰਗਰਮ ਸ਼ਮੂਲੀਅਤ ਕੀਤੀ।
ਇਸ ਤੋਂ ਬਾਅਦ 15 ਜੁਲਾਈ 1964 ਵਾਲੇ ਦਿਨ 15 ਸੈਕਟਰ ਚੰਡੀਗੜ੍ਹ ਵਿਖੇ ਸੂਬਾ ਪੱਧਰ ਦੀ ਵਿਦਿਆਰਥੀ ਕਾਨਫਰੰਸ ਕਰਕੇ ‘ਪੰਜਾਬ ਸਟੂਡੈਂਟਸ ਯੂਨੀਅਨ’ ਦੀ ਸਥਪਾਨਾ ਕੀਤੀ ਗਈ। ਇਸ ਕਾਨਫੰਰਸ ਦਾ ਉਦਘਾਟਨ ਕਰਨ ਲਈ ਦੇਸ਼ ਦੇ ਪ੍ਰਸਿੱਧ ਸੋਸ਼ਲਿਸਟ ਆਗੂ ਡਾਕਟਰ ਰਾਮ ਮਨੋਹਰ ਲੋਹੀਆ ਨੂੰ ਸੱਦਿਆ ਗਿਆ ਸੀ। ਕਿਸੇ ਕਮਿਊਨਿਸਟ ਆਗੂ ਨੂੰ ਇਹ ਵਿਚਾਰਕੇ ਨਾ ਸੱਦਿਆ ਗਿਆ ਤਾਂ ਜੋ ਸਥਾਪਤ ਕੀਤੀ ਜਾਣ ਵਾਲੀ ਜਥੇਬੰਦੀ ਉਪਰ ਪਹਿਲੇ ਹੀ ਦਿਨ ਕਮਿਊਨਿਸਟ ਹੋਣ ਦਾ ਠੱਪਾ ਨਾ ਲੱਗ ਜਾਵੇ। ਸਾਰੇ ਪੰਜਾਬ ਵਿੱਚੋਂ ਲੱਗ ਪੱਗ 1000 ਤੋਂ ਵੱਧ ਵਿਦਿਆਰਥੀ ਡੈਲੀਗੇਟ/ਪ੍ਰਤੀਨਿੱਧ ਪਹੁੰਚੇ। ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਂ ਵਾਲੀ ਇਤਿਹਾਸਕ ਵਿਦਿਆਰਥੀ ਜਥੇਬੰਦੀ ਦੀ ਸਥਾਪਨਾ ਹੋ ਗਈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਮਿਸਟਰੀ ਡੀਪਾਰਟਮੈਂਟ ਦੇ ਬਹੁਤ ਹੀ ਸਰਗਰਮ ਵਿਦਿਆਰਥੀ ਕ੍ਰਿਸ਼ਨ ਮੁਰਾਰੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਪਹਿਲੇ ਪ੍ਰਧਾਨ ਅਤੇ ਸੋਸ਼ਿਆਲੋਜੀ ਡੀਪਾਰਟਮੈਂਟ ਦੇ ਦਰਸ਼ਨ ਸਿੰਘ ਬਾਗੀ ਪਹਿਲੇ ਜਨਰਲ ਸਕੱਤਰ ਚੁਣੇ ਗਏ।
ਪੀ.ਐਸ.ਯੂ. ਦੀ ਸਥਪਾਨਾ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਵਿਦਿਆਰਥੀ ਸੰਘਰਸ਼ਾਂ ਦੀਆਂ ਸੂਹੀਆਂ ਲਾਟਾਂ ਜ਼ੋਰ ਸ਼ੋਰ ਨਾਲ ਉਠਣ ਲੱਗੀਆਂ। ਇਨ੍ਹਾਂ ਸੰਘਰਸ਼ਾਂ ਵਿੱਚ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਸਥਾਨਕ ਸੰਘਰਸ਼ ਵੀ ਸ਼ਾਮਲ ਸਨ ਜੋ ਆਮ ਤੌਰ ਤੇ ਕਾਲਜ ਪ੍ਰਬੰਧਕਾਂ, ਨੌਕਰਸ਼ਾਹੀ, ਪੁਲਿਸ ਵਧੀਕੀਆਂ ਆਦਿ ਵਿਰੁੱਧ ਹੁੰਦੇ। ਜਿਸ ਵੀ ਵਿਦਿਅਕ ਸੰਸਥਾ ਦਾ ਮਸਲਾ ਹੁੰਦਾ ਵਿਦਿਆਰਥੀ ਹੜਤਾਲਾਂ ਕਰਕੇ ਸੈਂਕੜਿਆਂ, ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ਤੇ ਨਿਕਲ ਪੈਂਦੇ। ਕਈ ਸਥਾਨਕ ਸੰਘਰਸ਼ਾਂ ਦੀ ਹਿਮਾਇਤ ਵਿੱਚ ਦੂਸਰੀਆਂ ਸੰਸਥਾਵਾਂ ਦੇ ਵਿਦਿਆਰਥੀ ਵੀ ਉਠ ਪੈਂਦੇ ਅਤੇ ਸੰਘਰਸ਼ ਸੂਬਾ ਪੱਧਰੀ ਰੂਪ ਧਾਰਨ ਕਰ ਜਾਂਦੇ। ਕਈ ਥਾਵਾਂ ਤੇ ਪੁਲਿਸ ਨਾਲ ਟੱਕਰਾਂ ਵੀ ਹੁੰਦੀਆਂ, ਲਾਠੀਚਾਰਜ ਹੁੰਦੇ, ਸਾਹਮਣਿਉਂ ਵਿਦਿਆਰਥੀ ਵੀ ਮੁਕਾਬਲਾ ਕਰਦੇ।
ਕਈ ਥਾਵਾਂ ਤੇ ਵਿਦਿਆਰਥੀ ਵੀ ਅਤੇ ਪੁਲਿਸ ਵਾਲੇ ਵੀ ਜ਼ਖਮੀ ਹੁੰਦੇ। ਕੇਸ ਬਣਦੇ, ਗ੍ਰਿਫਤਾਰੀਆਂ ਹੁੰਦੀਆਂ, ਫਿਰ ਮੁਜ਼ਾਹਰੇ ਹੁੰਦੇ, ਫਿਰ ਟੱਕਰਾਂ ਹੁੰਦੀਆਂ...... ਇਹ ਸਿਲਸਿਲਾ ਮਹੀਨਿਆਂ ਬੱਧੀ ਚਲਦਾ ਰਹਿੰਦਾ। ‘ਪੰਜਾਬ ਸਟੂਡੈਂਟਸ ਯੂਨੀਅਨ ਜ਼ਿੰਦਾਬਾਦ’, ‘ਵਿਦਿਆਰਥੀ ਏਕਤਾ ਜ਼ਿੰਦਾਬਾਦ’, ਪੰਜਾਬ ਪੁਲਿਸ ਮੁਰਦਾਬਾਦ ਅਤੇ ਅਜਿਹੇ ਹੋਰ ਅਨੇਕਾਂ ਨਾਅਰੇ ਪੰਜਾਬ ਭਰ ਵਿੱਚ ਗੂੰਜਦੇ ਹੀ ਰਹਿੰਦੇ। ਸਾਰੀਆਂ ਅਖਬਾਰਾਂ ਵਿਦਿਆਰਥੀ ਸੰਘਰਸ਼ਾਂ ਦੀਆਂ ਖਬਰਾਂ ਸੁਰਖੀਆਂ ਨਾਲ ਭਰੀਆਂ ਪਈਆਂ ਹੁੰਦੀਆਂ। ਸਭ ਦਾ ਵੇਰਵਾ ਦੇਣਾ ਸੰਭਵ ਨਹੀਂ। ਆਪਣੀਆਂ ਹੋਰ ਲਿਖਤਾਂ ਵਿੱਚ ਅਸੀਂ ਘੱਟੋ ਘੱਟ 50 ਵਿੱਦਿਅਕ ਸੰਸਥਾਵਾਂ ਦੇ ਨਾਂ ਲਿਖੇ ਹਨ ਜਿਥੇ ਇਨ੍ਹਾਂ ਸਮਿਆਂ ਵਿੱਚ ਬਾਰ ਬਾਰ ਤੇ ਲਗਾਤਾਰ ਸੰਘਰਸ਼ ਹੁੰਦੇ ਰਹਿੰਦੇ। ਗੁਰੂ ਨਾਨਕ ਇੰਜਨੀਅਰਰਿੰਗ ਕਾਲਜ ਲੁਧਿਆਣਾ ਵਿਦਿਆਰਥੀ ਲਹਿਰ ਦਾ ਗੜ੍ਹ ਸੀ ਜਿਸ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦਾ ‘ਲੈਨਿਨਗਾਰਡ’ ਕਿਹਾ ਜਾਂਦਾ ਸੀ।
ਗੌਰਮਿੰਟ ਕਾਲਜ ਲੁਧਿਆਣਾ ਦੇ ਤਾਨਾਸ਼ਾਹ ਪ੍ਰਿੰਸੀਪਲ ਓ.ਪੀ.ਭਾਰਦਵਾਜ ਵਿਰੁੱਧ 1968 ਵਿੱਚ ਪੰਜਾਬ ਭਰ ਵਿੱਚ ਮਹੀਨਿਆਂ ਬੱਧੀ ਸੰਘਰਸ਼ ਚਲਦਾ ਰਿਹਾ। ਰੋਸ, ਮੁਜ਼ਾਹਰੇ, ਪੁਲਿਸ ਨਾਲ ਟੱਕਰਾਂ, ਲਾਠੀਚਾਰਜਾਂ ਦਾ ਦੌਰ ਜਾਰੀ ਰਿਹਾ। ਗੁਰੂਸਰ ਸੁਧਾਰ ਕਾਲਜ ਦਾ ਇੱਕ ਹੋਣਹਾਰ ਵਿਦਿਆਰਥੀ ਜਗਤਾਰ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ। ਫਿਰ ਰੋਹ ਭਰੇ ਮੁਜ਼ਾਹਰੇ, ਗ੍ਰਿਫਤਾਰੀਆਂ, ਹੋਰ ਸਭ ਕੁੱਝ ਹੋਇਆ। ਅੰਤ ਪੀ.ਐਯ.ਯੂ. ਆਗੂਆਂ ਦੀ ਗਵਰਨਰ ਪੰਜਾਬ ਸ਼੍ਰੀ ਪਾਵਟੇ ਨਾਲ ਮੀਟਿੰਗ ਹੋਈ। ਪ੍ਰਿੰਸੀਪਲ ਦੀ ਬਦਲੀ ਕਰ ਦਿੱਤੀ ਗਈ, ਗ੍ਰਿਫਤਾਰ ਵਿਦਿਆਰਥੀ ਰਿਹਾਅ ਹੋਏ ਅਤੇ ਸਾਰੇ ਕੇਸ ਵਾਪਸ ਲਏ ਗਏ। ਤਰਨਤਾਰਨ ਕਾਲਜ ਦੇ ਵਿਦਿਆਰਥੀਆਂ ਉਪਰ ਗੋਲੀ ਚਲੀ ਜਿਸ ਵਿੱਚ ਕਈ ਵਿਦਿਆਰਥੀ ਜ਼ਖਮੀ ਹੋਏ। 20 ਦੇ ਲੱਗ ਪੱਗ ਗ੍ਰਿਫਤਾਰ ਹੋਏ। ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਲਗਾਤਾਰ ਅੱਠ ਘੰਟੇ ਗਹਿ ਗੱਚ ਯੁੱਧ ਹੋਇਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਬਿਸ਼ਨ ਸਿੰਘ ਸਮੁੰਦਰੀ ਜੀ ਆਪ ਮੁਹਾਰੇ ਹੀ ਕਹਿ ਉਠੇ, ‘‘.. .. .. ਪਰ ਮੇਰੇ ਪੁੱਤਰਾਂ ਨੇ ਨਜ਼ਾਰੇ ਲਿਆ ਦਿੱਤੇ, ਪੁਲਿਸ ਦੀ ਭੂਤਨੀ ਭੁਲਾ ਦਿੱਤੀ, ਇੱਕ ਵਾਰ ਤਾਂ ਮੇਰੀ ਪੱਗ ਦੀ ਲਾਜ ਰੱਖ ਲਈ ਏ, ਸ਼ਾਬਾਸ਼ੇ ਪੁੱਤਰੋ’’।
ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਇਹ ਸਿਫਤ ਸੀ ਕਿ ਉਹ ਲੱਗ ਪੱਗ ਹਰ ਉਸ ਕਾਲਜ ਜਾਂ ਵਿਦਿਅਕ ਸੰਸਥਾ ਵਿੱਚ ਆਪ ਪਹੁੰਚਦਾ ਸੀ ਜਿੱਥੇ ਕਿਤੇ ਕੋਈ ਸੰਘਰਸ਼ ਫੁੱਟ ਪਵੇ, ਕਿਤੇ ਪੀ.ਐਸ.ਯੂ. ਦਾ ਨਵਾਂ ਯੂਨਿਟ ਬਣਿਆ ਜਾਂ ਬਣਨਾ ਹੋਵੇ ਕਾਮਰੇਡ ਦਰਸ਼ਨ ਸਿੰਘ ਬਾਗੀ ਉਥੇ ਹੀ ਹਾਜ਼ਰ ਹੁੰਦਾ ਸੀ। ਸੰਘਰਸ਼ਾਂ ਨੂੰ ਅਗਵਾਈ ਤਾਂ ਦਿੰਦਾ ਹੀ ਸੀ ਉਹ ਕਈ ਵਾਰ ਸਿੱਧੇ ਤੌਰ ਤੇ ਵੀ ਸੰਘਰਸ਼ਾਂ ਵਿੱਚ ਸ਼ਾਮਲ ਹੁੰਦਾ। ਕਈ ਵਾਰ ਮੁਜ਼ਾਹਰਿਆਂ ਸਮੇਂ ਪੁਲਿਸ ਨਾਲ ਹੱਥੋ ਪਾਈ ਵੀ ਹੋ ਪੈਂਦਾ ਸੀ ਅਤੇ ਉਹ ਆਪ ਵੀ ਲਾਠੀਚਾਰਜਾਂ ਦਾ ਸ਼ਿਕਾਰ ਹੋਇਆ। ਗੌਰਮਿੰਟ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਓ.ਪੀ. ਭਾਰਦਵਾਜ ਵਿਰੁੱਧ ਸੰਘਰਸ਼ ਦੌਰਾਨ ਇੱਕ ਮੁਜ਼ਾਹਰੇ ਵਿੱਚ ਦਰਸ਼ਨ ਸਿੰਘ ਬਾਗੀ ਨੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਤਜਿੰਦਰ ਖੰਨਾ ਦੇ ਮੂੰਹ ਤੇ ਥੱਪੜ ਜੜ ਦਿੱਤਾ ਸੀ ਜਿਸ ਨੇ ਹੰਕਾਰੇ ਹੋਏ ਨੇ ਪੀ.ਐਸ.ਯੂ. ਨੂੰ ਗਾਲ ਕੱਢ ਦਿੱਤੀ ਸੀ। ਇਹ ਉਹੋ ਤਜਿੰਦਰ ਖੰਨਾ ਸੀ ਜਿਹੜਾ ਬਾਅਦ ਵਿੱਚ ਪੰਜਾਬ ਦਾ ਚੀਫ ਸੈਕਟਰੀ ਅਤੇ ਦੋ ਵਾਰ ਦਿੱਲੀ ਦਾ ਲੈਫਟੀਨੈਂਟ ਗਵਰਨਰ ਵੀ ਰਿਹਾ ਅਤੇ ਅੱਜ ਕੱਲ੍ਹ ਰਿਟਾਇਰਡ ਜੀਵਨ ਬਤੀਤ ਕਰ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਵਿਰੁੱਧ ਸੰਘਰਸ਼ ਦੌਰਾਨ ਇੱਕ ਮੁਜ਼ਾਹਰੇ ਵਿੱਚ ਦਰਸ਼ਨ ਸਿੰਘ ਬਾਗੀ ਦਾ ਮੌਕੇ ਦੇ ਪੁਲਿਸ ਕਪਤਾਨ ਨਾਲ ਜੱਫਾ ਲੱਗ ਗਿਆ ਜਿਹੜਾ ਸ਼ਕਤੀ ਦੇ ਸਰੂਰ ਵਿੱਚ ਗਾਲਾਂ ਕੱਢਣ ਲੱਗ ਪਿਆ ਸੀ।
ਉਹ ਮਾਰਕਸਵਾਦ-ਲੈਨਿਨਵਾਦ, ਦਵੰਦਵਾਦੀ ਪਦਾਰਥਵਾਦ, ਵਿਰੋਧ ਵਿਕਾਸੀ ਪਦਾਰਥਵਾਦ ਆਦਿ ਵਿਸ਼ਿਆਂ ਬਾਰੇ ਸਕੂਲੰਗ ਕਰਨ ਦਾ ਵੀ ਵੱਡਾ ਮਾਹਰ ਸੀ ਅਤੇ ਇਸ ਸਕੂਲੰਗ ਦੀ ਮਹੱਤਤਾ ਤੋਂ ਵੀ ਜਾਣੂ ਸੀ। ਉਨ੍ਹਾਂ ਸਮਿਆਂ ਵਿੱਚ ਉਸਨੇ ਦਰਜਨਾਂ ਵਿਦਿਅਕ ਸੰਸਥਾਵਾਂ ਵਿੱਚ ਸਕੂਲ ਲਾਏ ਅਤੇ ਵਿਦਿਆਰਥੀਆਂ ਨੂੰ ਮਾਰਕਸਵਾਦ-ਲੈਨਿਨਵਾਦ ਦੀ ਸਿੱਖਿਆ ਦਿੱਤੀ। 1968 ਵਿੱਚ ਰਾਮਗੜੀਆ ਕਾਲਜ ਫਗਵਾੜਾ ਦੇ ਹੋਸਟਲ ਵਿੱਚ ਉਸ ਵੱਲੋਂ ਲਾਏ ਗਏ ਪੰਜ ਦਿਨਾਂ ਸਕੂਲ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ।
ਗੌਰਮਿੰਟ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਵਿਰੁੱਧ ਲੜੇ ਗਏ ਜੇਤੂ ਸੰਘਰਸ਼ ਤੋਂ ਥੋੜਾ ਸਮਾਂ ਬਾਅਦ ਹੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਦੂਸਰੀ ਸੂਬਾਈ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਚੋਂ 1500 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਅਤੇ ਉਦਘਾਟਨ ਪੰਜਾਬੀ ਬੋਲੀ ਦੇ ਸਿਰਮੌਰ ਸਾਹਿਤਕਾਰ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਕੀਤੀ। ਇਸ ਕਾਨਫਰੰਸ ਵਿੱਚ ਸ਼ਮਸੇਰ ਸਿੰਘ ਸ਼ੇਰੀ ਨੂੰ ਸੂਬਾ ਪ੍ਰਧਾਨ ਅਤੇ ਦਰਸ਼ਨ ਸਿੰਘ ਬਾਗੀ ਨੂੰ ਦੂਸਰੀ ਵਾਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਨਰਲ ਸਕੱਤਰ ਚੁਣਿਆ ਗਿਆ। ਇਨ੍ਹਾਂ ਸਮਿਆਂ ਵਿੱਚ ਵੀਅਤਨਾਮ ਦੇ ਕੌਮੀ ਮੁਕਤੀ ਸੰਘਰਸ਼ ਦਾ ਮਸਲਾ ਸੰਸਾਰ ਸਿਆਸਤ ਦੇ ਚਿੱਤਰਪੱਟ ਤੇ ਪੂਰੀ ਤਰ੍ਹਾਂ ਛਾਇਆ ਹੋਇਆ ਸੀ। ਵੀਅਤਨਾਮ ਦੇ ਸੂਰਮੇ ਲੋਕ ਚੇਅਰਮੈਨ ਕਾਮਰੇਡ ਹੋ ਚੀ ਮਿੰਨ੍ਹ ਅਤੇ ਜਨਰਲ ਵੋ ਨਗੁਇਨ ਗਿਆਪ ਦੀ ਅਗਵਾਈ ਵਿੱਚ ਵੀਅਤਨਾਮ ਤੇ ਹਮਲਵਾਰ ਅਮਰੀਕਨ ਸਾਮਰਾਜੀ ਫੌਜਾਂ ਨੂੰ ਨੱਕ ਚਣੇ ਚਬਾ ਰਹੇ ਸਨ।
ਸੰਸਾਰ ਭਰ ਵਿੱਚੋਂ ਵੀਅਤਨਾਮੀ ਯੋਧਿਆਂ ਦੇ ਹੱਕ ਵਿੱਚ ਰੋਹ ਭਰੀਆਂ ਆਵਾਜ਼ਾਂ ਉਠ ਰਹੀਆਂ ਸਨ। ਸਾਰੇ ਭਾਰਤ ਵਿੱਚ ਵੀ ‘‘ਤੇਰਾ ਨਾਮ ਮੇਰਾ ਨਾਮ, ਵੀਅਤਨਾਮ ਵੀਅਤਨਾਮ’’, ‘‘ਵੀਅਤਨਾਮ ਲਾਲ ਸਲਾਮ’’, ‘‘ਅਮਰੀਕਨ ਸਾਮਰਾਜਵਾਦ ਮੁਰਦਾਬਾਦ ਮੁਰਦਾਬਾਦ’’ ਦੇ ਨਾਅਰੇ ਗੂੰਜ ਰਹੇ ਸਨ। ਪੰਜਾਬ ਦੇ ਵਿਦਿਆਰਥੀ ਸੰਘਰਸ਼ਾਂ ਦੌਰਾਨ ਵੀ ਇਹ ਨਾਅਰੇ ਲਗਦੇ ਸਨ। ਇਨ੍ਹਾਂ ਹੀ ਦਿਨਾਂ ਵਿੱਚ ਵੀਅਤਨਾਮ ਦੇ ਕੌਮੀ ਮੁਕਤੀ ਸੰਘਰਸ਼ ਦੇ ਇੱਕ ਵਫਦ ਨੇ ਭਾਰਤ ਦਾ ਦੌਰਾ ਕੀਤਾ। ਇਹ ਵਫਦ ਪੰਜਾਬ ਵੀ ਆਇਆ। ਪੀ.ਐਸ.ਯੂ. ਵੀ ਇਸ ਵਫਦ ਦੇ ਸਵਾਗਤੀ ਸਮਾਗਮਾਂ ਵਿੱਚ ਸ਼ਾਮਲ ਹੋਈ। ਇਹ ਵਫਦ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਤੇ ਹੋਰ ਥਾਵਾਂ ਤੇ ਵੀ ਗਿਆ। ਹਰ ਥਾਂ ਇਨ੍ਹਾਂ ਦਾ ਭਰਪੂਰ ਸਵਾਗਤ ਹੋਇਆ।
ਜਲੰਧਰ ਵਿਖੇ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੀ.ਐਸ.ਯੂ. ਦੀ ਅਗਵਾਈ ਵਿੱਚ ਵਫਦ ਨੂੰ ਉਨ੍ਹਾਂ ਸਮਿਆਂ ਵਿੱਚ 10,000 ਰੁਪਏ ਇੱਕਮੁਠਤਾ ਵਜੋਂ ਭੇਂਟ ਕੀਤੇ। ਇਸੇ ਤਰ੍ਹਾਂ ਅਸੀਂ ਵੀ ਆਪਣੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪੀ.ਐਸ.ਯੂ. ਯੂਨਿਟ ਵੱਲੋਂ 10,000 ਰੁਪਏ ਵੀਅਤਨਾਮੀ ਵਫਦ ਨੂੰ ਭੇਂਟ ਕੀਤੇ। ਵੀਅਤਨਾਮੀ ਵਫਦ ਨੇ ਵੀ ਯਾਦਗਾਰੀ ਤੋਹਫਿਆਂ ਵੱਜੋਂ ਚਾਕੂ, ਛੁਰੀਆਂ, ਕਰਦਾਂ ਆਦਿ ਭੇਂਟ ਕੀਤੀਆਂ। ਆਪਣੇ ਸੰਬੋਧਨ ਵਿੱਚ ਵੀਅਤਨਾਮੀ ਵਫਦ ਨੇ ਦਸਿਆ ਕਿ ਇਹ ਚਾਕੂ, ਛੁਰੀਆਂ, ਕਰਦਾਂ ਆਦਿ ਅਸੀਂ ਅਮਰੀਕਨ ਹਵਾਈ ਸੈਨਾ ਦੇ ਉਸ ਹਵਾਈ ਜਹਾਜ਼ ਦੇ ਮਲਬੇ ਤੋਂ ਬਣਾਈਆਂ ਹਨ, ਜਿਸ ਨੂੰ ਵੀਅਤਨਾਮੀ ਲੜਾਕੂਆਂ ਨੇ ਧਰਤੀ ਤੋਂ ਫੁੰਡਕੇ ਹੇਠਾਂ ਸੁਟ ਲਿਆ ਸੀ। ਵੀਅਤਨਾਮ ਦੇ ਕੌਮੀ ਮੁਕਤੀ ਸੰਘਰਸ਼ ਨਾਲ ਮੁਕੰਮਲ ਇਕਮੁੱਠਤਾ ਦਾ ਪ੍ਰਗਟਾਵਾ ਕਰਨਾ ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਤੈਅ ਸ਼ੁਦਾ ਕਾਰਜਾਂ ਵਿੱਚ ਸ਼ਾਮਲ ਸੀ।
ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਵਿੱਚ 1963 ਤੋਂ ਲੈ ਕੇ 1968 ਤੱਕ ਦਾ ਪੰਜ ਸਾਲ ਦਾ ਸਮਾਂ ਬਹੁਤ ਹੀ ਮਹੱਤਵਪੂਰਨ ਅਤੇ ਵਿਸ਼ਾਲ ਰੋਹ ਭਰੇ ਲੜਾਕੂ ਸੰਘਰਸ਼ਾਂ, ਸ੍ਰਿੜ ਅਤੇ ਦ੍ਰਿੜ੍ਹਤਾ, ਮਿਹਨਤ, ਕੁਰਬਾਨੀਆਂ, ਇਥੋਂ ਤੱਕ ਕਿ ਸ਼ਹੀਦੀਆਂ ਦਾ ਸਮਾਂ ਸੀ। ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੇ ਇਨ੍ਹਾਂ ਸੰਘਰਸ਼ਾਂ ਵਿੱਚ ਹਿੱਸਾ ਲਿਆ। ਸਿੱਟੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀਆਂ ਦੀ ਇੱਕ ਬਹੁਤ ਹੀ ਹਰਮਨ ਪਿਆਰੀ ਅਤੇ ਸੰਘਰਸ਼ਸ਼ੀਲ ਜਥੇਬੰਦੀ ਦੇ ਤੌਰ ’ਤੇ ਸਥਾਪਤ ਹੋ ਗਈ। ਜਥੇਬੰਦੀ ਦਾ ਨਾਂ ਪੰਜਾਬ ਦੇ ਵਿਦਿਆਰਥੀਆਂ ਵਿੱਚ ਬਹੁਤ ਹੀ ਹਰਮਨ ਪਿਆਰਾ ਹੋ ਗਿਆ। ਪੰਜ ਸਾਲਾਂ ਦੇ ਇਸ ਇਤਿਹਾਸ ਵਿੱਚ ਕਾਮਰੇਡ ਦਰਸ਼ਨ ਸਿੰਘ ਬਾਗੀ ਦਾ ਰੋਲ ਹੋਰ ਸਾਰੇ ਆਗੂਆਂ ਦੇ ਨਾਲ ਨਾਲ ਸਭ ਤੋਂ ਵਧ ਅਤੇ ਮਹੱਤਵਪੂਰਨ ਸੀ। ਉਨ੍ਹਾਂ ਦੀ ਇਸੇ ਇਤਿਹਾਸਕ ਦੇਣ ਅਤੇ ਘਾਲਣਾਂ ਸਦਕਾ ਹੀ ਅਸੀਂ ਅੱਜ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਸਿਜਦਾ ਕਰ ਰਹੇ ਹਾਂ।
ਮਾਰਚ 1967 ਵਿੱਚ ਪੱਛਮੀ ਬੰਗਾਲ ਵਿੱਚ ਅੱਤ ਖੱਬੇ ਕੁਰਾਹੇ ਦੀ ਨਕਸਲਵਾੜੀ ਲਹਿਰ ਫੁੱਟ ਪਈ। ਇਸ ਨੂੰ ਸਮੇਂ ਦਾ ਦੁਖਾਂਤਕ ਕਾਲ ਚੱਕਰ ਹੀ ਕਿਹਾ ਜਾ ਸਕਦਾ ਹੈ ਕਿ ਦਰਸ਼ਨ ਸਿੰਘ ਬਾਗੀ ਸਮੇਤ ਪੀ.ਐਸ.ਯੂ. ਦੀ ਲੱਗ ਪੱਗ ਸਾਰੀ ਸੂਬਾਈ ਲੀਡਰਸ਼ਿਪ ਨਕਸਲਵਾੜ੍ਹੀ ਲਹਿਰ ਦੇ ਪ੍ਰਭਾਵ ਹੇਠ ਆ ਗਈ। ਸੀ.ਪੀ.ਆਈ.(ਐਮ) ਨੇ ਇਨ੍ਹਾਂ ਸਾਰੇ ਵਿਦਿਆਰਥੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਾਰਟੀ ਸਕੂਲਾਂ ਦਾ ਪ੍ਰਬੰਧ ਕੀਤਾ ਪਰ ਇਨ੍ਹਾਂ ਨੂੰ ਸੰਤੁਸ਼ਟ ਨਾ ਕੀਤਾ ਜਾ ਸਕਿਆ। ਦਰਸ਼ਨ ਸਿੰਘ ਬਾਗੀ ਨੂੰ ਪੰਜਾਬ ਸਰਕਾਰ ਨੇ 7 ਸਤੰਬਰ 1968 ਵਾਲੇ ਦਿਨ ਗ੍ਰਿਫਤਾਰ ਕਰਕੇ ਪਰੀਵੈਂਟਿਵ ਡਿਟੈਨਸ਼ਨ ਐਕਟ (ਪੀ.ਡੀ.ਐਕਟ) ਤਹਿਤ ਬਿਨਾਂ ਮੁਕੱਦਮਾ ਚਲਾਏ ਇੱਕ ਸਾਲ ਲਈ ਨਜ਼ਰਬੰਦ ਕਰ ਦਿੱਤਾ। ਪੀ.ਐਸ.ਯੂ. ਦੇ ਬਾਕੀ ਸੂਬਾਈ ਲੀਡਰਾਂ ਚੋਂ ਬਹੁਤੇ ਅੰਡਰਗਰਾਉਂਡ ਹੋ ਕੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ। ਕੁੱਝ ਨਿਰਾਸ਼ ਹੋ ਕੇ ਘਰਾਂ ਵਿੱਚ ਬੈਠ ਗਏ ਅਤੇ ਪਰਿਵਾਰਕ ਕੰਮਾਂ ’ਚ ਰੁਝ ਗਏ। ਦਰਸ਼ਨ ਸਿੰਘ ਬਾਗੀ ਦੇ ਕਹਿਣ ਮੁਤਾਬਿਕ ਪੀ.ਐਸ.ਯੂ. ਲਾਵਾਰਿਸ ਹੋ ਗਈ। ਇਸ ਸਥਿਤੀ ਬਾਰੇ ਉਹ ਲਿਖਦਾ ਹੈ, ‘‘ਅੱਜ ਉਸ ਮਹਾਨ ਸ਼ਕਤੀਸ਼ਾਲੀ ਜਥੇਬੰਦੀ (ਪੰਜਾਬ ਸਟੂਡੈਂਟਸ ਯੂਨੀਅਨ) ਦੇ ਵਜ਼ੂਦ ਦੀ ਹੋਂਦ ਮਿਟ ਰਹੀ ਸੀ’’।
ਨਜ਼ਰਬੰਦੀ ਦਾ ਇੱਕ ਸਾਲ ਪੂਰਾ ਹੋਣ ਪਿਛੋਂ 6 ਸਤੰਬਰ 1969 ਨੂੰ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਉਸਨੇ ਜਥੇਬੰਦੀ ਨੂੰ ਪੈਰਾਂ ਸਿਰ ਕਰਨ ਲਈ ਕੁੱਝ ਹੱਥ ਪੈਰ ਮਾਰੇ। ਆਪਣੇ ਪੁਰਾਣੇ ਸਾਥੀਆਂ ਨੂੰ ਲੱਭਣ ਮਿਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸਦੇ ਹੱਥ ਪਲੇ ਕੁੱਝ ਨਾ ਪਿਆ। ਕੋਈ ਉਸ ਨੂੰ ਮਿਲਿਆ ਨਾ। ਅਖੀਰ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ‘‘ਕਾਮਰੇਡ ਦਰਸ਼ਨ ਸਿੰਘ ਬਾਗੀ’’ ਸਭ ਕੁੱਝ ਛੱਡ ਛਡਾ ਕੇ ਕੈਨੇਡਾ ਚਲੇ ਗਿਆ। ਆਪਣੀ ਪਹਿਚਾਣ ‘‘ਕਾਮਰੇਡ’’ ਅਤੇ ਤਖੱਲਸ ‘‘ਬਾਗੀ’’ ਉਹ ਜਾਂਦਾ ਹੋਇਆ ਸਦਾ ਸਦਾ ਲਈ ਅੰਧ ਮਹਾਂ ਸਾਗਰ ਦੇ ਡੂੰਘੇ ਪਾਣੀਆਂ ਵਿੱਚ ਦਫਨ ਕਰ ਗਿਆ ਅਤੇ ਆਪਣੀ ਬਾਕੀ ਸਾਰੀ ਜਿੰਦਗੀ ਦਰਸ਼ਨ ਸਿੰਘ ਖਹਿਰਾ ਬਣ ਕੇ ਜੀਵਿਆ। ਪਰ ਜਾਂਦਾ-ਜਾਂਦਾ ਉਹ ਫਿਰ ਵੀ ਇੱਕ ਬਹੁਤ ਸ਼ਲਾਘਾ ਯੋਗ ਇਤਿਹਾਸਕ ਕੰਮ ਕਰ ਗਿਆ। ਭਾਵੇਂ ਦਰਸ਼ਨ ਖਹਿਰਾ ਦੇ ਨਾਂ ਤੇ ਹੀ ਸਹੀ ਪਰ ਉਹ ‘‘ਪੰਜਾਬ ਸਟੂਡੈਂਟਸ ਯੂਨੀਅਨ’’ ਦਾ ਇਤਿਹਾਸ’’ ਨਾਂ ਦੀ ਪੁਸਤਕ ਲਿਖਕੇ Çੲਤਹਾਸ ਨੂੰ ਸਾਂਭ ਗਿਆ।
ਅੱਜ ਜਿਸ ਸਮੇਂ ਅਸੀਂ ਕਾਮਰੇਡ ਦਰਸ਼ਨ ਸਿੰਘ ਬਾਗੀ ਵੱਲੋਂ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ’ਚ ਪਾਏ ਗਏ ਉਪਰੋਕਤ ਇਤਿਹਾਸਕ ਯੋਗਦਾਨ ਨੂੰ ਯਾਦ ਅਤੇ ਰਿਕਾਰਡ (ਦਰਜ) ਕਰਦੇ ਹੋਏ ਉਸ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ ਤਾਂ ਅਸੀਂ ਇੱਕ ਵੱਡੇ ਭਰਮ ਭੁਲੇਖੇ ਅਤੇ ਗੁੰਮਰਾਹਕੁੰਨ ਪ੍ਰਚਾਰ ਅਤੇ ਸਮਝ ਬਾਰੇ ਕੁੱਝ ਸਪਸ਼ਟੀਕਰਨ ਕਰਨੇ ਵੀ ਜ਼ਰੂਰੀ ਅਤੇ ਸਮੇਂ ਅਨੁਸਾਰ ਸਮਝਦੇ ਹਾਂ। ਕਈ ਨਕਸਲੀ ਵਿਚਾਰਧਾਰਾ ਵਾਲੇ ਲੇਖਕਾਂ ਅਤੇ ਵਿਅਕਤੀਆਂ ਨੇ ਇਹ ਪ੍ਰਚਾਰ ਕੀਤਾ ਹੋਇਆ ਅਤੇ ਅੱਜ ਵੀ ਕਰੀ ਜਾ ਰਹੇ ਹਨ ਕਿ ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਅਗਵਾਈ ਵਿੱਚ ਪੈਦਾ ਹੋਈ ਅਤੇ ਸਿਖਰਾਂ ਤੇ ਪਹੁੰਚੀ ਪੰਜਾਬ ਦੀ ਇਨਕਲਾਬੀ ਅਤੇ ਜ਼ਮਹੂਰੀ ਵਿਦਿਆਰਥੀ ਲਹਿਰ ਇੱਕ ਨਕਸਲੀ ਵਿਚਾਰਧਾਰਾ ਤੋਂ ਪ੍ਰੇਰਤ ਅਤੇ ਨਕਸਲੀ ਪਾਰਟੀ ਦੀ ਅਗਵਾਈ ਵਿੱਚ ਚਲਣ ਵਾਲੀ ਲਹਿਰ ਸੀ ਅਤੇ ਇਹ ਪੰਜਾਬ ਦੀ ਨਕਸਲੀ ਲਹਿਰ ਦਾ ਹੀ ਹਿੱਸਾ ਸੀ।
ਅਸੀਂ ਇਸ ਸੋਚ ਅਤੇ ਵਿਚਾਰ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਐਲਾਨ ਕਰਦੇ ਹਾਂ ਕਿ ਇਹ ਲਹਿਰ ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਅਨੁਸਾਰ, ਸੀ.ਪੀ.ਆਈ.(ਐਮ) ਦੀ ਅਗਵਾਈ ਵਿੱਚ ਅਤੇ ਸੀ.ਪੀ.ਆਈ.(ਐਮ) ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਆਰੰਭ ਅਤੇ ਜਥੇਬੰਦ ਕੀਤੀ ਗਈ ਅਤੇ ਸਿਖਰਾਂ ਤੇ ਪਹੁੰਚਾਈ ਗਈ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਦਰਸ਼ਨ ਸਿੰਘ ਬਾਗੀ ਵੱਲੋਂ ਲਿਖੀ ਗਈ ਅਤੇ 2018 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’’ ਵਿੱਚੋਂ ਹੀ ਹਵਾਲੇ ਅਤੇ ਟੂਕਾਂ ਦਿਆਂਗੇ।
ਭਾਰਤ ਚੀਨ ਦੀ 1962 ਵਿੱਚ ਸਰਹੱਦੀ ਝਗੜੇ ਸਬੰਧੀ ਹੋਈ ਜੰਗ ਦੇ ਬਹਾਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਵੱਲੋਂ ਧੱਕੇ ਨਾਲ ਸੀ.ਪੀ.ਆਈ. ਦਾ ਸੂਬਾ ਸਕੱਤਰ ਬਣਕੇ ਉਨ੍ਹਾਂ ਵੱਲੋਂ 15 ਮਾਰਚ 1963 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਦਿਆਰਥੀਆਂ ਦੀ ਮੀਟਿੰਗ ’ਚੋਂ ਦਰਸਨ ਸਿੰਘ ਬਾਗੀ ਵੱਲੋਂ ਬਾਹਰ ਆ ਜਾਣ ਦਾ ਜਿਕਰ ਅਸੀਂ ਇਸ ਲਿਖਤ ਵਿੱਚ ਪਹਿਲਾਂ ਕਰ ਚੁੱਕੇ ਹਾਂ। ਸੀ.ਪੀ.ਆਈ. ਦੇ ਅੱਜ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਦੇ ਦੱਸਣ ਅਨੁਸਾਰ ਇਸ ਮੀਟਿੰਗ ਵਿੱਚ ਉਹ (ਕਾਮਰੇਡ ਬੰਤ ਸਿੰਘ ਬਰਾੜ) ਵੀ ਸ਼ਾਮਲ ਸੀ ਅਤੇ ਦਰਸ਼ਨ ਸਿੰਘ ਬਾਗੀ ਦੇ ਨਾਲ ਹੀ ਮੀਟਿੰਗ ’ਚੋਂ ਬਾਹਰ ਆ ਗਿਆ ਸੀ ਪਰ ਬਾਕੀ ਦੇ ਸੀਨੀਅਰ ਸਾਥੀ ਉਸ ਨੂੰ ਵਾਪਸ ਮੀਟਿੰਗ ਵਿੱਚ ਲੈ ਗਏ ਸਨ।
ਇਸ ਮੀਟਿੰਗ ਤੋਂ ਬਾਅਦ 1963 ਵਿੱਚ ਹੀ ਦਰਸ਼ਨ ਸਿੰਘ ਬਾਗੀ ਨੇ ਆਪਣੇ ਇੱਕ ਸਾਥੀ ਰਾਜਿੰਦਰ ਸਿੰਘ ਢੀਂਡਸਾ ਨੂੰ ਨਾਲ ਲਿਆ ਅਤੇ ਦੋਹਾਂ ਸਾਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲੈ ਲਿਆ। ਇਥੇ ਉਨ੍ਹਾਂ ਨੇ ‘ਮਾਰਕਸਵਾਦੀ ਗਰੁੱਪ’ ਜਥੇਬੰਦ ਕੀਤਾ ਅਤੇ ਸਤੰਬਰ 1963 ਵਿੱਚ ‘ਚੰਡੀਗੜ੍ਹ ਸਟੂਡੈਂਟਸ ਯੂਨੀਅਨ’ ਦੀ ਸਥਾਪਨਾ ਕੀਤੀ। ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਨਾਮੀ ਪੁਸਤਕ ਵਿੱਚ ਦਰਸ਼ਨ ਸਿੰਘ ਬਾਗੀ ਸਫਾ 42 ’ਤੇ ਲਿਖਦਾ ਹੈ, ‘‘ਚੰਡੀਗੜ੍ਹ ਮਾਰਕਸਵਾਦੀ ਗਰੁੱਪ ਦੇ ਸਾਰੇ ਸਾਥੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨਿਰਣੇ ਨਾਲ ਸਹਿਮਤ ਸਨ ਕਿ ਭਾਰਤੀ ਕਮਿਊਨਿਸਟ ਪਾਰਟੀ ਸੋਧਵਾਦੀ ਹੋ ਗਈ ਹੈ ਤੇ ਇਨਕਲਾਬ ਦੇ ਰਾਹ ਤੋਂ ਥਿੜਕ ਗਈ ਹੈ। ਇਸ ਨਿਰਣੇ ਨਾਲ ਸਹਿਮਤ ਹੁੰਦਿਆਂ ਦਰਸ਼ਨ ਸਿੰਘ ਬਾਗੀ ਨੇ ਮਤਾ ਪੇਸ਼ ਕੀਤਾ ਕਿ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਚੰਡੀਗੜ੍ਹ ਮਾਰਕਸਵਾਦੀ ਗਰੁੱਪ ਆਪਣਾ ਸਬੰਧ ਕਮਿਊਨਿਸਟ ਪਾਰਟੀ (ਐਮ) ਨਾਲ ਜੋੜਦਾ ਹੈ। ਇਸ ਮਤੇ ਦੀ ਪ੍ਰੋੜਤਾ ਸਾਥੀ ਕਸ਼ਮੀਰਾ ਸਿੰਘ ਨੇ ਕੀਤੀ ਤੇ ਇਹ ਮਤਾ ਸਰਵਸੰਮਤੀ ਨਾਲ ਪਾਸ ਹੋ ਗਿਆ ਤੇ ਚੰਡੀਗੜ੍ਹ ਮਾਰਕਸਵਾਦੀ ਗਰੁੱਪ ਕਮਿਊਨਿਸਟ ਪਾਰਟੀ (ਐਮ) ਦਾ ਅੰਗ ਬਣ ਗਿਆ’’।
1966 ਵਿੱਚ ਪੰਜਾਬ ਯੂਨੀਵਰਸਿਟੀ ਨੇ ਦਰਸ਼ਨ ਸਿੰਘ ਬਾਗੀ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਉਪਰੋਕਤ ਕਿਤਾਬ ਦੇ ਸਫਾ 54 ਅਤੇ 55 ਤੇ ਦਰਸ਼ਨ ਬਾਗੀ ਲਿਖਦਾ ਹੈ, ‘‘ਪੀ.ਐਸ.ਯੂ. ਦੇ ਚੰਡੀਗੜ੍ਹ ਦੇ ਮਾਰਕਸਵਾਦੀ ਗਰੁੱਪ ਦੀ ਮੀਟਿੰਗ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਮਿਲਕੇ ਬੇਨਤੀ ਕੀਤੀ ਜਾਵੇ ਕਿ ਕਾਮਰੇਡ ਸੁਰਜੀਤ ਪੰਜਾਬ ਦੇ ਐਜੂਕੇਸ਼ਨ ਮੰਤਰੀ ਬਲਦੇਵ ਪ੍ਰਕਾਸ਼ ਨੂੰ ਮਿਲ ਕੇ ਦਰਸ਼ਨ ਸਿੰਘ ਬਾਗੀ ਨੂੰ ਐਲ.ਐਲ.ਬੀ. ਦੇ ਆਖਰੀ ਸਾਲ ਵਿੱਚ ਦਾਖਲਾ ਦੁਆਵੇ। ਇਸ ਮੰਤਵ ਲਈ ਚੰਡੀਗੜ੍ਹ ਦੇ ਮਾਰਕਸਵਾਦੀ ਵਿਦਿਆਰਥੀਆਂ ਦਾ 4 ਜਣਿਆਂ ਦਾ ਡੈਪੂਟੇਸ਼ਨ ਕਾਮਰੇਡ ਸੁਰਜੀਤ ਨੂੰ ਮਿਲਿਆ। ਕਾਮਰੇਡ ਸੁਰਜੀਤ ਐਜ਼ੂਕੇਸ਼ਨ ਮਨਿਸਟਰ ਬਲਦੇਵ ਪ੍ਰਕਾਸ਼ ਜਿਹੜਾ ਜਨ ਸੰਘ ਦਾ ਐਮ.ਐਲ.ਏ. ਸੀ ਨੂੰ ਮਿਲਿਆ ਪਰ ਕਾਮਰੇਡ ਸੁਰਜੀਤ ਕੋਆਰਡੀਨੇਸ਼ਨ ਕਮੇਟੀ ਦਾ ਕਨਵੀਨਰ ਹੁੰਦਾ ਹੋਇਆ ਵੀ ਆਪਣੇ ਯੂਥ ਫਰੰਟ ਦੇ ਕੁਲਵਕਤੀ ਨੂੰ ਦਾਖਲਾ ਨਾ ਦੁਆ ਸਕਿਆ’’।
ਇਸ ਤੋਂ ਬਾਅਦ ਆਪਣੀ ਕਿਤਾਬ ਦੇ ਚੈਪਟਰ ‘‘ਦਰਸ਼ਨ ਸਿੰਘ ਬਾਗੀ ਦਾ ਸੂਹੇ ਰਾਹ ਦੀ ਚੋਣ ਦਾ ਫੈਸਲਾ’’ ਵਿੱਚ ਸਫਾ 64 ਅਤੇ 65 ਤੇ ਲਿਖਦਾ ਹੈ, ‘‘ਅੰਬਾਲਾ ਜ਼ੇਲ੍ਹ ਤੋਂ ਰਿਹਾ ਹੋਣ ਤੋਂ 2 ਕੁ ਹਫਤੇ ਮਗਰੋਂ ਦਰਸ਼ਨ ਸਿੰਘ ਬਾਗੀ ਨੂੰ, ਜਲੰਧਰ ਪੰਚਾਇਤੀ ਰਾਜ ਟਰੇਨਿੰਗ ਸੈਂਟਰ ਵਿੱਚ ਟਰੇਨਿੰਗ ਅਧਿਆਪਕ ਦੀ ਪਦਵੀ ਦੀ ਚਿੱਠੀ ਆ ਗਈ ਤੇ ਅਗਲੀ ਸਵੇਰ ਆਪਣਾ ਬਿਸਤਰਾ ਬੰਨ੍ਹ ਕੇ ਦਰਸ਼ਨ ਸਿੰਘ ਬਾਗੀ ਜਲੰਧਰ ਆ ਪੁੱਜਾ..... ਨੌਕਰੀ ਤੇ ਹਾਜ਼ਰ ਹੋ ਗਿਆ। ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਦਰਸ਼ਨ ਸਿੰਘ ਬਾਗੀ ਨੂੰ ਪੰਜਾਬ ਪੱਧਰ ਤੇ ਵਿਦਿਆਰਥੀ ਫਰੰਟ ਤੋਂ ਕੁਲਵਕਤੀ ਆਰਗੇਨਾਈਜ਼ਰ ਦੇ ਰੂਪ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਸੀ’’। ਉਸ ਰਾਤ ਨੌਕਰੀ ਤੇ ਹਾਜ਼ਰ ਹੋਣ ਪਿੱਛੋਂ ਉਹ ਸਾਰੀ ਰਾਤ ਸੋਚਦਾ ਰਿਹਾ, ਪ੍ਰੇਸ਼ਾਨ ਰਿਹਾ ਅਤੇ ਜਾਗਦਾ ਰਿਹਾ ਕਿ ਕਿਹੜੇ ਪਾਸੇ ਦੀ ਚੋਣ ਕਰੇ, ਪਰਿਵਾਰਕ ਜ਼ਿੰਮੇਵਾਰੀਆਂ ਦੀ ਜਾਂ ਇਨਕਲਾਬ ਦੇ ਰਾਹ ’ਤੇ ਚਲਣ ਦੀ ? ਉਹ ਅੱਗੇ ਲਿਖਦਾ ਹੈ, ‘‘ਰਾਤ ਬੀਤੀ, ਪਹੁਫੁਟਾਲਾ ਹੋਇਆ, .. .. .. ਪੰਚਾਇਤੀ ਰਾਜ ਟਰੇਨਿੰਗ ਸੈਂਟਰ ਜਾ ਕੇ ਨੌਕਰੀ ਤੋਂ ਜੁਆਬ ਦੇ ਕੇ, ਕਮਿਊਨਿਸਟ ਪਾਰਟੀ (ਐਮ) ਦੇ ਦਫਤਰ (ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ) ਜਾ ਕੇ ਪੰਜਾਬ ਪੱਧਰ ਦੀ ਕੁਲਵਕਤੀ ਵਿਦਿਆਰਥੀ ਫਰੰਟ ਦੀ ਵਾਗਡੋਰ ਸੰਭਾਲ ਕੇ .. .. .. ਚੰਡੀਗੜ੍ਹ ਵਾਪਸ ਆ ਗਿਆ। ਇਹ ਦਰਸ਼ਨ ਬਾਗੀ ਦਾ 1967 ਦੀਆਂ ਗਰਮੀਆਂ ਦਾ ਫੈਸਲਾ ’ਤੇ ਇਸ ਫੈਸਲੇ ਨਾਲ ਨਵੇਂ ਦੌਰ ਦਾ ਆਗਾਜ਼ ਹੋਇਆ’’।
1968 ਵਿੱਚ ਪਿੰਡ ਮਾਹਿਲ ਗਹਿਲਾਂ ਵਿੱਚ ਇੱਕ ਹਫਤਾ ਲੰਬੇ ਸਟੱਡੀ ਸਰਕਲ ਦਾ ਪ੍ਰੋਗਰਾਮ ਵੀ ਸੀ.ਪੀ.ਆਈ.(ਐਮ) ਦੇ ਸੂਬਾ ਦਫਤਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਜਲੰਧਰ ਵਿੱਚ ਹੀ ਉਲੀਕਿਆ ਗਿਆ ਸੀ। ਇਸ ਬਾਰੇ ਦਰਸ਼ਨ ਸਿੰਘ ਬਾਗੀ ਸਫਾ 70 ’ਤੇ ਲਿਖਦਾ ਹੈ ਕਿ, ‘‘ਕਾਮਰੇਡ ਜਗਜੀਤ ਸਿੰਘ ਪਿੰਡ ਮਾਹਿਲ ਗਹਿਲਾਂ ਇੰਗਲੈਂਡ ਤੋਂ ਮੁੜਿਆ ਸੀ ਤੇ ਉਸਦਾ ਸਬੰਧ ਸੀ.ਪੀ.ਆਈ.(ਐਮ) ਨਾਲ ਸੀ। ਇੱਕ ਦਿਨ ਜੂਨ-ਜੁਲਾਈ 1968 ਵਿੱਚ ਕਾਮਰੇਡ ਜਗਜੀਤ ਸਿੰਘ ਮਾਹਿਲ ਨਾਲ ਮੁਲਾਕਾਤ ਜਲੰਧਰ ਪਾਰਟੀ (ਸੀ.ਪੀ.ਆਈ.(ਐਮ) ਦੇ ਦਫਤਰ ਵਿੱਚ ਹੋ ਗਈ ਤੇ ਇਸ ਮੁਲਾਕਾਤ ਵਿੱਚ ਦਰਸ਼ਨ ਸਿੰਘ ਬਾਗੀ ਨੇ ਐਸ.ਐਨ.ਕਾਲਜ ਬੰਗਾ ਦੇ ਵਿਦਿਆਰਥੀਆਂ ਦੇ ਮਾਰਕਸਵਾਦ ਤੇ ਸਟੱਡੀ ਸਰਕਲ ਲਾਉਣ ਦਾ ਸੁਝਾ ਦਿੱਤਾ। ਕਾਮਰੇਡ ਜਗਜੀਤ ਸਿੰਘ ਮਾਹਿਲ ਨੇ ਤੁਰੰਤ ਹੀ ਦਰਸ਼ਨ ਸਿੰਘ ਬਾਗੀ ਦਾ ਸੁਝਾਅ ਕਬੂਲ ਕਰ ਲਿਆ ਅਤੇ ਆਪਣੇ ਖੂਹ ਤੇ ਪਿੰਡ ਮਾਹਿਲ ਗਹਿਲਾਂ ਬੰਗਾ ਕਾਲਜ ਦੇ ਵਿਦਿਆਰਥੀਆਂ ਨੂੰ ਇਕੱਠੇ ਕਰਨ ਦੀ ਜ਼ਿੰਮੇਵਾਰੀ ਲੈ ਲਈ’’, ਅਤੇ ਇਹ ਸਕੂਲ ਲੱਗਾ।
ਮਾਹਿਲ ਗਹਿਲਾਂ ਸਕੂਲ ਤੋਂ ਬਾਅਦ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਹੋਸਟਲ ਵਿੱਚ 5 ਦਿਨਾਂ ਲਈ ਲੱਗੇ ਸਕੂਲ ਦਾ ਪ੍ਰਬੰਧ ਸਥਾਨਕ ਪੀ.ਐਸ.ਯੂ. ਯੂਨਿਟ ਵੱਲੋਂ ਕੀਤਾ ਗਿਆ ਜਿਸ ਦੇ ਸਾਰੇ ਸਾਥੀ ਜਥੇਬੰਦਕ ਅਤੇ ਵਿਚਾਰਧਾਰਕ ਤੌਰ ’ਤੇ ਸੀ.ਪੀ.ਆਈ.(ਐਮ) ਦੇ ਹੀ ਨਾਲ ਸਨ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸੀ। ਪੁਸਤਕ ‘‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’’ ਦੇ ਸਫਾ 81 ਤੇ ਦਰਸ਼ਨ ਸਿੰਘ ਬਾਗੀ ਲਿਖਦਾ ਹੈ, ‘‘ਜੁਲਾਈ 1966 ਤੋਂ ਮਾਰਚ ਅਪਰੈਲ 1967 ਤੱਕ ਕਾਮਰੇਡ ਦਰਸ਼ਨ ਬਾਗੀ ਵਿਦਿਆਰਥੀ ਫਰੰਟ ਦਾ ਆਰਗੇਨਾਈਜ਼ਰ ਬਣ ਕੇ ਪੰਜਾਬ ਪੱਧਰ ’ਤੇ ਵਿਦਿਆਰਥੀਆਂ ਨੂੰ ਪੀ.ਐਸ.ਯੂ ਦੇ ਝੰਡੇ ਹੇਠ ਜਥੇਬੰਦ ਕਰਨ ਲਈ ਟੁਰਿਆ ਸੀ। ਮਾਰਚ-ਅਪਰੈਲ 1967 ਤੱਕ ਪੰਜਾਬ ਦੇ ਮੁੱਖ ਕਾਲਜਾਂ ਤੇ ਹਰਿਆਣਾ ਵਿੱਚ ਹਿਸਾਰ ਤੋਂ ਰੋਹਤਕ, ਕਰਨਾਲ ਤੇ ਕੁਰੂਕੁਸ਼ੇਤਰ ਯੂਨੀਵਰਸਿਟੀ ਤੱਕ ਮਾਰਕਸਵਾਦੀ ਵਿਦਿਆਰਥੀ ਯੂਨਿਟ ਕਾਇਮ ਹੋ ਚੁੱਕੇ ਸਨ’’।
‘‘ਕਮਿਊਨਿਸਟ ਪਾਰਟੀ (ਐਮ) ਦੇ ਸਹਿਯੋਗ ਨਾਲ ਦਰਸ਼ਨ ਬਾਗੀ ਤੇ ਭੂਪਿੰਦਰ ਸਿੰਘ ਦੇ ਯਤਨਾਂ ਨਾਲ ਚੰਡੀਗੜ੍ਹ ਜਸਟਿਸ ਅਜੀਤ ਸਿੰਘ ਬੈਂਸ ਦੀ ਕੋਠੀ ਵਿੱਚ .. .. .. .. .. ਪੀ.ਐਸ.ਯੂ. ਵੱਲੋਂ ਇੱਕ ਹਫਤੇ, 15 ਜੁਲਾਈ ਤੋਂ 22 ਜੁਲਾਈ 1967 ਤੱਕ ਸੂਬਾ ਪੱਧਰ ਦਾ ਸਟੱਡੀ ਸਰਕਲ ਜਥੇਬੰਦ ਕੀਤਾ ਗਿਆ। ਇਹ ਸਟੱਡੀ ਸਰਕਲ ਕਮਿਊਨਿਸਟ ਪਾਰਟੀ (ਐਮ) ਦੇ ਪੋਲਿਟ ਬਿਊਰੋ ਦੇ ਮੈਂਬਰ ਪੀ. ਰਾਮਾਮੂਰਤੀ ਨੇ ਇਕ ਹਫਤੇ ਲਈ ਲਾਇਆ ਸੀ’’। ਇਸੇ ਪੁਸਤਕ ਦੇ ਸਫਾ 91 ਤੇ ਦਰਸ਼ਨ ਸਿੰਘ ਬਾਗੀ ਲਿਖਦੇ ਹਨ, ‘‘ਸੀ.ਪੀ.ਆਈ.(ਐਮ) ਦੀ ਲੀਡਰਸ਼ਿਪ ਨੇ ਮਹਿਸੂਸ ਕੀਤਾ ਕਿ ਮਾਰਕਸਵਾਦੀ ਨੌਜੁਆਨ ਵਿਦਿਆਰਥੀਆਂ ਵਿੱਚ ਨਕਸਲਬਾੜੀ ਵਿਚਾਰਧਾਰਾ ਦਾ ਪ੍ਰਭਾਵ ਵਧ ਰਿਹਾ ਹੈ ਤੇ ਇਸ ਪ੍ਰਭਾਵ ਨੂੰ ਘਟਾਉਣ ਲਈ ਤੇ ਮਾਰਕਸਵਾਦੀ ਵਿਦਿਆਰਥੀਆਂ ਨੂੰ ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਨਾਲ ਸਿੱਖਿਅਤ ਕਰਨ ਦੇ ਮੰਤਵ ਨਾਲ ਅਪਰੈਲ 1968 ਦੇ ਪਹਿਲੇ ਹਫਤੇ ਦਿੱਲੀ ਵਿੱਚ ਕਾਮਰੇਡ ਏ.ਕੇ ਗੋਪਾਲਨ ਦੀ ਕੋਠੀ ਵਿੱਚ ਇੱਕ ਹਫਤੇ ਦਾ ਸਕੂਲ ਲਾਇਆ ਗਿਆ। ਇਸ ਸਕੂਲ ਵਿੱਚ ਦਰਸ਼ਨ ਬਾਗੀ, ਭੁਪਿੰਦਰ ਸਿੰਘ, ਹਰਭਜਨ ਹਲਵਾਰਵੀ, ਇੰਦਰਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਚਾਹਲ, ਗੁਰਦਿਆਲ ਸਿੰਘ ਨੇ ਸ਼ਮੂਲੀਅਤ ਕੀਤੀ। ਸਕੂਲ ਤੋਂ ਦੂਜੇ ਦਿਨ ਹਰਭਜਨ ਸਿੰਘ ਸੋਹੀ ਅਤੇ ਹਾਕਮ ਸਿੰਘ ਸਮਾਂਓ ਵੀ ਸਕੂਲ ਵਿੱਚ ਪਹੁੰਚ ਗਏ ਪਰ ਉਨ੍ਹਾਂ ਨੂੰ ਸਕੂਲ ਵਿੱਚ ਬੈਠਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਤੇ ਉਹ ਵਾਪਸ ਪੰਜਾਬ ਚਲੇ ਗਏ’’।
ਸਾਡੇ ਵੱਲੋਂ ਕਾਮਰੇਡ ਦਰਸ਼ਨ ਸਿੰਘ ਬਾਗੀ ਵੱਲੋਂ ਲਿਖੀ ਅਤੇ 2018 ਵਿੱਚ ਪ੍ਰਕਾਸ਼ਤ ਹੋਈ ਕਿਤਾਬ, ‘‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’’ ਨਾਂ ਦੀ ਪੁਸਤਕ ਵਿੱਚੋਂ ਦਿੱਤੇ ਗਏ ਉਪਰੋਕਤ ਹਵਾਲਿਆਂ ਅਤੇ ਟੂਕਾਂ ਤੋਂ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ 1963 ਤੋਂ ਲੈ ਕੇ 1968 ਤੱਕ ਪੂਰੇ ਪੰਜ ਸਾਲ ਪੰਜਾਬ ਦੀ ਧਰਤੀ ਤੇ ਪੈਦਾ ਹੋਈ ਅਤੇ ਸਿਖਰਾਂ ਤੇ ਪੁੱਜੀ ਇਤਿਹਾਸਕ ਵਿਦਿਆਰਥੀ ਲਹਿਰ ਪੂਰੀ ਤਰ੍ਹਾਂ ਸੀ.ਪੀ.ਆਈ.(ਐਮ) ਵੱਲੋਂ, ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਅਨੁਸਾਰ ਅਤੇ ਸੀ.ਪੀ.ਆਈ.(ਐਮ) ਦੇ ਵਿਦਿਆਰਥੀਆਂ ਵੱਲੋਂ ਹੀ ਜਥੇਬੰਦ ਕੀਤੀ ਗਈ ਸੀ। ਨਕਸਲਬਾੜੀ ਲਹਿਰ ਭਾਵੇਂ ਮਈ 1967 ਵਿੱਚ ਸ਼ੁਰੂ ਹੋ ਗਈ ਸੀ ਪਰ ਦਰਸ਼ਨ ਸਿੰਘ ਬਾਗੀ ਅਤੇ ਉਸਦੇ ਸਾਥੀ ਜੁਲਾਈ 1968 ਤੱਕ ਸੀ.ਪੀ.ਆਈ.(ਐਮ) ਦੇ ਜਥੇਬੰਦਕ ਘੇਰੇ ਵਿੱਚ ਹੀ ਸਨ ਅਤੇ ਸੀ.ਪੀ.ਆਈ.(ਐਮ) ਦੇ ਦਫਤਰਾਂ ਵਿੱਚ ਆਉਂਦੇ ਜਾਂਦੇ ਸਨ। ਇਨ੍ਹਾਂ ਵਿਦਿਆਰਥੀਆਂ ਵੱਲੋਂ ਜੁਲਾਈ 1967 ਵਿੱਚ ਚੰਡੀਗੜ੍ਹ ਵਿਖੇ ਕਾਮਰੇਡ ਪੀ. ਰਾਮਾਮੂਰਤੀ ਦਾ ਹਫਤਾ ਲੰਬਾ ਸਕੂਲ ਲਾਉਣਾ, ਅਪਰੈਲ 1968 ਵਿੱਚ ਨਵੀਂ ਦਿੱਲੀ ਵਿਖੇ ਕਾਮਰੇਡ ਗੋਪਾਲਨ ਦੀ ਕੋਠੀ (4 ਅਸ਼ੋਕਾ ਰੋਡ) ਵਿੱਚ ਸੱਤ ਦਿਨਾਂ ਸਕੂਲ ਵਿੱਚ ਹਾਜ਼ਰ ਹੋਣਾ, ਦਰਸ਼ਨ ਸਿੰਘ ਬਾਗੀ ਵੱਲੋਂ ਜੁਲਾਈ 1968 ਵਿੱਚ ਮਾਹਿਲ ਗਹਿਲਾਂ ਸਕੂਲ ਦੀ ਪਲੈਨਿੰਗ ਵੀ ਸੀ.ਪੀ.ਆਈ.(ਐਮ) ਦੇ ਸੂਬਾ ਦਫਤਰ (ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ) ਵਿੱਚ ਵੀ ਕਰਨਾ ਆਦਿ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਸਮਿਆਂ ਤੱਕ ਕਾਮਰੇਡ ਦਰਸ਼ਨ ਸਿੰਘ ਬਾਗੀ ਅਤੇ ਹੋਰ ਵਿਦਿਆਰਥੀ ਆਗੂ ਜਥੇਬੰਦਕ ਤੌਰ ਤੇ ਸੀ.ਪੀ.ਆਈ.(ਐਮ) ਦੇ ਹੀ ਨਾਲ ਸਨ ਅਤੇ ਵਿਦਿਆਰਥੀ ਸੰਘਰਸ਼ ਨੂੰ ਚਲਾ ਰਹੇ ਸਨ। ਹਾਂ ਇਤਨਾ ਜ਼ਰੂਰ ਸੀ ਕਿ ਇਹ ਸਾਥੀ ਪਾਰਟੀ ਦੇ ਹੋਰ ਬਹੁਤ ਸਾਰੇ ਕਾਮਰੇਡਾਂ ਵਾਂਗ ਹੀ ਨਕਸਲੀ ਲਹਿਰ ਕਾਰਨ ਭੰਬਲਭੂਸੇ ਵਿੱਚ ਜ਼ਰੂਰ ਪਏ ਹੋਏ ਸਨ।
ਪਾਰਟੀ ਸਕੂਲਾਂ ਵਿੱਚ ਇਨ੍ਹਾਂ ਸਾਥੀਆਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਹੀ ਪਾਰਟੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਸਨ ਅਤੇ ਇਹ ਵੀ ਸੱਚ ਹੀ ਹੈ ਕਿ ਅੰਤ ਵਿੱਚ ਇਹ ਸਾਥੀ ਨਕਸਲੀ ਲਹਿਰ ਵਿੱਚ ਸ਼ਾਮਲ ਹੋ ਗਏ। 7 ਸਤੰਬਰ 1968 ਨੂੰ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕਰਕੇ ਇੱਕ ਸਾਲ ਵਾਸਤੇ ਪੀ.ਡੀ.ਐਕਟ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਬਾਕੀ ਸਾਥੀ ਅੰਡਰਗਰਾਊਂਡ (ਗੁਪਤਵਾਸ) ਹੋ ਕੇ ਹਥਿਆਰਬੰਦ ਸੰਘਰਸ਼ ਦੇ ਰਾਹ ਤੇ ਪੈ ਗਏ। ਪਿਛਲੇ ਪੰਜ ਸਾਲ ਵਿੱਚ ਦਿਨ ਰਾਤ ਇੱਕ ਕਰਕੇ ਉਸਾਰੀ ਗਈ ਮਹਾਨ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਬਾਕੀ ਜਨਤਕ ਜਥੇਬੰਦੀਆਂ ਵਾਂਗ ਹੀ ਬੇਲੋੜੀ ਕਰਾਰ ਦੇ ਕੇ ਲਾਵਾਰਸ ਛੱਡ ਗਏ, ਖਤਮ ਕਰ ਗਏ।
ਅੰਤ ਵਿੱਚ ਅਸੀਂ ਦਾਅਵੇ ਨਾਲ ਇਹ ਕਹਿੰਦੇ ਹਾਂ ਕਿ 1963 ਤੋਂ ਸ਼ੁਰੂ ਹੋਈ 1968 ਤੱਕ ਦੀ ਇਤਿਹਾਸਕ ਵਿਦਿਆਰਥੀ ਲਹਿਰ ਸੀ.ਪੀ.ਆਈ.(ਐਮ) ਦੀ ਅਗਵਾਈ ਵਿੱਚ ਪਾਰਟੀ ਦੀ ਨੀਤੀ ਅਨੂਸਾਰ ਉਸਰੀ ਤੇ ਜਥੇਬੰਦ ਕੀਤੀ ਗਈ ਲਹਿਰ ਸੀ। ਇਹ ਨਕਸਲੀ ਵਿਚਾਰਧਾਰਾ ਵਾਲੀਆਂ ਪਾਰਟੀਆਂ, ਜਥੇਬੰਦੀਆਂ ਜਾਂ ਵਿਅਕਤੀਆਂ ਦੀ ਲਹਿਰ ਨਹੀਂ ਸੀ। ਹਕੀਕਤ ਤਾਂ ਇਹ ਹੈ ਕਿ ਨਕਸਲੀ ਵਿਚਾਰਧਾਰਾ ਵਾਲੀਆਂ ਧਿਰਾਂ ਅਤੇ ਵਿਅਕਤੀਆਂ ਨੇ ਇਸ ਮਹਾਨ ਅਤੇ ਇਤਿਹਾਸਕ ਜਥੇਬੰਦੀ ਪੰਜਾਬ ਸਟੂਡੈਂਟਸ਼ ਯੂਨੀਅਨ ਨੂੰ ਖਤਮ ਕਰ ਦਿੱਤਾ। ਸੀ.ਪੀ.ਆਈ.(ਐਮ) ਨੇ 1969-70 ਵਿੱਚ ਮੁੜ ਕੋਸ਼ਿਸ਼ ਕਰਕੇ ਦਸੰਬਰ-1970 ਇਸ ਜਥੇਬੰਦੀ ਨੂੰ ਮੁੜ ਜਥੇਬੰਦ ਕੀਤਾ। ਇਨ੍ਹਾਂ ਸ਼ਬਦਾਂ ਨਾਲ ਅਸੀਂ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਪੰਜਾਬ ਦੀ ਇਨਕਲਾਬੀ, ਜਮਹੂਰੀ ਅਤੇ ਮਾਰਕਸਵਾਦੀ ਵਿਦਿਆਰਥੀ ਲਹਿਰ ਵਿੱਚ ਪਾਏ ਗਏ ਇਤਿਹਾਸਕ ਯੋਗਦਾਨ ਲਈ ਯਾਦ ਕਰਦੇ ਹਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਹਾਂ।
-
ਲਹਿੰਬਰ ਸਿੰਘ ਤੱਗੜ, ਲੇਖਕ
............
94635-42023
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.