- ਉਜਾੜੇ ਦਾ ਦਰਦ ਇਸ ਕਦਰ ਹਿੱਕ ਨਾਲ ਲਾ ਕੇ ਰੱਖਿਆ ਕਿ ਪੰਜਾਬ ਤੋਂ ਤੁਰਨ ਵੇਲੇ ਬੰਨ੍ਹੀ ਪੱਗ ਮਰਨ ਤੱਕ ਸਿਰ 'ਤੇ ਰੱਖੀ।
- ਕਿਸ ਗੱਲ ਦੇ ਜਸ਼ਨ ? ਕਿਹੜਾ ਮਾਅਰਕਾ ਮਾਰ ਲਿਆ ??
ਸਾਹ ਲੈਂਦਾ ਹਰ ਜੀਵ, ਬੂਟਾ, ਮਨੁੱਖ ਆਜਾਦੀ ਲੋੜਦੈ। ਪਿੰਜਰੇ 'ਚ ਕੈਦ ਤੋਤੇ, ਚਿੜੀਆਂ ਵੀ ਖੁੱਲ੍ਹੇ ਅੰਬਰੀਂ ਉੱਡਣਾ ਲੋਚਦੇ ਹਨ ਪਰ ਤਾਕਤਵਰ ਧਿਰ ਇਨਸਾਨ ਆਪਣੀ ਖੁਸ਼ੀ ਲਈ ਉਹਨਾਂ ਨਿਤਾਣਿਆਂ ਨੂੰ ਗੁਲਾਮ ਬਣਾ ਕੇ ਰੱਖਦੈ। ਗੁਲਾਮੀ ਖਿਲਾਫ ਆਜ਼ਾਦ ਹੋਣ ਦੀ ਇੱਛਾ ਨਿਰੰਤਰ ਆਪਣੇ ਸਫ਼ਰ 'ਤੇ ਰਹਿੰਦੀ ਹੈ। ਜਦੋਂ ਭਾਰਤ ਪਾਕਿਸਤਾਨ ਦੀ 'ਆਜ਼ਾਦੀ' ਦੀ ਗੱਲ ਕਰਦੇ ਹਾਂ ਤਾਂ 1947 ਵੇਲੇ ਹੋਏ ਭਿਆਨਕ ਉਜਾੜੇ, ਕਤਲੇਆਮ, ਲੁੱਟ ਖੋਹ, ਆਪਣਿਆਂ ਕੋਲੋਂ ਵਿੱਛੜਣ ਵੇਲੇ ਦਾ ਵਿਰਲਾਪ ਕੰਨਾਂ 'ਚ ਕੁਰਬਲ ਕੁਰਬਲ ਕਰਨ ਲੱਗਦੈ। ਇੱਜ਼ਤਾਂ ਦੀ ਚੀਰਫਾੜ ਦਾ ਦੁੱਖ, ਆਪਣਿਆਂ ਵੱਲੋਂ ਆਪਣਿਆਂ ਦੇ ਕਤਲ ਕਿਹੜੀ ਆਜ਼ਾਦੀ ਵੱਲ ਲੈ ਕੇ ਗਏ ਸਨ?? ਇਹ ਸਵਾਲ ਅੱਜ ਵੀ ਦੋਵੇਂ ਦੇਸ਼ਾਂ ਦੇ ਹੁਕਮਰਾਨਾਂ ਨੂੰ ਮੂੰਹ ਚਿੜਾਉਂਦੇ ਨਜ਼ਰੀਂ ਪੈਂਦੇ ਹਨ। ਇੱਕ ਦੂਜੇ ਦੀ ਕੰਧ ਨਾਲ ਕੰਧ ਸਾਂਝੀ, ਖੇਤੀਬਾੜੀ ਦੇ ਸੰਦ-ਸੰਦੇੜੇ ਤੋਂ ਲੈ ਕੇ ਕੰਧਾਂ ਵਿਚਕਾਰ ਬਣਾਏ ਮੋਘਰਿਆਂ ਥਾਈਂ ਦਾਲ ਸਬਜ਼ੀਆਂ ਵਾਲੀਆਂ ਕੌਲੀਆਂ ਦੇ ਵਟਾਂਦਰਿਆਂ ਵਾਲੀ ਸਾਂਝ ਨੂੰ ਕੌਣ ਖੂਨ ਦੀ ਰੰਗਤ ਦੇ ਗਿਆ?
ਸੋਚ ਕੇ ਦੇਖੋ ਕੀ ਸਿਆਸਤਦਾਨਾਂ ਦੇ ਵਚਨਾਂ 'ਤੇ ਫੁੱਲ ਚੜ੍ਹਾਉਂਦੇ ਘੜੰਮ ਚੌਧਰੀ ਕਿੰਨੀ ਜ਼ਹਿਰ ਆਪਣੇ ਅੰਦਰ ਸਮੋਈ ਬੈਠੇ ਹੋਣਗੇ ਕਿ ਪਿੰਡ ਪਿੰਡ, ਸ਼ਹਿਰ ਸ਼ਹਿਰ 'ਚ ਨਫ਼ਰਤ ਦੇ ਬੀਜੇ ਬੀਜ ਕਿਵੇਂ ਅਮਰਵੇਲ ਬਣ ਕੇ ਭਾਈਚਾਰੇ ਦੇ ਬੂਟੇ ਨੂੰ ਸੁਕਾ ਗਏ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਇੱਕ ਸੁਨੇਹਾ ਚੁਟਕੀ ਮਾਰਿਆਂ ਦੇਸ਼ਾਂ ਦੀਆਂ ਹੱਦਾਂ ਟੱਪ ਜਾਂਦਾ ਹੈ। ਅੱਜ ਤੋਂ 75 ਸਾਲ ਪਹਿਲਾਂ ਸਿਆਸਤ ਕਿੰਨੀ ਕਰੂਪ ਹੋਵੇਗੀ, ਜਿਸਨੇ ਘਰ ਘਰ ਨਫ਼ਰਤ ਦੇ ਥੋਹਰ ਖਿਲਾਰ ਦਿੱਤੇ ਸਨ? ਲੱਖਾਂ ਲੋਕਾਂ ਦਾ ਕਤਲੇਆਮ, ਗਿਣਤੀ ਮਿਣਤੀ ਤੋਂ ਪਰ੍ਹੇ ਮਾਲੀ ਨੁਕਸਾਨ, ਅਮੁੱਲੀਆਂ ਸਾਂਝਾਂ ਦੇ ਵਿਛੋੜੇ ਆਪੋ ਆਪਣੀਆਂ ਝੋਲੀਆਂ 'ਚ ਪੁਆ ਕੇ ਸਾਨੂੰ ਕਿਹੜੀ ਆਜ਼ਾਦੀ ਵਾਲਾ ਛੁਣਛੁਣਾ ਫੜਾ ਦਿੱਤਾ ਗਿਆ?
ਬੇਸ਼ੱਕ ਓਹ ਦਰਦੀਲਾ ਦੌਰ ਸਾਡੇ ਦਾਦਿਆਂ ਬਾਬਿਆਂ ਦਾ ਦੌਰ ਸੀ, ਪਰ ਜਦੋਂ ਲੰਮੀਆਂ ਉਮਰਾਂ ਵਾਲੇ ਬਜ਼ੁਰਗਾਂ ਦੀਆਂ ਹਾਉਕਿਆਂ ਹਟਕੋਰਿਆਂ ਭਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਨਸ਼ਰ ਹੋਈਆਂ ਦੇਖਦੇ ਹਾਂ ਤਾਂ ਦਿਲ ਪਾਟ ਜਾਂਦੈ। ਕਿਵੇਂ ਅੱਜ ਵੀ ਬਜ਼ੁਰਗ ਆਪਣੇ ਪਿਛਲੇ ਪਿੰਡਾਂ, ਪਰਿਵਾਰਾਂ, ਖੇਤਾਂ, ਦੋਸਤਾਂ ਨੂੰ ਯਾਦ ਕਰਕੇ ਖੂਨ ਦੇ ਅੱਥਰੂ ਰੋਂਦੇ ਹਨ। ਆਮ ਲੋਕਾਂ ਨੇ ਤਾਂ ਅਜਿਹੀ ਆਜ਼ਾਦੀ ਦੀ ਕਲਪਨਾ ਵੀ ਨਹੀਂ ਸੀ ਕੀਤੀ, ਜਿਹੜੀ ਆਪਣਿਆਂ ਦੇ ਖ਼ੂਨ 'ਚ ਗੁੰਨ੍ਹੀ ਹੋਵੇ।
ਤਿੰਨ ਕੁ ਸਾਲ ਪਹਿਲਾਂ ਮੈਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਆ ਕੇ ਵਸਿਆ ਤਾਂ ਮਿਲੇ ਦੋ ਸਖਸ਼ਾਂ ਦੀਆਂ ਗੱਲਾਂ ਸੁਣ ਕੇ ਇਉਂ ਲੱਗਿਆ ਜਿਵੇਂ ਮੈਂ ਉਹਨਾਂ ਦੇ ਪਿਓ ਦਾਦਿਆਂ ਦੀਆਂ ਚੀਕਾਂ ਆਪਣੇ ਕੰਨੀਂ ਸੁਣ ਰਿਹਾ ਹੋਵਾਂ। ਪਹਿਲਾ ਸਖਸ਼ ਸੀ ਅਬਦੁਲ ਕਯੂਮ ਨਾਂ ਦਾ ਦੁਕਾਨਦਾਰ ਵੀਰ। ਉਹਦੀ ਦੁਕਾਨ 'ਤੇ ਗਿਆ ਤਾਂ ਜਿਹੜਾ ਮੋਹ, ਅਪਣੱਤ ਕਯੂਮ ਵੱਲੋਂ ਮੇਰੇ ਸੀਨੇ 'ਤੇ ਉੱਕਰ ਦਿੱਤਾ, ਉਹ ਇਹ ਦੱਸਣ ਲਈ ਕਾਫੀ ਸੀ ਕਿ 'ਉਜਾੜੇ' ਤੋਂ ਪਹਿਲਾਂ ਸਾਡਾ 'ਭਰੱਪਾ' ਕਿਹੋ ਜਿਹਾ ਹੋਵੇਗਾ? ਕਯੂਮ ਨੇ ਆਪਣੀਆਂ ਗੱਲਾਂ ਦੀ ਸ਼ੁਰੂਆਤ ਤਾਂ ਬਹੁਤ ਖੁਸ਼ਮਿਜਾਜ਼ੀ ਨਾਲ ਕੀਤੀ ਪਰ ਅਚਾਨਕ ਅੱਖਾਂ ਦੇ ਕੋਏ ਅੱਥਰੂਆਂ ਨੂੰ ਸਾਂਭ ਨਾ ਸਕੇ। ਕਯੂਮ ਦਾ ਕਹਿਣਾ ਸੀ ਕਿ "ਸਾਡਾ ਜਗਰਾਵਾਂ ਕੋਲ ਪਿੰਡ ਸਵੱਦੀ ਚੰਗਾ ਖਾਸਾ ਪਰਿਵਾਰ, ਕੰਮਕਾਰ ਸੀ। ਉਜਾੜਾ ਹੋਇਆ ਤਾਂ ਪਾਕਿਸਤਾਨ ਦੇ ਟੋਭਾ ਟੇਕ ਸਿੰਘ ਜਾ ਕੇ ਵਸਣਾ ਪਿਆ। ਮੇਰੇ ਦਾਦਾ ਦਾ ਸਰਦਾਰਾਂ ਨਾਲ ਅੰਤਾਂ ਦਾ ਮੁਲਾਹਜਾ ਸੀ, ਪਿਆਰ ਸੀ। ਦਾਦੇ ਦੀਆਂ ਗੱਲਾਂ 'ਚ ਓਹ ਮੋਹ ਆਖਰੀ ਸਾਹ ਤੱਕ ਜਿਉਂਦਾ ਰਿਹਾ। ਉਹ ਦਸਤਾਰਾਂ ਵਾਲੇ ਤੇ ਉੱਚੇ ਕਿਰਦਾਰਾਂ ਵਾਲੇ ਯਾਰਾਂ ਸਰਦਾਰਾਂ ਦੀ ਯਾਦ 'ਚ ਬਾਹਾਂ ਖੜ੍ਹੀਆਂ ਕਰ ਕਰ ਅੱਲ੍ਹਾ ਅੱਗੇ ਉਹਨਾਂ ਦੀਆਂ ਖੈਰਾਂ ਮੰਗਦਾ। ਜਿੰਨੀ ਦੇਰ ਦਾਦਾ ਨਿਜ਼ਾਮਦੀਨ ਜਿਉਂਦਾ ਰਿਹਾ, ਸਵੱਦੀ ਤੋਂ ਬੰਨ੍ਹ ਕੇ ਲਿਆਂਦੀ ਪੱਗ ਹੀ ਬੰਨ੍ਹਦਾ ਰਿਹਾ। ਕੋਈ ਦੂਜੀ ਪੱਗ ਖਰੀਦੀ ਵੀ ਨਾ"
ਆਪਣੇ ਦਾਦੇ ਦੀਆਂ ਗੱਲਾਂ ਸੁਣਾਉਂਦਾ ਕਯੂਮ ਨੀਵੀਂ ਪਾਈ ਦੁਕਾਨ ਦੇ ਕਾਊਂਟਰ 'ਤੇ ਉਂਗਲ ਨਾਲ ਇਬਾਰਤ ਜਿਹੀ ਲਿਖਦਾ ਮੇਰੇ ਕੋਲੋਂ ਅੱਖਾਂ ਦੇ ਗਿੱਲੇ ਹੋਏ ਕੋਏ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਮਨਦੀਪ ਬਾਈ, ਮੇਰੇ ਅੱਬਾ ਨੂੰ ਦਾਦੇ ਨੇ ਕਹਿਣਾ ਕਿ ਰਫੀਕ ਮੈਨੂੰ ਨਨਕਾਣੇ ਲੈ ਚੱਲ, ਮੈਂ ਪੱਗਾਂ ਵਾਲੇ ਸਰਦਾਰ ਦੇਖਣੇ ਆ।"
ਇਸੇ ਤਰ੍ਹਾਂ ਹੀ ਬਾਗੀ ਬਿਰਤੀ ਦੇ ਸ਼ਾਇਰ ਸਲੀਮ ਰਜ਼ਾ ਨੂੰ ਮਿਲਣ ਦਾ ਸਬੱਬ ਬਣਿਆ। ਸਲੀਮ ਰਜ਼ਾ ਦੇ ਪਰਿਵਾਰ ਦਾ ਪਿੱਛਾ ਰਾਏਕੋਟ ਦਾ ਸੀ। ਉਹੀ ਦਰਦ, ਓਹੀ ਆਪਣਿਆਂ ਨੂੰ ਮਿਲਣ ਦੀ ਚਾਹਤ ਸਲੀਮ ਰਜ਼ਾ ਦੀਆਂ ਗੱਲਾਂ 'ਚ ਦੇਖਣ ਨੂੰ ਮਿਲੀ। ਹੈਰਾਨੀ ਉਦੋਂ ਹੋਈ ਜਦੋਂ ਸਲੀਮ ਰਜ਼ਾ ਜੀ ਨੇ ਆਪਣੀ ਉਰਦੂ ਸ਼ਾਇਰੀ ਨੂੰ ਗੁਰਮੁਖੀ 'ਚ ਅਨੁਵਾਦ ਕਰਕੇ ਛਾਪਣ ਲਈ ਭੇਜਿਆ ਤਾਂ ਤਾਕੀਦ ਕਰਦਿਆਂ ਬੋਲੇ, "ਮਨਦੀਪ, ਮੇਰੀ ਇੱਛਾ ਹੈ ਕਿ ਤੁਸੀਂ ਰਚਨਾ ਦੇ ਅਖੀਰ 'ਚ ਮੇਰਾ ਨਾਮ ਸਲੀਮ ਰਜ਼ਾ ਰਾਏਕੋਟੀ ਜ਼ਰੂਰ ਲਿਖਣਾ।"
ਸੂਏ ਕੱਸੀਆਂ 'ਚ ਤੈਰਦੀਆਂ ਲਾਸ਼ਾਂ ਨੂੰ ਬਾਲ ਉਮਰੇ ਤੱਕ ਬੈਠਾ ਸਲੀਮ ਰਜ਼ਾ ਅਜੇ ਵੀ ਉਹ ਭਿਆਨਕ ਤਸਵੀਰਾਂ ਦਿਲ 'ਚ ਸਾਂਭੀ ਬੈਠਾ ਹੈ।
ਅੱਜ ਦੋਵੇਂ ਦੇਸ਼ਾਂ ਦੇ ਹਾਕਮ ਆਜ਼ਾਦੀ ਦਾ ਜਿੰਨਾ ਮਰਜ਼ੀ ਡੌਂਡਕਾ ਪਿੱਟਣ ਪਰ ਉਹ ਸਮਾਂ ਆਜ਼ਾਦੀ ਦਾ ਸੀ ਜਾਂ ਬਰਬਾਦੀ ਦਾ, ਪਿੰਡਿਆਂ 'ਤੇ ਹੰਢਾਉਣ ਵਾਲੇ ਲੋਕ ਹੀ ਜਾਣਦੇ ਹਨ।
ਦੇਸ਼ ਮਹਿੰਗਾਈ, ਭੁੱਖਮਰੀ, ਭ੍ਰਿਸ਼ਟਾਚਾਰ ਦੀ ਦਲਦਲ 'ਚ ਧਸਿਆ ਹੋਵੇ ਤੇ ਲੋਕਾਂ ਨੂੰ ਘਰ ਘਰ ਝੰਡੇ ਲਾਉਣ ਦੇ ਫੁਰਮਾਨ ਸੁਣਾਏ ਜਾ ਰਹੇ ਹੋਣ? ਇਉਂ ਲਗਦੈ ਜਿਵੇਂ ਭੁੱਖੇ ਨੂੰ ਰੋਟੀ ਦੇਣ ਦੀ ਬਜਾਏ ਕਾਗਜ਼ 'ਤੇ ਰੋਟੀ ਦੀ ਤਸਵੀਰ ਬਣਾ ਕੇ ਫੜਾ ਦਿੱਤੀ ਹੋਵੇ।
-
ਮਨਦੀਪ ਖੁਰਮੀ ਹਿੰਮਤਪੁਰਾ, ਲੇਖਕ
mandeepkhurmi4u@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.