ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਨਸਾਨ ਬਹੁਤ ਘੱਟ ਹੁੰਦੇ ਹਨ, ਔਰਤਾਂ ਵਿੱਚ ਅਜਿਹੀ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੀ ਥੋੜੀ ਹੈ। ਇਸ ਗਿਣਤੀ ਵਿੱਚ ਆਪਣਾ ਨਾਂ ਸ਼ਾਮਲ ਕਰਵਾਉਣ ਵਾਲੀ ਨੀਰਜਾ ਭਨੋਟ ਇੱਕ ਅਜਿਹੀ ਮਹਾਨ ਸ਼ਹੀਦ ਔਰਤ ਹੈ, ਜਿਸਦੀ ਬਹਾਦਰੀ ਤੋਂ ਸਮੁੱਚੀ ਦੁਨੀਆਂ ਹੀ ਪ੍ਰਭਾਵਿਤ ਹੈ। ਭਾਰਤ, ਪਾਕਿਸਤਾਨ ਅਤੇ ਅਮਰੀਕਾ ਨੇ ਤਾਂ ਨੀਰਜਾ ਨੂੰ ਸਨਮਾਨਿਤ ਕਰਕੇ ਉਸਦੇ ਪਾਏ ਪੂਰਨਿਆਂ ਤੇ ਚੱਲਣ ਦਾ ਸ਼ੰਦੇਸ ਵੀ ਦਿੱਤਾ ਹੈ।
ਚੰਡੀਗੜ੍ਹ ’ਚ ਜਨਮੀ ਲਾਡੋ ਵੱਡੀ ਹੋ ਕੇ ਨੀਰਜਾ ਭਨੋਟ ਬਣੀ। ਉਸਨੇ ਮੁਢਲੀ ਸਿੱਖਿਆ ਚੰਡੀਗੜ੍ਹ ਤੇ ਫੇਰ ਉਚ ਸਿੱਖਿਆ ਮੁੰਬਈ ਤੋਂ ਕੀਤੀ ਅਤੇ ਫੇਰ ਸ਼ਾਦੀ ਉਪਰੰਤ ਆਪਣੇ ਪਤੀ ਨਾਲ ਖਾੜੀ ਦੇਸਾਂ ਵਿੱਚ ਚਲੀ ਗਈ, ਪਰ ਸਹੁਰਿਆਂ ਵੱਲੋਂ ਦਾਜ ਦਹੇਜ ਕਾਰਨ ਹੋਏ ਝਗੜੇ ਸਦਕਾ ਉਹ ਕਰੀਬ ਦੋ ਮਹੀਨੇ ਬਾਅਦ ਹੀ ਆਪਣੇ ਮਾਪਿਆਂ ਪਾਸ ਮੁੰਬਈ ਆ ਗਈ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਉਹ 1986 ਨੂੰ ਹਵਾਈ ਸੇਵਾ ਵਿੱਚ ਬਤੌਰ ਏਅਰ ਹੋਸਟੈੱਸ ਭਰਤੀ ਹੋ ਗਈ। ਕੁਝ ਮਹੀਨੇ ਹੀ ਹੋਏ ਸਨ ਕਿ 5 ਸਤੰਬਰ 1986 ਨੂੰ ਉਹ ਆਪਣੀ ਡਿਉਟੀ ਕਰਨ ਲਈ ਮੁੰਬਈ ਤੋਂ ਨਿਊਯਾਰਕ ਰਵਾਨਾ ਹੋਏ ਜਹਾਜ ਵਿੱਚ ਸਵਾਰ ਹੋ ਗਈ। ਇਹ ਜਹਾਜ ਪਾਕਿਸਤਾਨ ਦੇ ਜਿਨਾਹ ਅੰਤਰਰਾਸਟਰੀ ਏਅਰਪੋਰਟ ਕਰਾਂਚੀ ਤੇ ਤੇਲ ਲੈਣ ਲਈ ਉਤਰ ਕੇ ਅਜੇ ਖੜਾ ਹੀ ਸੀ, ਤਾਂ ਇਸਨੂੰ ਚਾਰ ਫਲਸਤੀਨੀ ਅੱਤਵਾਦੀਆਂ ਨੇ ਆਪਣੇ ਕਬਜੇ ਵਿੱਚ ਲੈ ਲਿਆ, ਜੋ ਆਪਣੇ ਬੰਦੀ ਸਾਥੀਆਂ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਸਨ। ਜਹਾਜ ਵਿਚਲੇ 14 ਦੇਸਾਂ ਦੇ ਸਾਰੇ 361 ਯਾਤਰੀਆਂ ਨੂੰ ਉਹਨਾਂ ਬੰਧਕ ਬਣਾ ਲਿਆ, ਜਿਹਨਾਂ ਵਿੱਚ ਭਾਰਤ ਦੇ 91, ਪਾਕਿਸਤਾਨ ਦੇ 44, ਅਮਰੀਕਾ ਦੇ 41 ਅਤੇ ਕੈਨੇਡਾ ਦੇ 30 ਯਾਤਰੀਆਂ ਤੋਂ ਇਲਾਵਾ ਹੋਰ ਵੱਖ ਵੱਖ ਦੇਸਾਂ ਦੇ ਯਾਤਰੀ ਵੀ ਸਨ। ਨੀਰਜਾ ਨੇ ਤੁਰੰਤ ਹੁਸ਼ਿਆਰੀ ਵਰਤਦਿਆਂ ਜਹਾਜ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਇਸ ਦੇ 3 ਮੈਂਬਰ ਜਹਾਜ ਦੇ ਕਾਕਪਿੱਟ ਵਿੱਚੋ ਬਾਹਰ ਨਿਕਲਣ ਵਿੱਚ ਸਫ਼ਲ ਹੋ ਗਏ।
ਅੱਤਵਾਦੀਆਂ ਨੇ ਤੁਰੰਤ ਜਹਾਜ ਦਾ ਪਾਇਲਟ ਭੇਜਣ ਦੀ ਮੰਗ ਰੱਖ ਦਿੱਤੀ। ਇੱਕ ਭਾਰਤੀ ਰਜੇਸ ਕੁਮਾਰ, ਜਿਸਨੂੰ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੀ ਨਾਗਰਿਕਤਾ ਮਿਲੀ ਸੀ, ਨੂੰ ਜਹਾਜ ਦੇ ਦਰਵਾਜੇ ਤੇ ਲਿਆ ਕੇ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ ਤਾਂ ਜੋ ਦਹਿਸਤ ਪੈਦਾ ਕੀਤੀ ਜਾ ਸਕੇ। ਕੁਝ ਸਮੇਂ ਬਾਅਦ ਅੱਤਵਾਦੀਆਂ ਨੇ ਨੀਰਜਾ ਅਤੇ ਉਸਦੇ ਸਾਥੀ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਯਾਤਰੀਆਂ ਦੇ ਪਾਸਪੋਰਟ ਇਕੱਠੇ ਕਰਕੇ ਉਹਨਾਂ ਦੇ ਹਵਾਲੇ ਕਰ ਦੇਣ, ਉਹਨਾਂ ਦੀ ਇੱਛਾ ਸੀ ਕਿ ਪਾਸਪੋਰਟਾਂ ਤੋਂ ਪਹਿਚਾਣ ਕਰਕੇ ਉਹ ਅਮਰੀਕਾ ਦੇ ਵਸਨੀਕਾਂ ਨੂੰ ਗੋਲੀਆਂ ਮਾਰ ਕੇ ਪਾਕਿਸਤਾਨ ਸਰਕਾਰ ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਬਾਅ ਬਣਾ ਲੈਣਗੇ। ਨੀਰਜਾ ਨੇ ਯਾਤਰੀਆਂ ਦੇ ਪਾਸਪੋਰਟ ਇਕੱਠੇ ਕਰ ਲਏ, ਇਸ ਸਮੇਂ ਤੱਕ ਆਪਣੀ ਤੀਖਣ ਬੁੱਧੀ ਨਾਲ ਨੀਰਜਾ ਸਮਝ ਚੁੱਕੀ ਸੀ ਕਿ ਅੱਤਵਾਦੀ ਕੀ ਚਾਹੁੰਦੇ ਹਨ। ਉਸਨੇ ਅਮਰੀਕਨ ਯਾਤਰੀਆਂ ਦੇ ਪਾਸਪੋਰਟ ਲੁਕਾ ਕੇ ਬਾਕੀ ਅੱਤਵਾਦੀਆਂ ਦੇ ਹਵਾਲੇ ਕਰ ਦਿੱਤੇ। ਅੱਤਵਾਦੀਆਂ ਨੇ ਘੋਖ ਪੜਤਾਲ ਕਰਕੇ ਇੱਕ ਬ੍ਰਿਟਿਸ਼ ਯਾਤਰੀ ਨੂੰ ਉਠਾ ਲਿਆ ਅਤੇ ਜਹਾਜ ਦੇ ਦਰਵਾਜੇ ਤੇ ਲਿਆ ਕੇ ਉਸਨੂੰ ਮਾਰ ਦੇਣ ਦੀ ਧਮਕੀ ਨਾਲ ਆਪਣਾ ਦਬਾਅ ਬਣਾਉਣਾ ਚਾਹਿਆ, ਪਰ ਨੀਰਜਾ ਨੇ ਗੱਲਬਾਤ ਕਰਕੇ ਉਸਦੀ ਵੀ ਜਾਨ ਬਚਾ ਲਈ।
ਕਰੀਬ 17 ਘੰਟੇ ਦੀ ਕਸਮਕਸ਼ ਉਪਰੰਤ ਅੱਤਵਾਦੀਆਂ ਨੇ ਯਾਤਰੀਆਂ ਨੂੰ ਮਾਰਨ ਦਾ ਮਨ ਬਣਾ ਲਿਆ ਅਤੇ ਉਹਨਾਂ ਜਹਾਜ ਵਿੱਚ ਵਿਸਫੋਟਕ ਸਮੱਗਰੀ ਫਿੱਟ ਕਰਨੀ ਸੁਰੂ ਕਰ ਦਿੱਤੀ। ਅੱਤਵਾਦੀਆਂ ਦੀ ਇਸ ਇੱਛਾ ਨੂੰ ਭਾਂਪਦਿਆਂ ਨੀਰਜਾ ਦੀ ਚਿੰਤਾ ਹੋਰ ਵਧ ਗਈ। ਉਸਨੇ ਇਹ ਵੀ ਮਹਿਸੂਸ ਕਰ ਲਿਆ ਸੀ ਕਿ ਜਹਾਜ ਦਾ ਤੇਲ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ ਅਤੇ ਅਜਿਹਾ ਹੋਣ ਨਾਲ ਜਹਾਜ ਵਿੱਚ ਹਨੇਰਾ ਹੋੋ ਜਾਵੇਗਾ। ਨੀਰਜਾ ਨੇ ਚੁਸਤੀ ਵਰਤਦਿਆਂ ਆਪਣੇ ਸਹਿਯੋਗੀ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਾਰੇ ਯਾਤਰੀਆਂ ਨੂੰ ਖਾਣੇ ਦੇ ਪੈਕਟ ਸਪਲਾਈ ਕਰ ਦੇਣ ਅਤੇ ਨਾਲ ਹੀ ਉਹ ਕਾਰਡ ਵੀ ਵੰਡ ਦੇਣ, ਜਿਸ ਵਿੱਚ ਜਹਾਜ ਚੋਂ ਬਚ ਨਿਕਲਣ ਲਈ ਐਮਰਜੈਂਸੀ ਦਰਵਾਜੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਮੁਲਾਜਮਾਂ ਨੇ ਅਜਿਹਾ ਕਰਨਾ ਸੁਰੂ ਕਰ ਦਿੱਤਾ ਅਤੇ ਯਾਤਰੀਆਂ ਨੂੰ ਖਾਣੇ ਦੇ ਪੈਕਟਾਂ ਦੇ ਨਾਲ ਨਾਲ ਸੁਰੱਖਿਅਤ ਨਿਕਲਣ ਦੇ ਰਸਤੇ ਬਾਰੇ ਜਾਣਕਾਰੀ ਵੀ ਪਹੁੰਚਾ ਦਿੱਤੀ।
ਯਾਤਰੀ ਅਜੇ ਖਾਣਾ ਖਾ ਹੀ ਰਹੇ ਸਨ ਕਿ ਜਹਾਜ ਦਾ ਤੇਲ ਖਤਮ ਹੋ ਗਿਆ ਅਤੇ ਹਨੇਰਾ ਛਾ ਗਿਆ। ਨੀਰਜਾ ਨੂੰ ਵੀ ਇਸੇ ਸਮੇਂ ਦੇ ਉਡੀਕ ਸੀ, ਉਸਨੇ ਜਹਾਜ ਦੇ ਐਮਰਜੈਂਸੀ ਦਰਵਾਜੇ ਖੋਹਲ ਦਿੱਤੇ ਅਤੇ ਯਾਤਰੀ ਛਾਲਾਂ ਮਾਰ ਮਾਰ ਕੇ ਬਾਹਰ ਨਿਕਲਣ ਲੱਗੇ। ਇਸੇ ਸਮੇਂ ਪਾਕਿਸਤਾਨ ਦੇ ਕਮਾਂਡੋ ਮੁਲਾਜਮ ਜਹਾਜ ਵਿੱਚ ਦਾਖਲ ਹੋ ਗਏ, ਉਧਰ ਅੱਤਵਾਦੀਆਂ ਨੇ ਵੀ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ। ਸਭ ਨੂੰ ਮੌਤ ਆਪਣੇ ਸਿਰਾਂ ਤੇ ਮੰਡਰਾਉਂਦੀ ਦਿਸ ਰਹੀ ਸੀ। ਕਮਾਂਡੋਜ ਨੇ ਤਿੰਨ ਅੱਤਵਾਦੀਆਂ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਅਤੇ ਇੱਕ ਵਾਰ ਗੋਲੀਬਾਰੀ ਬੰਦ ਹੋ ਗਈ।
ਨੀਰਜਾ ਸਭ ਤੋਂ ਪਹਿਲਾਂ ਜਹਾਜ ਚੋਂ ਨਿਕਲ ਸਕਦੀ ਸੀ, ਪਰ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ। ਜਦ ਉਸਨੇ ਸਮਝ ਲਿਆ ਕਿ ਸਾਰੇ ਯਾਤਰੀ ਬਾਹਰ ਨਿਕਲ ਗਏ ਹਨ ਅਤੇ ਅੱਤਵਾਦੀ ਮਾਰੇ ਜਾ ਚੁੱਕੇ ਹਨ ਤਾਂ ਉਹ ਜਹਾਜ ਚੋਂ ਬਾਹਰ ਨਿਕਲਣ ਲਈ ਤੁਰੀ ਹੀ ਸੀ ਕਿ ਉਸਨੂੰ ਜਹਾਜ ਵਿੱਚ ਬੱਚਿਆਂ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ। ਉਹ ਫਿਰ ਵਾਪਸ ਮੁੜੀ ਤੇ ਉਸਨੇ ਜਹਾਜ ਵਿੱਚੋਂ ਤਿੰੰਨ ਛੋਟੇ ਛੋਟੇ ਬੱਚੇ ਭਾਲ ਲਏ ਤੇ ਉਹਨਾਂ ਨੂੰ ਚੁੱਕ ਕੇ ਦਰਵਾਜੇ ਵੱਲ ਜਾਣ ਲੱਗੀ। ਇਸੇ ਸਮੇਂ ਲੁਕਿਆ ਹੋਇਆ ਇੱਕ ਬੰਦੁਕਧਾਰੀ ਅੱਤਵਾਦੀ ਉਸਦੇ ਅੱਗੇ ਆ ਗਿਆ ਤੇ ਉਹ ਬੱਚਿਆਂ ਤੇ ਗੋਲੀ ਦਾਗਣ ਲੱਗਾ, ਜਿਹੜਾ ਸਰਕਾਰ ਤੇ ਦਬਾਅ ਵਜੋਂ ਉਸਦਾ ਆਖਰੀ ਯਤਨ ਸੀ। ਨੀਰਜਾ ਨੇ ਅੱਤਵਾਦੀ ਨੂੰ ਲਲਕਾਰਿਆ ਤੇ ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਇਸੇ ਦੌਰਾਨ ਅੱਤਵਾਦੀ ਨੇ ਨੀਰਜਾ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਅਤੇ ਉਹ ਮੌਕੇ ਤੇ ਹੀ ਸ਼ਹੀਦੀ ਪ੍ਰਾਪਤ ਕਰ ਗਈ। ਕਮਾਡੋਜ ਨੇ ਜਵਾਬੀ ਫਾਇਰਿੰਗ ਨਾਲ ਅੱਤਵਾਦੀ ਨੂੰ ਮਾਰ ਮੁਕਾਇਆ ਅਤੇ ਬੱਚੇ ਬਚ ਗਏ। ਇਸ ਤਰ੍ਹਾਂ ਨੀਰਜਾ ਨੇ ਬਹੁਤ ਬਹਾਦਰੀ ਨਾਲ ਆਪਣੀ ਡਿਉਟੀ ਅਦਾ ਕਰਦਿਆਂ ਜਹਾਜ ਵਿਚਲੇ 360 ਯਾਤਰੀਆਂ ਦੀ ਜਾਨ ਬਚਾ ਕੇ ਆਪਣੇ ਜੀਵਨ ਦੀ ਅਹੂਤੀ ਦੇ ਦਿੱਤੀ।
ਸਿਰਫ 23 ਸਾਲ ਦੀ ਉਮਰ ਵਿੱਚ ਨੀਰਜਾ ਬਹਾਦਰੀ ਵਾਲਾ ਏਡਾ ਵੱਡਾ ਕਾਰਨਾਮਾ ਕਰਕੇ ਸ਼ਹਾਦਤ ਪ੍ਰਾਪਤ ਕਰਨ ਵਾਲੀ ਭਾਰਤ ਦੀ ਸਭ ਤੋਂ ਘੱਟ ਉਮਰ ਵਾਲੀ ਸ਼ਹੀਦ ਔਰਤ ਬਣ ਗਈ। ਭਾਰਤ ਸਰਕਾਰ ਵੱਲੋਂ ਨੀਰਜਾ ਨੂੰ ਮਰਨ ਉਪਰੰਤ ਸਾਂਤੀ ਲਈ ਦਿੱਤਾ ਜਾਣ ਵਾਲਾ ਸਰਵਉੱਚ ਪੁਰਸਕਾਰ ‘ਅਸ਼ੋਕ ਚੱਕਰ’ ਦੇ ਕੇ ਸਨਮਾਨ ਦਿੱਤਾ ਗਿਆ। ਪਾਕਿਸਤਾਨ ਦੀ ਸਰਕਾਰ ਵੱਲੋਂ ਵੀ ‘ਤਮਗਾ ਏ ਇਨਸਾਨੀਅਤ’ ਅਮਰੀਕਾ ਵੱਲੋਂ ‘ਜਸਟਿਸ ਫਾਰ ਕਰਾਈਮ ਐਵਾਰਡ 2005’ ਦਿੱਤਾ ਗਿਆ। ਅੰਤਰ ਰਾਸ਼ਟਰੀ ਤੌਰ ਤੇ ਨੀਰਜਾ ਨੂੰ ‘ਹੀਰੋਇਨ ਆਫ਼ ਹਾਈਜੈਕਰ’ ਵੀ ਕਿਹਾ ਜਾਂਦਾ ਹੈ।
-
ਬਲਵਿੰਦਰ ਸਿੰਘ ਭੁੱਲਰ, writer
ashokbti34@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.