ਇਹ ਸਪਸ਼ਟ ਹੈ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਦੋਨਾਂ ਹੀ ਸੂਬਿਆਂ ਵਿੱਚ ਹੋਣ ਜਾ ਰਹੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਲਈ ਸੌਖੀਆਂ ਨਹੀਂ ਹੋਣਗੀਆਂ। ਉਥੇ ਭਾਜਪਾ ਅਤੇ ਕਾਂਗਰਸ/ਇੰਡੀਅਨ ਗਠਬੰਧਨ ਵਿੱਚ ਸਖ਼ਤ ਟੱਕਰ ਹੋਣ ਵਾਲੀ ਹੈ। ਇਹ ਚੋਣਾਂ ਸਤੰਬਰ/ਅਕਤੂਬਰ 2024 ਵਿੱਚ ਹੋ ਰਹੀਆਂ ਹਨ।
ਆਮ ਤੌਰ 'ਤੇ ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਚੋਣਾਂ ਹੋਣ ਦਾ ਵੇਲਾ ਇਹੋ ਜਿਹਾ ਰਿਹਾ ਹੈ ਪਰ ਹਾਰ ਦੇ ਅਣਜਾਣੇ ਡਰ ਕਾਰਨ ਭਾਜਪਾ ਹਕੂਮਤ ਨੇ ਇਹ ਚੋਣਾਂ ਹਰਿਆਣਾ, ਜੰਮੂ ਕਸ਼ਮੀਰ ਦੀਆਂ ਚੋਣਾਂ ਬਾਅਦ ਕਰਵਾਉਣ ਦਾ ਫੈਸਲਾ ਭਾਰਤੀ ਚੋਣ ਕਮਿਸ਼ਨ ਤੋਂ ਕਰਵਾਇਆ ਹੈ। ਇਥੋਂ ਭਾਜਪਾ ਨੂੰ ਸ਼ਿਵ ਸੈਨਾ (ਯੂ.ਬੀ.ਟੀ.), ਨੈਸ਼ਨਲਿਸਟ ਕਾਂਗਰਸ ਪਾਰਟੀ (ਐਸ.ਸੀ.) ਕਾਂਗਰਸ ਅਤੇ ਹੋਰ ਪਾਰਟੀਆਂ ਦੀ ਆਪਸੀ ਸਾਂਝ ਇੰਡੀਆ ਗਠਜੋੜ ਦਾ ਏਕਾ ਭਾਜਪਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਕਿਉਂਕਿ ਇੰਡੀਆ ਗੱਠਜੋੜ ਦੇ ਆਗੂ ਸ਼ਰਦ ਪਵਾਰ ਦਾ ਬਿਆਨ ਹੈ ਕਿ ਉਹਨਾ ਦਾ ਪੂਰਾ ਜ਼ੋਰ ਮਹਾਰਾਸ਼ਟਰ 'ਚ ਸਰਕਾਰ ਬਦਲਣ ਤੇ ਕੇਂਦਰਿਤ ਹੈ।
ਉਧਰ ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਵਿਚਾਲੇ ਗੱਠਜੋੜ ਹੋ ਰਿਹਾ ਹੈ। ਜਿਥੇ 90 ਸੀਟਾਂ ਉਤੇ ਗਠਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਇਥੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਅਰਥਾਤ ਇੰਡੀਆ ਗੱਠਜੋੜ ਦੀ ਤਰਜੀਹ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਹੈ। ਉਹਨਾ ਦੀ ਤਰਜੀਹ ਲੋਕਾਂ ਦੇ ਖੋਹੇ ਹੋਏ ਹੱਕ ਬਹਾਲ ਕਰਨ ਦੀ ਵੀ ਹੈ। ਇਸ ਗੱਠਜੋੜ ਤੋਂ ਬਾਅਦ ਭਾਜਪਾ ਅਤੇ ਇੰਡੀਆ ਗੱਠਜੋੜ ਦੀ ਟੱਕਰ ਜ਼ਬਰਦਸਤ ਹੋ ਜਾਏਗੀ। ਜੰਮੂ ਕਸ਼ਮੀਰ ਵਿੱਚ ਭਾਜਪਾ ਦੀ ਸਫ਼ਲਤਾ ਦਾ ਅਰਥ ਉਂਥੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਸਮਰੱਥਣ ਵੀ ਹੋਏਗਾ, ਜਿਸ ਵਿੱਚ 370 ਧਾਰਾ ਨੂੰ ਹਟਾਉਣਾ ਵੀ ਸ਼ਾਮਲ ਹੈ। ਪਰ ਇਸ ਗੱਲ ਦੀ ਸ਼ੰਕਾ ਹੈ ਕਿ ਭਾਜਪਾ ਜੰਮੂ ਕਸ਼ਮੀਰ ਵਿੱਚ ਇੱਕ ਮਜ਼ਬੂਤ ਤਾਕਤ ਦੇ ਰੂਪ ਵਿੱਚ ਉੱਭਰ ਪਾਏਗੀ।
2024 ਵਿੱਚ ਭਾਜਪਾ ਨੇ ਜੰਮੂ ਵਿੱਚ ਦੋ ਲੋਕ ਸਭਾ ਸੀਟਾਂ ਜਿੱਤੀਆਂ ਅਤੇ 24.4% ਵੋਟਾਂ ਪ੍ਰਾਪਤ ਕੀਤੀਆਂ, ਪਰ ਇਹ ਵੀ ਸੱਚਾਈ ਹੈ ਕਿ ਭਾਜਪਾ ਨੇ ਸਾਰੀਆਂ 6 ਲੋਕ ਸਭਾ ਸੀਟਾਂ ਉਤੇ ਲੋਕ ਸਭਾ ਚੋਣਾਂ ਨਹੀਂ ਸਨ ਲੜੀਆਂ। ਇਹ ਭਾਜਪਾ ਦੀ ਕਮਜ਼ੋਰੀ ਦਾ ਸਬੂਤ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ 35 ਫ਼ੀਸਦੀ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਤੇ 27 ਫ਼ੀਸਦੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਪਸੰਦ ਕਰਦੇ ਸਨ।
2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਹਰਿਆਣਾ 'ਚ ਭਾਜਪਾ ਨੇ 46.1 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 10 ਸੀਟਾਂ ਵਿੱਚ 5 ਲੋਕ ਸਭਾ ਸੀਟਾਂ ਜਿੱਤੀਆਂ ਜਦਕਿ ਕਾਂਗਰਸ ਨੇ ਬਾਕੀ 5 ਸੀਟਾਂ ਤੇ ਸਫਲਤਾ ਪ੍ਰਾਪਤ ਕੀਤੀ ਅਤੇ 43.7 ਫ਼ੀਸਦੀ ਵੋਟ ਪ੍ਰਾਪਤ ਕੀਤੀਆਂ। ਭਾਜਪਾ ਨੇ 2019 ਚੋਣਾਂ 'ਚ 58 ਫ਼ੀਸਦੀ ਵੋਟਾਂ ਲਈਆਂ ਸਨ ਅਤੇ ਇਸ ਵੇਰ 12 ਫ਼ੀਸਦੀ ਦੀ ਗਿਰਾਵਟ ਇਹਨਾਂ ਚੋਣਾਂ 'ਚ ਵੇਖੀ ਗਈ। ਜਦਕਿ ਕਾਂਗਰਸ ਨੇ 2019 'ਚ 28.4 ਫੀਸਦੀ ਵੋਟ ਲਏ ਅਤੇ ਇਸ ਵੇਰ 15.3 ਫ਼ੀਸਦੀ ਦਾ ਵਾਧਾ ਵੋਟਾਂ 'ਚ ਕੀਤਾ। ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਵੇਰ ਹਵਾ ਕਿਸ ਪਾਸੇ ਵੱਗ ਰਹੀ ਹੈ।
ਸਾਲ 2019 'ਚ ਜਦੋਂ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾ ਭਾਜਪਾ ਨੂੰ 36.5 ਫ਼ੀਸਦੀ ਵੋਟ ਮਿਲੇ ਸਨ ਤੇ 40 ਸੀਟਾਂ ਪ੍ਰਾਪਤ ਹੋਈਆਂ। ਇਹ ਲੋਕ ਸਭਾ 2019 ਦੀਆਂ ਭਾਜਪਾ ਨੂੰ ਪ੍ਰਾਪਤ ਵੋਟਾਂ ਤੋਂ ਕਾਫ਼ੀ ਘੱਟ ਸਨ। ਇਸ ਵੇਰ ਦੇਖਣਾ ਹੋਏਗਾ ਕਿ ਹਰਿਆਣਾ ਦੇ ਲੋਕ ਇਸੇ ਕਿਸਮ ਦੇ ਫ਼ੈਸਲੇ ਨੂੰ ਦੁਹਰਾਉਂਦੇ ਹਨ ਜਾਂ ਕੋਈ ਅਲੱਗ ਫ਼ੈਸਲਾ ਕਰਦੇ ਹਨ।
ਹਰਿਆਣਾ ਵਿੱਚ 2019 'ਚ ਭਾਜਪਾ ਨੇ ਗੱਠਜੋੜ ਸਰਕਾਰ ਬਣਾਈ। ਇਸ ਸਮੇਂ ਦੌਰਾਨ ਕਿਸਾਨ ਅੰਦੋਲਨ ਹੋਇਆ। ਇਸ ਅੰਦੋਲਨ 'ਚ ਹਰਿਆਣਾ ਭਾਜਪਾ ਤੇ ਸਰਕਾਰ ਦੀ ਭੂਮਿਕਾ ਬੇਹੱਦ ਇੱਕ ਪਾਸੜ ਰਹੀ। ਕਿਸਾਨਾਂ ਦੀ ਗੁੱਸਾ ਸਰਕਾਰ ਨੂੰ ਝੱਲਣਾ ਪਿਆ। ਪੰਜ ਸਾਲ ਬਾਅਦ 2019 'ਚ ਵੀ ਸਰਕਾਰ ਨੂੰ ਸਰਕਾਰ ਵਿਰੋਧੀ ਰੋਸ ਦਾ ਸਾਹਮਣਾ ਸੀ ਪਰ ਹੁਣ 10 ਸਾਲਾਂ ਬਾਅਦ ਇਹ ਗੁੱਸਾ, ਰੋਸ, ਹੋਰ ਵੀ ਵਧਿਆ। ਮਨੋਹਰ ਲਾਲ ਖੱਟੜ ਵਿੱਚ ਵਿਚਾਲੇ ਬਦਲੇ ਗਏ, ਨੈਬ ਸਿੰਘ ਸੈਣੀ ਨੂੰ ਲਿਆਂਦਾ ਗਿਆ ਹੈ। ਪਰ ਲੋਕਾਂ 'ਚ ਨਰਾਜ਼ਗੀ ਬਰਕਰਾਰ ਹੈ। ਸਰਕਾਰ ਬਦਲਣ ਨਾਲ ਜਨਤਾ ਦੇ ਮੂਡ ਵਿੱਚ ਕੋਈ ਬਦਲਾਅ ਨਹੀਂ ਹੈ।
ਸੰਭਵ ਹੈ ਕਿ ਰਾਜ ਵਿੱਚ ਨਰੇਂਦਰ ਮੋਦੀ ਦੇ ਅਕਸ ਦਾ ਪੱਤਾ ਖੇਡਿਆ ਜਾਏ। ਪਰ ਭਾਜਪਾ ਲੋਕ ਸਭਾ ਚੋਣਾਂ 'ਚ ਤਾਂ ਮੋਦੀ ਪੱਤੇ ਨਾਲ ਵੋਟਾਂ ਪ੍ਰਾਪਤ ਕਰਨ 'ਚ ਕਾਮਯਾਬ ਰਹਿੰਦੀ ਹੈ, ਪਰ ਵਿਧਾਨ ਸਭਾਵਾਂ 'ਚ ਇਹ ਮੋਦੀ ਪੱਤਾ ਕਾਰਗਰ ਨਹੀਂ ਰਹਿੰਦਾ। ਉਂਜ ਵੀ 2019 ਦੇ ਮੋਦੀ ਦੇ ਅਕਸ ਦੇ ਮੁਕਾਬਲਾ 2024 'ਚ ਵਿਰੋਧੀ ਆਗੂ ਰਾਹੁਲ ਗਾਂਧੀ ਦੀ ਲੋਕ ਪ੍ਰਿਯਤਾ ਵਧੀ ਹੈ। ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੂੰ ਹਰਿਆਣਾ 'ਚ 30 ਫ਼ੀਸਦੀ ਲੋਕ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਸਨ, ਜਦਕਿ 2019 'ਚ ਇਹ ਫ਼ੀਸਦੀ 15 ਫ਼ੀਸਦੀ ਸੀ ਤੇ ਮੋਦੀ ਦੀ ਲੋਕ ਪ੍ਰਿਯਤਾ 32 ਫ਼ੀਸਦੀ ਸੀ।
ਜਿਥੇ ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਜਿੱਤਣ ਦੀਆਂ ਸੰਭਾਵਨਾਵਾ ਕਾਫੀ ਘੱਟਦੀਆਂ ਜਾ ਰਹੀਆਂ ਹਨ, ਉਥੇ ਹਰਿਆਣਾ ਵਿੱਚ ਵੀ ਭਾਜਪਾ ਦੇ ਜਿੱਤਣ ਦੀ ਆਸ ਮੱਧਮ ਹੈ। ਸ਼ਾਇਦ ਇਹ ਗੱਲ ਹਰਿਆਣਾ ਭਾਜਪਾ ਨੇ ਭਾਂਪ ਲਈ ਹੈ। ਹਰਿਆਣਾ ਭਾਜਪਾ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਮੰਗ ਸਰਕਾਰੀ ਛੁੱਟੀਆਂ ਦਾ ਹਵਾਲਾ ਦੇਕੇ ਚੋਣ ਅਧਿਕਾਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੀਤੀ ਗਈ ਹੈ। ਜਦਕਿ ਕਾਂਗਰਸ ਨੇ ਕਿਹਾ ਹੈ ਕਿ ਹਾਰ ਦੇ ਡਰੋਂ ਛੁੱਟੀਆਂ ਦਾ ਬਹਾਨਾ ਬਣਾਕੇ ਭਾਜਪਾ ਚੋਣਾਂ ਮੁਲਤਵੀ ਕਰਵਾਉਣਾ ਚਾਹੁੰਦੀ ਹੈ।
ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ, ਇੰਡੀਅਨ ਨੈਸ਼ਨਲ ਕਾਂਗਰਸ, ਭਾਜਪਾ, ਕਮਿਊਨਿਸਟ ਪਾਰਟੀ (ਮਾਰਕਸੀ) ਪੀਡੀਪੀ (ਮੁਫਤੀ ਮਹਿਬੂਬਾ) ਵਰਗੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ। ਭਾਜਪਾ ਨੂੰ ਛੱਡਕੇ ਬਾਕੀ ਲਗਭਗ ਸਾਰੀਆਂ ਪਾਰਟਅਂ 370 ਧਾਰਾ ਖ਼ਤਮ ਕਰਨ ਦੇ ਹੱਕ 'ਚ ਹੈ ਅਤੇ ਇਸੇ ਮੁੱਦੇ 'ਤੇ ਚੋਣ ਲੜਣਗੀਆਂ।
ਹਰਿਆਣਾ ਵਿੱਚ ਭਾਵੇਂ ਮੁੱਖ ਮੁਕਾਬਲਾ ਭਾਜਪਾ ਅਤ ਕਾਂਗਰਸ ਦਰਮਿਆਨ ਹੈ ਪਰ ਭਾਜਪਾ ਦੀ ਭਾਈਵਾਲ ਜੇ.ਜੇ.ਪੀ. ਜੋ ਕੁਝ ਸਮਾਂ ਪਹਿਲਾਂ ਗੱਠਜੋੜ ਤੋਂ ਵੱਖ ਹੋ ਗਈ, ਕਮਿਊਨਿਸਟ ਪਾਰਟੀ, ਆਈ.ਐਸ. ਐਲ.ਡੀ., ਬੀ.ਐਸ.ਪੀ. ਵੀ ਚੋਣਾਂ 'ਚ ਭਾਗ ਲੈਣਗੀਆਂ। ਪਰ ਕਿਉਂਕਿ ਕਿਸਾਨਾਂ ਦਾ ਵੀ ਇਥੇ ਜ਼ੋਰ ਹੈ, ਇਸ ਲਈ ਚਰਚਾ ਹੈ ਕਿ ਗੁਰਨਾਮ ਸਿੰਘ ਚੜੂਨੀ ਪ੍ਰਧਾਨ ਬੀ.ਕੇ.ਯੂ. ਹਰਿਆਣਾ ਦੀ ਅਗਵਾਈ 'ਚ ਕਿਸਾਨ ਵੀ ਚੋਣ ਲੜ ਸਕਦੇ ਹਨ। ਇਹਨਾ ਦਿਨਾਂ 'ਚ ਬਹੁਤ ਹੀ ਹਰਮਨ ਪਿਆਰੀ ਹੋਈ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜਿਸ ਢੰਗ ਨਾਲ ਪ੍ਰਦੇਸ਼ ਕਾਂਗਰਸ ਹਰਿਆਣਾ ਵਲੋਂ ਜੀ ਆਇਆਂ ਆਖਿਆ ਗਿਆ, ਉਸ ਤੋਂ ਵੀ ਜਾਪਦਾ ਹੈ ਕਿ ਹਰਿਆਣਾ ਦੇ ਖਿਡਾਰੀ ਵੀ ਭਾਜਪਾ ਦੇ ਉੱਲਟ ਪਰ ਕਾਂਗਰਸ ਦੇ ਹੱਕ 'ਚ ਭੁਗਤਣਗੇ।
ਇਸ ਵੇਲੇ ਹਾਲਾਤ ਇਹ ਵੀ ਹੈ ਕਿ ਕਾਂਗਰਸ ਵਿੱਚ ਦੋ ਧੜਿਆਂ 'ਚ ਆਪਸੀ ਫੁੱਟ ਹੈ ਅਤੇ ਇਸਦਾ ਨੁਕਸਾਨ ਚੋਣ ਵੇਲੇ ਕਾਂਗਰਸ ਨੂੰ ਹੋ ਸਕਦਾ ਹੈ। ਪਰ ਇਥੇ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਹਰਿਆਣਾ ਦੇ ਕਿਸਾਨ ਕਿਸ ਧਿਰ ਨਾਲ ਖੜਨਗੇ। ਭਾਵੇਂ ਕਿ ਲੋਕ ਸਭਾ 'ਚ ਬਹੁ ਗਿਣਤੀ ਖਾਪ ਪੰਚਾਇਤਾਂ ਕਾਂਗਰਸ ਲਈ ਖੜੀਆਂ। ਇਥੋਂ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਆਪਣੀਆਂ ਮੰਗਾਂ ਦੇ ਹੱਕ 'ਚ ਸਮਰਥਣ ਮੰਗਿਆ ਸੀ।ਰਾਹੁਲ ਗਾਂਧੀ ਵਲੋਂ ਕਿਸਾਨਾਂ ਦੇ ਹੱਕ 'ਚ ਪੂਰੀ ਤਰ੍ਹਾਂ ਖੜਿਆ ਜਾ ਰਿਹਾ ਹੈ ਅਤੇ ਫ਼ਸਲਾਂ ਦੇ ਸਮਰਥਨ ਮੁੱਲ ਵਾਲੀ ਮੰਗ ਤੇ ਹੋਰ ਮੰਗਾਂ ਦਾ ਪੂਰੇ ਜ਼ੋਰ ਨਾਲ ਸਮਰਥਣ ਹੋ ਰਿਹਾ ਹੈ।
ਆਰ.ਐੱਸ.ਐੱਸ ਭਾਜਪਾ ਅਤੇ ਦੇਸ਼ ਦੀ ਹਾਕਮ ਧਿਰ ਇਹਨਾਂ ਦੋਨਾਂ ਰਾਜਾਂ ਵਿਚ ਜਿੱਤ ਦੀ ਪ੍ਰਾਪਤੀ ਲਈ ਹਰ ਹੀਲਾ ਵਰਤੇਗੀ। ਖ਼ਾਸ ਕਰਕੇ ਨਰੇਂਦਰ ਮੋਦੀ, ਜਿਹੜੇ ਲੋਕ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਜਿਹਨਾਂ ਦੀ ਸਿਆਸੀ ਅਤੇ ਸਖ਼ਸ਼ੀ ਤਾਕਤ ਨੂੰ ਵੱਡਾ ਖੋਰਾ ਲੱਗਾ ਹੈ, ਉਹ ਆਪਣਾ ਅਕਸ ਸੁਧਾਰਨ ਲਈ ਚੋਣਾ ਜਿੱਤਣ ਲਈ ਹਰ ਹੀਲਾ ਵਰਤਣਗੇ । ਦੂਜੇ ਪਾਸੇ ਇੰਡੀਆ ਗੱਠਜੋੜ,(ਵਿਰੋਧੀ ਧਿਰ) ਵੀ ਇਹਨਾ ਮਹੱਤਵਪੂਰਨ ਸੂਬਿਆਂ 'ਚ ਆਪਣੀ ਤਾਕਤ ਵਧਾਉਣ ਲਈ ਯਤਨਸ਼ੀਲ ਰਹੇਗਾ।
ਵਿਰੋਧੀ ਧਿਰ ਵਲੋਂ ਮੌਜੂਦਾ ਸਰਕਾਰ ਦੇ ਪੁੱਟੇ ਗਲਤ ਕਦਮਾਂ, ਜਿਹਨਾ ਵਿੱਚ ਰਿਜ਼ਰਵੇਸ਼ਨ, ਲੈਟਰਲ ਇੰਟਰੀ ਨਾਲ ਵੱਡੇ ਅਫ਼ਸਰਾ ਦੀ ਭਰਤੀ, ਬੇਰੁਜ਼ਗਾਰੀ, ਵਧਦੀ ਭੁੱਖਮਰੀ, ਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਚੁੱਕਿਆ ਜਾ ਰਿਹਾ ਹੈ, ਉਸ ਨਾਲ ਲੋਕਾਂ ਵਿੱਚ ਸਰਕਾਰ ਦੀਆਂ ਨੀਤੀਆਂ ਦੀ ਅਸਲੀਅਤ ਉੱਘੜ ਰਹੀ ਹੈ ਅਤੇ ਲੋਕਾਂ 'ਚ ਰੋਸ ਅਤੇ ਨਰਾਜ਼ਗੀ ਵਧ ਰਹੀ ਹੈ।
ਬਿਨ੍ਹਾਂ ਸ਼ੱਕ ਵਿਧਾਨ ਸਭਾ ਚੋਣਾਂ 'ਚ ਸਥਾਨਿਕ ਮੁੱਦੇ ਵੀ ਚਰਚਾ 'ਚ ਆਉਂਦੇ ਹਨ, ਪਰ ਦੇਸ਼ 'ਚ ਵਾਪਰ ਰਹੀਆਂ ਘਟਨਾਵਾਂ, ਕੇਂਦਰੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਆਦਿ ਵੀ ਇਹਨਾ ਚੋਣਾਂ 'ਚ ਵੋਟਰਾਂ 'ਤੇ ਪ੍ਰਭਾਵ ਪਾਏਗੀ।
ਉਂਜ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਚੋਣਾਂ ਨੂੰ ਦੋ ਸੂਬਿਆਂ ਦੀਆਂ ਚੋਣਾਂ ਵਜੋਂ ਹੀ ਨਹੀਂ ਵੇਖਣਾ ਚਾਹੀਦਾ । ਉਸ ਦੇ ਨਤੀਜਿਆਂ ਦਾ ਅਸਰ ਦੇਸ਼ ਦੀ ਰਾਜਨੀਤੀ ਉੱਤੇ ਵੱਡਾ ਪਏਗਾ । ਇਹ ਭਾਜਪਾ ਦੀ ਇਨ੍ਹਾਂ ਸੂਬਿਆਂ ‘ਚ ਤਾਕਤ ਦੀ ਇਮਤਿਹਾਨੀ ਘੜੀ ਹੈ । ਇਸਦਾ ਅਸਰ ਮਹਾਂਰਾਸ਼ਟਰ ਦੀਆਂ ਚੋਣਾਂ ਉੱਤੇ ਵੀ ਪਵੇਗਾ । ਜਿਥੇ ਆਉਣ ਵਾਲੇ ਮਹੀਨਿਆਂ ‘ਚ ਚੋਣਾਂ ਹੋਣੀਆਂ ਹਨ। ਅਸਲ ‘ਚ ਮਹਾਂਰਾਸ਼ਟਰ ਦੀਆਂ ਚੋਣਾਂ ‘ਚ ਵੋਟਰਾਂ ਦਾ ਸਿਆਸੀ ਮੂਡ ਇਹਨਾਂ ਸੂਬਿਆਂ ਦੇ ਚੋਣ ਨਤੀਜਿਆਂ ਉੱਤੇ ਵੀ ਨਿਰਭਰ ਕਰੇਗਾ ।
-9815802070
-
-ਗੁਰਮੀਤ ਸਿੰਘ ਪਲਾਹੀ, Writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.