ਵਿਦੇਸ਼ਾਂ ਵਿੱਚ ਕਾਲਾ ਧੰਨ ਜਮਾਂ ਕਰਵਾਉਣ ਵਾਲੇ ਦੇਸ਼ਧ੍ਰੋਹੀ ਲੀਡਰਾਂ - ਪਾਖੰਡੀ ਬਾਬਿਆਂ ਅਤੇ ਭ੍ਰਿਸ਼ਟ ਅਫ਼ਸਰਾਂ ਨੇ ਕੀਤਾ ਦੇਸ਼ ਦਾ ਬੇੜਾ ਗਰਕ - ਡਾ.ਐਚ.ਐਸ.ਬਾਵਾ
ਭਾਰਤ ਹੁਣ ਦੁਨੀਆਂ ਲਈ ਚੋਥੀ ਮਹਾਂ ਸ਼ਕਤੀ ਦੇ ਵਿਕਲਪ ਵਜੋਂ ਉਭਰਿਆ ਹੈ ਪਰ ਫਿਰ ਵੀ...
ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਅਦਾਰਾ ਯੂ.ਪੀ.ਆਈ. ਸ਼ਰਧਾਂਜਲੀ ਭੇਂਟ ਕਰਦਾ ਹੋਇਆ, 15 ਅਗਸਤ 2024 ਅਜ਼ਾਦੀ ਦਿਵਸ ਦੇ ਮੌਕੇ ਸਾਰੇ ਭਾਰਤ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹੈ। ਦੇਸ਼ ਦੀ ਅਜ਼ਾਦੀ ਹਾਸਲ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਐਸੇ ਅਨੇਕਾਂ ਕਾਰਨਾਂ ਕਰਕੇ ਅੱਜ ਪੰਜਾਬੀਆਂ ਦੀ ਵਿਸ਼ਵ ਭਰ ਵਿੱਚ ਵਿਲੱਖਣ ਪਛਾਣ ਹੈ। ਅਦਾਰਾ ਯੂ.ਪੀ. ਆਈ. ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੈ ਜਿਹਨਾਂ ਨੇ ਦੇਸ਼ ਦੀ ਅਜ਼ਾਦੀ ਖਾਤਰ ਕੁਰਬਾਨੀਆਂ ਦੇ ਕੇ ਸਮੁੱਚੇ ਦੇਸ਼ਵਾਸੀਆਂ ਨੂੰ ਅਜਾਦੀ ਦਾ ਨਿੱਘ ਮਾਨਣ ਦਾ ਅਵਸਰ ਤਾਂ ਦਿੱਤਾ ਹੈ, ਪਰ ਅਸਲ ਵਿੱਚ ਇਸ ਅਜ਼ਾਦੀ ਦਾ ਨਿੱਘ ਸਿਰਫ ਸੀਮਤ ਲੋਕਾਂ ਤੱਕ ਹੀ ਸਿਮਟ ਕੇ ਰਹਿ ਗਿਆ ਅਤੇ ਬਹੁਤੀ ਜਨਤਾ ਅਜੇ ਵੀ ਅਜਾਦੀ ਦੇ ਉਸ ਨਿੱਘ ਤੋਂ ਵਾਂਝੀ ਹੈ ਜੋ ਸੁਪਨਾ ਸ਼ਹੀਦ ਭਗਤ ਸਿੰਘ ਸਮੇਤ ਹੋਰ ਸ਼ਹੀਦਾਂ ਨੇ ਲਿਆ ਸੀ। ਕਈ ਵਾਰ ਬਜੁਰਗਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਹੁਣ ਨਾਲੋਂ ਤਾਂ ਅੰਗਰੇਜਾਂ ਦਾ ਰਾਜ ਹੀ ਚੰਗਾ ਸੀ, ਬਜੁਰਗਾਂ ਦਾ ਕਹਿਣਾ ਹੈ ਕਿ ਅੰਗਰੇਜਾਂ ਦੇ ਰਾਜ ਵਿੱਚ ਇਕੱਲੀ ਔਰਤ ਵੀ ਸੋਨੇ-ਚਾਂਦੀ ਦੇ ਗਹਿਣੇ ਪਾ ਕੇ ਘਰੋਂ ਬਾਹਰ ਚਲੀ ਜਾਂਦੀ ਸੀ, ਤਾਂ ਕਿਸੇ ਦੀ ਜੁਰਤ ਨਹੀਂ ਸੀ ਕਿ ਗਹਿਣੇ ਲੁੱਟ ਲਵੇ, ਪਰ ਹੁਣ ਸ਼ਰੇਆਮ ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਅਨੇਕਾਂ ਕੇਸਾਂ ਵਿੱਚ ਸਰਕਾਰਾਂ ਮੂਕ ਦਰਸ਼ਕ ਬਣ ਇਸ ਲਈ ਚੁੱਪ ਰਹਿੰਦੀਆਂ ਹਨ ਕਿ ਉਹਨਾਂ ਦੀਆਂ ਵੋਟਾਂ ਖਰਾਬ ਨਾ ਹੋ ਜਾਣ।
ਹੁਣ ਦੇਖਣਾ ਇਹ ਹੋਵੇਗਾ ਕਿ ਆਪਾਂ ਅਜਾਦ ਹੋਣ ਤੋਂ ਬਾਅਦ ਕਿੰਨੀ ਕੁ ਤਰੱਕੀ ਕਰ ਲਈ ਹੈ। ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਅਜਾਦੀ ਦੇ ਸਮੇਂ ਦੇ ਮੁਕਾਬਲੇ ਆਵਾਜਾਈ ਦੇ ਸਾਧਨਾਂ ਨਾਲੋਂ ਕਿਤੇ ਵਧੀਆ ਹੁਣ ਅਸੀਂ ਆਵਾਜਾਈ ਦੇ ਸਾਧਨ ਬਣਾ ਲਏ ਹਨ। ਅਜਾਦੀ ਦੇ ਸਮੇਂ ਦੇ ਘਰਾਂ ਦੇ ਮੁਕਾਬਲੇ ਘਰ ਅਸੀਂ ਵਧੀਆ ਬਣਾ ਲਏ ਹਨ ਭਾਵੇਂ ਕਰਜਾ ਹੀ ਲੈ ਕੇ ਕਿਉਂ ਨਾ ਬਣਾਏ ਹੋਣ। ਇੱਕ ਬਜੁਰਗ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਜਾਦੀ ਤੋਂ ਪਹਿਲਾਂ ਨਾ ਤਾਂ ਲੋਕ ਨਸ਼ੇ ਕਰਦੇ ਸੀ ਅਤੇ ਨਾ ਹੀ ਆਤਮ - ਹੱਤਿਆਵਾਂ। ਇਹ ਦੋਵੇਂ ਨਸ਼ਾ ਜਾਂ ਆਤਮ-ਹੱਤਿਆ ਦੁਖੀ ਹੋ ਕਿ ਕੀਤੀ ਜਾਂਦੀ ਹੈ ਤਾਂ ਫਿਰ ਸਾਡੀ ਅਜਾਦੀ ਨੇ ਸਾਨੂੰ ਕੀ ਦਿੱਤਾ ਹੈ। ਇਸ ਲਈ ਸਾਨੂੰ ਅਜਾਦੀ ਤੋਂ ਬਾਅਦ ਨਸ਼ਿਆਂ ਦੀ ਕੀ ਲੋੜ ਪੈ ਗਈ। ਆਤਮ-ਹੱਤਿਆ ਲਈ ਕਿਉਂ ਮਜਬੂਰ ਹੋਇਆ - ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ - ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਾਦੀ ਤੋਂ ਪਹਿਲਾਂ ਸਾਡੇ ਘਰਾਂ ਵਿੱਚ ਬਜੁਰਗਾਂ ਕੋਲ ਹਰ ਘਰ ਵਿੱਚ ਸੋਨਾ-ਚਾਂਦੀ ਆਮ ਸੀ। ਘਰਾਂ ਵਿੱਚ ਪਿੱਤਲ, ਕੈਂਹੇ ਅਤੇ ਤਾਂਬੇ ਦੇ ਭਾਂਡੇ ਅਤੇ ਵੱਡੀਆਂ - ਵੱਡੀਆਂ ਗਾਗਰਾਂ ਜੋ ਕਿ ਬੇਸ਼ੁਮਾਰ ਕੀਮਤੀ ਭਾਂਡੇ ਹੁੰਦੇ ਸੀ। ਇਹਨਾਂ ਤਾਂਬੇ - ਪਿੱਤਲ ਦੇ ਭਾਂਡਿਆਂ ਵਿੱਚ ਖਾਣਾ ਬਨਾਉਣਾ ਅਤੇ ਖਾਣਾ ਜੋ ਕਿ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਸੀ। ਪਰ ਹੁਣ ਸਾਡੇ ਕੋਲ ਘਰਾਂ ਵਿੱਚ ਜਿਆਦਾਤਰ ਪਲਾਸਟਿਕ ਅਤੇ ਸਿਲਵਰ ਦੇ ਬਰਤਨ ਹਨ ਜੋ ਕਿ ਬਹੁਤ ਸਸਤੇ ਤਾਂ ਹਨ ਪਰ ਬਹੁਤ ਖਤਰਨਾਕ ਬਿਮਾਰੀਆਂ ਪੈਦਾ ਕਰਨ ਵਿੱਚ ਸਹਾਇਕ ਹਨ।
ਇੱਕ ਦਿਨ ਹਰਜਿੰਦਰ ਹੈਰੀ ਨਾਮ ਦਾ ਇੱਕ ਨੌਜਵਾਨ ਨੈਟ ਤੇ ਕਰੰਸੀ ਰੇਟ ਚੈਕ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਅਮਰੀਕਾ ਦੇ ਇੱਕ ਡਾਲਰ ਦੇ ਬਦਲੇ ਸਾਡੇ ਕਰੀਬ 83 - 84/- ਰੁਪਏ ਬਣਦੇ ਹਨ, ਤਾਂ ਮੈਂ ਉਸਨੂੰ ਕਿਹਾ ਕਿ ਇੱਕ ਬਾਰ ਫਿਰ ਚੈਕ ਕਰਿਓ ਕਿ ਸਾਡੇ ਦੇਸ਼ ਦੀ ਅਜਾਦੀ ਵਾਲੇ ਸਾਲ 1947 ਵਿੱਚ ਅਮਰੀਕਾ ਅਤੇ ਭਾਰਤ ਦੀ ਕਰੰਸੀ ਵਿੱਚ ਕੀ ਅੰਤਰ ਸੀ। ਜੋ ਉਸਨੇ ਚੈਕ ਕਰਨ ਤੋਂ ਬਾਅਦ ਦੱਸਿਆ ਉਹ ਸੁਣ ਕੇ ਮੈਂ ਹੈਰਾਨ ਅਤੇ ਪ੍ਰੇਸ਼ਾਨ ਹੋਇਆ, ਅਗਰ ਤੁਹਾਨੂੰ ਵੀ ਨਹੀਂ ਪਤਾ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਅਜਾਦੀ ਤੋਂ ਬਾਅਦ ਸਾਡਾ ਦੇਸ਼ ਕਿਸ ਦਿਸ਼ਾ ਵੱਲ ਗਿਆ। ਇਸ ਤੋਂ ਹੋਰ ਵੀ ਕਲੀਅਰ ਹੋ ਜਾਵੇਗਾ ਨੈਟ ਤੇ ਚੈਕ ਕਰਕੇ ਉਸ ਨੌਜਵਾਨ ਨੇ ਦੱਸਿਆ ਕਿ 1947 ਵਿੱਚ ਅਮਰੀਕਾ ਤੇ ਭਾਰਤ ਦੀ ਕਰੰਸੀ ਬਰਾਬਰ-ਬਾਰਬਰ ਸੀ, ਅਤੇ 1917 ਵਿੱਚ ਸਾਡੇ ਇੱਕ ਰੁਪਏ ਦੇ ਬਦਲੇ ਸਾਨੂੰ 13 ਡਾਲਰ ਮਿਲਦੇ ਸਨ ਇਸ ਪ੍ਰਤਿ ਅਸਲ ਸੱਚਾਈ ਜਾਨਣ ਲਈ ਤੁਸੀਂ ਖੁਦ ਨੈਟ ਤੇ ਚੈਕ ਕਰ ਲੈਣਾ ਜੀ। ਹੁਣ ਇਥੇ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਅਗਰ 1947 ਵਿੱਚ ਸਾਡੀ ਕਰੰਸੀ ਅਮਰੀਕਾ ਦੇ ਬਰਾਬਰ ਸੀ ਤਾਂ ਹੁਣ ਸਾਡੀ ਕਰੰਸੀ ਇੰਨੀ ਡਾਉਨ ਕਿਉਂ ਹੋ ਗਈ।
ਕਈ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਡੇ ਦੇਸ਼ ਨੂੰ ਮੁਗਲਾਂ ਨੇ ਲੁੱਟਿਆ, ਫਿਰ ਅੰਗਰੇਜਾਂ ਨੇ ਲੁੱਟਿਆ ਅਤੇ ਸਭ ਤੋਂ ਵੱਧ ਹੁਣ ਸਾਡਿਆਂ ਨੇ ਹੀ ਸਾਡੇ ਦੇਸ਼ ਨੂੰ ਲੁੱਟਿਆ। ਇੰਨਾ ਜਿਆਦਾ ਮੁਗਲਾਂ ਅਤੇ ਅੰਗਰੇਜਾਂ ਦੋਹਾਂ ਨੇ ਨਹੀਂ ਲੁੱਟਿਆ ਜਿੰਨਾ ਸਾਡਿਆਂ ਨੇ ਲੁੱਟਿਆ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇਗੀ ਤਾਂ ਕੀ ਬਣੂੰ ਦੁਨਿਆ ਦਾ...!
ਭਾਂਵੇ ਕਿ ਹੁਣ ਸਾਡਾ ਦੇਸ਼ ਦੁਨੀਆਂ ਲਈ ਚੋਥੀ ਮਹਾਂ ਸ਼ਕਤੀ ਦੇ ਵਿਕਲਪ ਵਜੋਂ ਉਭਰਿਆ ਹੈ ਪਰ ਫਿਰ ਵੀ ਅਜੇ ਦੇਸ਼ ਦੀ ਜਨਤਾ ਦੀਆਂ ਸੁੱਖ - ਸਹੂਲਤਾਂ ਲਈ ਬਹੁਤ ਕੁੱਝ ਕਰਨਾ ਬਾਕੀ ਹੈ ਪਰ ਫਿਰ ਵੀ ਉਹਨਾਂ ਲੋਕਾਂ ਲਈ ਕਾਹਦੀ ਅਜਾਦੀ ਜਿਹਨਾਂ ਕੋਲ ਕੋਈ ਰੋਜਗਾਰ ਨਹੀਂ ਹੈ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹੈ, ਜਿਨ੍ਹਾਂ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ, ਜੋ ਭੁੱਖ-ਮਰੀ ਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਦੀ ਸਰਕਾਰੇ-ਦਰਬਾਰੇ ਕੋਈ ਪੁੱਛ-ਗਿੱਛ ਨਹੀਂ ਹੈ। ਜਿਨ੍ਹਾਂ ਕੋਲ ਇਹ ਸਭ ਤਾਂ ਹੈ ਪਰ ਉਹ ਸਭ ਕਰਜੇ ਤੇ ਹੈ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਸ਼ - ਧ੍ਰੋਹੀ ਲੀਡਰਾਂ ਨੇ, ਧਰਮ ਦੇ ਨਾਮ ਤੇ ਪਾਖੰਡ ਵਿੱਚ ਪਾ ਕੇ ਲੁੱਟਣ ਵਾਲਿਆਂ ਬਾਬਿਆਂ ਨੇ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਭ੍ਰਿਸ਼ਟ ਅਫਸਰਾਂ/ਮੁਲਾਜਮਾਂ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਜਿਨ੍ਹਾਂ ਵੀ ਲੀਡਰਾਂ, ਅਫਸਰਾਂ, ਬਿਜਨੈਸਮੈਨਾਂ ਜਾਂ ਕਿਸੇ ਨੇ ਵੀ ਸਾਡੇ ਦੇਸ਼ ਦਾ ਪੈਸਾ ਚੋਰੀ-ਛੁਪੇ ਵਿਦੇਸ਼ਾਂ ਵਿੱਚ ਰੱਖਿਆ ਹੋਇਆ ਹੈ, ਉਹ ਸਾਰੇ ਹੀ ਦੇਸ਼-ਧ੍ਰੋਹੀ ਹਨ।
ਦੇਸ਼ ਵਿੱਚ ਸਭ ਤੋਂ ਵੱਧ ਰਾਜ ਕਰਨ ਦਾ ਮੌਕਾ ਕਾਂਗਰਸ ਨੂੰ ਮਿਲਿਆ। ਕਾਂਗਰਸ ਨੂੰ ਚਾਹੀਦਾ ਸੀ ਕਿ ਸਾਰਾ ਸਿਸਟਮ ਇੰਨਾ ਵਧੀਆ ਬਣਾ ਦਿੱਤਾ ਜਾਂਦਾ, ਜਿਸ ਨਾਲ ਹਰ ਵਰਗ ਆਪਣੇ ਆਪ ਨੂੰ ਖੁਸ਼-ਨਸੀਬ ਮਹਿਸੂਸ ਕਰਦਾ ਤਾਂ ਕਦੇ ਵੀ ਕੋਈ ਦੂਸਰੀ ਧਿਰ ਉੱਠ ਹੀ ਨਹੀਂ ਸੀ ਸਕਦੀ। ਪਰ ਹੁਣ ਦੇਸ਼ ਦੀ ਵਾਗ-ਡੋਰ ਭਾਜਪਾ ਕੋਲ ਹੈ, ਇਸ ਲਈ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਲੁਟੇਰਿਆਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹਨਾਂ ਨੇ ਦੇਸ਼-ਧ੍ਰੋਹ ਕਰਕੇ ਸਾਡੇ ਦੇਸ਼ ਦਾ ਪੈਸਾ ਲੁੱਟ ਕਿ ਵਿਦੇਸ਼ਾਂ ਵਿੱਚ ਰੱਖਿਆ ਹੋਇਆ ਹੈ। ਕਿਉਂਕਿ ਜਨਤਾ ਉਹਨਾਂ ਖਿਲਾਫ ਕਾਰਵਾਈ ਦਾ ਇੰਤਜਾਰ ਕਰ ਰਹੀ ਹੈ। ਇਸ ਤੋਂ ਬਾਅਦ ਦੇਸ਼ ਅੰਦਰ ਭ੍ਰਿਸ਼ਟ ਨੇਤਾਵਾਂ, ਕੁਰੱਪਟ ਅਫਸਰਾਂ ਅਤੇ ਧਰਮ ਦੇ ਨਾਮ ਤੇ ਧੰਦਾ ਕਰਕੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਨਾਉਣ ਵਾਲੇ ਪਾਖੰਡੀ ਬਾਬਿਆਂ/ਪੁਜਾਰੀਆਂ/ਪਾਦਰੀਆਂ/ਮੁਸਲਮ ਅਤੇ ਹੋਰ ਤਾਂਤ੍ਰਿਕਾਂ ਸਮੇਤ ਸਾਰੇ ਅਜਿਹੇ ਗਲਤ ਲੋਕਾਂ ਦੀ ਸ਼ਨਾਖਤ ਕਰਕੇ ਉਹਨਾਂ ਖਿਲਾਫ ਸਰਕਾਰ ਕਾਰਵਾਈ ਕਰੇ ਜੋ ਕਾਨੂੰਨ ਨੂੰ ਛਿੱਕੇ ਟੰਗ ਕੇ ਦੇਸ਼-ਧ੍ਰੋਹੀ ਕਰ ਰਹੇ ਹਨ ਅਤੇ ਦੇਸ਼ ਦਾ ਪੈਸਾ ਲੁੱਟ ਕੇ ਦੇਸ਼ ਦੀ ਕਰੰਸੀ ਨੂੰ ਦਿਨੋ-ਦਿਨ ਡਾਊਨ ਕਰ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਨੂੰ ਕਾਂਗਰਸ ਦੀਆਂ ਗਲਤੀਆਂ ਤੋਂ ਸਬਕ ਲੈ ਕਿ ਉਹ ਕੁਝ ਕਰਨਾ ਚਾਹੀਦਾ ਹੈ ਕਿ ਜੋ ਭਾਜਪਾ ਜਾਂ ਦੇਸ਼ ਦੇ ਲੋਕ ਸੋਚਦੇ ਹਨ ਕਿ ਕਾਂਗਰਸ ਨੂੰ ਦੇਸ਼ ਵਾਸਤੇ ਕਰਨਾ ਚਾਹੀਦਾ ਸੀ। ਦੇਸ਼ ਦੀ ਅਰਥ ਵਿਵਸਥਾ ਡਾਊਨ ਹੋਣ ਦੇ ਵਿੱਚ ਜਿੱਥੇ ਅਸੀਂ ਉਕਤ ਲੋਕਾਂ ਨੂੰ ਜਿੰਮੇਵਾਰ ਸਮਝਦੇ ਹਾਂ, ਉਥੇ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਉਹ ਸਖਸ਼ ਵੀ ਜਿੰਮੇਵਾਰ ਹਨ ਜੋ ਸ਼ਰਾਬ ਅਤੇ ਨੋਟਾਂ ਬਦਲੇ ਆਪਣੀ ਬੇਸ਼ੁਮਾਰ ਕੀਮਤੀ ਵੋਟ ਦਾ ਗਲਤ ਜਗ੍ਹਾ ਤੇ ਇਸਤੇਮਾਲ ਕਰਦੇ ਹਨ। ਜਿਸ ਨਾਲ ਉਹ ਜਾਣੇ-ਅਣਜਾਣੇ ਆਪਣੀ ਕੀਮਤੀ ਵੋਟ ਨੂੰ ਕੌਡੀਆਂ ਦੇ ਭਾਅ ਵੇਚ ਕੇ ਸ਼ਹੀਦਾਂ ਤੇ ਅਜਾਦੀ ਘੁਲਾਟੀਆਂ ਦੇ ਸੁਪਨਿਆਂ ਤੇ ਪਾਣੀ ਫੇਰ ਰਹੇ ਹਨ।
ਅਦਾਰਾ ਯੂ.ਪੀ.ਆਈ. ਉਹਨਾਂ ਮਹਾਨ ਅਜਾਦੀ ਘੁਲਾਟੀਆਂ ਦਾ ਵੀ ਰਿਣੀ ਹੈ ਜਿਹਨਾਂ ਨੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਪਣੇ ਅਜਾਦੀ ਦੇ ਪ੍ਰਣ ਨੂੰ ਦ੍ਰਿੜਤਾ ਨਾਲ ਨੇਪਰੇ ਚਾੜਿਆ। ਅਜਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਐਸੀ ਅਜਾਦੀ ਅਤੇ ਐਸੇ ਸਮਾਜ ਦੀ ਸਿਰਜਣਾ ਨਹੀਂ ਹੋ ਸਕੀ ਜੈਸਾ ਕਿ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੇ ਸੁਪਨਾ ਲਿਆ ਸੀ। ਆਓ ਆਪਾਂ ਆਪੋ-ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅੱਜ ਆਪਾਂ ਅਨਮੋਲ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਕਿੰਨਾ ਕੁ ਮੁੱਲ ਪਾ ਰਹੇ ਹਾਂ। ਦੇਸ਼ ਦੇ ਸ਼ਹੀਦਾਂ ਲਈ ਸੱਚੀ-ਸੁੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਆਪਾਂ ਸਭ ਰਲ-ਮਿਲ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ, ਜਾਤ-ਪਾਤ, ਊਚ-ਨੀਚ, ਭੇਦ-ਭਾਵ ਵਰਗੇ ਵਿਤਕਰੇ ਖਤਮ ਕਰਨ ਵਿੱਚ ਯੋਗਦਨ ਪਾਈਏ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਜਿਹੀਆਂ ਕੁਰੀਤੀਆਂ ਨੂੰ ਨੱਥ ਪਾਈਏ। ਅਨਪੜ੍ਹਤਾ, ਬੇਰੁਜਗਾਰੀ, ਦਹੇਜ-ਪ੍ਰਥਾ, ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਖਹਿੜਾ ਛੁਡਾਉਣ ਲਈ ਗੰਭੀਰਤਾ ਨਾਲ ਯਤਨ ਕਰੀਏ ਤਾਂ ਕੋਈ ਮੰਜਿਲ ਦੂਰ ਨਹੀਂ ਹੈ। ਸ਼ਹੀਦਾਂ ਦੀਆਂ ਯਾਦਗਾਰਾਂ ਤੇ ਫੁੱਲ ਝੜਾਉਣ ਨਾਲੋਂ ਜਿਆਦਾ ਜਰੂਰੀ ਹੈ ਕਿ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਕੇ ਇੱਕ ਸੁਚੱਜੇ ਸਮਾਜ ਦੀ ਸਿਰਜਣਾ ਕਰੀਏ ਤਾਂ ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਸਾਡੇ ਦੇਸ਼ ਦੇ ਸ਼ਹੀਦਾਂ ਲਈ।
ਡਾ.ਐਚ.ਐਸ.ਬਾਵਾ
ਟੀ/86 ਅਜੀਤ ਨਗਰ ਕਪੂਰਥਲਾ
ਮੋਬ : 98 147 27 558
-
ਡਾ.ਐਚ.ਐਸ.ਬਾਵਾ, writer
vijaygraphics08@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.