450 ਸਾਲਾ ਸ਼ਤਾਬਦੀ ਸਮਾਗਮ ‘ਤੇ: ਗੋਇੰਦਵਾਲ ਸਾਹਿਬ ਬਸੰਤੀ ਰੰਗ ‘ਚ ਰੰਗਿਆ ਜਾਵੇਗਾ
ਤੀਜੀ ਤੇ ਚੌਥੀ ਪਾਤਸ਼ਾਹੀ ਦੇ ਸ਼ਤਾਬਦੀ ਸਮਾਗਮਾਂ ਦੀ ਝਲਕ
ਦਿਲਜੀਤ ਸਿੰਘ ਬੇਦੀ
ਸਿੱਖ ਕੌਮ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਧਾਰਮਿਕ, ਸੰਸਥਾਵਾਂ, ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਆਈ ਦਿਵਸ ਦੀ 450 ਸਾਲਾ ਅਰਧ ਸ਼ਤਾਬਦੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਅਤੇ ਗੁ: ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ 15 ਸਤੰਬਰ ਤੋਂ 18 ਸਤੰਬਰ 2024 ਤੀਕ ਪੰਥਕ ਰਵਾਇਤ ਅਤੇ ਪੂਰੇ ਜਾਹੋ ਜਲਾਲ ਨਾਲ ਮਨਾਈ ਜਾ ਰਹੀ ਹੈ। ਇਸ ਸ਼ਤਾਬਦੀ ਨੂੰ ਸਮਰਪਿਤ ਸਮਾਗਮ 30 ਅਗਸਤ ਤੋਂ ਅਰੰਭ ਹੋ ਜਾਣਗੇ। ਅੰਮ੍ਰਿਤਸਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰੂ ਘਰਾਂ ‘ਚ ਦਿਲਕਸ ਸੁੰਦਰ ਦੀਪਮਾਲਾ ਅਦਭੁੱਤ ਨਜ਼ਾਰਾ ਪੇਸ਼ ਕਰੇਗੀ। ਵੱਖ-ਵੱਖ ਇਤਿਹਾਸਕ ਗੁਰੂ ਘਰਾਂ ਤੋਂ ਮਹਾਨ ਨਗਰ ਕੀਰਤਨ, ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਸੈਮੀਨਾਰ, ਕੀਰਤਨ ਦਰਬਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ ਅਯੋਜਿਤ ਹੋਣਗੇ। ਸਿੱਖਾਂ ਦੇ ਤੀਸਰੇ ਅਤੇ ਚੌਥੇ ਗੁਰੂ ਸੇਵਾ ਦੇ ਪੁੰਜ ਹੋਏ ਹਨ। ਦੋਵੇਂ ਗੁਰੂ ਸਾਹਿਬਾਨ ਆਤਮਿਕ ਨਿਸ਼ਠਾ ਗੁਰੂਘਰ ਪ੍ਰਤੀ ਸਮਰਪਿਤਾ ਦੀ ਸਾਖਸ਼ਾਤ ਮੂਰਤ ਸਨ। ਸ੍ਰੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦਾ ਗੁਰਬਾਣੀ ਦੇ ਰੂਪ ਵਿੱਚ ਦਿੱਤਾ ਉਪਦੇਸ਼ ਮਨੁੱਖਤਾ ਲਈ ਕਲਿਆਣਕਾਰੀ ਅਤੇ ਅਮੋਲਕ ਹੈ। ਆਪ ਨੇ ਜੀਵਨ ਦੇ ਹਰੇਕ ਪਹਿਲੂ ਨੂੰ ਬਾਖੂਬੀ ਸਮਝਦਿਆਂ ਗੁਰਬਾਣੀ ਉਪਦੇਸ਼ ਦੇ ਨਾਲ-ਨਾਲ ਸਮਾਜਿਕ ਪੱਖ ਤੋਂ ਲੋਕ ਭਲਾਈ ਲਈ ਸਾਰਥਿਕ ਉਪਰਾਲੇ ਕੀਤੇ। ਆਪ ਮਨੁੱਖੀ ਜੀਵਨ ਨੂੰ ਬਿਹਤਰ ਅਤੇ ਗੁਣੀ ਬਣਾਉਣ ਲਈ ਕਾਰਜਸ਼ੀਲ ਰਹੇ।
ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸੰਨ 1479 ਈ: ਨੂੰ ਪਿਤਾ ਸ੍ਰੀ ਤੇਜ ਭਾਨ ਜੀ ਅਤੇ ਮਾਤਾ ਸੁਲੱਖਣੀ (ਲਖਮੀ) ਜੀ ਦੇ ਘਰ ਪਿੰਡ ਬਾਸਰਕੇ ਵਿੱਚ ਹੋਇਆ। ‘ਬਾਸਰਕੇ’ ਸ੍ਰੀ ਅੰਮ੍ਰਿਤਸਰ ਦੇ ਕਸਬਾ ਛੇਹਰਟਾ ਤੋਂ ਤਿੰਨ ਕੁ ਮੀਲ ਦੀ ਦੂਰੀ ’ਤੇ ਸਥਿੱਤ ਹੈ। ਮਾਤਾ-ਪਿਤਾ ਦੀ ਧਾਰਮਿਕ ਬਿਰਤੀ ਦਾ ਪ੍ਰਭਾਵ ਆਪ ਦੇ ਮਨ ਉਤੇ ਵੀ ਬਚਪਨ ਵਿੱਚ ਹੀ ਪੈ ਗਿਆ। ਸ੍ਰੀ ਤੇਜ ਭਾਨ ਜੀ ਖੇਤੀਬਾੜੀ ਅਤੇ ਦੁਕਾਨਦਾਰੀ ਕਰਦੇ ਸਨ। ਜਵਾਨ ਹੋਣ ’ਤੇ ਸ੍ਰੀ (ਗੁਰੂ) ਅਮਰਦਾਸ ਜੀ ਨੇ ਆਪਣੇ ਪਿਤਾ ਜੀ ਦਾ ਕੰਮ-ਕਾਜ ਸੰਭਾਲ ਲਿਆ। ਸੰਨ 1502 ਈ: ਵਿੱਚ ਆਪ ਜੀ ਦਾ ਵਿਆਹ ਹੋਇਆ ਅਤੇ ਆਪ ਜੀ ਦੇ ਘਰ ਦੋ ਪੁੱਤਰ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਅਤੇ ਦੋ ਸਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ।
ਇੱਕ ਦਿਨ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ, ਪਾਸੋਂ ‘ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥…’ ਸ਼ਬਦ ਸੁਣਿਆ। ਇਸ ਸ਼ਬਦ ਨੇ ਆਪ ਦੇ ਮਨ ਨੂੰ ਟੁੰਬਿਆ। ਆਪ ਅੰਦਰ ਕਰਤਾ ਦੇ ਦਰਸ਼ਨ ਕਰਨ ਦੀ ਚਾਹਤ ਪ੍ਰਗਟ ਹੋ ਗਈ। ਬੀਬੀ ਅਮਰੋ ਜੀ ਆਪ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਪੁੱਜ ਗਏ। ਜਦੋਂ ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖਿਆ ਤਾਂ ਆਪ ਦਾ ਮਨ ਸ਼ਾਂਤੀ ਦੀ ਅਵਸਥਾ ’ਚ ਆ ਗਿਆ। ਭਟਕਣਾ ਖਤਮ ਹੋ ਗਈ। ਆਪ ਨੇ ਪੂਰਨ ਗੁਰੂ ਨੂੰ ਪਾ ਲਿਆ ਸੀ। ਬਾਣੀ ਵਿੱਚ ਆਪ ਇਸ ਅਵਸਥਾ ਦਾ ਬਿਆਨ ਕਰਦੇ ਹਨ: ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਧਾਈਆ॥ (ਪੰਨਾ 917)
ਆਪ ਉਥੇ ਹੀ ਟਿਕ ਗਏ। ਗੁਰ-ਸੰਗਤ ਦੀ ਸੇਵਾ ਨੂੰ ਆਪਣਾ ਕਰਮ ਬਣਾ ਲਿਆ। ਆਪ ਅੰਮ੍ਰਿਤ ਵੇਲੇ ਉੱਠਦੇ, ਹਰ ਰੋਜ਼ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਂਦੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ। ਬਿਰਧ ਅਵਸਥਾ ਵਿੱਚ ਹੁੰਦਿਆਂ ਵੀ ਆਪ ਸਾਰੀ ਸੇਵਾ ਤਨੋਂ-ਮਨੋਂ ਕਰਦੇ। ਆਪ ਜੀ ਦੀ ਨਿਰਸਵਾਰਥ ਸੇਵਾ ਨੂੰ ਵੇਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਤੀਸਰੇ ਵਾਰਸ ਥਾਪ ਦਿੱਤਾ।
ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀ ਦੇ ਮਾਣ-ਵਡਿਆਈ ਲਈ ਆਵਾਜ਼ ਬੁਲੰਦ ਕੀਤੀ। ਸਤੀ ਪ੍ਰਥਾ ਦਾ ਉਚੀ ਸੁਰ ਵਿੱਚ ਵਿਰੋਧ ਕੀਤਾ। ਇਸਤਰੀ ਨੂੰ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਨਕਾਰਿਆ। ਇਸੇ ਤਰ੍ਹਾਂ ਆਪ ਨੇ ਵੱਡੇ ਜੋੜ-ਮੇਲੇ ਆਰਂੰਭ ਕੀਤੇ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 22 ਪ੍ਰਚਾਰਕ ਥਾਪੇ, ਜਿੰਨ੍ਹਾਂ ਨੂੰ ਮੰਜੀਦਾਰ ਦਾ ਨਾਂ ਦਿੱਤਾ। ਪਾਣੀ ਦੀ ਕਿਲਤ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਬਣਵਾਈ। ਹੋਰ ਅਨੇਕਾਂ ਕਾਰਜ ਵੀ ਆਪ ਦੇ ਵਿਅਕਤਿੱਤਵ ਨੂੰ ਉਭਾਰਦੇ ਹਨ। ਸੰਨ 1574 ਈਸਵੀ ਵਿੱਚ ਆਪ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਕੇ ਜੋਤੀ ਜੋਤਿ ਸਮਾ ਗਏ।
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ:- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਲੋਕਾਈ ਨੂੰ ਜੀਵਨ-ਜੁਗਤਿ ਸਮਝਾ ਕੇ ਮਾਰਗ ਦਰਸ਼ਨ ਕੀਤਾ। ਭਾਈ ਸਤਾ ਜੀ ਅਤੇ ਭਾਈ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ਵਿੱਚ ਆਪ ਜੀ ਦੀ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਉਭਾਰਿਆ ਹੈ: ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਅਸਲ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਵੱਡੀ ਹੈ। ਆਪ ਨਿਮਰਤਾ ਤੇ ਨਿਰਮਲਤਾ ਦੇ ਪੰੁਜ ਸਨ। ਆਪ ਜੀ ਦਾ ਜਨਮ 1534 ਈ: ਨੂੰ ਪਿਤਾ ਸ੍ਰੀ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ ਚੂਨਾ ਮੰਡੀ, ਲਾਹੌਰ ਵਿਖੇ ਹੋਇਆ। ਆਪ ਜੀ ਦਾ ਨਾਂ ਜੇਠਾ ਰੱਖਿਆ ਗਿਆ। ਬਾਲ ਅਵਸਥਾ ਵਿੱਚ ਹੀ ਆਪ ਜੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੀਤਿਆ, ਜਿਥੇ ਗਰੀਬੀ ਦੀ ਹਾਲਤ ਵਿੱਚ ਆਪ ਘੁੰਗਣੀਆਂ ਵੇਚ ਕੇ ਉਪਜੀਵਕਾ ਕਮਾਉਂਦੇ ਰਹੇ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿੱਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਇਸ ਤਰ੍ਹਾਂ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਪਰਵਾਣ ਹੋਏ।
ਉਨ੍ਹਾਂ ਗੁਰਿਆਈ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੁਰੂ-ਘਰ ਦੀ ਹਰ ਪੱਖ ਤੋਂ ਮਜ਼ਬੂਤੀ ਲਈ ਮਸੰਦ ਸੰਸਥਾ ਦੀ ਨੀਂਹ ਰੱਖੀ, ਸਿੱਖੀ ਦੇ ਨਵੇਂ ਕੇਂਦਰ ਸਥਾਪਤ ਕੀਤੇ। ਆਪ ਜੀ ਨੇ ਚੱਕ ਰਾਮਦਾਸ ਦੀ ਨੀਂਹ ਰੱਖੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਅੱਜ ਦੁਨੀਆਂ ਦੇ ਗੌਰਵਮਈ ਇਤਿਹਾਸ ਦਾ ਇਕ ਅਧਿਆਤਮਕ ਕੇਂਦਰ ਹੈ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਦਿੱਤੇ ਉਪਦੇਸ਼ ਨੂੰ ਮਨਾਂ ਵਿੱਚ ਵਸਾ ਕੇ, ਅਕਾਲ ਪੁਰਖ ਦੀ ਸਿਫਤ ਸਲਾਹ ਕਰਦਿਆਂ ਸਰਬੱਤ ਦਾ ਭਲਾ ਲੋਚਣਾ ਚਾਹੀਦਾ ਹੈ। ਗੁਰੁ ਸਾਹਿਬਾਨਾਂ ਦੀ ਸ਼ਤਾਬਦੀ ਸਮੇਂ ਸਮੂਹ ਮਾਈ-ਭਾਈ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਨਿਮਰਤਾ ਭਰਪੂਰ ਜੀਵਨ ਦੇ ਧਾਰਨੀ ਬਣਨਾ ਚਾਹੀਦਾ ਹੈ, ਚੌਥੇ ਪਾਤਸ਼ਾਹ ਸਾਡਾ ਮਾਰਗ ਰੌਸ਼ਨ ਕਰਦੇ ਹੋਏ ਫੁਰਮਾਉਂਦੇ ਹਨ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
ਸ਼ਤਾਬਦੀ ਸਮਾਗਮ ਗੁ: ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਤੇ ਗੁ: ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਤੇ ਹੋਰ ਸਬੰਧਤ ਅਸਥਾਨਾਂ ਤੇ ਵੀ ਹੋਣਗੇ। ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਸੈਮੀਨਾਰ ਹੋਣਗੇ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਵਿਦਵਾਨ, ਸਿੱਖ ਚਿੰਤਕ ਸਮੂਲੀਅਤ ਕਰਨਗੇ। 30 ਅਗਸਤ ਨੂੰ ਸ. ਸੁੰਦਰ ਸਿੰਘ ਮਜੀਠੀਆ ਹਾਲ, ਖ਼ਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਸੈਮੀਨਾਰ ਹੋਇਆ ਹੈ ਅਤੇ 5 ਸਤੰਬਰ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਅੰਗਦ ਦੇਵ ਖਾਲਸਾ ਕਾਲਜ ਵਿਖੇ ਸੈਮੀਨਾਰ ਹੋਵੇਗਾ। 31 ਅਗਸਤ ਨੂੰ ਗੁਰਦੁਆਰਾ ਸੰਨ੍ਹ ਸਾਹਿਬ, ਬਾਸਰਕੇ ਗਿੱਲਾਂ, ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਦਰਬਾਰ ਹੋਇਆ। ਜਿਸ ਵਿੱਚ ਭਾਈ ਗਗਨਦੀਪ ਸਿੰਘ, ਭਾਈ ਅਰਵਿੰਦਰ ਸਿੰਘ, ਭਾਈ ਸਤਪਾਲ ਸਿੰਘ ਐਮ.ਏ ਢਾਡੀ ਜਥਾ, ਭਾਈ ਜਸਵਿੰਦਰ ਸਿੰਘ ਸ਼ਹੂਰ ਕਥਾਵਾਚਕ, ਭਾਈ ਜਬਰਤੋੜ ਸਿੰਘ ਰਾਗੀ ਨੇ ਹਾਜ਼ਰੀ ਭਰੀਆਂ। 6 ਸਤੰਬਰ ਨੂੰ ਗੁ: ਡੇਹਰਾ ਸਾਹਿਬ ਲੁਹਾਰ, ਜ਼ਿਲ੍ਹਾ ਤਰਨਤਾਰਨ ਵਿਖੇ ਕੀਰਤਨ ਦਰਬਾਰ ਹੋਵੇਗਾ। 13 ਸਤੰਬਰ ਨੂੰ ਗੁ: ਸ੍ਰੀ ਮੰਜੀ ਸਾਹਿਬ, ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਰਾਗ ਦਰਬਾਰ ਹੋਵੇਗਾ ਅਤੇ ਨਾਲ ਹੀ 14 ਸਤੰਬਰ ਨੂੰ ਦਿਨ ਵੇਲੇ ਮੁੱਖ ਸਮਾਗਮ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਰਾਗੀ, ਢਾਡੀ, ਕਵੀਸ਼ਰੀ, ਪ੍ਰਚਾਰਕ ਜਥੇ ਗੁਰਬਾਣੀ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਨਾਲ ਹੀ ਅੰਮ੍ਰਿਤ ਸੰਚਾਰ ਵੀ ਹੋਵੇਗਾ। ਸ਼ਤਾਬਦੀ ਨੂੰ ਸਮਰਪਿਤ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਪਾਵਨ ਚਰਨ ਛੋਹ ਅਸਥਾਨਾਂ ਤੋਂ ਵਿਸ਼ੇਸ਼ ਨਗਰ ਕੀਰਤਨ ਅਯੋਜਿਤ ਕੀਤੇ ਗਏ। 1 ਸਤੰਬਰ ਨੂੰ ਗੁਰਦੁਆਰਾ ਸੰਨ੍ਹ ਸਾਹਿਬ, ਬਾਸਰਕੇ ਗਿੱਲਾਂ, ਸ੍ਰੀ ਅੰਮ੍ਰਿਤਸਰ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ, ਜ਼ਿਲ੍ਹਾ (ਤਰਨ ਤਾਰਨ) ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਾਮ ਨੂੰ ਸੰਪੰਨ ਹੋਵੇਗਾ, 7 ਸਤੰਬਰ ਨੂੰ ਗੁ: ਚੋਹਲਾ ਸਾਹਿਬ ਪਾਤਸ਼ਾਹੀ ਪੰਜਵੀਂ ਜ਼ਿਲ੍ਹਾ ਤਰਨਤਾਰਨ ਤੋਂ ਚੱਲੇਗਾ, ਜੋ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਤੋਂ ਚੱਲ ਕੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਫ਼ਤਿਹਾਬਾਦ ਰੋਡ ਤੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਾਮ ਨੂੰ ਸੰਪੰਨ ਹੋਵੇਗਾ। 13 ਸਤੰਬਰ ਨੂੰ ਗੁ: ਮੰਜੀ ਸਾਹਿਬ ਦੀਵਾਨ ਹਾਲ ਤੋਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਗੁ: ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਤੀਕ ਵੱਡੇ ਪੱਧਰ ‘ਤੇ ਨਗਰ ਕੀਰਤਨ ਸਜਾਇਆ ਜਾਵੇਗਾ। ਗੁ: ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਤਾਬਦੀ ਮੁੱਖ ਸਮਾਗਮ ਵਿੱਚ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ, ਪੁਸਤਕ ਪ੍ਰਦਰਸ਼ਨੀ, ਚਿੱਤਰ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ। 16 ਸਤੰਬਰ ਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਹੋਣਗੇ, ਨੈਸ਼ਨਲ ਗੱਤਕਾ ਮੁਕਾਬਲੇ ਵੀ ਕਰਵਾਏ ਜਾਣਗੇ। 17 ਸਤੰਬਰ ਨੂੰ ਰਾਤ 8 ਵਜੇ ਤੋਂ ‘ਆਸਾ ਦੀ ਵਾਰ’ ਤੀਕ ਪੰਥ ਦੇ ਨਾਮਵਰ ਢਾਡੀ ਅਤੇ ਕਵੀਸ਼ਰੀ ਜਥੇ ਸੇਵਾ ਨਿਭਾਉਣਗੇ। ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ-ਸੇਵਾ ਵਾਲੀਆਂ ਸੰਪਰਦਾਵਾਂ, ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ, ਖਡੂਰ ਸਾਹਿਬ ਤੋਂ ਪੂਰੇ ਖ਼ਾਲਸਈ ਜਾਹੋ-ਜਲਾਲ ਨਾਲ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ (ਤਰਨ ਤਾਰਨ) ਤੀਕ ਪੈਦਲ ਨਗਰ ਕੀਰਤਨ ਸਜਾਇਆ ਜਾਵੇਗਾ।18 ਸਤੰਬਰ ਨੂੰ ਸ਼ਤਾਬਦੀ ਮੁੱਖ ਸਮਾਗਮ ਸਥਾਨ ਦੀਵਾਨ ਹਾਲ ਗੁ: ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਹੋਵੇਗਾ। ਜਿਸ ਵਿੱਚ ਪਹੁੰਚ ਰਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸਿੰਘ ਸਾਹਿਬਾਨ, ਮੈਂਬਰ ਸਾਹਿਬਾਨ, ਸਭਾ-ਸੁਸਾਇਟੀਆਂ, ਸੇਵਾਪੰਥੀ ਸੰਸਥਾਵਾਂ, ਸੰਤ-ਮਹਾਂਪੁਰਸ਼, ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੀ ਸਮੂਲੀਅਤ ਕਰਨਗੀਆਂ।
ਹਰੇਕ ਸੰਪਰਦਾਏ ਵੱਲੋਂ ਸੰਗਤਾਂ ਦੀ ਸੇਵਾ ਲਈ ਸਥਾਨ ਰਾਖਵੇ ਕਰ ਲਏ ਗਏ ਹਨ।ਵੱਡੇ ਪੱਧਰ ਤੇ ਲੰਗਰਾਂ ਲਈ ਪ੍ਰਬੰਧ ਸੰਤ ਮਹਾਪੁਰਸ਼ਾਂ ਵੱਲੋਂ ਥਾਵਾਂ ਰੀਜਰਵ ਕਰਕੇ ਸਾਫ ਸਫਾਈਆਂ ਕਰਵਾ ਲਈਆਂ ਗਈਆਂ ਹਨ। ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਆਪੋ ਆਪਣੇ ਪੜਾਵਾਂ ਤੇ ਉਤਾਰੇ ਕਰ ਲਏ ਹਨ। ਗੋਇੰਦਵਾਲ ਦੇ ਸਾਰੇ ਪਹੁੰਚ ਮਾਰਗਾਂ ਤੇ ਦੂਰ ਤੀਕ ਰੋਣਕਾਂ ਅਤੇ ਸੰਗਤਾਂ ਦੀ ਆਓ ਭਗਤ ਲਈ ਸਭ ਸੰਸਥਾਵਾਂ ਪੂਰੀ ਸ਼ਰਧਾ ਭਾਵਨਾ ਨਾਲ ਟਹਿਲ ਸੇਵਾ ਨਿਭਾਉਣਗੀਆਂ। ਸ਼ਹਿਰ ਦੀ ਸਾਫ ਸਫਾਈ, ਜੋੜਾ ਘਰ, ਲੰਗਰਾਂ ‘ਚ ਸੇਵਾ, ਪਾਰਕਿੰਗ ਲਈ ਪ੍ਰਬੰਧਾਂ ਦੇ ਨਾਲ ਰਸਤਿਆਂ ਦੀ ਸਾਫ ਸਫਾਈ ਦੀ ਸੇਵਾ ਲਈ ਵਲੰਟੀਅਰ ਤੱਤਪਰ ਰਹਿਣਗੇ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.