ਸੂਝਵਾਨ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਪੰਜਾਬੀ ਕਾਵਿ-ਸਾਹਿਤ ਜਗਤ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਹੱਥਲੇ ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਸਾਲ 2018 ਵਿੱਚ ਉਸ ਨੇ ਆਪਣੇ ਪਲੇਠੇ ਕਾਵਿ -ਸੰਗ੍ਰਹਿ 'ਕਿਰਦਾਰ' ਨਾਲ ਪੰਜਾਬੀ ਕਾਵਿ -ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਸੀ। ਲੇਖਕਾਂ ਅਤੇ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਣ ਉਪਰੰਤ 2019 ਵਿੱਚ ਉਸ ਨੇ ਆਪਣੇ ਦੂਜੇ ਕਾਵਿ-ਸੰਗ੍ਰਹਿ 'ਸੱਚ ਚੰਦਰਮਾ' ਨਾਲ ਪਾਠਕਾਂ ਦੀ ਕਚਹਿਰੀ ਵਿੱਚ ਭਰਵੀਂ ਹਾਜ਼ਰੀ ਲਗਵਾਈ। ਇਹਨਾਂ ਦੋਨਾਂ ਕਾਵਿ ਸੰਗ੍ਰਹਿਆਂ ਵਿੱਚ ਕਵਿਤਾਵਾਂ ਦੇ ਨਾਲ ਨਾਲ ਉਸ ਨੇ ਗ਼ਜ਼ਲਾਂ ਵੀ ਸ਼ਾਮਿਲ ਕੀਤੀਆਂ ਸਨ। ਪਰ ਇਹ ਹੱਥਲੀ ਪੁਸਤਕ 'ਅੰਤਰਮਨ ਦਾ ਨਾਦ' ਨਿਰੋਲ ਗ਼ਜ਼ਲ-ਸੰਗ੍ਰਹਿ ਹੈ। 80 ਪੰਨਿਆਂ ਦੇ ਇਸ ਗ਼ਜ਼ਲ- ਸੰਗ੍ਰਹਿ ਵਿੱਚ 60 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸ਼ਿਅਰਾਂ ਦੀ ਗਿਣਤੀ ਵਿੱਚ ਇੱਕਸਾਰਤਾ ਲਿਆਉਣ ਲਈ ਹਰ ਗ਼ਜ਼ਲ ਵਿੱਚ 7-7 ਸ਼ਿਅਰ ਪਾਏ ਗਏ ਹਨ। ਇਸ ਤਰ੍ਹਾਂ ਇਸ ਗ਼ਜ਼ਲ-ਸੰਗ੍ਰਹਿ ਵਿੱਚੋਂ ਸਾਨੂੰ 420 ਸ਼ਿਅਰ ਪੜ੍ਹਨ ਨੂੰ ਮਿਲਦੇ ਹਨ।
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਾਸ਼ਾ ਵਿਭਾਗ ,ਪੰਜਾਬ ਅਤੇ ਪਟਿਆਲਾ ਦੀਆਂ ਹੋਰ ਸਾਹਿਤਕ ਸਭਾਵਾਂ ਵੱਲੋਂ ਸਮੇਂ ਸਮੇਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਮੈਨੂੰ ਅਕਸਰ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ।ਭਾਵੇਂ ਮੈਂ ਪਹਿਲਾਂ ਕਈ ਵਾਰ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਨੂੰ ਆਪਣੀ ਸ਼ਾਇਰੀ ਪੇਸ਼ ਕਰਦਿਆਂ ਸੁਣਿਆ ਹੋਇਆ ਸੀ ਪਰ ਇਸ ਹੱਥਲੇ ਗਜ਼ਲ-ਸੰਗ੍ਰਹਿ ਰਾਹੀਂ ਮੈਨੂੰ ਗੁਰਦਰਸ਼ਨ ਸਿੰਘ ਗੁਸੀਲ ਦੀ ਸ਼ਾਇਰੀ ਨੂੰ ਹੋਰ ਵੀ ਨੇੜਿਓਂਂ ਹੋ ਕੇ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਪੂਰੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਗੁਰਦਰਸ਼ਨ ਸਿੰਘ ਗੁਸੀਲ ਕੋਲ ਸੰਵੇਦਨਸ਼ੀਲ ਤੇ ਸਿਆਣਪ ਭਰਪੂਰ ਕਾਵਿਕ-ਮਨ ਹੈ ਜਿਸ ਸਦਕਾ ਉਸਨੇ ਖ਼ੂਬਸੂਰਤ ਗ਼ਜ਼ਲਾਂ ਦੀ ਸਿਰਜਣਾ ਕੀਤੀ ਹੈ। ਇਹਨਾਂ ਗ਼ਜ਼ਲਾਂ ਨੂੰ ਪੜ੍ਹਦਿਆਂ ਮੈਂ ਪੂਰੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਗ਼ਜ਼ਲ -ਸੰਗ੍ਰਹਿ 'ਅੰਤਰਮਨ ਦਾ ਨਾਦ' ਆਤਮ ਤੋਂ ਅਨਾਤਮ ਜਗਤ ਦਾ ਖ਼ੂਬਸੂਰਤ ਸਫ਼ਰ ਤਹਿ ਕਰਦਾ ਹੈ। ਆਤਮਚਿੰਤਨ ਕਰਨ ਵਾਲਾ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਮਹਿਸੂਸ ਕਰਦਾ ਹੈ ਕਿ ਅਜੋਕੇ ਪਦਾਰਥਵਾਦੀ ਦੌਰ ਵਿੱਚ ਸਾਡੀਆਂ ਨੈਤਿਕ ਕਦਰਾਂ- ਕੀਮਤਾਂ ਦਾ ਵੱਡੀ ਪੱਧਰ 'ਤੇ ਘਾਣ ਹੋ ਰਿਹਾ ਹੈ। ਸਿੱਟੇ ਵਜੋਂ ਸਾਡੀ ਨੈਤਿਕਤਾ ਵਿੱਚ ਨਿਘਾਰ ਆ ਰਿਹਾ ਹੈ। ਰਿਸ਼ਤਿਆਂ ਵਿੱਚ ਟੁੱਟ ਭੱਜ ਹੋ ਰਹੀ ਹੈ ਹਲੀਮੀ ,ਨਿਮਰਤਾ,ਮਿੱਠਾਸ ਨਾਲ ਲਬਰੇਜ਼ ਮਿਸ਼ਰੀ ਵਰਗੇ ਬੋਲ ਸਾਡੇ ਕਿਰਦਾਰ ਵਿੱਚੋਂ ਮਨਫੀ ਹੋ ਰਹੇ ਹਨ ਅਤੇ ਉਹਨਾਂ ਦੀ ਥਾਂ 'ਤੇ ਲਾਲਚ, ਹਉਮੈ, ਹੰਕਾਰ ਅਤੇ ਖੁਦਗਰਜ਼ੀ ਵਰਗੇ ਔਗਣਾਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ ।ਇਸ ਸੰਦਰਭ ਵਿੱਚ ਸ਼ਾਇਰ ਗੁਸੀਲ ਲਿਖਦਾ ਹੈ:
ਮਾਨਵਤਾ ਨਜ਼ਰੀਂ ਨਾ ਆਵੇ ਹੁਣ ਕਿਰਦਾਰ ਚੋਂ ਮਾਨਵ ਦੇ,
ਲਾਲਚ, ਹਉਮੈ , ਖੁਦਗਰਜ਼ੀ ਨੇ ਐਸੇ ਰੰਗ ਬਖੇਰੇ ਹਨ।
ਗੁਰਦਰਸ਼ਨ ਸਿੰਘ ਗੁਸੀਲ ਇਸ ਸੱਚਾਈ ਨੂੰ ਵੀ ਬਾਖ਼ੂਬੀ ਜਾਣਦਾ ਹੈ ਕਿ ਸਾਂਝੇ ਪਰਿਵਾਰਾਂ ਦਾ ਟੁੱਟਣਾ, ਮਾਂ-ਬਾਪ ਦੋਹਾਂ ਦਾ ਕੰਮ ਕਾਜੀ ਹੋਣ ਤਹਿਤ ਬੱਚਿਆਂ ਨੂੰ ਗੁਣਾਤਮਕ ਸਮਾਂ ਨਾ ਦੇ ਸਕਣਾ ਆਦਿ ਕਾਰਨ ਬੱਚਿਆਂ ਦੇ ਸੰਸਕਾਰੀ ਬਣਨ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਖੜੀਆਂ ਕਰ ਰਹੇ ਹਨ। ਸਾਡੇ ਬੱਚੇ ਵੱਡਿਆਂ ਦਾ ਸਤਿਕਾਰ ਕਰਨਾ ਅਤੇ ਛੋਟਿਆਂ ਨੂੰ ਪਿਆਰ ਕਰਨਾ ਭੁੱਲਦੇ ਜਾ ਰਹੇ ਹਨ। ਮਹਿੰਗੀ -ਥੁੜ੍ਹੀ ਔਲਾਦ ਹੋਣ ਕਰ ਕੇ ਮਾਂ ਬਾਪ ਆਪਣੇ ਬੱਚਿਆਂ ਨੂੰ ਉਹਨਾਂ ਵਲੋਂ ਕੀਤੀਆਂ ਜਾਂਦੀਆਂ ਗ਼ਲਤੀਆਂ 'ਤੇ ਗੁੱਸਾ ਕਰਨਾ ਜਾਂ ਝਿੜਕਾਂ ਆਦਿ ਦੇਣ ਤੋਂ ਵੀ ਡਰਦੇ ਹਨ ਕਿ ਕਿਤੇ ਉਹਨਾਂ ਦੇ ਬੱਚੇ ਕੋਈ ਗ਼ਲਤ ਕਦਮ ਨਾ ਚੁੱਕ ਲੈਣ। ਪਰ ਇਹ ਇੱਕ ਕੌੜਾ ਸੱਚ ਹੈ ਕਿ ਮਾਂ ਬਾਪ ਵੱਲੋਂ ਬੱਚਿਆਂ ਦੀ ਬੇਹਤਰੀ ਲਈ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਝਿੜਕਾਂ ਅਤੇ ਗੁੱਸਾ ਉਹਨਾਂ ਲਈ ਰਾਹ ਦਸੇਰਾ ਹੁੰਦਾ ਹੈ। ਇਸ ਸੰਦਰਭ ਵਿੱਚ ਗੁਰਦਰਸ਼ਨ ਸਿੰਘ ਗੁਸੀਲ ਦਾ ਇਹ ਸ਼ਿਅਰ ਦੇਖੋ:
ਝਿੜਕਾਂ ਬੱਚਿਆਂ ਲਈ ਰਾਹਨੁਮਾ ਹੁੰਦੀਆਂ,
ਗੁੱਸੇ ਨੇਕ ਸਲਾਹਾਂ ਵਰਗੇ ਹੁੰਦੇ ਨੇ।
ਗੁਰਬਾਣੀ ਦਾ ਇਹ ਮਹਾਂਵਾਕ 'ਸੁਖ -ਦੁਖ ਦੋਹਿ ਦਰ ਕੱਪੜੇ ਪਹਿਰੇ ਜਾਇ ਮਨੁੱਖ' ਅਰਥਾਤ ਦੁਖ-ਸੁਖ ਸਾਡੇ ਜੀਵਨ ਦੇ ਨਾਲ ਨਾਲ ਚਲਦੇ ਹਨ। ਇਸ ਲਈ ਮੁਸੀਬਤ ਆਉਣ ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਪੂਰੀ ਹਿੰਮਤ ਤੇ ਹੌਸਲੇ ਨਾਲ ਮੁਸੀਬਤਾਂ ਦਾ ਟਾਕਰਾ ਕਰਨਾ ਚਾਹੀਦਾ ਹੈ ਕਿਉਂਕਿ ਇਹ 16 ਆਨੇ ਸੱਚ ਹੈ ਕਿ ਰਾਤ ਤੋਂ ਬਾਅਦ ਦਿਨ ਨੇ ਚੜ੍ਹਨਾ ਹੀ ਚੜ੍ਹਨਾ ਹੈ। ਗੁਰਦਰਸ਼ਨ ਸਿੰਘ ਗੁਸੀਲ ਅਮੁੱਲੀ ਜੀਵਨ ਦਾਤ ਨੂੰ ਖੁਦਕੁਸ਼ੀਆਂ ਦੇ ਰਾਹ 'ਤੇ ਨਾ ਪਾਉਣ ਲਈ ਸੁਚੇਤ ਕਰਦਾ ਹੈ:
ਇਹ ਜੀਵਨ ਹੈ ਦਾਤ ਅਮੁੱਲੀ ਦਾਤੇ ਦੀ,
ਖੁਦਕੁਸ਼ੀਆਂ ਕਰ ਕਰ ਕੇ ਮਰਨਾ ਚੰਗਾ ਨਹੀਂ।
ਸੱਚ ਨੂੰ ਸੱਚ ਆਖਣ ਦੀ ਹਿੰਮਤ ਰੱਖਿਆ ਕਰ,
ਔਕੜ ਵੇਖ ਕੇ ਐਵੇਂ ਡਰਨਾ ਚੰਗਾ ਨਹੀਂ।
ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲਾ ਗੁਰਦਰਸ਼ਨ ਸਿੰਘ ਗੁਸੀਲ ਅੰਧ-ਵਿਸ਼ਵਾਸਾਂ, ਜਾਦੂ--ਟੂਣਿਆਂ ਤੇ ਧਾਗੇ-ਤਵੀਤਾਂ ਵਿੱਚ ਬਿਲਕੁਲ ਯਕੀਨ ਨਹੀਂ ਰੱਖਦਾ। ਉਸ ਅਨੁਸਾਰ ਅੰਧ ਵਿਸ਼ਵਾਸੀ ਹੋਣਾ ਵੀ ਸਵੈਘਾਤੀ ਹੋਣਾ ਹੈ। ਧਰਮ ਦੇ ਨਾਂ ਤੇ ਥਾਂ ਥਾਂ ਖੁੱਲ੍ਹੇ ਡੇਰਿਆਂ ਨੂੰ ਉਹ ਗ਼ਲ ਕੱਟੀਅਨ ਦੇ ਡੇਰੇ ਦੱਸਦਾ ਹੈ। ਇਸ ਵਿਚਾਰ ਦੀ ਤਰਜੁਮਾਨੀ ਕਰਦਾ ਇਹ ਸ਼ਿਅਰ ਵੇਖੋ:
ਅੰਧ ਵਿਸ਼ਵਾਸੀ ਹੋਣਾ ਵੀ ਹੈ, ਸਵੈ ਘਾਤੀ ਹੋਵਣ ਦੇ ਵਾਂਗ,
ਥਾਂ ਥਾਂ ਧਰਮ ਦੇ ਨਾਂ ਤੇ ਖੁੱਲ੍ਹੇ ਗਲ਼ ਕੱਟੀਅਨ ਦੇ ਡੇਰੇ ਹਨ ।
'ਬਲਿਹਾਰੀ ਕੁਦਰਤਿ ਵਸਿਆ' ਮਹਾਂ ਵਾਕ 'ਤੇ ਯਕੀਨ ਰੱਖਣ ਵਾਲਾ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਇਸ ਤਲਖ਼ ਹਕੀਕਤ ਨੂੰ ਵੀ ਜਾਣਦਾ ਹੈ ਕਿ ਮਨੁੱਖ ਵੱਲੋਂ ਕੁਦਰਤ ਨਾਲ ਨਿਰੰਤਰ ਕੀਤੇ ਜਾ ਰਹੇ ਖਿਲਵਾੜ ਕਰ ਕੇ ਵਾਤਾਵਰਨ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਦਾ ਅੱਜ ਅਸੀਂ ਸਾਹਮਣਾ ਕਰ ਰਹੇ ਹਾਂ।ਇਸ ਸੰਦਰਭ ਵਿੱਚ ਮਨੁੱਖ ਨੂੰ ਦੋਸ਼ੀ ਠਹਿਰਾਉਂਦਾ ਹੋਇਆ ਗੁਰਦਰਸ਼ਨ ਸਿੰਘ ਗੁਸੀਲ ਕਈ ਸ਼ਿਅਰ ਸਿਰਜਦਾ ਹੈ। ਉਦਾਹਰਣ ਵਜੋਂ ਤਿੰਨ ਸ਼ਿਅਰ ਸਾਂਝੇ ਕਰ ਰਹੀ ਹਾਂ:
ਰੱਬ ਦੀ ਕੁਦਰਤ ਨਾਲ ਹਮੇਸ਼ਾ ਬੰਦੇ ਕੀਤਾ ਹੈ ਖਿਲਵਾੜ,
ਜ਼ਹਿਰਾਂ ਘੋਲ ਕੇ ਦੂਸ਼ਿਤ ਕੀਤਾ ਵਾਤਾਵਰਨ ਬਥੇਰਾ ਹੈ।
-----
ਕਾਦਰ ਦੀ ਕੁਦਰਤ ਦਾ ਤੂੰ,
ਕੌਡੀ ਮੁੱਲ ਨਾ ਪਾਇਆ ਹੈ।
ਪੌਣ ਗੁਰੂ, ਪਾਣੀ ਪਿਤਾ ਤੇ ਧਰਤੀ ਨੂੰ ਤੂੰ ਮਾਤਾ ਮੰਨੇ,
ਫਿਰ ਵੀ ਇਹਨਾਂ ਆਪਣਿਆਂ ਨੂੰ ਨਿੱਤ ਦਿਨ ਜ਼ਹਿਰ ਪਿਲਾਈ ਜਾਵੇਂ।
ਆਖਰ ਖਾਲੀ ਹੱਥ ਹੈ ਜਾਣਾ ਇਸ ਜਗ ਤੋਂ , ਐ ਮੂਰਖ ਬੰਦੇ,
ਫਿਰ ਕਿਹੜੇ ਲਾਲਚ ਵਿੱਚ ਪੈ ਕੇ ਐਵੇਂ ਤਮਾ ਵਧਾਈ ਜਾਵੇਂ।
ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਇਸ ਕੌੜੀ ਹਕੀਕਤ ਤੋਂ ਵੀ ਬਾਖ਼ੂਬੀ ਵਾਕਫ਼ ਹੈ ਕਿ ਸੱਚ ਦੇ ਰਾਹਾਂ 'ਤੇ ਚੱਲਣਾ ਆਸਾਨ ਕੰਮ ਨਹੀਂ ਹੁੰਦਾ। ਅਜਿਹੇ ਰਸਤੇ 'ਤੇ ਚੱਲਣ ਵਾਲਿਆਂ ਨੂੰ ਅਨੇਕਾਂ ਤਸੀਹੇ ਦਿੱਤੇ ਜਾਂਦੇ ਹਨ। ਸੂਲੀ ਤੇ ਚੜ੍ਹਾਇਆ ਜਾਂਦਾ ਹੈ। ਜ਼ਹਿਰ ਦਾ ਪਿਆਲਾ ਵੀ ਪਿਲਾਇਆ ਜਾਂਦਾ ਹੈ ਪਰ ਸੱਚ ਬੋਲਣ ਵਾਲੇ ਹਮੇਸ਼ਾ ਸੱਚ 'ਤੇ ਕਾਇਮ ਰਹਿੰਦੇ ਹਨ। ਇਹਨਾਂ ਵਿਚਾਰਾਂ ਦੀ ਸ਼ਾਹਦੀ ਭਰਦੇ ਗੁਸੀਲ ਦੇ ਇਹ ਸ਼ਿਅਰ ਵੇਖੋ :
ਜੋ ਸੱਚ ਦੀ ਰਾਹ 'ਤੇ ਚਲਦਾ ਹੈ, ਉਹ ਜ਼ੁਲਮ ਤਸ਼ੱਦਦ ਝੱਲਦਾ ਹੈ,
ਉਹ ਐਨਾ ਬੇਪਰਵਾਹ ਹੁੰਦਾ ਕਿ ਵਿਸ਼ ਪੀਣੋਂ ਵੀ ਡਰਦਾ ਨਹੀਂ।
ਸੱਚ ਨੂੰ ਸੱਚ ਆਖਣ ਦੀ ਮੈਂ ਹਿੰਮਤ ਕੀਤੀ,
ਤੇਰੀ ਮਰਜ਼ੀ ਬਾਗ਼ੀ ਕਹਿ ਕੇ ਅੰਦਰ ਕਰ ਦੇ।
ਪੰਜਾਬੀ ਅਖਾਣ 'ਆਖਾਂ ਧੀ,ਸੁਣਾਵਾਂ ਨੂੰਹ' ਅਨੁਸਾਰ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਆਪਣੇ ਇਕ ਸ਼ਿਅਰ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇਸ ਤਰ੍ਹਾਂ ਲਿਖਦਾ ਹੈ:
ਤਖਤਨਸ਼ੀਂ ਹੋ ਕੇ ਵੀ ਜਿਹੜਾ ਰਾਖਾ ਨਹੀਂ ਮਜ਼ਲੂਮਾਂ ਦਾ,
ਘਾਣ ਕਰੇ ਜੋ ਨਿੱਤ ਲੋਕਾਂ ਦਾ, ਕੀ ਉਹ ਗੁਨਾਹਗਾਰ ਨਹੀਂ ਹੈ?
ਦੂਰ ਅੰਦੇਸ਼ੀ ਸੋਚ ਦਾ ਮਾਲਕ ਗੁਰਦਰਸ਼ਨ ਸਿੰਘ ਗੁਸੀਲ ਗੁਰਬਾਣੀ ਦੇ ਇਸ ਮਹਾਂਵਾਕ 'ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣਿ' 'ਤੇ ਅਮਲ ਕਰਦਾ ਹੋਇਆ ਆਪਣੇ ਆਪ ਨੂੰ ਜਾਨਣ ਲਈ ਆਪਣੇ ਨਾਲ ਹੀ ਸੰਬੋਧਿਤ ਹੁੰਦਾ ਹੈ :
ਤੈਨੂੰ ਚੇਤੇ ਦੁਨੀਆ ਦੇ ਸਭ ਧੰਦੇ,
ਪਰ ਤੂੰ ਆਪਣਾ ਆਪ ਭੁਲਾਈ ਫਿਰਦੈਂ।
ਅੰਤਰਮਨ ਦਾ ਨਾਦ ਨਹੀਂ ਤੂੰ ਸੁਣਦਾ,
ਕੰਨ ਕੇਵਲ ਦੁਨੀਆ ਵੱਲ ਲਾਈ ਫਿਰਦੈਂ।
ਆਤਮ ਚਿੰਤਨ ਕਰਨ ਨਾਲ ਉਹ ਮਹਿਸੂਸ ਕਰਦਾ ਹੈ ਕਿ ਆਤਮ ਜਗਤ ਵਿੱਚ ਤਾਂ ਮੁਹੱਬਤ ਹੀ ਮੁਹੱਬਤ ਹੈ ਜੋ ਸਮੁੱਚੀ ਮਾਨਵਤਾ ਦਾ ਭਲਾ ਲੋਚਦੀ ਹੈ। ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ ਅਤੇ ਮਾੜੇ ਕਰਮ ਕਰਨ ਤੋਂ ਵਰਜਦੀ ਹੈ। ਅੰਤਰਮਨ ਦੀ ਆਵਾਜ਼ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ, ਮਾਨਵੀ ਸਰੋਕਾਰਾਂ ਨਾਲ ਜੁੜਨ ਦੀ ਹਮਾਇਤ ਕਰਦੀ ਹੋਈ ਅਰਦਾਸ ਦੇ ਰੂਪ ਵਿੱਚ ਇਸ ਤਰ੍ਹਾਂ ਸਾਹਮਣੇ ਆਉਂਦੀ ਹੈ:-
ਨੰਗੇ, ਭੁੱਖੇ ,ਬੇਘਰ ਨਜ਼ਰੀਂ ਆਉਂਦੇ ਹਨ ਜੋ,
ਉਹਨਾਂ ਨੂੰ ਕੁੱਲੀ ਗੁੱਲੀ ਤੇ ਜੁੱਲੀ ਦਾ ਵਰ ਦੇ।
ਸਿਆਣਪ ਭਰਪੂਰ ਕਾਵਿਕ ਮਾਨ ਰੱਖਣ ਵਾਲਾ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਅਮੀਰੀ ਤੇ ਗ਼ਰੀਬੀ ਵਿਚਲੇ ਵਧ ਰਹੇ ਪਾੜੇ ਨੂੰ ਵੀ ਮਹਿਸੂਸ ਕਰਦਾ ਹੋਇਆ ਪ੍ਰਤੀਕਾਂ ਰਾਹੀਂ ਖ਼ੂਬਸੂਰਤ ਸ਼ਿਅਰ ਸਿਰਜਦਾ ਹੈ। ਉਦਾਹਰਣ ਲਈ ਇਹ ਸ਼ਿਅਰ ਦੇਖੋ:
ਠਰੇ ਹਾਂ ਯਖ਼ ਸਿਆਲਾਂ ਵਿੱਚ, ਹੁਨਾਲਾਂ ਵਿੱਚ ਰੜ੍ਹੇ ਹਾਂ।
ਅਸੀਂ ਰੁੱਖਾਂ ਜਿਹੇ ਹਾਂ, ਤੱਕ , ਉਸੇ ਥਾਂ 'ਤੇ ਖੜ੍ਹੇ ਹਾਂ।
ਮਾਂ ਬੋਲੀ ਨੂੰ ਅੰਤਾਂ ਦਾ ਮੋਹ ਕਰਨ ਵਾਲਾ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਲਿਖਦਾ ਹੈ:
ਸਭ ਭਾਸ਼ਾਵਾਂ ਦਾ ਹੀ ਮੈਂ ਸਤਿਕਾਰ ਕਰਾਂ ਯਾਰੋ।
ਪਰ ਮਾਂ ਬੋਲੀ ਨੂੰ ਹਿਰਦੇ ਚੋਂ ਪਿਆਰ ਕਰਾਂ ਯਾਰੋ।
ਖੁਸ਼ਬੂ ਇਸ ਦੀ ਚਾਰ ਚੁਫ਼ੇਰੇ ਮੈਂ ਫੈਲਾਵਾਂਗਾ,
ਅੰਤਰ ਮਨ ਚੋਂ ਮੈਂ ਇਹ ਵੀ ਇਕਰਾਰ ਕਰਾਂ ਯਾਰੋ
ਗੁਰਦਰਸ਼ਨ ਸਿੰਘ ਗੁਸੀਲ ਇਸ ਤਲਖ਼ ਹਕੀਕਤ ਨੂੰ ਵੀ ਜਾਣਦਾ ਹੈ ਕਿ ਅੱਜ ਦੀ ਤੇਜ਼ ਰਫਤਾਰ ਵਾਲੀ ਜ਼ਿੰਦਗੀ ਵਿੱਚ ਕੋਈ ਵੀ ਦੂਜੇ ਲਈ ਰਾਹ ਦਸੇਰਾ ਨਹੀਂ ਬਣਦਾ।ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਇਸ ਲਈ ਸਾਨੂੰ ਆਪਣੀ ਹਿੰਮਤ ਤੇ ਹੌਸਲੇ ਨੂੰ ਮਜਬੂਤ ਰੱਖਦੇ ਹੋਏ ਆਸ ਦਾ ਪੱਲਾ ਘੁੱਟ ਕੇ ਪਕੜਦੇ ਹੋਏ ਨਿਰੰਤਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਉਸਦਾ ਇਹ ਸ਼ਿਅਰ ਪੜ੍ਹੋ:
ਰਾਹ ਦਸੇਰਾ ਹੁਣ ਕੋਈ ਬਣਦਾ ਨਹੀਂ।
ਹਰ ਕੋਈ ਮਸਰੂਫ਼ ਹੈ, ਮਗਰੂਰ ਹੈ।
ਹੌਸਲੇ ਨੂੰ ਰੱਖ ਸਦਾ ਮਜਬੂਤ ਤੂੰ,
ਮਿਹਨਤਾਂ ਨੂੰ ਓੜਕ ਪੈਂਦਾ ਬੂਰ ਹੈ।
ਸਿਆਸਤ ਤੇ ਕਟਾਕਸ਼ ਕਰਦਾ 'ਗੁਸੀਲ' ਦਾ ਇਹ ਸ਼ਿਅਰ ਦੇਖੋ:-
ਰਾਹ ਸਿਆਸਤ ਦਾ ਉਹਨੇ ਅਪਨਾ ਲਿਆ,
ਬਿਨ ਮੁਸ਼ੱਕਤ ਹੋ ਗਿਆ ਮਸ਼ਹੂਰ ਹੈ।
ਜੇ ਰੂਪਕ ਪੱਖ ਦੀ ਗੱਲ ਕਰੀਏ ਤਾਂ ਹੱਥਲੇ ਗ਼ਜ਼ਲ ਸੰਗ੍ਰਹਿ ਦਾ ਰੂਪਕ ਪੱਖ ਵੀ ਬਹੁਤ ਸ਼ਲਾਘਾਯੋਗ ਹੈ। ਗ਼ਜ਼ਲ ਵਿਧਾਨ ਤੋਂ ਪੂਰੀ ਤਰ੍ਹਾਂ ਜਾਣੂ ਹੋਣ ਕਰਕੇ ਸ਼ਾਇਰ ਗੁਰਦਰਸ਼ਨ ਸਿੰਘ ਗੁਸੀਲ ਨੇ ਛੋਟੀਆਂ ਅਤੇ ਵੱਡੀਆਂ ਬਹਿਰਾਂ ਨੂੰ ਬਾਖ਼ੂਬੀ ਨਿਭਾਇਆ ਹੈ। ਉਸ ਨੇ ਸ਼ਿਅਰਾਂ ਵਿੱਚ ਖ਼ੂਬਸੂਰਤੀ ਲਿਆਉਣ ਲਈ ਢੁਕਵੇਂ ਅਲੰਕਾਰਾਂ ਤੇ ਪ੍ਰਤੀਕਾਂ ਦੀ ਵੀ ਸੁਚੱਜੀ ਵਰਤੋਂ ਕੀਤੀ ਹੈ। ਉਦਾਹਰਣ ਵਜੋਂ:
ਪੁਨਰ ਆਵਾਤੀ ਅਲੰਕਾਰ: ਜਦੋਂ ਇੱਕ ਹੀ ਸ਼ਿਅਰ ਵਿੱਚ ਇਕ ਲਫ਼ਜ਼ ਦੋ ਵਾਰ ਜਾਂ ਇਸ ਤੋਂ ਵੀ ਜ਼ਿਆਦਾ ਵਾਰ ਆ ਜਾਵੇ ਤਾਂ ਸ਼ਿਅਰ ਦੀ ਖ਼ੂਬਸੂਰਤੀ ਵੱਧ ਜਾਂਦੀ ਹੈ ਜਿਵੇਂ:
ਖ਼ੌਫ਼ ਦੇ ਪਰਛਾਵੇਂ ਵਿੱਚ ਬਹਿ ਕੇ ਜੀਣਾ ਵੀ ਕੋਈ ਜੀਣਾ ਹੁੰਦੈ,
ਮੌਤ ਦੇ ਡਰ ਨੂੰ ਲਾਂਭੇ ਰੱਖ ਕੇ ਜ਼ੁਲਮ ਦੇ ਅੱਗੇ ਡਟਣਾ ਚੰਗਾ।
ਜਮ੍ਹਾਂ ਜੋੜ ਅਲੰਕਾਰ: ਜਦੋਂ ਇੱਕ ਸ਼ਿਅਰ ਵਿੱਚ ਇੱਕ ਹੀ ਵਿਸ਼ੇ ਨਾਲ ਜੁੜੇ ਹੋਏ ਇਕ ਤੋਂ ਜ਼ਿਆਦਾ ਲਫ਼ਜ਼ ਆ ਜਾਣ ਤਾਂ ਉਹ ਸ਼ਿਅਰ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਉਦਾਹਰਣ ਵਜੋਂ ਮੁਸੀਬਤ ਨਾਲ ਜੁੜਿਆ ਇਹ ਸ਼ਿਅਰ ਦੇਖੋ:
ਦੁੱਖ, ਤਕਲੀਫ਼, ਸਮੱਸਿਆ, ਸੰਕਟ ਸਾਰੇ ਦੇ ਸਾਰੇ,
ਸੱਜ- ਧੱਜ ਕੇ ਘਰ ਵਿੱਚ ਪ੍ਰਾਹੁਣੇ ਆਏ ਬੈਠੇ ਨੇ।
ਸ਼ਾਇਰੀ ਵਿੱਚ ਵਰਤੇ ਗਏ ਵਿਰੋਧੀ ਜੁੱਟ (Binary Opposition) ਜਿਵੇਂ ਦਿਨ/ ਰਾਤ, ਜਿੱਤ /ਹਾਰ, ਸੁੱਖ/ ਦੁੱਖ, ਖ਼ੁਸ਼ੀ/ ਗ਼ਮੀ, ਨੇੜੇ/ ਦੂਰ, ਮਿਲਣ/ ਵਿਛੜਨਾ ਆਦਿ ਦੀ ਵਰਤੋਂ ਵੀ ਸ਼ਾਇਰੀ ਦੇ ਗੁਣਾਤਮਕ ਪੱਖ ਵਿੱਚ ਵਾਧਾ ਕਰਦੀ ਹੈ। ਹਥੱਲੇ ਗ਼ਜ਼ਲ ਸੰਗ੍ਰਹਿ ਦੀ ਸ਼ਬਦਾਵਲੀ ਵਿੱਚ ਸਾਦਗੀ,ਸਰਲਤਾ,ਤਰਲਤਾ,ਸੁਚੱਜਤਾ,ਸੁਹਿਰਦਤਾ, ਸਪਸ਼ਟਤਾ ਵਰਗੇ ਮੀਰੀ ਤੇ ਅਨੂਪਮ ਗੁਣ ਮੌਜੂਦ ਹਨ। ਗ਼ਜ਼ਲ ਸੰਗ੍ਰਹਿ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਇਸ ਪੇਪਰ ਦੀ ਵੀ ਇੱਕ ਸੀਮਾ ਨਿਸ਼ਚਿਤ ਹੈ।
ਅੰਤ ਵਿੱਚ ਮੈਂ 'ਅੰਤਰਮਨ ਦਾ ਨਾਦ' ਗ਼ਜ਼ਲ-ਸੰਗ੍ਰਹਿ ਨੂੰ ਖੁਸ਼ਆਮਦੀਦ ਆਖਦੀ ਹੋਈ ਗੁਰਦਰਸ਼ਨ ਸਿੰਘ ਗੁਸੀਲ ਨੂੰ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਦੁਆ ਕਰਦੀ ਹਾਂ ਕਿ ਗੁਰਦਰਸ਼ਨ ਸਿੰਘ ਗੁਸੀਲ ਦੀ ਤੰਦਰੁਸਤੀ ਭਰਪੂਰ ਲੰਮੀ ਉਮਰ ਹੋਵੇ ਅਤੇ ਉਹ ਹੋਰ ਵੀ ਮੁੱਲਵਾਨ ਰਚਨਾਵਾਂ ਨਾਲ ਪੰਜਾਬੀ ਮਾਂ ਬੋਲੀ ਦੀ ਝੋਲ ਭਰਦੇ ਰਹਿਣ। ਅੱਲ੍ਹਾ ਕਰੇ ਜ਼ੋਰ-ਏ ਕਲਮ ਔਰ ਜ਼ਿਆਦਾ। ਆਮੀਨ !
ਡਾ. ਗੁਰਚਰਨ ਕੌਰ ਕੋਚਰ
(ਨੈਸ਼ਨਲ ਅਤੇ ਸਟੇਟ ਅਵਾਰਡੀ )
ਪ੍ਰਧਾਨ:1 ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ।
2 ਸਿਰਜਣਧਾਰਾ ਸਾਹਿਤਕ ਸੰਸਥਾ, ਲੁਧਿਆਣਾ।
ਮੀਤ ਪ੍ਰਧਾਨ: ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ।
-
ਡਾ. ਗੁਰਚਰਨ ਕੌਰ ਕੋਚਰ , ਪ੍ਰਧਾਨ:1 ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ।
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.