ਸਾਡੇ ਮਿਹਨਤੀ ਅਤੇ ਆਦਰਸ਼ ਅਧਿਆਪਕ
ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ)
\ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਆਦਰਸ਼ ਅਧਿਆਪਕ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਾਨਯੋਗ ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਅਧਿਆਪਕ ਵਰਗ ਲਈ ਖਾਸ ਮਹੱਤਤਾ ਹੈ। ਸਮੁੱਚੇ ਦੇਸ਼ ਵਿੱਚ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉੱਥੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਵਾਲੇ ਮਿਹਨਤੀ ਅਧਿਆਪਕਾਂ ਨੂੰ 'ਸਟੇਟ ਐਵਾਰਡ' ਦਿੱਤੇ ਜਾਂਦੇ ਹਨ। ਜਿਹੜਾ ਕਿ ਇੱਕ ਸਲਾਹੁਣਯੋਗ ਕਾਰਜ ਹੈ।
ਪੁਰਾਤਨ ਸਮਿਆਂ ਤੋਂ ਹੀ ਅਧਿਆਪਕ ਦਾ ਰੁਤਬਾ ਬੜਾ ਸਤਿਕਾਰਯੋਗ ਰਿਹਾ ਹੈ। ਉਹਨਾਂ ਸਮਿਆਂ 'ਚ ਅਧਿਆਪਕ ਆਪਣੇ ਸਿਖਿਆਰਥੀਆਂ ਨੂੰ ਪੜ੍ਹਾਈ ਦੇ ਕਾਰਜ ਦੇ ਨਾਲ-ਨਾਲ ਧਾਰਮਿਕ, ਨੈਤਿਕ ਅਤੇ ਸਦਾਚਾਰਕ ਸਿੱਖਿਆ ਵੀ ਪ੍ਰਦਾਨ ਕਰਦੇ ਸਨ। ਅਧਿਆਪਕ ਨੂੰ ਸਿੱਖਿਅਕ ਗੁਰੂ ਦਾ ਦਰਜ਼ਾ ਦਿੱਤਾ ਜਾਂਦਾ ਰਿਹਾ ਹੈ। ਅਧਿਆਪਕ ਕੌਮ ਦਾ ਨਿਰਮਾਤਾ ਹੈ। ਇਕ ਕਹਾਵਤ ਹੈ ਕਿ 'ਗੁਰੂ ਬਿਨਾਂ ਗਤ ਨਹੀਂ' ਤੇ ਸਾਹ ਬਿਨ੍ਹਾਂ ਪਤ ਨਹੀਂ'। ਅਧਿਆਪਕ ਦੀ ਵਿਦਵਤਾ, ਰੁਤਬੇ ਅਤੇ ਸੂਝ-ਬੂਝ ਨੂੰ ਦਰਸਾਉਂਦਾ ਕਥਨ ਹੈ।
ਸਕੂਲੀ ਸਿੱਖਿਆ ਸਮੁੱਚੀ ਸਿੱਖਿਆ ਦੀ ਨੀਂਹ ਹੈ। ਜੇਕਰ ਨੀਂਹ ਕਮਜ਼ੋਰ ਰਹਿ ਜਾਵੇ ਤਾਂ ਉਸ ਉੱਪਰ ਕੁਝ ਵੀ ਉਸਰਨਾ ਸਫ਼ਲ ਨਹੀਂ ਹੋਵੇਗਾ। ਸਕੂਲ ਬੱਚੇ ਦੇ ਸਰਵਪੱਖੀ ਵਿਕਾਸ ਦਾ ਕੇਂਦਰ ਬਿੰਦੂ ਹੈ। ਬੱਚੇ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਅਧਿਆਪਕ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅਧਿਆਪਨ ਇੱਕ ਅਜਿਹਾ ਪਵਿੱਤਰ ਕਾਰਜ ਹੈ। ਜਿਹੜਾ ਕਿ ਬੱਚੇ ਨੂੰ ਸਿੱਖਿਅਤ ਕਰਕੇ ਉਹਨਾਂ ਨੂੰ ਸਾਰਥਿਕ ਦਿਸ਼ਾ ਪ੍ਰਦਾਨ ਕਰਦਾ ਹੈ ਅਤੇ ਉਸ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਦੁਨੀਆਂ ਦੇ ਉੱਚ ਅਤੇ ਨਜ਼ਦੀਕੀ ਰਿਸ਼ਤਿਆਂ ਵਿੱਚੋਂ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ।
ਬੱਚੇ ਦੀ ਮੁੱਢਲੀ ਅਵਸਥਾ ਦੇ ਪਹਿਲੇ ਤਿੰਨ ਸਾਲ ਉਸਦੇ ਮਾਪੇ ਹੀ ਅਧਿਆਪਕ ਦਾ ਰੋਲ ਅਦਾ ਕਰਦੇ ਹਨ। ਉਸ ਤੋਂ ਬਾਅਦ ਜਦ ਉਹ ਸਕੂਲ ਪਹੁੰਚਦਾ ਹੈ ਤਾਂ ਉਹ ਅਧਿਆਪਕ ਦੇ ਸੰਪਰਕ ਵਿੱਚ ਆ ਕੇ ਪੜ੍ਹਨਾ-ਲਿਖਣਾ ਸ਼ੁਰੂ ਕਰਦਾ ਹੈ। ਕਿਹਾ ਜਾਂਦਾ ਹੈ ਕਿ ਬਚਪਨ ਦੇ ਸੰਸਕਾਰ ਹਮੇਸ਼ਾਂ ਸਾਡੇ ਨਾਲ ਰਹਿੰਦੇ ਹਨ। ਇਸ ਅਵਸਥਾ ਦੌਰਾਨ ਬੱਚਾ ਜਿਹੋ-ਜਿਹਾ ਪ੍ਰਭਾਵ ਕਬੂਲਦਾ ਹੈ। ਉਸਨੂੰ ਸਮੁੱਚੇ ਜੀਵਨ ਵਿੱਚ ਹੰਢਾਉਂਦਾ ਹੈ। ਮਿਹਨਤੀ ਅਧਿਆਪਕ ਬੱਚੇ ਨੂੰ ਸਾਰਥਿਕ ਦਿਸ਼ਾ ਪ੍ਰਦਾਨ ਕਰਦਾ ਹੈ। ਉਸ ਦੇ ਚਰਿੱਤਰ ਦਾ ਨਿਰਮਾਣ ਕਰਕੇ ਉਸ ਵਿੱਚ ਚੰਗੀ ਇਨਸਾਨੀਅਤ ਦੇ ਗੁਣ ਪੈਦਾ ਕਰਦਾ ਹੈ।
ਅਜੋਕੇ ਸਮੇਂ ਵਿੱਚ ਸਿੱਖਿਆ ਅਤੇ ਗਿਆਨ ਪ੍ਰਾਪਤੀ ਦੇ ਅਨੇਕਾਂ ਸਾਧਨ ਹਨ। ਪੁਰਾਤਨਤਾ ਦੀ ਥਾਂ ਨਵੀਨਤਾ ਨੇ ਲੈ ਲਈ ਹੈ। ਹੁਣ ਅਖ਼ਬਾਰ, ਰਸਾਲੇ, ਰੇਡੀਓ, ਟੀ.ਵੀ, ਪੁਸਤਕਾਂ, ਕੰਪਿਊਟਰ, ਮੋਬਾਇਲ ਆਦਿ ਨੇ ਭਾਵੇਂ ਗਿਆਨ ਦੀ ਪ੍ਰਾਪਤੀ ਦੇ ਖੇਤਰ ਨੂੰ ਵਿਸ਼ਾਲਤਾ ਬਖਸ਼ੀ ਹੈ। ਇਸ ਦੇ ਬਾਵਜੂਦ ਅਧਿਆਪਕ ਦੀ ਮਹੱਤਤਾ ਨੂੰ ਕਿਸੇ ਤਰ੍ਹਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਰਸਮੀ ਸਿੱਖਿਆ ਦੇ ਪੱਖ ਤੋਂ ਅਧਿਆਪਕ ਦਾ ਕੋਈ ਬਦਲ ਨਹੀਂ।ਜਿਹੜੀ ਸਿੱਖਿਆ ਬੱਚਾ ਅਧਿਆਪਕ ਦੇ ਸਿੱਧੇ ਪ੍ਰਭਾਵ ਅਧੀਨ ਕਬੂਲਦਾ ਹੈ। ਉਹ ਹੋਰ ਕਿਸੇ ਤਰ੍ਹਾਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਧਿਆਪਕ ਦੁਆਰਾ ਕਹੀ ਗੱਲ ਬੱਚਿਆਂ ਦੇ ਮਨਾਂ 'ਤੇ ਡੂੰਘੀ ਛਾਪ ਛੱਡਦੀ ਹੈ। ਉਹਨਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਦੀ ਹੈ। ਜਿਸ ਨਾਲ ਬੱਚੇ ਵਿੱਚ ਸਿੱਖਣ ਦੀ ਜਗਿਆਸਾ ਪੈਦਾ ਹੋ ਜਾਂਦੀ ਹੈ। ਮਾਸੂਮ ਬੱਚਿਆਂ ਦੇ ਕੋਮਲ ਤੇ ਨਿਰਛਲ ਮਨਾਂ ਨੂੰ ਅਧਿਆਪਕ ਵੱਲੋਂ ਪ੍ਗਟਾਏ ਪਿਆਰ, ਸੁਨੇਹ ਅਤੇ ਥਾਪੜੇ ਨਾਲ ਜਿਹੜਾ ਸਕੂਨ ਅਤੇ ਹੌਂਸਲਾ ਮਿਲਦਾ ਹੈ ਉਸ ਦੇ ਬਰਾਬਰ ਦਾ ਹੋਰ ਕੁਝ ਨਹੀਂ।
ਮਹਾਨ ਸਿੱਖਿਆ ਸ਼ਾਸਤਰੀ ਵਿਲੀਅਮ ਆਰਥਰ ਬਾਰਡ ਅਧਿਆਪਕ ਬਾਰੇ ਲਿਖਦਾ ਹੈ ਕਿ ਦਰਮਿਆਨਾ ਅਧਿਆਪਕ ਦਸਦਾ ਹੈ, ਚੰਗਾ ਅਧਿਆਪਕ ਵਿਆਖਿਆ ਕਰਦਾ ਹੈ ਅਤੇ ਮਹਾਨ ਅਧਿਆਪਕ ਉਤਸ਼ਾਹ ਜਗਾਉਂਦਾ ਹੈ। ਕਿਸੇ ਬੱਚੇ ਵਿੱਚ ਮਿਹਨਤ ਅਤੇ ਲਗਨ ਪੈਦਾ ਕਰਨੀ, ਉਸ ਨੂੰ ਕਾਮਯਾਬੀ ਦੇ ਰਾਹ ਤੋਰਨਾ, ਉਸ ਵਿੱਚ ਚੰਗੀਆਂ ਰੁਚੀਆਂ ਅਤੇ ਆਦਤਾਂ ਦਾ ਵਿਕਾਸ ਕਰਨਾ ਇੱਕ ਆਦਰਸ਼ ਅਤੇ ਸਫ਼ਲ ਅਧਿਆਪਕ ਦੇ ਹਿੱਸੇ ਆਉਂਦਾ ਹੈ।
ਮਿਹਨਤੀ ਅਤੇ ਆਦਰਸ਼ ਅਧਿਆਪਕ ਬੱਚੇ ਲਈ ਰੋਲ ਮਾਡਲ ਹੁੰਦਾ ਹੈ। ਬੱਚੇ ਵਿੱਚ ਇਲਮ ਦੀ ਜੋਤ ਜਗਾ ਕੇ ਉਸ ਨੂੰ ਗੁਣਵਾਨ ਬਣਾਉਂਦਾ ਹੈ। ਕਿਸੇ ਕੌਮ ਦੇ ਗਿਆਨਵਾਨ ਅਤੇ ਪ੍ਰਤੀਬੱਧ ਅਧਿਆਪਕ ਹੀ ਸਮਾਜ ਦੇ ਮਾਰਗ ਦਰਸ਼ਕ ਹੁੰਦੇ ਹਨ।
ਇੱਕ ਆਦਰਸ਼ ਅਧਿਆਪਕ ਸਕੂਲ ਸਮੇਂ ਦੇ ਦੌਰਾਨ ਹੀ ਨਹੀਂ ਸਗੋਂ ਇਸ ਤੋਂ ਬਾਅਦ ਵੀ ਸੰਸਥਾ ਦੀ ਬਿਹਤਰੀ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਉਹ ਸਕੂਲ ਤਰੱਕੀ ਅਤੇ ਵਿਕਾਸ ਲਈ ਸਮੁਦਾਇ ਨਾਲ ਨੇੜਤਾ ਵਧਾਉਂਦਾ ਹੈ। ਅੱਜ ਦੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਹ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਪੜ੍ਹਾਈ ਲਈ ਨਵੀਆਂ ਲਰਨਿੰਗ ਡਿਵਾਈਸ ਅਤੇ ਉਪਕਰਨਾਂ ਨੂੰ ਵਿਕਸਤ ਕਰਦਾ ਹੈ।
ਅਧਿਆਪਕ ਅਤੇ ਵਿਦਿਆਰਥੀ ਦਾ ਬੜਾ ਗੂੜਾ ਸੰਬੰਧ ਹੈ। ਅਧਿਆਪਕ ਵਿਦਿਆਰਥੀ ਨੂੰ ਗਿਆਨ ਦਾ ਚਾਨਣ ਵੰਡਦਾ ਹੈ। ਵਿਦਿਆਰਥੀ ਆਪਣੇ ਅਧਿਆਪਕ ਗੁਰੂ ਤੋਂ ਬੜੇ ਹੀ ਨਿਮਰਤਾ ਸਹਿਤ ਇਸ ਨੂੰ ਹਾਸਲ ਕਰਦਾ ਜਾਂਦਾ ਹੈ। ਅਧਿਆਪਕ ਦੀ ਯੋਗ ਅਗਵਾਈ ਵਿਦਿਆਰਥੀ ਨੂੰ ਜੀਵਨ ਦੀਆਂ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਾ ਦਿੰਦੀ ਹੈ।
ਚੰਗੇ ਸਮਾਜ ਦੇ ਨਿਰਮਾਣ ਬਾਰੇ ਵਿਚਾਰ ਵੀ ਅਧਿਆਪਕ ਹੀ ਬੱਚੇ ਦੇ ਮਨ 'ਤੇ ਉਤਾਰਦਾ ਹੈ। ਕਿਉਂ ਕਿ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਸੰਬੰਧਾਂ ਵਿੱਚ ਵੀ ਵਿਚਰਨਾ ਹੈ। ਜਿਹੜੇ ਵਿਦਿਆਰਥੀ ਆਪਣੇ ਗੁਰੂ ਨਾਲ ਚੰਗਾ ਤਾਲਮੇਲ ਬਣਾ ਕੇ ਰੱਖਦੇ ਹਨ। ਉਹ ਛੇਤੀ ਸਫ਼ਲ ਹੋ ਜਾਂਦੇ ਹਨ ਅਤੇ ਸਮਾਜਿਕ ਤੌਰ 'ਤੇ ਬੜੀ ਤਰੱਕੀ ਕਰਦੇ ਹਨ।
ਜੋ ਅਧਿਆਪਕ ਆਪਣੇ ਵਿਦਿਆਰਥੀਆਂ ਪ੍ਰਤੀ ਸੁਹਿਰਦ ਹੁੰਦੇ ਹਨ। ਉਹਨਾਂ ਦਾ ਸਨਮਾਨ ਵੀ ਹੁੰਦਾ ਹੈ। ਅਧਿਆਪਕ ਦਾ ਫ਼ਰਜ਼ ਬਣਾ ਹੈ ਕਿ ਵਿਦਿਆਰਥੀਆਂ ਨਾਲ ਚੰਗ ਸੰਬੰਧ ਬਣਾਵੇ। ਵਿਦਿਆਰਥੀ ਜਦੋਂ ਜੀ ਚਾਹੇ ਅਧਿਆਪਕ ਤੋਂ ਬੇ ਝਿਜਕ ਹੋ ਕੇ ਸਵਾਲ ਪੁੱਛ ਸਕਣ ਅਤੇ ਪਹੁੰਚ ਕਰ ਸਕਣ। ਪਰ ਕਈ ਵਾਰ ਕੁਝ ਅਧਿਆਪਕ ਇਸ ਕਸਵੱਟੀ ਤੇ ਖਰਾ ਨਹੀਂ ਉਤਰਦੇ, ਜਿਸ ਕਰਕੇ ਉਹ ਵਿਦਿਆਰਥੀਆਂ ਵਿੱਚ ਸਨਮਾਨਿਤ ਜਗ੍ਹਾ ਨਹੀਂ ਬਣਾ ਸਕਦੇ। ਇਸ ਲਈ ਜ਼ਰੂਰੀ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਦੇ ਵਿਚਕਾਰ ਚੰਗਾ ਰਿਸ਼ਤਾ ਨਿਸ਼ਚਿਤ ਹੋਵੇ। ਇੱਕ ਬਿਹਤਰ ਸਿੱਖਿਆ ਅਧਿਆਪਕ ਅਤੇ ਵਿਦਿਆਰਥੀ ਦੇ ਹਾਂ ਪੱਖੀ ਤਾਲਮੇਲ ਤੇ ਅਧਾਰਿਤ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਮਿਹਨਤੀ ਅਧਿਆਪਕ ਹਨ। ਉਹ ਆਪਣੀ ਲਗਨ ਅਤੇ ਮਿਹਨਤ ਨਾਲ ਪੂਰਾ ਜੀਵਨ ਸਿੱਖਿਆ ਨੂੰ ਸਮਰਪਿਤ ਕਰਦੇ ਹਨ। ਜਿਹਨਾਂ ਦੀ ਬਦੌਲਤ ਸਿੱਖਿਆ ਦਿਨ-ਬ- ਦਿਨ ਤਰੱਕੀ ਕਰ ਰਹੀ ਹੈ। ਜਿੱਥੇ ਕੰਮ ਹੋ ਰਿਹਾ ਹੋਵੇ ਉੱਥੇ ਕੁਝ ਕਮੀਆਂ ਵੀ ਹੋਣਗੀਆਂ। ਅਧਿਆਪਕ ਕੋਈ ਇਨਾਮਾਂ ਦਾ ਭੁੱਖਾ ਨਹੀਂ ਹੁੰਦਾ। ਬੱਸ ਲੋੜ ਹੈ ਇਹਨਾਂ ਦੇ ਸਤਿਕਾਰ ਅਤੇ ਮਾਣ- ਮਰਿਯਾਦਾ ਨੂੰ ਕਾਇਮ ਰੱਖਿਆ ਜਾਵੇ। ਜਿਸ ਨਾਲ ਉਹ ਸੰਜੀਦਾ ਹੋ ਕੇ ਆਦਰ ਭਰੇ ਵਿਹਾਰ ਨਾਲ ਦੂਣਾ-ਚੌਣਾ ਹੋ ਕੇ ਉਤਸ਼ਾਹ ਨਾਲ ਕੰਮ ਕਰੇਗਾ।ਅਧਿਆਪਕ ਦਾ ਇਹ ਫਰਜ਼ ਬਣਦਾ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਦੇ ਗਿਆਨ ਨਾਲ ਭਰਪੂਰ ਕਰੇ ਤਾਂ ਕਿ ਉਹ ਚੰਗੇ ਅਤੇ ਨੇਕ ਇਨਸਾਨ ਬਣਨ। ਉਹ ਆਪਣੇ ਜੀਵਨ ਦਾ ਰਸਤਾ ਹੱਸਦੇ-ਹੱਸਦੇ ਪਾਰ ਕਰਨ। ਸੋ ਆਓ ਅੱਜ ਅਧਿਆਪਕ ਦਿਵਸ ਮੌਕੇ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਦਾ ਪ੍ਰਣ ਕਰੀਏ। ਉਹਨਾਂ ਦੀ ਤਰੱਕੀ ਅਤੇ ਵਿਕਾਸ ਲਈ ਕੋਈ ਕਸਰ ਬਾਕੀ ਨਾ ਛੱਡੀਏ। ਜਿਸ ਦੀ ਅਜੋਕੇ ਸਮੇਂ ਦੇ ਸੰਦਰਭ ਵਿੱਚ ਵਧੇਰੇ ਲੋੜ ਹੈ।
-
ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ), ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
beantmaluka1974@gmail.com
98720-89538
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.