ਸਮਾਜ ਵਿੱਚ ਮੋਹ ਦੇ ਦੀਵੇ ਬਾਲਣ ਵਾਲਾ ਨਿਰੰਜਨ ਸਿੰਘ ਗਰੇਵਾਲ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬਿਹਤਰੀ ਲਈ ਸਪਨੇ ਸਿਰਜਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਹ ਨਾ ਕੋ ਬੈਰੀ ਨਹੀ ਬਿਗਾਨਾ ਦੇ ਸਿਧਾਂਤ ‘ਤੇ ਪਹਿਰਾ ਦਿੰਦਾ ਹੋਇਆ ਜੀਵਨ ਬਸਰ ਕਰਦਾ ਸੀ। ਹਮੇਸ਼ਾ ਫਰੀਦ ਦੇ ਸ਼ਲੋਕ ‘ ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ’ ਅਨੁਸਾਰ ਹਰ ਇੱਕ ਨਾਲ ਰਿਸ਼ਤੇ ਗੰਢ ਕੇ ਬੁਰੇ ਲੋਕਾਂ ਦਾ ਭਲਾ ਕਰਨ ਲਈ ਤਤਪਰ ਰਹਿੰਦਾ ਸੀ। ਮੋਹ ਦੀਆਂ ਤੰਦਾਂ ਜੋੜਨਾ ਉਸਦਾ ਸ਼ੌਕ ਸੀ। ਆਮ ਤੌਰ ‘ਤੇ ਸੇਵਾ ਮੁਕਤੀ ਤੋਂ ਬਾਅਦ ਇਨਸਾਨ ਆਪਣੀ ਕੀਤੀ ਨੌਕਰੀ ਬਾਰੇ ਨਹੀਂ ਸੋਚਦਾ ਸਗੋਂ ਸਿਰਫ ਪਰਿਵਾਰ ਵਲ ਹੀ ਧਿਆਨ ਕੇਂਦਰਤ ਕਰਦਾ ਹੈ। ਪ੍ਰੰਤੂ ਨਿਰੰਜਨ ਸਿੰਘ ਗਰੇਵਾਲ ਹਰ ਵਕਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਆਰਥਿਕ ਹਾਲਤ ਤੇ ਕਾਰਗੁਜ਼ਾਰੀ ਨੂੰ ਸੁਚੱਜੀ ਬਣਾਉਣ ਦੀਆਂ ਤਰਕੀਬਾਂ ਸੋਚਦਾ ਰਹਿੰਦਾ ਸੀ।
ਆਪਣੇ ਵਾਕਫਕਾਰਾਂ ਨੂੰ ਪੀ.ਆਰ.ਟੀ.ਸੀ.ਦੀਆਂ ਬੱਸਾਂ ਵਿੱਚ ਸਫਰ ਕਰਨ ਲਈ ਪ੍ਰੇਰਦਾ ਰਹਿੰਦਾ ਸੀ। ਸਮਾਜ ਵਿੱਚ ਬਹੁਤ ਸਾਰੇ ਇਨਸਾਨ ਵਿਚਰਦੇ ਹੋਏ ਆਪੋ ਆਪਣੇ ਪਰਿਵਾਰਿਕ ਤੇ ਸਮਾਜਿਕ ਫ਼ਰਜ਼ ਨਿਭਾਉਂਦੇ ਜ਼ਿੰਦਗੀ ਬਸਰ ਕਰਦੇ ਹਨ। ਹਰ ਇਨਸਾਨ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਜ਼ਿੰਦਗੀ ਬਿਹਤਰੀਨ ਬਣਾਉਣ ਨੂੰ ਤਰਜ਼ੀਹ ਦਿੰਦਾ ਹੈ। ਉਸ ਤੋਂ ਬਾਅਦ ਉਸ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਸਮਝਦਾ ਹੈ। ਪ੍ਰੰਤੂ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜਿਹੜੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਪਹਿਲ ਦਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਨਿਰੰਜਨ ਸਿੰਘ ਗਰੇਵਾਲ ਦਾ ਨਾਮ ਆਉਂਦਾ ਹੈ, ਜਿਹੜਾ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਨੌਕਰੀ ਕਰਦਾ ਰਿਹਾ ਹੈ।
ਉਸਨੇ ਆਪਣੇ ਪਰਿਵਾਰ ਦੀ ਵੇਖਭਾਲ ਵੀ ਬਿਹਤਰੀਨ ਢੰਗ ਨਾਲ ਕੀਤੀ ਪ੍ਰੰਤੂ ਆਪਣੀ ਨੌਕਰੀ ਦੇ ਫ਼ਰਜ਼ਾਂ ਨੂੰ ਹਮੇਸ਼ਾ ਪਹਿਲ ਦਿੱਤੀ। ਉਹ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਕੰਡਕਟਰ ਭਰਤੀ ਹੋ ਗਿਆ ਸੀ। ਆਪਣੀ ਨੌਕਰੀ ਹਮੇਸ਼ਾ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕਰਦਾ ਰਿਹਾ, ਜਿਸ ਕਰਕੇ ਉਹ ਤਰੱਕੀ ਕਰਦਾ ਹੋਇਆ ਚੀਫ਼ ਇਨਸਪੈਕਟਰ ਦੇ ਅਹੁਦੇ ਤੱਕ ਪਹੁੰਚ ਗਿਆ। ਏਥੇ ਹੀ ਬਸ ਨਹੀਂ ਜਦੋਂ ਡਾ.ਹਰਕੇਸ਼ ਸਿੰਘ ਸਿੱਧੂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਬਣੇ ਤਾਂ ਉਨ੍ਹਾਂ ਨਿਰੰਜਨ ਸਿੰਘ ਗਰੇਵਾਲ ਦੀ ਇਮਾਨਦਾਰੀ ਕਰਕੇ ਉਸਨੂੰ ਸੇਵਾ ਮੁਕਤੀ ਤੋਂ ਬਾਅਦ ਆਪਣਾ ਓ.ਐਸ.ਡੀ.ਲਗਾ ਲਿਆ। ਉਸ ਸਮੇਂ ਕਾਰਪੋਰੇਸ਼ਨ ਦੀ ਆਰਥਿਕਤਾ ਮਜ਼ਬੂਤ ਹੋਈ ਅਤੇ ਚੋਰ ਮੋਰੀਆਂ ਬੰਦ ਕਰ ਦਿੱਤੀਆਂ ਗਈਆਂ। ਨਿਰੰਜਨ ਸਿੰਘ ਗਰੇਵਾਲ ਨੇ ਇਸ ਅਹੁਦੇ ‘ਤੇ ਕੰਮ ਕਰਦਿਆਂ ਕੋਈ ਤਨਖ਼ਾਹ ਜਾਂ ਹੋਰ ਭੱਤੇ ਵੀ ਨਹੀਂ ਲਏ। ਉਸ ਦੀ ਇਮਾਨਦਾਰੀ ਦੀ ਧਾਂਕ ਪੀ.ਆਰ.ਟੀ.ਸੀ. ਵਿੱਚ ਅਜੇ ਤੱਕ ਬਰਕਰਾਰ ਹੈ। ਆਮ ਤੌਰ ‘ਤੇ ਅੱਡਾ ਇਨਚਾਰਜ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਗੱਠ ਤਰੁਪ ਕਰ ਲੈਂਦੇ ਸਨ, ਜਿਸ ਕਰਕੇ ਪੀ.ਆਰ.ਟੀ.ਸੀ. ਨੂੰ ਸਵਾਰੀਆਂ ਨਹੀਂ ਮਿਲਦੀਆਂ ਸਨ। ਜਿਹੜੇ ਡਿਪੂ ਵਿੱਚ ਪੀ.ਆਰ.ਟੀ.ਸੀ.ਨੂੰ ਘਾਟਾ ਪੈਂਦਾ ਸੀ, ਉਥੇ ਹੀ ਨਿਰੰਜਨ ਸਿੰਘ ਗਰੇਵਾਲ ਦੀ ਡਿਊਟੀ ਲਗਾ ਦਿੱਤੀ ਜਾਂਦੀ ਸੀ।
ਇਕ ਡਿਪੂ ਨੂੰ ਮੁਨਾਫੇ ਵਿੱਚ ਲਿਆਉਣ ਤੋਂ ਬਾਅਦ ਉਸ ਨੂੰ ਦੂਜੇ ਡਿਪੂ ਵਿੱਚ ਭੇਜ ਦਿੱਤਾ ਜਾਂਦਾ ਸੀ। ਭਰਿਸ਼ਟ ਅਧਿਕਾਰੀ ਉਸ ਦੇ ਵਿਰੁੱਧ ਸਾਜ਼ਸ਼ਾਂ ਰਚਦੇ ਰਹਿੰਦੇ ਸਨ। ਬੱਸਾਂ ਦੇ ਟਾਈਮ ਟੇਬਲ ਬਣਾਉਣ ਸਮੇਂ ਵੀ ਅਧਿਕਾਰੀ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਰਲ ਜਾਂਦੇ ਸਨ। ਫਿਰ ਟਾਈਮ ਟੇਬਲ ਦੀ ਆਰ.ਟੀ.ਏ. ਨਾਲ ਮੀਟਿੰਗ ਕਰਨ ਲਈ ਨਿਰੰਜਨ ਸਿੰਘ ਗਰੇਵਾਲ ਦੀ ਡਿਊਟੀ ਲਗਾਈ ਜਾਂਦੀ ਸੀ। ਪ੍ਰਾਈਵੇਟ ਬੱਸਾਂ ਵਾਲੇ ਉਸ ਤੋਂ ਖਾਰ ਖਾਂਦੇ ਸਨ ਕਿਉਂਕਿ ਉਹ ਰਿਸ਼ਵਤ ਵੀ ਨਹੀਂ ਲੈਂਦਾ ਸੀ। ਦੂਜੇ ਰਾਜਾਂ ਵਿੱਚ ਜਿਵੇਂ ਹਿਮਾਚਲ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਦਿੱਲੀ ਆਦਿ ਰੂਟਾਂ ‘ਤੇ ਜਿਹੜੀਆਂ ਪੀ.ਆਰ.ਟੀ.ਸੀ.ਦੀਆਂ ਬੱਸਾਂ ਚਲਦੀਆਂ ਸਨ, ਉਥੇ ਕੰਡਕਟਰ ਸਾਰੀ ਦੀ ਸਾਰੀ ਬੱਸ ਦੀਆਂ ਟਿਕਟਾਂ ਨਹੀਂ ਕੱਟਦੇ ਸਨ ਕਿਉਂਕਿ ਉਥੇ ਉਨ੍ਹਾਂ ਦੀ ਚੈਕਿੰਗ ਲਈ ਜਾਣਾ ਔਖਾ ਹੁੰਦਾ ਸੀ। ਨਿਰੰਜਨ ਸਿੰਘ ਗਰੇਵਾਲ ਮੋਟਰ ਸਾਈਕਲ ‘ਤੇ ਅਜਿਹੇ ਰੂਟਾਂ ‘ਤੇ ਜਾ ਕੇ ਚੈਕਿੰਗ ਕਰਕੇ ਚੋਰੀ ਪਕੜਦਾ ਸੀ। ਕਈ ਕਈ ਰਾਤਾਂ ਘਰੋਂ ਬਾਹਰ ਰਹਿਣਾ ਪੈਂਦਾ ਸੀ। ਉਹ ਬੱਸਾਂ ਦੇ ਸਪੇਅਰ ਪਾਰਟਸ ਦੀ ਖ੍ਰੀਦ ਵਿੱਚ ਹੁੰਦੀ ਹੇਰਾ ਫੇਰੀ ਬਾਰੇ ਵੀ ਅਧਿਕਾਰੀਆਂ ਨੂੰ ਦੱਸ ਦਿੰਦਾ ਸੀ। ਪੀ.ਆਰ.ਟੀ.ਸੀ. ਵਿੱਚ ਭਰਿਸ਼ਟਾਚਾਰ ਸਿਖ਼ਰਾਂ ‘ਤੇ ਸੀ, ਜਿਸ ਕਰਕੇ ਉਹ ਆਰਥਿਕ ਤੌਰ ‘ਤੇ ਕਮਜ਼ੋਰ ਹੁੰਦੀ ਗਈ। ਬਹੁਤੇ ਡਿਪੂਆਂ ਦੇ ਅਧਿਕਾਰੀ ਵੀ ਗਰੇਵਾਲ ਤੋਂ ਖ਼ਾਰ ਖ਼ਾਂਦੇ ਸਨ। ਭਰਿਸ਼ਟ ਕੰਡਕਟਰਾਂ ਅਤੇ ਅਧਿਕਾਰੀਆਂ ਵਿੱਚ ਗਰੇਵਾਲ ਦਾ ਡਰ ਬਣਿਆਂ ਰਹਿੰਦਾ ਸੀ।
ਨਿਰੰਜਨ ਸਿੰਘ ਗਰੇਵਾਲ ਨੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਫ਼ੀਸਾਂ ਦੇ ਕੇ ਮਾਡਲ ਸਕੂਲਾਂ ਵਿੱਚ ਪੜ੍ਹਾਇਆ। ਇਸ ਤੋਂ ਇਲਾਵਾ ਆਪਣੇ ਪਿੰਡ ਦੇ ਹਾਇਰ ਸੈਕੰਡਰੀ ਸਕੂਲ ਦੀ ਆਪਣੇ ਖ਼ਰਚੇ ‘ਤੇ ਨੁਹਾਰ ਬਦਲਕੇ ਰੱਖ ਦਿੱਤੀ ਸੀ। ਬੱਚਿਆਂ ਦੇ ਬੈਠਣ ਲਈ ਬੈਂਚ ਖ੍ਰੀਦਕੇ ਦਿੱਤੇ। ਸਰਕਾਰੀ ਨੌਕਰੀ ਦੇ ਨਾਲ ਉਹ ਖੇਤੀ ਵੀ ਕਰਵਾਉਂਦੇ ਸਨ। ਆਪਣੇ ਸੀਰੀ ਮੰਗੂ ਅਤੇ ਉਸਦੇ ਪਰਿਵਾਰ ਨਾਲ ਗੂੜ੍ਹਾ ਸੰਬੰਧ ਬਣਾਕੇ ਰੱਖਿਆ। 44 ਸਾਲ ਆਪਣੇ ਸੀਰੀ ਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਉਹ ਉਨ੍ਹਾਂ ਦਾ ਸੀਰੀ ਹੈ। ਭਾਵੇਂ ਉਨ੍ਹਾਂ ਹੁਣ ਖੇਤੀ ਕਰਨੀ ਛੱਡ ਦਿੱਤੀ ਸੀ ਪ੍ਰੰਤੂ ਮੰਗੂ ਦੇ ਪਰਿਵਾਰ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਸਨ। ਮੰਗੂ ਦੇ ਪਰਿਵਾਰ ਨੂੰ ਉਹ ਆਪਣਾ ਪਰਿਵਾਰ ਸਮਝਦੇ ਸਨ। ਨਿਰੰਜਨ ਸਿੰਘ ਗਰੇਵਾਲ ਨੇ ਮੁੱਢਲੀ ਪੜ੍ਹਾਈ ਪ੍ਰਾਇਮਰੀ ਸਕੂਲ ਸਕਰੌਦੀ ਅਤੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਭਵਾਨੀਗੜ੍ਹ ਤੋਂ ਪ੍ਰਾਪਤ ਕੀਤੀ। ਕਬੱਡੀ ਦੇ ਵੀ ਉਹ ਬਿਹਤਰੀਨ ਖਿਡਾਰੀ ਸਨ। ਉਹ ਵਧੀਆ ਜਾਫੀ ਅਤੇ ਰੇਡਰ ਦੇ ਤੌਰ ਤੇ ਮਸ਼ਹੂਰ ਸਨ, ਉਨ੍ਹਾਂ ਦੀ ਚੁਸਤੀ ਅਤੇ ਫੁਰਤੀ ਕਰਕੇ ਕਬੱਡੀ ਪ੍ਰੇਮੀ ਉਨ੍ਹਾਂ ਨੂੰ ਟੈਣੀ ਕਹਿਣ ਲੱਗ ਪਏ ਸਨ। ਕਬੱਡੀ ਜਗਤ ਵਿੱਚ ਉਹ ਟੈਣੀ ਦੇ ਨਾਮ ਨਾਲ ਜਾਣੇ ਜਾਂਦੇ ਸਨ।
ਕੰਡਕਟਰ ਦੀ ਨੌਕਰੀ ਕਰਦਿਆਂ ਸੰਗਰੂਰ ਜ਼ਿਲ੍ਹੇ ਦੀ ਕਬੱਡੀ ਟੀਮ ਦੇ ਮੈਂਬਰ ਹੁੰਦਿਆਂ ਦੂਰ ਦੁਰਾਡੇ ਕਬੱਡੀ ਖੇਡਣ ਲਈ ਛੁੱਟੀ ਲੈ ਕੇ ਜਾਂਦੇ ਰਹੇ ਸਨ। ਪਿਛਲੇ ਤਿੰਨ ਮਹੀਨੇ ਤੋਂ ਜਿਗਰ ਦੀ ਬਿਮਾਰੀ ਕਰਕੇ ਬਿਮਾਰ ਸਨ। 17 ਅਗਸਤ 2024 ਨੂੰ 83 ਸਾਲ ਦੀ ਉਮਰ ਭੋਗ ਕੇ ਉਹ ਸਵਰਗ ਸਿਧਾਰ ਗਏ। ਉਹ ਆਪਣੇ ਪਿਛੇ ਦੋ ਲੜਕੇ ਪਰਦੁਮਣ ਸਿੰਘ ਗਰੇਵਾਲ, ਪਰਵਿੰਦਰ ਸਿੰਘ ਗਰੇਵਾਲ, ਤਿੰਨ ਲੜਕੀਆਂ ਪਰਮਜੀਤ ਕੌਰ ਸਿੱਧੂ, ਅਮਨਜੀਤ ਕੌਰ ਵੜੈਚ, ਰੁਪਿੰਦਰ ਕੌਰ ਚਾਹਲ ਅਤੇ ਪੋਤਰੇ, ਪੋਤਰੀਆਂ ਤੇ ਦੋਹਤੇ ਦੋਹਤਰੀਆਂ ਨੂੰ ਛੱਡ ਗਏ ਹਨ। ਉਨ੍ਹਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਪਤਾਹਕ ਪਾਠ ਦਾ ਭੋਗ ਤੇ ਅੰਤਮ ਅਰਦਾਸ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿੱਚ 25 ਅਗਸਤ 2024 ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.