ਸਾਹਿਤਕ ਰਸਾਲੇ ਸਾਹਿਤ ਪ੍ਰੇਮੀਆਂ ਨੂੰ ਸਾਹਿਤ ਨਾਲ ਜੋੜੀ ਰੱਖਣ ਵਿਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ। ਇਸ ਸਮੇਂ ਪੰਜਾਬੀ ਵਿਚ ਬਹੁਤ ਮਿਆਰੀ ਰਸਾਲੇ ਪ੍ਰਕਾਸ਼ਿਤ ਹੋ ਰਹੇ ਹਨ।ਜਿਨ੍ਹਾਂ ਨੇ ਸਾਹਿਤਕ ਰੁਚੀਆਂ ਰੱਖਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਿਆਂ ਹੈ। ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਵਿਚ ਵੀ ਇਹਨਾਂ ਦੀ ਭੂਮਿਕਾ ਬਹੁਤ ਹੀ ਸਲਾਹੁਯੋਗ ਹੈ।ਪੰਜਾਬੀ ਸਾਹਿਤ ਜਗਤ ਵਿਚ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕੇ ਸਾਹਿਤਕ ਰਸਾਲੇ 'ਅੱਖਰ' ਦੀ ਸਾਹਿਤ ਪ੍ਰੇਮੀਆਂ ਨੂੰ ਹਰ ਨਵੇਂ ਅੰਕ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ।ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ ਇਸ ਸਾਹਿਤਕ ਮੈਗਜ਼ੀਨ ਦੀ ਸ਼ੁਰੂਆਤ ਪੰਜਾਬੀ ਦੇ ਉਘੇ ਸ਼ਾਇਰ ਪਰਮਿੰਦਰਜੀਤ ਨੇ ਆਪਣੇ ਸਾਹਿਤਕ ਮਿੱਤਰਾਂ ਦੇ ਸਹਿਯੋਗ ਕੀਤੀ ਸੀ। ਜਿਨ੍ਹਾਂ ਵਿਚ ਕਹਾਣੀਕਾਰ ਮੁਖਤਾਰ ਗਿੱਲ,ਡਾਕਟਰ ਵਿਕਰਮਜੀਤ, ਡਾ. ਸਵਰਾਜਬੀਰ,ਪ੍ਰਮਿੰਦਰ ਸੋਢੀ,ਡਾਕਟਰ ਰਵਿੰਦਰ ਨਾਵਲਕਾਰ ਕਰਨੈਲ ਸਿੰਘ ਸ਼ੇਰਗਿੱਲ, ਇੰਦਰੇਸ਼ਮੀਤ ਅਤੇ ਹੋਰ ਸ਼ਾਮਿਲ ਸਨ। ਲੇਖਕਾਂ ਦੇ ਮੱਕੇ ਦੇ ਤੌਰ 'ਤੇ ਜਾਣੇ ਜਾਂਦੇ ਅੰਮ੍ਰਿਤਸਰ ਦੇ ਪਿੰਡ ਪ੍ਰੀਤ ਨਗਰ ਤੋਂ 1973 ਵਿਚ ਸ਼ੁਰੂ ਕੀਤੇ 'ਅੱਖਰ' ਦੀ ਪ੍ਰੀਤ ਪੰਜਾਬੀ ਦੇ ਸਾਰੇ ਲੇਖਕਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ।ਪਰਮਿੰਦਰਜੀਤ, ਮੁਖਤਾਰ ਗਿੱਲ ਅਤੇ ਕਰਨੈਲ ਸਿੰਘ ਸ਼ੇਰਗਿੱਲ ਦੀ ਲਗਾਤਾਰ ਕੀਤੀ ਘਾਲਣਾ ਦਾ ਸਿਟਾ ਸੀ ਕਿ ਲੇਖਕ ਅੱਖਰ ਵਿਚ ਛਪਣ 'ਤੇ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਸਨ।ਸ਼੍ਰੋਮਣੀ ਸਾਹਿਤਕਾਰ ਪਰਮਿੰਦਰਜੀਤ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬੀ ਦੇ ਨੌਜਵਾਨ ਕਵੀ ਵਿਸ਼ਾਲ ਬਿਆਸ ਇਸ ਨੂੰ ਖੂਬਸੂਰਤੀ ਅਤੇ ਕਲਾ ਪ੍ਰਤੀਬੱਧਤਾ ਨਾਲ ਅੱਗੇ ਵਧਾ ਰਹੇ ਹਨ। ਇਸ ਦੇ ਲਈ ਉਹਨਾਂ ਨੂੰ ਕਰਨੈਲ ਸਿੰਘ ਸ਼ੇਰਗਿੱਲ ਅਤੇ ਹੋਰ ਬਹੁਤ ਸਾਰੇ ਸਾਹਿਤਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ। ਸਾਹਿਤਕ ਮੈਗਜ਼ੀਨ ਕੱਢਣਾ ਬਹੁਤ ਹੀ ਔਖਾ ਕਾਰਜ ਹੈ ਪਰ ਫਿਰ ਵੀ ਉਹ ਇਸ ਕਾਰਜ ਨੂੰ ਜਾਰੀ ਰੱਖ ਰਹੇ ਹਨ। ਜਿਸ ਦੇ ਲਈ ਉਨ੍ਹਾਂ ਦੀ ਸ਼ਾਲਾਘਾ ਕਰਨੀ ਬਣਦੀ ਹੈ। ਪਾਠਕਾਂ ਨੂੰ ਸਾਹਿਤ ਨਾਲ ਜੋੜੀ ਰੱਖਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਹਰ ਵਾਰ ਕੁੱਝ ਨਵਾਂਪਣ ਦਿੱਤਾ ਜਾਵੇ ਜਿਸ ਨਾਲ ਉਹ ਸਾਹਿਤ ਨੂੰ ਜੀਵਨ ਨਾਲ ਜੋੜ ਕੇ ਅੱਗੇ ਵੱਧ ਸਕਣ। ਪੰਜਾਬੀ ਦੇ ਇੱਕ -ਦੋ ਮੈਗਜੀਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਮੈਗਜ਼ੀਨ ਆਪਣੇ ਸਾਹਿਤਕ ਮਿਆਰ ਨੂੰ ਉਚਾ ਚੁੱਕ ਕੇ ਰੱਖਦੇ ਹਨ। ਇਹਨਾਂ ਦਾ ਦਾ ਇੱਕ ਕੰਮ ਇਹ ਵੀ ਹੁੰਦਾ ਹੈ ਕਿ ਹਰ ਸਾਹਿਤਕ ਰਸਾਲੇ ਦਾ ਹਰ ਅੰਕ ਨਵੇਂ ਰਚੇ ਜਾ ਰਹੇ ਸਾਹਿਤ ਨਾਲ ਜੋੜਨ ਦਾ ਕੰਮ ਕਰਦਾ ਹੈ।
ਜੇ 'ਅੱਖਰ' ਰਸਾਲੇ ਦੀ ਗੱਲ ਕਰੀਏ ਤਾਂ ਇਸ ਦੇ ਮੁੱਖ ਸੰਪਾਦਕ ਵਿਸ਼ਾਲ ਦੀ ਸੂਝ-ਬੂਝ ਅਤੇ ਸੰਪਾਦਕੀ ਦੀ ਉਡੀਕ ਹਰ ਵਾਰ ਹੁੰਦੀ ਹੈ। ਜਿਸ ਵਿਚ ਬੇਬਾਕੀ ਨਾਲ ਸਮੇਂ ਦੇ ਹਾਲਾਤਾਂ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹੁੰਦੀਆਂ ਹਨ । ਇਸ ਵਾਰ ਦਾ 136 ਪੰਨਿਆਂ ਦਾ ਅੰਕ ਪੰਜਾਬੀ ਭਾਸ਼ਾ ਤੇ ਹੋਰਨਾਂ ਖੇਤਰੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਅਨੁਵਾਦ ਨਾਲ ਪਾਠਕ ਨੂੰ ਅਖੀਰਲੇ ਪੰਨੇ ਤੱਕ ਜੋੜੀ ਰੱਖਦਾ ਹੈਦਾ ਅੰਕ ਪੰਜਾਬੀ ਭਾਸ਼ਾ ਤੇ ਹੋਰਨਾਂ ਖੇਤਰੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਅਨੁਵਾਦ ਨਾਲ ਪਾਠਕ ਨੂੰ ਅਖੀਰਲੇ ਪੰਨੇ ਤੱਕ ਜੋੜੀ ਰੱਖਦਾ ਹੈਦਾ ਅੰਕ ਪੰਜਾਬੀ ਭਾਸ਼ਾ ਤੇ ਹੋਰਨਾਂ ਖੇਤਰੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਅਨੁਵਾਦ ਨਾਲ ਪਾਠਕ ਨੂੰ ਅਖੀਰਲੇ ਪੰਨੇ ਤੱਕ ਜੋੜੀ ਰੱਖਦਾ ਹੈ| ਹਰ ਅੰਕ ਦੀ ਤਰ੍ਹਾਂ ਇਸ ਵਾਰ ਦਾ ਖੂਬਸੂਰਤ ਟਾਈਟਲ ਵੀ ਪਾਠਕਾਂ ਦੇ ਮਨਾਂ ਨੂੰ ਪੜ੍ਹਨ ਤੋਂ ਪਹਿਲਾ ਹੀ ਬਹੁਤ ਕੁੱਝ ਸੋਚਣ ਲਈ ਮਜਬੂਰ ਕਰ ਦਿੰਦਾ ਹੈ।ਇਸ ਗੱਲ ਵੱਲ ਵੀ ਸੰਕੇਤ ਕਰ ਜਾਂਦਾ ਹੈ ਕਿ ਇਹ ਅੰਕ ਤੁਹਾਡੀ ਸੋਚ ਨੂੰ ਕਿਵੇਂ ਤਰਾਸ਼ਨ ਵਾਲਾ ਹੈ।| ਹਮੇਸ਼ਾ ਦੀ ਤਰਾਂ ਪਹਿਲਾਂ ਇਹੀ ਮਨ ਚ ਆਉਂਦਾ ਹੈ ਕਿ ਇਸ ਅੰਕ ਵਿਚ ਵਿਸ਼ਾਲ ਨੇ ਸੰਪਾਦਕ ਦੇ ਕਮਰੇ ਚ ਬਹੁਤ ਰੌਲਾ ਹੈ , ਵਿੱਚ ਕੀ ਲਿਖਿਆ ਹੈ …ਉਹ ਲਿਖਦਾ ਹੈ ..ਮਰੇ ਹੋਏ ਕਮਰੇ ਚ ਬਹਿਣਾ ਬਹੁਤ ਔਖਾ ਹੈ ਉਹ ਵੀ ਅੱਧਮੋਈਆਂ ਲਾਸ਼ਾਂ ਦੇ ਵਿਚਕਾਰ ਠੀਕ ਉਦੋਂ ਜਦੋਂ ਸਾਡੇ ਭਾਰਤ ਵੰਸ਼ ਦੇ ਰਾਜੇ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਨਾਉਣ ਦੇ ਦਾਅਵੇ ਕਰ ਰਹੇ ਹੋਣ ..ਤੇ ਉਹ ਦੇਸ਼ ਸੰਪਾਦਕ ਦੇ ਕਮਰੇ ਚ ਡਰਿਆ ਹੋਇਆ ਸੁੰਗੜ ਕੇ ਬੈਠਾ ਹੋਵੇ।ਵਿਸ਼ਾਲ ਪਿੱਛੇ ਜਿਹੇ ਨਿਕਲੀ ਕਾਵੜ ਯਾਤਰਾ ਚ ਹੋਈ ਹੁੱਲੜਬਾਜੀ,ਭਗਤਾਂ ਵੱਲੋਂ ਪੁਲਿਸ ਦੀ ਗੱਡੀ ਦੀ ਭੰਨ ਤੋੜ,ਅੱਧ ਨਗਨ ਨੱਚਦੀਆਂ ਮੁਟਿਆਰਾਂ,ਤੇ ਨਸ਼ਾ ਕਰਦੇ ਨੌਜਵਾਨਾਂ ਦੀਆਂ ਫੋਟੋਆਂ ਸਮੇਤ ਬੜੀ ਦਲੇਰੀ ਨਾਲ ਲਿਖਦਾ ਹੈ ਕਿ ਜੇ ਏਨਾਂ ਨੌਜਵਾਨਾਂ ਕੋਲ ਰੋਜ਼ਗਾਰ ਹੋਵੇ ਤਾਂ ਅਜਿਹੀ ਹੁੱਲੜਬਾਜ਼ੀ ਨਹੀਂ ਵਾਪਰ ਸਕਦੀ ਉਹ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਨਿਧੱੜਕ ਹੋ ਕੇ ਪੋਲ ਖੋਲਦਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ।ਸੰਪਾਦਕ ਦਾ ਇਹ ਹੀ ਫਰਜ਼ ਹੋਣਾ ਚਾਹੀਦਾ ਹੈ।ਆਪਣੇ ਦੂਸਰੇ ਕਾਲਮ 'ਚ ਪੰਜਾਬੀ ਪਰਚਿਆਂਦੇ ਘਟ ਰਹੇ ਫੈਲਾਅ ਤੇ ਚਿੰਤਾਂ ਕਰਦਿਆਂ ਇਸ ਦੇ ਹੱਲ ਵੀ ਦੱਸਦਾ ਹੈ।ਇਹ ਜਿਊਂਦੀ ਕਲਮ ਦੀ ਨਿਸ਼ਾਨੀ ਹੈ ਤੇ ਜਦੋਂ ਤੱਕ ਵਿਸ਼ਾਲ ਵਰਗੇ ਸੰਪਾਦਕ ਦੀ ਕਲਮ ਚ ਲਹੂ ਹ,ਸੋਚ ਨਿਰਪੱਖ ਹੈ ਉਦੋਂ ਤਕ ਲੋਕਾਂ ਦਾ ਵਿਸ਼ਵਾਸ ਬਣਿਆ ਰਹਿ ਸਕਦਾ ਹੈ । ਅਮਰੀਕਾ ਵੱਸੇ ਅਜੈ ਤਨਵੀਰ ਦਾ, "ਮੇਰੇ ਯਾਰ ਨੂੰ ਮੰਦਾ ਨਾ ਬੋਲੀ" ਦਾ ਅਨੁਵਾਦ ਲੇਖ ਇਸ ਅੰਕ ਦਾ ਹਾਸਿਲ ਹੈ।…ਏ ਹਮੀਦ ਦੇ ਲੇਖ ਨੂੰ ਪੜਦਿਆਂ ਲੱਗਦਾ ਹੀ ਨਹੀਂ ਕਿ ਅਨੁਵਾਦ ਹੋਈ ਰਚਨਾ ਹੈ।ਤਨਵੀਰ ਹੋਰੀ ਵਧਾਈ ਦੇ ਹੱਕਦਾਰ ਹਨ । ਡਾ. ਐਸ . ਆਰ ਸਿਰਾਸ ਜੋ ਫ਼ਿਲਮ ਅਲੀਗੜ ਦਾ ਨਾਇਕ ਹੈ ਇਸ ਫ਼ਿਲਮ ਨੂੰ ਹਾਂਸਲ ਮਹਿਤਾ ਨੇ ਬਣਾਇਆ ਸੀ ਇਹ ਲੇਖ ਪੜ ਕੇ ਫ਼ਿਲਮ ਵਰਗਾ ਅਹਿਸਾਸ ਹੀ ਸੀ.ਡਾਕਟਰ ਸੁਰਜੀਤ ਸਾਡੇ ਵਿਦਵਾਨ ਲੇਖਕ ਨੇ ਅਜਿਹੀ ਰਚਨਾ ਦਾ ਅੱਖਰ ਵਿੱਚ ਛਪਣਾ ਅੱਖਰ ਟੀਮ ਲਈ ਵੀ ਚਨੌਤੀ ਹੈ ਕਿ ਜੇ ਅੱਖਰ ਨੂੰ ਹੋਰ ਅੱਗੇ ਲੈ ਕਿ ਜਾਣਾ ਹੈ ਤਾਂ ਅਜਿਹੀਆਂ ਲਿਖਤਾਂ ਦੀ ਲੱਭਤ ਕਰਨੀ ਪਵੇਗੀ।ਬਲਦੇਵ ਸਿੰਘ ਸੜਕਨਾਮਾ ਤੇ ਡਾਕਟਰ ਰਾਜਿੰਦਰ ਪਾਲ ਬਰਾੜ ਦੇ ਲੇਖ ਪਰਵਾਸ ਨਾਲ ਸਬੰਧਤ ਹਨ ਜੋ ਬਹੁਤ ਹੀ ਰੌਚਕ ਤੇ ਜਾਣਕਾਰੀ ਨਾਲ ਭਰੇ ਹਨ । "ਟੱਪ ਕਣੀਆਂ"ਦਲਵੀਰ ਕੌਰ ਯੂ ਕੇ ਦੀ ਕਲਮ ਤੋਂ ਹੈ ਜੋ ਵਧੀਆ ਤੇ ਵਿਲੱਖਣ ਹੈ।ਡਾਕਟਰ ਜਗਜੀਤ ਬਰਾੜ ਦੀ ਕਹਾਣੀ "ਇੱਕ ਕਿਲੇ ਦਾ ਇਤਿਹਾਸ" ਅਜ਼ਾਦੀ ਦੇ ਸਹੀ ਅਰਥਾਂ ਤਕ ਲੈ ਕੇ ਜਾਂਦੀ ਹੈ ਜੋ ਬੰਦੇ ਅੰਦਰ ਜੋਸ਼ ਭਰਦੀ ਹੈ.ਖਾਲਿਦ ਫ਼ਰਹਾਦ ਦੀ ਕਹਾਣੀ "ਘਰ"ਸੁਰਜੀਤ ਦੀ ਆਇਲਨ ਤੇ ਐਵਨ,ਡਾਕਟਰ ਰਾਜਪ੍ਰੀਤ ਕੌਰ ਬੈਨੀਪਾਲ ਦੀ ਪੰਜਾਬ ਬੰਦ ਤੇ ਪਪਰਮਜੀਤ ਦੀ ਉਹੀ ਇੱਕ ਛਿਣ ਬਹੁਤ ਹੀ ਮੁਲਵਾਨ ਕਹਾਣੀਆਂ ਹਨ।ਅਨੁਵਾਦ ਕਹਾਣੀਆਂ ਭੁਪਿੰਦਰ ਕੌਰ ਵੱਲੋਂ ਸਰ ਅਰਥਰ ਕੋਨਨ ਡੋਇਲ ਦੀ ਭੂਰਾ ਹੱਥ,ਨਿੱਕਾ ਜਿਹਾ ਸੰਗੀਤਕਾਰ ਜੇਨਕੋ ਲੇਖਕ ਹੇਨਰਿਕ ਸੇਂਕੇਵਿਚ ਅਨੁਵਾਦ ਕੰਵਲਜੀਤ ਭੁੱਲਰ,ਹਿੰਦੀ ਕਹਾਣੀ "ਸੰਨਾਟੇ ਦੀ ਕੰਧ " ਰੂਪਾ ਸਿੰਘ ਅਨੁਵਾਦ ਅਮਰਜੀਤ ਕੌਂਕੇ,ਕਹਾਣੀ "ਚਾਚੀ ਦਾ ਅੰਤਮ ਸਸਕਾਰ" ਲੇਖਕ ਰਸਕਿਨ ਬੌਂਡ ਅਨੁਵਾਦ ਸ਼ੁਭ ਕਿਰਨ ਬਿਹਤਰੀਨ ਕਹਾਣੀਆਂ ਹਨ ।
ਗੁਰਤੇਜ ਕੋਹਾਰਵਾਲਾ , ਵਿਜੇ ਵਿਵੇਕ , ਤਰਸੇਮ ਨੂਰ , ਐਸ ਨਸੀਮ , ਡਾ ਵਿਮਲ ਸ਼ਰਮਾ , ਜਸਪਾਲ ਧਾਮੀ , ਅਨੁਬਾਲਾ ਤੇ ਸਰਬਜੀਤ ਸੋਹੀ ਦੀ ਬਹੁਤ ਹੀ ਖੂਬਸੂਰਤ ਗ਼ਜ਼ਲਾਂ ਛਪੀਆਂ ਹਨ । ਡਾਕਟਰ ਪਾਲ ਕੌਰ , ਸੰਦੀਪ , ਹਰਲੀਨ , ਰਾਜੀਵ ਸੇਠ , ਮਲਵਿੰਦਰ , ਕੰਵਲਜੀਤ ਭੁੱਲਰ , ਬਖਤੌਰ ਧਾਲੀਵਾਲ , ਦੀਪ ਇੰਦਰ , ਜਸਵਿੰਦਰ ਸੀਰਤ , ਈਸ਼ਾ ਨਾਰੰਗ , ਮਨਿੰਦਰ ਕੌਰ ਮਨ , ਤੇ ਡਾਕਟਰ ਦਵਿੰਦਰ ਸੈਫੀ ਤੋਂ ਇਲਾਵਾ ਸਿਮਰਨ ਧਾਲੀਵਾਲ ਤੇ ਕੁਲਦੀਪ ਬੇਦੀ ਦਾ ਲੇਖ ਵੀ ਅੱਖਰ ਦੀ ਖੂਬਸੂਰਤੀ ਚ ਵਾਧਾ ਕਰਦੇ ਹਨ।ਵੱਖ-ਵੱਖ ਪੁਸਤਕਾਂ ਦੇ ਰਿਵਿਊ ਨਵੀਆਂ ਛਪੀਆਂ ਕਿਤਾਬਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਹ ਦੱਸ ਜਾਂਦੇ ਹਨ ਕਿ ਪੰਜਾਬੀ ਸਾਹਿਤ ਵਿਚ ਨਵਾਂ ਕੀ ਹੋ ਰਿਹਾ ਹੈ।ਕੁੱਲ ਮਿਲਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਅੱਖਰ ਦਾ ਨਵਾਂ ਅੰਕ ਸਾਹਿਤ ਪ੍ਰੇਮੀਆਂ ਦੀ ਸਾਹਿਤ ਪੜ੍ਹਨ ਦੀ ਭੁੱਖ ਨੂੰ ਤ੍ਰਿਪਤ ਕਰਦਾ ਹੈ। ਜਿਸ ਨਾਲ ਇਹ ਅੰਕ ਪੜਣਯੋਗ ਤੇ ਸਾਂਭਣਯੋਗ ਹੋ ਨਿਬੜਦਾ ਹੈ।
-
ਪ੍ਰਵੀਨ ਪੁਰੀ, , ਡਾਇਰੈਕਟਰ ਲੋਕ ਸੰਪਰਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
purigndu@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.