ਦੇਸ਼ ਅੰਦਰ ਲਗਾਤਾਰ ਵੱਖ-ਵੱਖ ਰਾਜਾਂ ਦੇ ਇਲਾਕਿਆਂ ਵਿੱਚ ਵਾਪਰ ਰਹੀਆਂ ਦੁੱਖਦ ਘਟਨਾਵਾਂ ਆਮ ਜਨਤਾ ਨੂੰ ਮਾਨਸਿਕ ਪੀੜਾਂ ਦੇਣ ਵਾਲੀਆਂ ਹਨ। ਉਤਰਾਖੰਡ ਦੇ ਰੁਦਰਪੁਰ, ਕੋਲਕਾਤਾ ਤੇ ਮਹਾਰਾਸ਼ਟਰ ਦੇ ਬਦਲਾਪੁਰ ਦੀਆਂ ਦਰਦਨਾਕ ਘਟਨਾਵਾਂ ਨੇ ਸਮੁੱਚੇ ਦੇਸ਼ ਨੂੰ ਸ਼ਰਮਿੰਦਿਆਂ ਕੀਤਾ ਹੈ। ਜਿਸ ਦੀ ਚਰਚਾ ਸੰਸਾਰ ਪੱਧਰ ਤੇ ਹੋ ਰਹੀ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਬੱਚੀਆਂ ਅਤੇ ਔਰਤਾਂ ਦੇ ਸਰੀਰਕ ਸੋਸ਼ਣ, ਜਬਰ ਜਨਾਹ, ਹਤਿਆਵਾਂ ਤੇ ਹੋਰ ਵੀ ਦਰਿੰਦਗੀ ਭਰੀਆਂ ਖਬਰਾਂ ਅਖਬਾਰਾਂ ਦੀਆਂ ਸੁਰਖ਼ੀਆਂ ਹਨ, ਅਜਿਹਾ ਇਕ ਦਮ ਕਿਵੇਂ ਤੇ ਕਿਉਂ ਵਾਪਰ ਰਿਹਾ ਹੈ ਕੀ ਇਸ ਪਿੱਛੇ ਵਿਰੋਧ ਮਈ ਸੰਗਠਨਾਂ ਦੀਆਂ ਕਥਿਤ ਚਾਲਾਂ ਤਾਂ ਨਹੀਂ। ਅਜੇ ਕੁੱਝ ਉਹ ਘਟਨਾਵਾਂ ਵੀ ਹੋਣਗੀਆਂ ਜੋ ਨੋਟਿਸ ਤੇ ਨਹੀਂ ਆਈਆਂ ਜੋ ਵਾਪਰ ਰਿਹਾ ਜੋ ਛੱਪ ਰਿਹਾ ਉਹ ਸ਼ੰਕਿਆ ਭਰਪੂਰ ਹੈ। ਜੋ ਕੁੱਝ ਛਿੱਪ ਰਿਹਾ ਉਹ ਸੁੰਨਿਆਂ ਭਰਪੂਰ ਹੈ। ਅਸਾਮ ਦੇ ਨਗਾਓ ਵਿੱਚ ਤਿੰਨ ਨਾਬਾਲਗ ਲੜਕੀਆਂ ਨਾਲ ਸਮੂਹਕ ਜ਼ਬਰਜਨਾਹ, ਹਤਿਆਵਾਂ ਦੀਆਂ ਦਰਿੰਦਗੀ ਵਾਲੀਆਂ ਘਟਨਾਵਾਂ ਨੇ ਸਮੁੱਚੇ ਦੇਸ਼ ਵਾਸੀਆਂ ਵਿਚ ਦਹਿਸਤੀ ਖ਼ੌਫ ਦਾ ਮਾਹੌਲ ਪੈਦਾ ਕੀਤਾ ਹੈ।
ਕੇਂਦਰ ਤੇ ਰਾਜ ਸਰਕਾਰਾਂ ਇਸ ਸੰਵੇਦਨਸ਼ੀਲ ਘਟਨਾਵਾਂ ਨੂੰ ਹਲਕੇ ਪੱਧਰ ਤੇ ਲੈ ਰਹੀਆਂ ਹਨ ਜਦੋਂ ਕਿ ਸੁਪਰੀਮ ਕੋਰਟ ਨੇ ਆਪ ਨੋਟਿਸ ਲੈ ਕੇ ਮੁਲਜਮਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਆਸਾਮ ਦੇ ਨਾਗਾਓਂ ਜ਼ਿਲ੍ਹੇ ਵਿਚ 3 ਵਿਅਕਤੀਆਂ ਵੱਲੋਂ 14 ਸਾਲਾ ਇਕ ਨਾਬਾਲਗ ਨਾਲ ਕਥਿਤ ਤੌਰ `ਤੇ ਸਮੂਹਿਕ ਜਬਰ-ਜਨਾਹ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਵਿਚ ਸੂਬੇ ਦੇ ਲੋਕ ਸੜਕਾਂ `ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਹ ਘਟਨਾ ਧੀਂਗ ਇਲਾਕੇ ਵਿਚ ਉਸ ਸਮੇਂ ਵਾਪਰੀ, ਜਦੋਂ ਲੜਕੀ ਟਿਊਸ਼ਨ ਤੋਂ ਸ਼ਾਮ ਨੂੰ ਘਰ ਪਰਤ ਰਹੀ ਸੀ। ਸਥਾਨਕ ਲੋਕਾਂ ਨੂੰ ਨਾਬਾਲਗ ਪੀੜਤਾ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ `ਚ ਮਿਲੀ। 2 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਸ਼ੁੱਕਰਵਾਰ ਸਵੇਰੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੜਕਾਂ `ਤੇ ਉਤਰ ਆਏ। ਦੁਕਾਨਦਾਰਾਂ ਨੇ ਆਪਣੇ ਵਪਾਰਕ ਅਦਾਰਿਆਂ ਦੇ ਸ਼ਟਰ ਬੰਦ ਕਰ ਲਏ ਅਤੇ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਸਾਡੇ ਦੇਸ਼ ‘ਚ ਨਾਬਾਲਗ ਬੱਚੀਆਂ ਅਤੇ ਔਰਤਾਂ `ਤੇ ਕਹਿਰ ਦੀ ਹਨੇਰੀ ਝੁਲ ਰਹੀ ਹੈ। ਆਪਣਾ ਸੱਚ ਸਾਬਤ ਨਾ ਕਰਨ ਤੱਕ ਪੀੜ੍ਹਤ ਔਰਤ ਦੋਸ਼ੀ ਸਮਝੀ ਜਾਂਦੀ ਹੈ ਜਦੋਂ ਕਿ ਦੋਸ ਸਾਬਤ ਨਾ ਹੋਣ ਤੀਕ ਬਲਾਤਕਾਰੀ ਬੇਦੋਸ਼ੇ ਸਮਝੇ ਜਾਂਦੇ ਹਨ। ਬੀਤਿਆਂ ਹੋਇਆਂ ਸਮਾਂ ਨਸੀਹਤ ਦੇ ਸਕਦਾ ਹੈ ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ ਪਰ ਜਦੋਂ ਇਹ ਭੰਗ ਹੁੰਦੀ ਹੈ ਤਾਂ ਜੀਵਨ ਉਥਲ ਪੁਥਲ ਹੋ ਜਾਂਦਾ ਹੈ। ਪੱਛਮੀ ਬੰਗਾਲ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਨੂੰ ਲੈ ਕੇ ਦੇਸ਼ ਭਰ `ਚ ਹੰਗਾਮੇ ਕਾਰਨ ਵਿਦੇਸ਼ਾਂ `ਚ ਧਾਰਮਿਕ ਸੰਸਥਾਵਾਂ, ਪ੍ਰਵਾਸੀ ਸੰਗਠਨਾਂ ਅਤੇ ਭਾਰਤੀ ਵਿਦਿਆਰਥੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਰਤ `ਚ ਸਿਰਫ ਪਿਛਲੇ 3 ਦਿਨਾਂ `ਚ ਸਾਹਮਣੇ ਆਈਆਂ ਘਟਨਾਵਾਂ ਜਿਵੇਂ 22 ਅਗਸਤ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ `ਚ ਇਕ 4 ਸਾਲਾ ਮਾਸੂਮ ਬੱਚੀ ਨਾਲ 35 ਸਾਲਾ ਰਿਸ਼ਤੇਦਾਰ ਵੱਲੋਂ ਜਬਰ-ਜਨਾਹ, ਬਿਹਾਰ ਦੇ ਬੇਤੀਆ ਚ ਇਕ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਨੂੰ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ, ਦਫਤਰ `ਚ ਸ਼ਰਾਬ ਪੀਣ ਅਤੇ ਹੋਸਟਲ ਦੀ ਛੱਤ `ਤੇ ਮਾਲਿਸ਼ ਕਰਵਾਉਣ ਦੇ ਦੋਸ਼ `ਚ ਮੁਅੱਤਲ ਕੀਤਾ ਗਿਆ।
ਉੱਤਰ ਪ੍ਰਦੇਸ਼ `ਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ `ਪੁਵਾਇਆਂ ਥਾਣਾ ਇਲਾਕੇ `ਚ ਇਕ ਨੌਜਵਾਨ ਵੱਲੋਂ ਇਕ ਔਰਤ ਨਾਲ ਜਬਰ-ਜਨਾਹ, ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ `ਚ ਘਰ ਤੋਂ ਲਾਪਤਾ ਇਕ 10 ਸਾਲਾ ਲੜਕੀ ਦੀ ਲਾਸ਼ ਕਮਾਦ `ਚੋਂ ਬਰਾਮਦ ਹੋਈ ਜਿਸ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਨਾਲ ਜਬਰ-ਜਨਾਹ ਕੀਤਾ ਗਿਆ ਸੀ। 23 ਅਗਸਤ ਨੂੰ ਅਸਾਮ ਦੇ ਨਾਗਾਓਂ ਜ਼ਿਲ੍ਹੇ ਦੇ `ਧੀਂਗ` ਇਲਾਕੇ `ਚ ਰਾਤ ਲਗਭਗ 8 ਵਜੇ ਟਿਊਸ਼ਨ ਤੋਂ ਸਾਈਕਲ `ਤੇ ਘਰ ਪਰਤ ਰਹੀ 14 ਸਾਲਾ ਇਕ ਹਿੰਦੂ ਲੜਕੀ ਨਾਲ 3 ਲੋਕਾਂ ਨੇ ਜਬਰ-ਜਨਾਹ ਕੀਤਾ। ਏਸੇ ਦਿਨ ਹੀ ਉੱਤਰ ਪ੍ਰਦੇਸ਼ ਦੇ ਅਯੁੱਧਿਆ `ਚ ਇਕ ਨਵਵਿਆਹੁਤਾ ਮੁਸਲਿਮ ਔਰਤ ਵਲੋਂ ਨਰਿੰਦਰ ਮੋਦੀ ਅਤੇ ਯੋਗੀ ਆਦਿੱਤਿਆਨਾਥ ਦੀ ਸਿਫਤ ਕਰਨ `ਤੇ ਉਸ ਦੇ ਸਹੁਰਿਆਂ ਨੇ ਉਸ ਦੇ ਚਿਹਰੇ `ਤੇ ਉਬਲਦੀ ਹੋਈ ਦਾਲ ਸੁੱਟ ਕੇ ਉਸ ਦਾ ਚਿਹਰਾ ਸਾੜ ਦਿਤਾ। ਮਹਾਂਰਾਸ਼ਟਰ ਦੇ ਬਦਲਾਪੁਰ `ਚ ਇਕ ਸਕੂਲ `ਚ 3 ਅਤੇ 4 ਸਾਲ ਦੀਆਂ 2 ਮਾਸੂਮ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ `ਚ ਸਰਕਾਰ ਵਲੋਂ ਗਠਿਤ 2 ਮੈਂਬਰੀ ਪੈਨਲ ਅਨੁਸਾਰ ਇਨ੍ਹਾਂ ਬੱਚੀਆਂ ਨਾਲ ਇਕ ਵਾਰ ਨਹੀਂ ਸਗੋਂ 15 ਦਿਨਾਂ `ਚ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ ਜਿਸ ਨਾਲ ਉਨ੍ਹਾਂ ਦੀ ਯੋਨੀ ਦੀ ਝਿਲੀ ਫਟ ਗਈ। ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ `ਚ ਸਕੂਲ ਤੋਂ ਪਰਤ ਰਹੀ ਇਕ 13 ਸਾਲਾ ਨਾਬਾਲਿਗ ਨੂੰ ਲਿਫਟ ਦੇਣ ਦੇ ਬਹਾਨੇ ਜੰਗਲ `ਚ ਲਿਜਾ ਕੇ ਉਸ ਨਾਲ ਜਬਰ-ਜਨਾਹ, ਚੰਡੀਗੜ੍ਹ `ਚ ਇਕ ਸਕੂਲ ਬੱਸ ਡਰਾਈਵਰ ਮੁਹੰਮਦ ਰੋਜ਼ਾਕ 12ਵੀਂ ਜਮਾਤ ਦੀ ਵਿਦਿਆਰਥਣ ਦੀਆਂ ਤਸਵੀਰਾਂ ਨਾਲ ਛੇੜਛਾੜ ਜ਼ਰੀਏ ਉਸ ਨੂੰ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜਨਾਹ, ਮਹਾਰਾਸ਼ਟਰ `ਚ ਚੰਦਰਪੁਰ ਜ਼ਿਲ੍ਹੇ ਦੇ `ਨਾਗਭੀੜ ਕਸਬੇ `ਚ ਮਾਨਸਿਕ ਤੌਰ `ਤੇ ਕਮਜ਼ੋਰ ਇਕ 27 ਸਾਲਾ ਲੜਕੀ ਨਾਲ 5 ਲੋਕਾਂ ਵੱਲੋਂ ਜਬਰ-ਜਨਾਹ, ਕਰਨਾਟਕ ਚ ਉਡਿੰਪੀ ਜ਼ਿਲ੍ਹੇ ਦੇ ਕਾਰਕਲ `ਚ ਇਕ 24 ਸਾਲਾ ਲੜਕੀ ਨੂੰ ਅਗਵਾ ਕਰ ਕੇ ਨਸ਼ੀਲਾ ਪਦਾਰਥ ਦੇਣ ਪਿੱਛੋਂ ਸੁਨਸਾਨ ਜਗ੍ਹਾ `ਤੇ ਲਿਜਾ ਕੇ ਜਬਰ-ਜਨਾਹ ਕੀਤਾ ਗਿਆ। 24 ਅਗਸਤ ਨੂੰ ਮਹਾਰਾਸ਼ਟਰ `ਚ ਪੂਣੇ ਦੇ ਪਿੰਪਰੀ-ਚਿੰਚਵੜ `ਚ ਇਕ ਨਿੱਜੀ ਸਕੂਲ `ਚ 12 ਸਾਲਾ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦੇ ਦੋਸ਼ `ਚ 1 ਅਧਿਆਪਕ ਅਤੇ 7 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਅਸਾਮ ਚ `ਸੋਨਿਤਪੁਰ` ਜ਼ਿਲ੍ਹੇ `ਚ ਸੈਰ `ਤੇ ਨਿਕਲੀਆਂ 2 ਲੜਕੀਆਂ ਨਾਲ ਛੇੜਛਾੜ ਕਰਨ ਦਾ ਯਤਨ ਕਰਨ ਦੇ ਦੋਸ਼ੀ ਨੇ ਪੁਲਸ ਹਿਰਾਸਤ `ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਪੁਲਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ। ਕੋਇੰਬਟਰ ਦੇ ਇਕ ਸਕੂਲ `ਚ ਸੱਤਵੀਂ ਅੱਠਵੀਂ ਅਤੇ ਨੌਵੀਂ ਜਮਾਤ ਦੀਆਂ 9 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ `ਚ ਨਟਰਾਜਨ ਨਾਂ ਦੇ ਇਕ ਅਧਿਆਪਕ ਅਤੇ ਸ਼ਿਕਾਇਤ ਕਰਨ `ਤੇ ਵੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ `ਚ ਸਕੂਲ ਦੇ ਹੈਡਮਾਸਟਰ ਅਤੇ ਕਲਾਸ ਟੀਚਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਮਿਲਨਾਡੂ ਦੇ ਕੋਇੰਬਟੂਰ ਦੇ ਇਕ ਸਕੂਲ ਵਿਚ 9 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਨਟਰਾਜਨ ਨਾਂ ਦਾ ਅਧਿਆਪਕ ਐਕਸਟ੍ਰਾ ਕਲਾਸਾਂ ਦੇ ਨਾਂ `ਤੇ ਕਈ ਮਹੀਨਿਆਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।
ਟੀਮ ਵੱਲੋਂ ਹੋਰ ਵਿਦਿਆਰਥਣਾਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਟਰਾਜਨ ਨੇ 7ਵੀਂ, 8ਵੀਂ ਅਤੇ 9ਵੀਂ ਜਮਾਤ `ਚ ਪੜ੍ਹਦੀਆਂ ਇਕ-ਦੋ ਨਹੀਂ ਸਗੋਂ 9 ਵਿਦਿਆਰਥਣਾਂ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ। ਨਟਰਾਜਨ ਸਕੂਲ ਵਿਚ ਇਕ ਇੰਟਰਮੀਡੀਏਟ ਟੀਚਰ ਹੈ। ਮੁਲਜ਼ਮ ਅਧਿਆਪਕ ਦੀ ਗ੍ਰਿਫਤਾਰੀ ਤੋਂ ਬਾਅਦ ਸਕੂਲ ਅਗਲੇ ਹੁਕਮਾਂ ਤੱਕ ਸਕੂਲ ਬੰਦ ਕਰ ਦਿੱਤਾ ਗਿਆ ਹੈ। ਰਾਮਪੁਰ ਜ਼ਿਲ੍ਹੇ ਦੇ ਗੰਜ ਥਾਣਾ ਖੇਤਰ `ਚ ਟਿਊਸ਼ਨ ਪੜਾਉਣ ਵਾਲੇ ਇਕ ਅਧਿਆਪਕ ਵੱਲੋਂ 7 ਸਾਲਾ ਬੱਚੀ ਨੂੰ ਕਥਿਤ ਤੌਰ `ਤੇ ਨਗਨ ਕਰ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਨਿੱਜੀ ਸਕੂਲ ਦੀ ਕੈਂਟੀਨ ਵਿਚ ਕੰਮ ਕਰਨ ਵਾਲੇ ਇਕ ਨਾਬਾਲਗ ਨੇ 7 ਸਾਲਾ ਵਿਦਿਆਰਥਣ ਦਾ ਕਥਿਤ ਤੌਰ `ਤੇ ਜਿਨਸੀ ਸ਼ੋਸ਼ਣ ਕੀਤਾ। ਪੁਲਸ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 16 ਸਾਲਾ ਮੁਲਜ਼ਮ ਨੂੰ ਹਿਰਾਸਤ `ਚ ਲੈ ਕੇ `ਰਿਮਾਂਡ ਹੋਮ` ਭੇਜ ਦਿੱਤਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੂਜੀ ਜਮਾਤ `ਚ ਪੜ੍ਹਦੀ ਬੱਚੀ ਨੇ ਵੀਰਵਾਰ ਨੂੰ ਸਕੂਲ ਦੀ ਕੰਟੀਨ `ਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਕਲਾਸ ਟੀਚਰ ਨੂੰ ਦੱਸਿਆ ਕਿ ਉੱਥੇ ਕੰਮ ਕਰਨ ਵਾਲਾ ਇਕ `ਅੰਕਲ` ਉਸ ਨੂੰ ਪ੍ਰੇਸ਼ਾਨ ਕਰਦਾ ਹੈ।
ਬੰਬੇ ਹਾਈ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ `ਚ ਪੜ੍ਹਦੀਆਂ ਦੋ ਬੱਚੀਆਂ ਨਾਲ ਜਿਨਸੀ ਛੇੜਛਾੜ ਦੀ ਘਟਨਾ ਨੂੰ ਹੈਰਾਨ-ਪ੍ਰੇਸ਼ਾਨ` ਕਰਨ ਵਾਲੀ ਕਰਾਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਲੜਕੀਆਂ ਦੀ ਰੱਖਿਆ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਸਟਿਸ ਰੋਵਤੀ ਮੋਹਿਤੇ ਡੋਰੇ ਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਜਿਨ੍ਹਾਂ ਕੋਲ ਜਾਣਕਾਰੀ ਹੋਣ ਦੇ ਬਾਵਜੂਦ ਇਸ ਘਟਨਾ ਬਾਰੇ ਰਿਪੋਰਟ ਨਹੀਂ ਕੀਤੀ। ਸਕੂਲ ਕਮੇਟੀ ਖਿਲਾਫ਼ ਵੀ ਕਾਰਵਾਈ ਕਰਨੀ ਬਣਦੀ ਹੈ। ਕੋਰਟ ਨੇ ਐੱਫਆਈਆਰ ਦੇਰੀ ਨਾਲ ਦਰਜ ਕਰਨ ਵਿਚ ਲਈ ਪੁਲੀਸ ਦੀ ਝਾੜ-ਬੰਬ ਕੀਤੀ। ਬੈਂਚ ਨੇ ਸਰਕਾਰ ਵੱਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਹਦਾਇਤ ਕੀਤੀ ਕਿ ਉਹ ਪੀੜਤ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕਰਨ ਲਈ ਚੁੱਕੇ ਕਦਮਾਂ ਬਾਰੇ ਤੁਰੰਤ ਰਿਪੋਰਟ ਦਾਖਲ ਕਰੇ। ਰਿਪੋਰਟ ਵਿਚ ਐੱਫਆਈਆਰ ਦਰਜ ਕਰਨ ਵਿਚ ਦੇਰੀ ਦੇ ਕਾਰਨਾਂ ਦੇ ਵੇਰਵੇ ਵੀ ਮੰਗੇ ਗਏ ਹਨ। ਕੋਰਟ ਦੇ ਧਿਆਨ ਵਿਚ ਆਇਆ ਹੈ ਕਿ ਕੇਸ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਸਬੰਧਤ ਪੁਲੀਸ ਅਧਿਕਾਰੀ ਖਿਲਾਫ਼ ਕਾਰਵਾਈ ਤੋਂ ਨਹੀਂ ਝਿਜਕੇਗੀ। ਐਡਵੋਕੇਟ ਜਨਰਲ ਬੀਰੇਂਦਰ ਸਰਾਫ਼ ਨੇ ਕੋਰਟ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
ਕੋਰਟ ਨੇ ਇਸ ਘਟਨਾ ਦਾ `ਆਪੇ` ਨੋਟਿਸ ਲਿਆ, ਜਿੱਥੇ 12 ਤੇ 13 ਅਗਸਤ ਨੂੰ ਠਾਣੇ ਜ਼ਿਲ੍ਹੇ ਵਿਚ ਬਦਲਾਪੁਰ ਦੇ ਇਕ ਨਾਮੀ ਸਕੂਲ ਦੇ ਗੁਸਲਖਾਨੇ ਵਿਚ ਸਫ਼ਾਈ ਕਰਮੀ ਨੇ ਚਾਰ ਸਾਲ ਦੀਆਂ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਕੀਤੀ ਸੀ। ਕੋਰਟ ਵਿਚ ਦਾਖ਼ਲ ਦਸਤਾਵੇਜ਼ਾਂ ਮੁਤਾਬਕ ਇਸ ਕੇਸ ਵਿਚ ਐੱਫਆਈਆਰ 16 ਅਗਸਤ ਨੂੰ ਦਰਜ ਕੀਤੀ ਗਈ ਜਦੋਂਕਿ ਮੁਲਜ਼ਮ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਉਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਤੱਕ ਰੋਹ ਵਿਚ ਆਏ ਲੋਕ ਸੜਕਾਂ `ਤੇ ਨਹੀਂ ਉਤਰੇ। ਜਦੋਂ ਤੱਕ ਲੋਕਾਂ ਦਾ ਗੁੱਸਾ ਨਹੀਂ ਫੁੱਟਦਾ, ਪੁਲੀਸ ਮਸ਼ੀਨਰੀ ਕੋਈ ਕਦਮ ਨਹੀਂ ਪੁੱਟਦੀ। ਕੀ ਸਰਕਾਰਾਂ ਲੋਕਾਂ ਦਾ ਗੁੱਸਾ ਫੁੱਟਣ ਤੱਕ ਕੋਈ ਕਾਰਵਾਈ ਨਹੀਂ ਕਰ ਸਕਦੀਆਂ। ਬਦਲਾਪੁਰ ਪੁਲੀਸ ਨੇ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਇਹ ਬਹੁਤ ਗੰਭੀਰ ਮਸਲਾ ਹੈ, ਜਿੱਥੇ ਨਿੱਕੀਆਂ ਬੱਚੀਆਂ ਜਿਨ੍ਹਾਂ ਦੀ ਉਮਰ 3 ਤੋਂ ਚਾਰ ਸਾਲ ਹੈ, ਨਾਲ ਜਿਨਸੀ ਛੇੜਛਾੜ ਕੀਤੀ ਗਈ ਪੁਲੀਸ ਇਸ ਮਾਮਲੇ ਇੰਨੇ ਹਲਕੇ ਵਿਚ ਕਿਵੇਂ ਲੈ ਸਕਦੀ ਹੈ। ਜੇ ਸਕੂਲ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਤਿੰਨ ਚਾਰ ਸਾਲ ਦੇ ਬੱਚਿਆਂ ਦਾ ਮਾਮਲਾ ਬਹੁਤ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਤੇ ਸੰਵੇਦਨਸ਼ੀਲ ਹੈ।
ਬਦਲਾਪੁਰ ਪੁਲੀਸ ਨੇ ਜਿਸ ਤਰ੍ਹਾਂ ਨਾਲ ਜਾਂਚ ਕੀਤੀ ਹੈ, ਉਸ ਤੋਂ ਅਦਾਲਤ ਨਾਖੁਸ਼ ਹੈ। ਹਾਈ ਕੋਰਟ ਨੇ ਕਿਹਾ, ਸਾਡੀ ਦਿਲਚਸਪੀ ਸਿਰਫ਼ ਇੰਨੀ ਹੈ ਕਿ ਪੀੜਤ ਬੱਚੀਆਂ ਨੂੰ ਇਨਸਾਫ਼ ਮਿਲੇ ਤੇ ਪੁਲੀਸ ਨੂੰ ਵੀ ਚਾਹੀਦਾ ਸੀ ਕਿ ਉਹ ਇਨਸਾਫ਼ ਯਕੀਨੀ ਬਣਾਉਣ `ਚ ਦਿਲਚਸਪੀ ਰੱਖੇ। ਕੋਲਕਾਤਾ ਜਬਰ ਜਨਾਹ ਤੇ ਹੱਤਿਆ ਕੇਸ ਨੇ ਕੰਮਕਾਜੀ ਔਰਤਾਂ ਕਿੰਨੀਆਂ ਅਸੁਰੱਖਿਅਤ ਹਨ ਤੇ ਕਿਸ ਤਰ੍ਹਾਂ ਦੇ ਖ਼ਤਰਨਾਕ ਮਾਹੌਲ `ਚ ਕੰਮ ਕਰਦੀਆਂ ਹਨ ਦਾ ਡਰਾਉਣਾ ਦ੍ਰਿਸ਼ ਸਾਹਮਣੇ ਲਿਆਂਦਾ ਹੈ। ਕੰਮਕਾਜੀ ਥਾਵਾਂ `ਤੇ ਜਿਨਸੀ ਛੇੜਛਾੜ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਮੰਨਣ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਰਾਜਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਡਾਕਟਰਾਂ ਦੀ ਸੁਰੱਖਿਆ ਨੂੰ ਸੰਸਥਾਗਤ ਰੂਪ ਦੇਣ ਲਈ ਫੌਰੀ ਕਦਮ ਚੁੱਕਣ। ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਗਠਿਤ ਕੀਤੀ ਗਈ ਰਾਸ਼ਟਰੀ ਟਾਸਕ ਫੋਰਸ ਨੂੰ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ, ਕੰਮਕਾਜੀ ਔਰਤਾਂ ਸਬੰਧੀ ਅਸਰਦਾਰ ਸਿਫਾਰਿਸ਼ਾਂ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਸਿਫਾਰਿਸ਼ਾਂ ਜੇ ਅਸਲ ਵਿੱਚ ਸਹੀ ਤਰੀਕੇ ਨਾਲ ਅਸਰਦਾਰ ਕਾਰਗਾਰ ਸਾਬਿਤ ਹੁੰਦੀਆਂ ਹਨ ਤਾਂ ਹਰ ਪੇਸ਼ੇ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ `ਤੇ ਸਕਾਰਾਤਮਕ ਅਸਰ ਪਏਗਾ। ਸਾਰੇ ਹਿੱਤਧਾਰਕਾਂ ਨੂੰ ਇਕਜੁੱਟ ਹੋਣਾ ਪਏਗਾ। ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਕੀਤੇ ਗਏ ਜਬਰ-ਜਨਾਹ ਤੇ ਉਸ ਤੋਂ ਬਾਅਦ ਹੱਤਿਆ ਨੇ ਪੂਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ ਹੈ।
ਕੰਮਕਾਜੀ ਥਾਵਾਂ `ਤੇ ਔਰਤਾਂ ਨਾਲ ਛੇੜਛਾੜ ਬਾਰੇ ਕਾਨੂੰਨ, 2013 ਵਿੱਚ ਜਾਰੀ ਹੋਈਆਂ ਵਿਸ਼ਾਖਾ ਹਦਾਇਤਾਂ ਦੇ ਵਿਸਤਾਰ ਵਜੋਂ ਬਣਾਇਆ ਗਿਆ ਸੀ, ਜਿਸ ਦਾ ਮੰਤਵ ਔਰਤਾਂ ਲਈ ਸੁਰੱਖਿਅਤ ਕੰਮਕਾਜੀ ਮਾਹੌਲ ਯਕੀਨੀ ਬਣਾਉਣਾ ਸੀ। ਸੁਪਰੀਮ ਕੋਰਟ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਸਬੰਧੀ ਗੰਭੀਰ ਖ਼ਾਮੀਆਂ ਅਤੇ ਅਨਿਸ਼ਚਿਤਤਾ `ਤੇ ਸਵਾਲ ਚੁੱਕੇ ਸਨ। ਪਿਛਲੇ ਨੌ ਸਾਲਾਂ ਵਿੱਚ ਨਿਰਭਯਾ ਫੰਡ ਲਗਭਗ 76 ਪ੍ਰਤੀਸ਼ਤ ਵੱਖ ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਖਰਚਿਆ ਹੈ, ਜਦੋਂਕਿ ਪੂਰੇ ਭਾਰਤ `ਚੋਂ ਸਾਹਮਣੇ ਆ ਰਹੇ ਜਬਰ ਜਨਾਹ ਦੇ ਕੇਸਾਂ ਵਿੱਚ ਸਿਰਫ਼ 9 ਪ੍ਰਤੀਸ਼ਤ ਦੀ ਕਮੀ ਹੀ ਆਈ ਹੈ। ਜਦੋਂ ਤੱਕ ਇਨ੍ਹਾਂ ਘਟਨਾਵਾਂ ਦੇ ਜ਼ਿੰਮੇਵਾਰ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਾ ਤਾਂ ਔਰਤਾਂ ਦੀ ਸੁਰੱਖਿਆ ਯਕੀਨੀ ਬਣੇਗੀ ਤੇ ਨਾ ਹੀ ਔਰਤਾਂ ਦੇ ਕਿਰਤ ਬਲ `ਚ ਹਿੱਸੇਦਾਰੀ ਨੂੰ ਵਧਾਇਆ ਜਾ ਸਕੇਗਾ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.