ਬਰਸੀ 'ਤੇ ਵਿਸ਼ੇਸ਼: ਗਰੀਬੀ ਦੀ ਦਲਦਲ 'ਚੋਂ ਚਮਕਿਆ ਨਗੀਨਾ ‘ਹਾਕਮ ਸੂਫੀ’
ਬਲਵਿੰਦਰ ਸਿੰਘ ਭੁੱਲਰ
ਸੱਚਾ ਸੁੱਚਾ ਇਨਸਾਨ, ਮਿਹਨਤਕਸ਼, ਬਹੁਪੱਖੀ ਸਖ਼ਸੀਅਤ ਦਾ ਮਾਲਕ, ਹਾਸੇ ਠੱਠ੍ਹੇ ਦਾ ਸ਼ੌਕੀਨ, ਵਧੀਆ ਚਿੱਤਰਕਾਰ ਤੇ ਬੁੱਤਘਾੜਾ, ਜਿੰਦਾ ਦਿਲ ਇਨਸਾਨ ਤੇ ਸਟਾਰ ਗਾਇਕ ਹਾਕਮ ਸੂਫੀ ਆਪਣੇ ਨਾਂ ਅਨੁਸਾਰ ਮਸਤ ਮਲੰਗ, ਫੱਕਰ ਤਬੀਅਤ ਦਾ ਮਾਲਕ ਤੇ ਜੁੱਲੀਆਂ ’ਚ ਦਗਦਾ ਇੱਕ ਬਹੁਮੁੱਲਾ ਨਗੀਨਾ ਸੀ।
ਜਿਲ੍ਹਾ ਮੁਕਤਸਰ ਦੇ ਸ਼ਹਿਰ ਗਿੱਦੜਬਾਹਾ ਵਿੱਚ 3 ਮਾਰਚ 1952 ਨੂੰ ਜਨਮਿਆ ਹਾਕਮ ਉੱਥੋਂ ਦੇ ਸਰਕਾਰੀ ਸਕੂਲ ਚੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਬੀ ਏ ਦੀ ਪੜ੍ਹਾਈ ਤੇ ਆਰਟ ਐਂਡ ਕਰਾਫਟ ਦਾ ਡਿਪਲੋਮਾ ਕਰਕੇ ਉਹ ਸਰਕਾਰੀ ਡਰਾਇੰਗ ਅਧਿਆਪਕ ਨਿਯੁਕਤ ਹੋ ਗਿਆ। ਜਨਾਬ ਫਰੀਦ ਮੁਹੰਮਦ ਫਰੀਦ ਨੂੰ ਆਪਣਾ ਗੁਰੂ ਮੰਨ ਕੇ ਉਸਨੇ 1970 ਵਿੱਚ ਗਾਇਕੀ ਦੇ ਖੇਤਰ ’ਚ ਪੈਰ ਧਰਿਆ। ਰਿਆਜ਼ ਉਸਦਾ ਨਿੱਤਨੇਮ ਬਣ ਚੁੱਕਾ ਸੀ, ਜਿਸ ਸਦਕਾ ਉਹ ਪੰਜਾਬੀ ਦਾ ਅਜਿਹਾ ਸਟਾਰ ਗਾਇਕ ਬਣ ਗਿਆ, ਕਿ ਅੱਸੀਵਿਆਂ ਦੇ ਪੰਜਾਬੀ ਗਾਇਕੀ ਦੇ ਸਿਖ਼ਰਲੇ ਦਸ ਕੁ ਗਾਇਕਾਂ ਵਿੱਚ ਉਸ ਦਾ ਨਾਂ ਲਿਆ ਜਾਣ ਲੱਗਿਆ। ਗਰੀਬੀ ਦੀ ਹਾਲਤ ਵਿੱਚ ਮਹਿੰਗੇ ਸਾਜਾਂ ਨਾਲ ਰਿਆਜ਼ ਕਰਨਾ ਜਾਂ ਗਾਉਣਾ ਵੀ ਉਸਦੇ ਵੱਸ ਤੋਂ ਬਾਹਰ ਦੀ ਗੱਲ ਸੀ, ਇਸ ਲਈ ਉਸਨੇ ਸਸਤੇ ਜਿਹੇ ਸਾਜ ਡਫਲੀ ਨੂੰ ਆਪਣੇ ਸਾਥੀ ਸਾਜ ਵਜੋਂ ਅਪਨਾ ਲਿਆ, ਸਭ ਤੋਂ ਪਹਿਲਾਂ ਡਫਲੀ ਨੂੰ ਸਟੇਜਾਂ ਤੇ ਲਿਆਉਣ ਵਾਲਾ ਇਹ ਦਰਵੇਸ ਗਾਇਕ ਹੀ ਸੀ।
ਕਮਿਊਨਿਸਟ ਲਹਿਰ ਪ੍ਰਤੀ ਵੀ ਉਸਦੇ ਮਨ ਵਿੱਚ ਬਹੁਤ ਸਤਿਕਾਰ ਸੀ, ਉਹ ਸਮਝਦਾ ਸੀ ਕਿ ਗਰੀਬ ਗੁਰਬੇ ਤੇ ਦੁਖੀਆਂ ਦੇ ਦੁਖੜੇ ਸੁਣਨ ਵਾਲੇ ਅਤੇ ਉਹਨਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਕਮਿਊਨਿਸਟ ਚੰਗੇ ਇਨਸਾਨ ਹਨ। ਉਹ ਲੰਬਾ ਸਮਾਂ ਬਠਿੰਡਾ ਸਥਿਤ ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਵਿੱਚ ਆਉਦਾ ਰਿਹਾ। ਇੱਥੇ ਬੈਠੇ ਕਮਿਊਨਿਸਟ ਆਗੂਆਂ ਵਰਕਰਾਂ ਨਾਲ ਉਹ ਵਿਚਾਰ ਵਟਾਂਦਰਾ ਕਰਦਾ, ਲੋਕਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਦਾ ਅਤੇ ਕਦੇ ਕਦੇ ਗਾ ਕੇ ਮਨੋਰੰਜਨ ਵੀ ਕਰਦਾ। ਜਿਉਂ ਜਿਉਂ ਉਸਦੀਆਂ ਪਰਿਵਾਰਕ ਤੇ ਮਹਿਕਮਾਨਾ ਜੁਮੇਵਾਰੀਆਂ ਵਧਦੀਆਂ ਗਈਆਂ ਉਸਦਾ ਇੱਥੇ ਆਉਣਾ ਘਟਦਾ ਗਿਆ, ਪਰ ਉਸਦੇ ਮਨ ਵਿੱਚ ਕਮਿਊਨਿਸਟਾਂ ਪ੍ਰਤੀ ਸਤਿਕਾਰ ਉਸੇ ਤਰ੍ਹਾਂ ਕਾਇਮ ਰਿਹਾ।
ਹਾਕਮ ਸੂਫੀ ਦੇ ਗੀਤਾਂ ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ, ਪਾਣੀ ਵਿੱਚ ਮਾਰਾਂ ਡੀਟਾਂ, ਬੂਹਿਓ ਪਾਣੀ ਵਾਰ ਲੰਘਾਦੇ ਵੇ ਮੇਰੇ ਸੋਹਣਿਆਂ ਸੱਜਣਾ, ਤਿੜਕੀਆਂ ਕੰਧਾਂ ਦੇ ਅੰਗ ਸੰਗ ਲਿਪਟ ਕੇ ਲਿਓੜ ਵਰਗੀ ਜਿੰਦਗੀ ਹਾਂ ਜੀ ਰਹੇ, ਕੋਕਾ ਘੜਵਾਦੇ ਵੇ ਮਾਹੀਆ ਕੋਕਾ ਆਦਿ ਮਕਬੂਲ ਹੋਏ ਗੀਤਾਂ ਨੇ ਉਸਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ। ਉਸਨੇ ਮੇਲਾ ਯਾਰਾਂ ਦਾ, ਝੱਲਿਆ ਦਿਲਾ ਵੇ, ਮੇਰਾ ਯਾਰ, ਦਿਲ ਤੜਫੇ, ਛੱਲਾ, ਚਰਖਾ, ਇਸਕ ਤੇਰੇ ਵਿੱਚ, ਗੱਭਰੂ ਪੰਜਾਬ ਦਾ, ਦਿਲ ਵੱਟੇ ਦਿਲ ਆਦਿ ਆਡੀਓ ਕੈਸਿਟਾਂ ਪੰਜਾਬੀ ਸੱਭਿਆਚਾਰ ਦੀ ਝੋਲੀ ਵਿੱਚ ਪਾਈਆਂ। ਇਸਤੋਂ ਇਲਾਵਾ ਉਸਨੇ ਅੱਧੀ ਦਰਜਨ ਤੋਂ ਵੱਧ ਫਿਲਮਾਂ ਵਿੱਚ ਵੀ ਕੰਮ ਕੀਤਾ। ਗਾਇਕੀ ਦੇ ਖੇਤਰ ਵਿੱਚ ਉਹ ਲੱਚਰਤਾ ਤੋਂ ਕੋਹਾਂ ਦੂਰ ਰਿਹਾ ਉਸਦੇ ਗਾਏ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ।
ਗਾਇਕੀ ਤੋਂ ਇਲਾਵਾ ਹਾਕਮ ਸੂਫੀ ਇੱਕ ਵਧੀਆ ਚਿੱਤਰਕਾਰ ਤੇ ਬੁੱਤ ਘਾੜਾ ਵੀ ਸੀ। ਉਸਦੇ ਮਿੱਟੀ ਦੇ ਬਣਾਏ ਛੋਟੇ ਛੋਟੇ ਬੁੱਤ ਜਾਂ ਪੇਟਿੰਗਾਂ ਖਿੱਚ ਭਰਭੂਰ ਹੁੰਦੀਆਂ ਸਨ। ਹਾਕਮ ਸੂਫੀ ਗਰੀਬੀ ਦੀ ਦਲਦਲ ’ਚੋਂ ਉੱਠਿਆ ਇੱਕ ਬਹੁਮੁੱਲਾ ਨਗੀਨਾ ਸੀ, ਪਰ ਉਸਨੇ ਆਪਣੀ ਗਰੀਬੀ ਨੂੰ ਕਦੇ ਨਹੀਂ ਭੁਲਾਇਆ। ਉਸਨੇ ਸਾਦਾ ਜੀਵਨ ਹੰਢਾਇਆ ਅਤੇ ਵਿਆਹ ਨਾ ਕਰਵਾ ਕੇ ਆਪਣੇ ਮਾਂ ਬਾਪ ਤੋਂ ਇਲਾਵਾ ਭੈਣਾਂ ਭਰਾਵਾਂ ਦੇ ਹਰ ਦੁੱਖ ਸੁਖ ਦੀ ਜੁਮੇਵਾਰੀ ਨਿਭਾਈ। ਗਰੀਬ ਲੋਕਾਂ ਦੀ ਸਹਾਇਤਾ ਕਰਨਾ ਉਸਦਾ ਮੁੱਖ ਨਿਸ਼ਾਨਾ ਸੀ। ਲਾਲ ਪਰੀ ਦਾ ਵੀ ਉਹ ਵਾਹਵਾ ਸ਼ੌਕੀਨ ਸੀ, ਦੁੱਖਾਂ ਦਰਦਾਂ ਨੂੰ ਭੁਲਾਉਣ ਲਈ ਉਹ ਅਕਸਰ ਮਰਦ ਪਿਆਲੇ ਦਾ ਹਾੜ੍ਹਾ ਲਾ ਹੀ ਲੈਂਦਾ ਸੀ।
ਸੇਵਾ ਮੁਕਤੀ ਉਪਰੰਤ ਹਾਕਮ ਸੂਫੀ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਇਨਸਾਨ ਕਿਨ੍ਹੀਆਂ ਵੀ ਕੋਠੀਆਂ ਮਹਿਲ ਘਰ ਬਣਾ ਲਵੇ ਪਰ ਉਸਦਾ ਆਖ਼ਰੀ ਪੜਾਅ ਤਾ ਸਿਵੇ ਹੀ ਹਨ, ਇਸ ਖਿਆਲ ਨਾਲ ਉਸਨੇ ਆਪਣੇ ਆਪ ਨੂੰ ਸਿਵਿਆਂ ਦੇ ਸਮਰਪਿਤ ਹੀ ਕਰ ਦਿੱਤਾ। ਸਿਵਿਆਂ ਦੀ ਸਾਫ ਸਫਾਈ, ਫੁੱਲ ਬੂਟੇ ਲਾਉਣੇ, ਉੱਥੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਉਸਦਾ ਮੁੱਖ ਨਿਸ਼ਾਨਾ ਬਣ ਗਿਆ ਅਤੇ ਕਰੀਬ ਇੱਕ ਦਹਾਕਾ ਉਹ ਸਿਵਿਆ ਵਿੱਚ ਸੇਵਾ ਸੰਭਾਲ ਕਰਦਾ ਰਿਹਾ। ਆਖ਼ਰ ਇਹ ਸਟਾਰ ਗਾਇਕ ਤੇ ਅਧਿਆਪਕ 4 ਸਤੰਬਰ 2012 ਨੂੰ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਅਤੇ ਜਿਸ ਸ਼ਮਸ਼ਾਨਘਾਟ ਵਿੱਚ ਉਹ ਸਾਲਾਂ ਬੱਧੀ ਸੇਵਾ ਕਰਦਾ ਰਿਹਾ ਉੱਥੇ ਹੀ ਉਸਨੂੰ ਸਪੁਰਦ ਏ ਆਤਿਸ਼ ਕਰ ਦਿੱਤਾ ਗਿਆ। ਹਾਕਮ ਸੂਫੀ ਨੂੰ ਲਾਲ ਸਲਾਮ ਲਾਲ ਸਲਾਮ।
-
ਬਲਵਿੰਦਰ ਸਿੰਘ ਭੁੱਲਰ, ਲੇਖਕ
bhullarbti@gmail.com
098882 75913
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.