ਅੱਜ 12 ਸਤੰਬਰ 'ਤੇ ਵਿਸ਼ੇਸ਼: ਸਾਰਾਗੜ੍ਹੀ ਦੀ ਜੰਗ! ਸਿੱਖ ਜਾਂਬਾਜ ਫੌਜੀਆਂ ਦੀ ਅਦੁੱਤੀ ਸ਼ਹਾਦਤ ਦੀ ਵਿਸ਼ਵ ਪ੍ਰਸਿੱਧ ਗਾਥਾ
ਅਸ਼ੋਕ ਵਰਮਾ
ਰਾਏਕੋਟ, 12 ਸਤੰਬਰ 2024: ਸਿੱਖ ਰੈਜ਼ੀਮੈਂਟ ਦੇ ਹੌਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਜੰਗ ਪੂਰੇ ਵਿਸ਼ਵ ’ਚ ਪ੍ਰਸਿੱਧ ਅਤੇ ਸਿੱਖ ਫੌਜੀਆਂ ਦੀ ਅਦੁਤੀ ਬਹਾਦਰੀ ਦੀ ਗਾਥਾ ਹੈ। ਇਸ ਜੰਗ ਦੌਰਾਨ 21 ਸਿੱਖ ਸਿਪਾਹੀਆਂ 12 ਹਜ਼ਾਰ ਤੋਂ ਜ਼ਿਆਦਾ ਅਫਗਾਨੀਆਂ ਦਾ ਡਟ ਕੇ ਮੁਕਾਬਲਾ ਹੀ ਨਹੀਂ ਕੀਤਾ ਸਗੋਂ ਦੁਸ਼ਮਣ ਦਾ ਭਾਰੀ ਜਾਨੀ ਨੁਕਸਾਨ ਕਰਨ ਤੋਂ ਬਾਅਦ ਸ਼ਹੀਦੀ ਜਾਮ ਪੀਤਾ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ 36 ਸਿੱਖ ਰੈਜਮੈਂਟ’ ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ ਅਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਸਾਰਾਗੜ੍ਹੀ ਵਿਖੇ ਲੜੀ ਗਈ ਸੀ। ਸਾਰਾਗੜ੍ਹੀ ਸਮਾਨਾ ਘਾਟੀ ’ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿੱਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ’ਤੇ ਪੈਂਦਾ ਹੈ।
ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲਿ੍ਹਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲਿ੍ਹਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।12 ਸਤੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਅਫਗਾਨੀਆਂ ਨੇ ਸਾਰਾਗੜ੍ਹੀ ’ਤੇ ਹਮਲਾ ਕਰ ਦਿੱਤਾ। ਰਾਏਕੋਟ ਇਲਾਕੇ ਦੇ ਪਿੰਡ ਝੋਰੜਾਂ ਨਿਵਾਸੀ ਹਵਲਦਾਰ ਈਸ਼ਰ ਸਿੰਘ ਗਿੱਲ ਦੀ ਅਗਵਾਈ ਵਿੱਚ ਇਹਨਾਂ ਸੂਰਬੀਰ 21 ਸਿੱਖਾਂ ਜਵਾਨਾਂ ਨੇ ਗ਼ੈਰ ਮੁਕਾਬਲਤਨ ਲੜਾਈ ਵਿੱਚ ਹਜ਼ਾਰਾਂ ਅਫਗਾਨਾਂ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਦੁਸ਼ਮਣਾਂ ਨੇ ਹਵਲਦਾਰ ਈਸ਼ਰ ਸਿੰਘ ਗਿੱਲ ਨੂੰ ਚੌਕੀ ਖਾਲੀ ਕਰਨ ਲਈ ਬਹੁਤ ਲਾਲਚ ਦਿੱਤੇ ਜਿਨਾਂ ਨੂੰ ਅਣਖੀਲੇ ਸਿੱਖ ਜਾਂਬਾਜ਼ ਸਿਪਾਹੀਆਂ ਨੇ ਠੋਕਰ ਮਾਰ ਦਿੱਤੀ।
ਅੰਗਰੇਜ਼ ਅਫਸਰ ਕਰਨਲ ਹਾਰਟਨ ਲੋਕਹਾਰਟ ਦੇ ਕਿਲੇ ਤੋਂ ਸਭ ਕੁਝ ਦੇਖ ਰਿਹਾ ਸੀ। ਉਸ ਨੇ ਸਹਾਇਤਾ ਭੇਜਣ ਦਾ ਯਤਨ ਕੀਤਾ ਪਰ ਕੋਸ਼ਿਸ਼ ਅਸਫਲ ਰਹੀ, ਕਿਉਂਕਿ ਸਾਰਾ ਇਲਾਕਾ ਦੁਸ਼ਮਣਾਂ ਦੇ ਘੇਰੇ ਵਿੱਚ ਸੀ। ਸੈਂਕੜੇ ਅਫਗਾਨਾਂ ਨੂੰ ਮੌਤ ਦੀ ਨੀਂਦ ਸੁਲਾਉਣ ਤੋਂ ਬਾਅਦ ਹਵਲਦਾਰ ਈਸ਼ਰ ਸਿੰਘ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਬਿਨਾਂ ਹਥਿਆਰ ਹੀ ਦੁਸ਼ਮਣਾਂ ’ਤੇ ਟੁੱਟ ਪਏ ਅਤੇ 20 ਤੋਂ ਵੱਧ ਨੂੰ ਮਾਰ ਸੁੱਟਿਆ। ਦੁਸ਼ਮਣਾਂ ਦੇ ਕੰਧ ਵਿੱਚ ਪਾੜ ਪਾ ਲੈਣ ਦੇ ਬਾਵਜੂਦ ਸਿੱਖਾਂ ਨੇ ਉਹਨਾਂ ਨੂੰ ਚੌਂਕੀ ‘ਤੇ ਕਬਜ਼ਾ ਨਹੀਂ ਕਰਨ ਦਿੱਤਾ। 12 ਹਜ਼ਾਰ ਦੀ ਫੌਜ ਦੇ ਮੁਕਾਬਲੇ 21 ਸਿਪਾਹੀ, ਪਰ ਇਹਨਾਂ ਬਹਾਦਰ ਸਿਪਾਹੀਆਂ ਨੇ ਜਿਉਂਦੇ ਜੀ ਚੌਂਕੀ ‘ਤੇ ਕਬਜ਼ਾ ਨਹੀਂ ਹੋਣ ਦਿੱਤਾ। ਇਸ ਅਦੁੱਤੀ ਬਹਾਦਰੀ ਦੀ ਖ਼ਬਰ ਨਾਲ ਪੂਰੀ ਦੁਨੀਆ ਦੰਗ ਰਹਿ ਗਈ। ਬ੍ਰਿਟਿਸ਼ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਇਹਨਾਂ ਸੂਰਬੀਰ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਿੱਖ ਰੈਜੀਮੈਂਟ ਦੇ ਇਹਨਾਂ 21 ਸਿਪਾਹੀਆਂ ਨੂੰ ਮਰਨ ਉਪਰੰਤ ‘ਇੰਡੀਅਨ ਆਰਡਰ ਆਫ ਮੈਰਿਟ’ ਨਾਲ ਸਨਮਾਨਿਆ ਗਿਆ ਜੋ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਦਾ ਸਨਮਾਨ ਸੀ। ਇਸ ਯੁੱਧ ਤੋਂ ਪਹਿਲਾਂ ‘ਤੇ ਬਾਅਦ ਵਿੱਚ ਹੁਣ ਤੱਕ ਇੰਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਫੌਜੀ ਰੈਜੀਮੈਂਟ ਨੂੰ ਅੱਜ ਤੱਕ ਨਹੀਂ ਮਿਲਿਆ। ਇੰਗਲੈਂਡ ਅਤੇ ਕੈਨੇਡਾ ਵਿੱਚ ਅੱਜ ਵੀ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀਆਂ ਦੇ ਪਰਿਵਾਰ ਅਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ।ਇਹਨਾਂ 21 ਬਹਾਦਰ ਸਿਪਾਹੀਆਂ ਦੀ ਜਿਹੜੀ ਪ੍ਰੇਰਣਾਦਾਇਕ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ।
ਝੋਰੜਾਂ ਵਿਖੇ 15 ਸਤੰਬਰ ਨੂੰ ਸਮਾਗਮ
ਸਾਰਾਗੜ੍ਹੀ ਦੇ ਸ਼ਹੀਦ ਹਵਲਦਾਰ ਈਸ਼ਰ ਸਿੰਘ ਦੇ ਪੜਪੋਤਰੇ ਜਗਦੇਵ ਸਿੰਘ ਝੋਰੜਾਂ ਨੇ ਦੱਸਿਆ ਕਿ ਜੱਦੀ ਪਿੰਡ ਝੋਰੜਾਂ ਵਿਖੇ ਸਲਾਨਾ ਬਰਸੀ ਸਮਾਗਮ ਨੂੰ ਲੈ ਕੇ 13 ਸਤੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 15 ਸਤੰਬਰ ਨੂੰ ਭੋਗ ਪਾਏ ਜਾਣਗੇ, ਇਸ ਮੌਕੇ ਸਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ 4 ਸਿੱਖ ਰੈਜੀਂਮੈਂਟ ਵਿੱਚੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਸਲਾਮੀ ਦਿੱਤੀ ਜਾਵੇਗੀ।
ਸ਼ਹੀਦ ਦੇ ਪੜਪੋਤਰੇ ਦਾ ਇੰਗਲੈਂਡ ਵਿੱਚ ਸਨਮਾਨ
ਇੰਗਲੈਂਡ ਦੇ ਵੁਲਵਰਹੈਪਟਨ ਦੇ ਗੁਰਦੁਆਰਾ ਗੁਰੁ ਨਾਨਕ ਸਾਹਿਬ ਵਿਖੇ ਸਾਰਾਗੜ੍ਹੀ ਦੇ ਨਾਇਕ ਹਵਲਦਾਰ ਈਸ਼ਰ ਸਿੰਘ ਦੇ ਪੜਪੋਤਰੇ ਸੰਤੋਖ ਸਿੰਘ ਦਾ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬ੍ਰਿਗੇਡੀਅਰ ਜਿਊਲ ਕੈਂਡਲ, ਸਾਰਾਗੜ੍ਹੀ ਫਾਉਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸ਼ਨ, ਪੇਜਾਦਾ ਮਾਗਵੀ ਵੀ ਹਾਜ਼ਰ ਸਨ। ਸੰਤੋਖ ਸਿੰਘ ਨੇ ਦੱਸਿਆ ਕਿ ਸਾਰਾਗੜ੍ਹੀ ਦੇ ਸ਼ਹੀਦ ਈਸ਼ਰ ਸਿੰਘ ਦੀ ਲਾਸਾਨੀ ਸ਼ਹੀਦੀ ‘ਤੇ 12 ਸਤੰਬਰ ਨੂੰ ਇੰਗਲੈਂਡ ਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਕਰਵਾਏ ਜਾ ਰਹੇ ਇੱਕ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਹੈ। ਜਿਸ ਲਈ ਉਨ੍ਹਾਂ ਨੂੰ ਇੰਗਲੈਂਡ ਤੋਂ ਸੱਦਾ ਆਇਆ ਸੀ।
-
ਅਸ਼ੋਕ ਵਰਮਾ , ਲੇਖਕ/ ਪੱਤਰਕਾਰ
ashokbti34@gmail.com
9236910000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.