ਧਾਰਮਿਕ ਯਾਤਰਾ ਕਈ ਵਾਰ ਮਨੁੱਖੀ ਜੀਵਨ ਵਿੱਚ ਵੱਡੇ ਬਦਲਾਵ ਲੈ ਕੇ ਆਉਂਦੀਆਂ ਹਨ। ਸ਼ਰਧਾ ਭਾਵਨਾ, ਸਤਿਕਾਰ ਨਾਲ ਕੀਤੀ ਯਾਤਰਾ ਤੇ ਅਰਦਾਸ ਗੁਰੂ ਮਹਾਰਾਜ ਅੰਗਸੰਗ ਹੋ ਕੇ ਅਸ਼ੀਸ ਬਖਸ਼ਦੇ ਹਨ। ਵੱਖ-ਵੱਖ ਸਟੇਸ਼ਨਾਂ ਤੇ ਗੁਰੂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਯਾਤਰੂਆਂ ਦੇ ਸੁਆਗਤ ਲਈ ਹੰੁਮ ਹੁਮਾ ਕੇ ਪੁਜ ਰਹੀਆਂ ਹਨ ਅਤੇ ਸ਼ਰਧਾ ਭਾਵਨਾ ਨਾਲ ਯਾਤਰੂਆਂ ਦੀ ਸੇਵਾ ਲਈ ਉਮਡ ਰਹੀਆਂ ਹਨ। ਇਹ ਯਾਤਰਾ ਪੰਜਾਂ ਤਖ਼ਤਾਂ ਦੇ ਦਰਸ਼ਨ ਕਰਨ ਉਪਰੰਤ ਇਕ ਦਿਨ ਪੂਰਾ ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਰੁਕੇਗੀ ਅਤੇ 3 ਸਤੰਬਰ ਦੀ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ। ਏਸੇ ਅਸਥਾਨ ਤੇ ਸ੍ਰੀ ਹਜ਼ੂਰ ਸਾਹਿਬ ਤੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਰੀ ਵਾਲੇ ਘੋੜਿਆਂ ਦੇ ਵੰਸ਼ਜ ਘੋੜੇ ਵੀ ਸੰਗਤਾਂ ਦੇ ਦਰਸ਼ਨਾਂ ਲਈ ਪੁਜ ਰਹੇ ਹਨ, ਇਹ ਤਿੰਨੇ ਦਿਨ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਠਹਿਰਣਗੇ ਜਿਥੇ ਸੰਗਤਾਂ ਖੁੱਲੇ ਰੂਪ ਵਿੱਚ ਦਰਸ਼ਨ ਕਰਨਗੀਆਂ। 4 ਸਤੰਬਰ ਨੂੰ ਸਮੁੱਚੀ ਸੰਗਤ ਵੱਲੋਂ ਹੱਲਾ ਬੋਲਿਆ ਜਾਵੇਗਾ ਅਤੇ ਉਪਰੰਤ ਰੇਲਵੇ ਸਟੇਸ਼ਨ ਨੂੰ ਵਾਪਸੀ ਲਈ ਚਾਲੇ ਪਾਏ ਜਾਣਗੇ।
ਗੁਰਦੁਆਰਾ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟ੍ਰਸਟ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ, ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਤੋਂ ਪੰਜ ਤਖਤ ਸਾਹਿਬਾਨ ਅਤੇ ਹੋਰ ਇਤਿਹਾਸਿਕ ਗੁਰੂ ਧਾਮਾਂ ਦੀ ਸਪੈਸ਼ਲ ਧਾਰਮਿਕ ਯਾਤਰਾ ਮਿਤੀ 25 ਅਗਸਤ 2024 ਨੂੰ ਆਰੰਭ ਕੀਤੀ ਗਈ ਹੈ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਯਾਤਰਾ ਸਫਲੀ ਦੀ ਅਰਦਾਸ ਕਰਦੇ ਹੋਏ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਤੋਂ ਪੰਜ ਪਿਆਰੇ ਸਾਹਿਬਾਨ, ਸਮੂੰਹ ਸੰਤ ਮਹਾਂਪੁਰਖਾਂ ਵੱਲੋਂ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਈ। ਇਸ ਯਾਤਰਾ ਦੇ ਸੰਯੋਜਕ ਸ. ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ, ਸ. ਰਵਿੰਦਰ ਸਿੰਘ ਕਪੂਰ, ਭਾਈ ਤਨਵੀਰ ਸਿੰਘ, ਸ. ਇੰਦਰਪਾਲ ਸਿੰਘ ਰਿਕੀ ਹਨ। ਇਸ ਰੇਲ ਵਿੱਚ ਸਪੈਸ਼ਲ ਧਾਰਮਿਕ ਬੋਗੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ, ਨਿਸ਼ਾਨ ਸਾਹਿਬ, ਸਿੰਘ ਸਾਹਿਬ ਦੀ ਹਾਜ਼ਰੀ ਵਿੱਚ ਮਰਿਯਾਦਾ ਅਨੁਸਾਰ ਪੂਜਾ-ਪਾਠ, ਭਜਨ-ਕੀਰਤਨ ਹੁੰਦਾ ਹੈ। ਗੁਰੂ ਸਾਹਿਬ ਜੀ ਦੇ ਘੋੜੇ ਵੀ ਰੇਲ ਦੀ ਪਿਛਲੀ ਬੋਗੀ ਵਿੱਚ ਹਨ। ਇਹ ਰੇਲ ਯਾਤਰਾ ਮਿਤੀ 25 ਅਗਸਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਅਰੰਭ ਹੋ ਕੇ ਪੁਰਨਾ, ਪਰਭਨੀ, ਜਾਲਨਾ, ਔਰੰਗਾਬਾਦ, ਮਨਮਾੜ, ਜਲਗਾਂਵ, ਭੁਸਾਵਲ, ਖੰਡਵਾ, ਇਟਾਰਸੀ, ਜਬਲਪੁਰ, ਕਟਨੀ ਤੋਂ ਹੁੰਦੀ ਹੋਈ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੁੱਜੀ। ਜਿੱਥੇ ਸਟੇਸ਼ਨ ਤੋਂ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਤੀਕ ਬੈਂਡ ਵਾਜਿਆਂ ਦੀ ਸ਼ਬਦੀ ਧੁੰਨਾਂ ਨਾਲ ਸੰਗਤਾਂ ਦਾ ਨਿੱਘਾ ਸੁਆਗਤ ਕੀਤਾ ਗਿਆ।
ਮਿਤੀ 28 ਅਗਸਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਮੁੜ ਅਰੰਭ ਹੋ ਕੇ ਵਾਰਾਨਸੀ, ਪ੍ਰਯਾਗਰਾਜ, ਗੋਵਿੰਦ ਪੁਰੀ (ਕਾਨਪੁਰ), ਦਿੱਲੀ (ਸਫਦਰਜੰਗ) ਵਿਖੇ ਠਹਿਰਾਓ ਹੋਇਆ ਦਿਲੀ ਦੀਆਂ ਸੰਗਤਾਂ ਨੇ ਪੂਰੇ ਖਾਲੂਸ ਨਾਲ ਯਾਤਰਾ ਨੂੰ ਜੀ ਆਇਆਂ ਕਿਹਾ। 30 ਅਗਸਤ ਨੂੰ ਦਿੱਲੀ ਤੋਂ ਮੁੜ ਯਾਤਰਾ ਅਰੰਭ ਹੋਈ ਜੋ ਸੋਨੀਪਤ, ਪਾਣੀਪਤ, ਕਰਨਾਲ, ਕੁਰਸ਼ੇਤਰ, ਅੰਬਾਲਾ ਕੈਂਟ, ਰਾਜਪੁਰਾ ਸਰਹਿੰਦ, ਤੋਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਦੇ ਸਟੇਸ਼ਨ ਰਾਹੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜੇਗੀ ਅਤੇ ਮੁੜ ਸਟੇਸ਼ਨ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਸਟੇਸ਼ਨ ਤੋਂ ਸਰਹੰਦ ਸਟੇਸ਼ਨ ਤੀਕ ਤੇ ਉਥੋਂ ਮੁੜ ਵਾਪਸੀ ਸਮੇਂ ਗੁ: ਫਤਿਹਗੜ੍ਹ ਸਾਹਿਬ ਸਰਹਿੰਦ ਵਿਖੇ ਪੁਜੇਗੀ। 1 ਸਤੰਬਰ ਨੂੰ ਰੇਲ ਸਰਹਿੰਦ ਸਟੇਸ਼ਨ ਤੋਂ ਚੱਲ ਕੇ ਖੰਨਾ, ਲੁਧਿਆਣਾ, ਬਠਿੰਡਾ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁਜੇਗੀ।
ਏਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਯਾਤਰਾ ਦਾ ਸੁਆਗਤ ਕੀਤਾ ਜਾਵੇਗਾ। ਸਮੁੱਚੀ ਯਾਤਰਾ ਦੀ ਆਓ ਭਗਤ ਬੁੱਢਾ ਦਲ ਵੱਲੋਂ ਹੋਵੇਗੀ। 2 ਸਤੰਬਰ ਨੂੰ ਸਵੇਰੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਫਿਰੋਜਪੁਰ ਕੈਂਟ, ਕਪੂਰਥਲਾ, ਜਲੰਧਰ ਸਿਟੀ, ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਪੁਜੇਗੀ ਉਥੋਂ ਸੰਗਤਾਂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘੁਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਬਿਧੀਚੰਦ ਤਰਨਾ ਦਲ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਆਦਿ ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਪੁਰਸ਼, ਧਾਰਮਿਕ ਸਭਾ ਸੁਸਾਇਟੀਆਂ, ਸਖਸ਼ੀਅਤਾਂ ਯਾਤਰਾ ਦਾ ਪੁਰਜੋਰ ਸੁਆਗਤ ਕਰਨਗੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁਜੇਗੀ। ਏਥੇ ਹੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸਮੁੱਚੀ ਯਾਤਰਾ ਦੇ ਠਹਿਰਣ ਲੰਗਰ ਆਦਿ ਦਾ ਸੁੱਚਜਾ ਪ੍ਰਬੰਧ ਕੀਤਾ ਗਿਆ ਹੈ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.