ਡਾ.ਭਗਵੰਤ ਸਿੰਘ ਤੇ ਡਾ.ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ ਪੁਸਤਕ
ਉਜਾਗਰ ਸਿੰਘ
ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੌਰ ਦੀ ਸੰਪਾਦਿਤ ਪੁਸਤਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਸੰਕਲਪ ਦੀ ਵਿਆਖਿਆ ਕਰਨ ਅਤੇ ਸੰਗਠਤ ਜਾਣਕਾਰੀ ਦੇਣ ਵਾਲੀ ਪੁਸਤਕ ਹੈ। ਇਸ ਪੁਸਤਕ ਦੀ ਖ਼ੂਬੀ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਾਰੇ ਪੱਖਾਂ ਦੀ ਉਚ ਕੋਟੀ ਦੇ 14 ਵਿਦਵਾਨ ਇਤਿਹਾਸਕਾਰਾਂ ਵੱਲੋਂ ਆਪਣੇ ਲੇਖਾਂ ਵਿੱਚ ਦਿੱਤੀ ਗਈ ਸਾਰਥਿਕ ਤੱਥਾਂ ‘ਤੇ ਅਧਾਰਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਪੁਸਤਕ ਖੋਜੀ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ ਕਿਉਂਕਿ ਇੱਕ ਪੁਸਤਕ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦੇ ਸਾਰੇ ਪੱਖਾਂ ਦੀ ਜਾਣਕਾਰੀ ਉਪਲਭਧ ਹੈ। ਪ੍ਰੋ.ਤੇਜਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਇਤਿਹਾਸਕ ਪਿਛੋਕੜ ਬਾਰੇ ਲਿਖਦਿਆਂ ਰਾਜ ਦਾ ਆਧਾਰ ਸਿੱਖ ਧਰਮ ਦੀ ਧਰਮ ਨਿਰਪੱਖ ਵਿਚਾਰਧਾਰਾ ਦੱਸਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਰੋਸਾਏ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਵਿਚਾਰਧਾਰਾ ‘ਤੇ ਸਿੱਖ ਰਾਜ ਸਥਾਪਤ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਸੰਕਲਪ ਨੂੰ ਅੱਗੇ ਵਧਾਇਆ ਹੈ। 1809 ਤੱਕ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਨੇ ਰਾਜਨੀਤਕ ਸ਼ਕਤੀ ਨੂੰ ਧਾਰਮਿਕ ਸਰਦਾਰੀ ਨਾਲ ਸੰਮਿਲਤ ਕੀਤਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਮਤੇ ਨੂੰ ਰਾਜਨੀਤਕ ਮਾਮਲਿਆਂ ਦੇ ਸੰਬੰਧ ਵਿੱਚ ਸਮਾਪਤ ਕਰ ਦਿੱਤਾ, ਜਿਸ ਅਨੁਸਾਰ ਸਿੱਖਾਂ ਅਤੇ ਗ਼ੈਰ ਸਿੱਖ ਸਲਾਹਕਾਰਾਂ ਦੀ ਸਲਾਹ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜ਼ਾਤ ਬਰਾਦਰੀ ਨੂੰ ਤਿਲਾਂਜ਼ਲੀ ਦੇ ਕੇ ਰਾਜ ਪ੍ਰਬੰਧ ਚਲਾਇਆ। ਡਾ.ਗੰਡਾ ਸਿੰਘ ਦੇ ਪੁਸਤਕ ਵਿੱਚ ਤਿੰਨ ਲੇਖ ਹਨ। ਉਨ੍ਹਾਂ ਨੇ ਆਪਣੇ ਖੋਜੀ ਲੇਖਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਪੁਰਖਿਆਂ ਤੋਂ ਸ਼ੁਰੂ ਕਰਕੇ ਅਖ਼ੀਰ ਤੱਕ ਹੋਈਆਂ ਘਟਨਾਵਾਂ ਦਾ ਵਿਸਤਾਰ ਪੂਰਬਕ ਤੱਥਾਂ ‘ਤੇ ਅਧਾਰਤ ਜਾਣਕਾਰੀ ਦਿੱਤੀ ਹੈ। ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਤੇ ਤਲਵਾਰ ਲੈ ਕੇ ਹਰ ਮੁਹਿੰਮ ਦੀ ਬਹਾਦਰੀ ਨਾਲ ਅਗਵਾਈ ਕਰਦੇ ਰਹੇ। ਰਣਜੀਤ ਸਿੰਘ ਦੀ ਪ੍ਰਸ਼ਾਸ਼ਨਿਕ ਅਤੇ ਯੁਧ ਨੀਤੀ ਬਾਰੇ ਜਾਣਕਰੀ ਦਿੱਤੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿਧੀ ਕਰਕੇ 1822 ਵਿੱਚ ਇਟਲੀ ਦੇ ਵੈਨਤੂਰਾ ਅਤੇ ਫਰਾਂਸ ਦੇ ਐਲਾਰਡ ਲਾਹੌਰ ਵੱਲ ਆਕਰਸ਼ਿਤ ਹੋਏ, ਉਨ੍ਹਾਂ ਨੂੰ ਕ੍ਰਮ ਅਨੁਸਾਰ ਪੈਦਲ ਸੈਨਾ ਅਤੇ ਘੋੜ ਸਵਾਰ ਫ਼ੌਜ ਵਿੱਚ 2500 ਰੁਪਏ ਪ੍ਰਤੀ ਮਹੀਨਾ ਭਰਤੀ ਕਰ ਲਿਆ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਪਤਨ ਬਾਰੇ ਵੀ ਤੱਥਾਂ ਨਾਲ ਸਬੂਤ ਦਿੰਦਿਆਂ ਲਿਖਿਆ ਹੈ। ਗੰਡਾ ਸਿੰਘ ਨੇ ਮਹਾਰਾਜਾ ਦੇ ਪਰਿਵਾਰ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਦਾ ਬਿਨਾ ਲਿਹਾਜ ਕੀਤਿਆਂ ਚਿੱਠਾ ਖੋਲ੍ਹ ਕੇ ਰੱਖ ਦਿੱਤਾ। ਸੀਤਾ ਰਾਮ ਕੋਹਲੀ ਨੇ ਆਪਣੇ ਲੇਖ ਵਿੱਚ ਸਿੱਖ ਮਿਸਲਾਂ ਦਾ ਸੰਗਠਨ ਅਤੇ ਖ਼ਾਲਸਾ ਫ਼ੌਜ ਬਾਰੇ ਦੱਸਿਆ ਕਿ ਉਨ੍ਹਾਂ ਦੇ ਰਾਜ ਦੇ ਆਲੇ ਦੁਆਲੇ ਛੋਟੀਆਂ ਛੋਟੀਆਂ ਰਿਆਸਤਾਂ ਅਤੇ 12 ਸਿੱਖ ਮਿਸਲਾਂ ਆਜ਼ਾਦ ਰਾਜ ਕਰਦੀਆਂ ਸਨ ਪ੍ਰੰਤੂ ਇਹ ਅੰਦਰੂਨੀ ਲੜਾਈ ਝਗੜਿਆਂ ਵਿੱਚ ਮਸਤ ਸਨ। ਰਾਜਸੀ ਸੂਝ ਬੂਝ ਨਾਲ ਉਨ੍ਹਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਕੇ ਆਪਣੇ ਅਧੀਨ ਲਿਆਂਦਾ। ਇੱਕ ਠੋਸ ਰਾਜ ਦੀ ਸਥਾਪਨਾ ਮਹਾਰਾਜੇ ਦੀ ਕਾਬਲੀਅਤ ਦਾ ਸਬੂਤ ਸੀ। ਫ਼ੌਜ ਦੇ ਸਾਰੇ ਅੰਗਾਂ ਵਿੱਚ ਇੱਕ ਲੱਖ ਵਿਅਕਤੀਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਉਦਯੋਗਾਂ ਦਾ ਰਾਜ ਦੁਆਰਾ ਲਗਾਏ ਗਏ ਕਾਰਖਾਨਿਆਂ ਵਿੱਚ ਲੜਾਈ ਦਾ ਸਾਮਾਨ ਬਣਨ ਲੱਗ ਪਿਆ। ਫ਼ੌਜੀ ਅਧਿਕਾਰੀਆਂ ਦੀਆਂ ਨਿਯੁਕਤੀਆਂ ਜ਼ਾਤਾਂ ‘ਤੇ ਅਧਾਰਤ ਨਹੀਂ ਸਗੋਂ ਕਾਬਲੀਅਤ ‘ਤੇ ਕੀਤੀਆਂ। ਇਹ ਸੋਚ ਕਾਬਲੇ ਤਾਰੀਫ਼ ਸੀ। ਆਪਣੀ ਹਿਫ਼ਾਜ਼ਤ ਲਈ ਗਰੁਪ ਬਣੇ ਤੇ ਗਰੁਪ ਲੀਡਰਾਂ ਨੂੰ ਨਵਾਬ ਕਪੂਰ ਸਿੰਘ ਨੇ ਇਕੱਠਿਆਂ ਕੀਤਾ ਤੇ ਦਲ ਖਾਲਸਾ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਫ਼ੌਜ ਦੇ ਨਾਲ ਆਧੁਨਿਕ ਤਕਨੀਕਾਂ ਵਰਤਣ ਦੀ ਸਕੀਮ ਬਣਾਈ। ਪੈਦਲ ਤੇ ਤੋਪਖਾਨਾ ਫ਼ੌਜ ਨੂੰ ਸਿਖਲਾਈ ਦਵਾਈ। ਹਰੀ ਰਾਮ ਗੁਪਤਾ ਨੇ ਵਿਸਤਾਰ ਨਾਲ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ ਨੇ ਪੈਦਲ ਤੇ ਤੋਪਖਾਨਾ ਫ਼ੌਜੀਆਂ ਦੀਆਂ ਤਨਖਾਹਾਂ ਆਦਿ ਦਾ ਸੁਚੱਜਾ ਪ੍ਰਬੰਧ ਕੀਤਾ। ਯੂਰਪੀਨ ਅਧਿਕਾਰੀ ਅਤੇ ਤੋਪਚੀ ਫ਼ੌਜੀਆਂ ਨੂੰ ਸਿੱਖਿਅਤ ਕਰਨ ਲਈ ਬੁਲਾਏ ਗਏ। ਤੋਪਖਾਨੇ ਨੂੰ ਵੱਖ ਵੱਖ ਵਿਭਾਗਾਂ ਵਿੱਚ ਵੰਡ ਕੇ ਵਰਗੀਕਰਣ ਕੀਤਾ ਗਿਆ। ਤੋਪਾਂ ਦੀ ਢਲਾਈ ਲਈ ਲਾਹੌਰ ਵਿੱਚ ਫ਼ਾਊਂਡਰੀ ਬਣਾਈ ਹੋਈ ਸੀ। ਘੋੜ ਸਵਾਰ ਫ਼ੌਜ ਨੂੰ ਪੱਛਵੀਂ ਲੀਹਾਂ ‘ਤੇ ਸਿਖਲਾਈ ਕੋਰਸ ਕਰਵਾਏ ਜਾਂਦੇ ਸਨ। ਅਨੁਸ਼ਾਸਨ ਦੇ ਕਠੋਰ ਨਿਯਮ ਸਨ। ਇਨ੍ਹਾਂ ਦੇ ਵਰਗੀਕਰਣ ਵਿੱਚ ਨਿਯਮਤ ਘੋੜ ਸਵਾਰ, ਘੋੜਚੜ੍ਹਾ ਫ਼ੌਜ ਅਤੇ ਜਾਗੀਰਦਾਰੀ ਫ਼ੌਜ। ਜਿਨ੍ਹਾਂ ਸ਼ਾਸ਼ਕਾਂ ਨੂੰ ਹਰਾਇਆ ਤੇ ਆਪਣੇ ਨਾਲ ਜੋੜਿਆ, ਉਨ੍ਹਾਂ ਦੀ ਵਫ਼ਦਾਰੀ ਜਿੱਤਣ ਲਈ ਬਖ਼ਸ਼ਿਸ਼ਾਂ ਦਿੱਤੀਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁਝ ਭੱਤੇ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਪੁਰਸਕਾਰ ਵਿੱਚ ਖਿਲਅਤ ਦਿੱਤੀ ਜਾਂਦੀ ਸੀ, ਉਸ ਵਿੱਚ ਬਸਤਰ, ਗਹਿਣੇ ਆਦਿ ਅਤੇ ਖਿਤਾਬ ਵੀ ਦਿੱਤੇ ਜਾਂਦੇ ਸਨ। ਪੱਛਵੀਂ ਤਰਜ ‘ਤੇ ‘ਆਰਡਰ ਆਫ ਮੈਰਿਟ ਜਾਂ ਸਟਾਰ ਆਫ ਦਾ ਪੰਜਾਬ’ ਜਿਸ ਵਿੱਚ ਬਹੁਤ ਮਹਿੰਗੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ। ਡਾ.ਜੀ ਐਲ.ਚੋਪੜਾ ਨੇ ਆਪਣੇ ਲੇਖ ਵਿੱਚ ਦੱਸਿਆ ਸਿਵਲ ਪ੍ਰਸ਼ਾਸਨ ਚਲਾਉਣ ਲਈ 15 ਵਿਭਾਗ ਸਥਾਪਤ ਕੀਤੇ ਸਨ। ਇਸ ਤੋਂ ਬਾਅਦ ‘ਟਾਲ ਮਟੋਲ ਵਾਲੇ ਮਹਿਕਮੇ’ ਸਨ, ਜਿਸ ਤੋਂ ਭਾਵ ਹੈ ਕਿ ਸਾਰਾ ਕੰਮ ਇੱਕ ਨਿਯਮਤ ਢੰਗ ਨਾਲ ਕੀਤਾ ਜਾਂਦਾ ਸੀ। ਮਹਾਰਾਜੇ ਦਾ ਹੁਕਮ ਇੱਕ ਤੋਂ ਬਾਅਦ ਅੱਗੇ ਤੋਂ ਅੱਗੇ ਸਾਰੇ ਮਹਿਕਮਿਆਂ ਨੂੰ ਭੇਜਿਆ ਜਾਂਦਾ ਸੀ। ਕੋਈ ਹੇਰਾਫੇਰੀ ਨਹੀਂ ਹੋ ਸਕਦੀ ਸੀ। ‘ਵਿੱਤੀ ਪ੍ਰਸ਼ਾਸਨ’ ਵਿੱਚ ਦੱਸਿਆ ਗਿਆ ਕਿ ਖ਼ਰਚੇ ਦਾ ਸਹੀ ਢੰਗ ਨਾਲ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਬਾਕਾਇਦਾ ਨਿਯੁਕਤ ਕੀਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਰਾਹੀਂ ਮਹਾਰਾਜੇ ਦੇ ਹੁਕਮ ਲਾਗੂ ਹੁੰਦੇ ਸੀ। ਇਲਾਕਾਈ ਵੰਡ ਵਿੱਚ ਚਾਰ ਸੂਬੇ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ ਸਨ। ਲਾਹੌਰ ਵਿੱਚ ਇੱਕ ਵਿਸ਼ੇਸ਼ ਅਦਾਲਤ ਸੀ। ਗ਼ਲਤ ਫ਼ੈਸਲੇ ਨਹੀਂ ਹੁੰਦੇ ਸਨ ਕਿਉਂਕਿ ਮਹਾਰਾਜੇ ਦਾ ਡਰ ਬਰਕਰਾਰ ਰਹਿੰਦਾ ਸੀ। ਅਦਾਲਤੀ ਪ੍ਰਬੰਧ ਵਿੱਚ ਲਿਖਤੀ ਕੋਈ ਪ੍ਰਣਾਲੀ ਨਹੀਂ ਸੀ। ਪਿੰਡ ਪੱਧਰ ‘ਤੇ ਪੰਚਾਇਤ , ਸਾਲਸੀ, ਕਾਰਦਾਰਾਂ ਅਤੇ ਮਹੱਤਵਪੂਰਨ ਮਸਲਿਆਂ ਲਈ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ। ਕਤਲ ਦੇ ਕੇਸਾਂ ਵਿੱਚ ਜ਼ੁਰਮਾਨੇ ਹੁੰਦੇ ਸਨ। ਜ਼ਮੀਨਾ ਦੇ ਫ਼ੈਸਲੇ ਰਿਕਾਰਡ ਅਨੁਸਾਰ ਹੁੰਦੇ ਸਨ। ਹਰਦਿੱਤ ਸਿੰਘ ਢਿਲੋਂ ਨੇ ਕਰ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰਣਾਲੀ ਬਹੁਤ ਸਰਲ ਸੀ। ਜ਼ਮੀਨ ਤੋਂ ਕਰ ਇਕੱਤਰ ਕਰਨ ਦੀ ਪ੍ਰਣਾਲੀ ਬਿਲਕੁਲ ਵਰਤਮਾਨ ਪੰਜਾਬ ਵਰਗੀ 7 ਪ੍ਰਕਾਰ ਦੀ ਸੀ। ਬਟਾਈ, ਕਨਕੂਤ, ਨਕਦ ਭੁਗਤਾਨ, ਮਿਸ਼੍ਰਿਤ ਪ੍ਰਣਾਲੀ, ਬਿੱਘਾ-ਆਧਾਰ ਪ੍ਰਣਾਲੀ, ਹਲ-ਆਧਾਰ ਪ੍ਰਣਾਲੀ ਅਤੇ ਖੂਹ-ਆਧਾਰ ਪ੍ਰਣਾਲੀ ਸੀ। ਇਹ ਕਰ ਭੂਮੀ ਦੀ ਉਪਜਾਊ ਸ਼ਕਤੀ ਅਨੁਸਾਰ ਨਿਸਚਤ ਕੀਤੇ ਜਾਂਦੇ ਸਨ। ਸਾਲ ਵਿਚ ਦੋ ਵਾਰ ਕਰ ਲਿਆ ਜਾਂਦਾ ਸੀ। ਸੀਮਾ ਕਰ ਤੇ ਆਬਕਾਰੀ ਕਰ ਵੀ ਲਾਗੂ ਸੀ। ਜਾਗੀਰਾਂ, ਇਜਾਰੇਦਾਰੀਆਂ ਨਿਆਇਕ ਸੰਸਥਾਵਾਂ ਦਾ ਕਰ ਅਤੇ ਕਿੱਤਾ ਕਰ ਵੀ ਲਗਾਏ ਹੋਏ ਸਨ। ਹਰਬੰਸ ਸਿੰਘ ਨੇ ਖੇਤੀਬਾੜੀ ਪ੍ਰਬੰਧ ਦੀ ਜਾਣਕਾਰੀ ਦਿੱਤੀ, ਜਿਸ ਅਨੁਸਾਰ ਕਿਸਾਨਾ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਜਿਥੇ ਸਿੰਜਾਈ ਦਾ ਪ੍ਰਬੰਧ ਨਹੀਂ ਸੀ ਉਥੇ ਨਹਿਰ ਪੁੱਟ ਕੇ ਸਿੰਜਾਈ ਦਾ ਪ੍ਰਬੰਧ ਕੀਤਾ ਜਾਂਦਾ ਸੀ। ਬੈਰਾਨੀ ਇਲਾਕਿਆਂ ਵਿੱਚ ਪਸ਼ੂ ਪਾਲਣ ‘ਤੇ ਜ਼ੋਰ ਦਿੱਤਾ ਜਾਂਦਾ ਸੀ। ਕਣਕ ਮੁੱਖ ਫਸਲ ਸੀ। ਸਿੰਜਾਈ ਵਿਵਸਥਾ ਬਾਰੇ ਗੁਰਦਿੱਤ ਸਿੰਘ ਨੇ ਲਿਖਿਆ ਕਿ ਮਹਾਰਾਜਾ ਨੇ ਬੰਜਰ ਇਲਾਕੇ ਤੇ ਖਾਸ ਤੌਰ ‘ਤੇ ਮੁਲਤਾਨ ਦੇ ਇਲਾਕੇ ਲਈ ਨਹਿਰਾਂ ਖੁਦਵਾ ਕੇ ਨਹਿਰੀ ਸਿੰਜਾਈ ਦਾ ਪ੍ਰਬੰਧ ਕੀਤਾ। 16 ਨਹਿਰਾਂ ਵਿੱਚੋਂ 9 ਸਤਲੁਜ 7 ਝਨਾਅ ਦਰਿਆ ‘ਚੋਂ ਕੱਢੀਆਂ ਗਈਆਂ ਸਨ। ਲਗਪਗ 10 ਲੱਖ ਏਕੜ ਨਹਿਰੀ ਸਿੰਜਾਈ ਅਧੀਨ ਲਿਆਂਦਾ। ਆਬÇਆਨਾ 12 ਰੁਪਏ ਪ੍ਰਤੀ ਝਲਾਰ ਲਿਆ ਜਾਂਦਾ ਸੀ। ਖੂਹ ਟੈਕਸ ਰੱਬੀ ਫ਼ਸਲ ਲਈ 1 ਰੁਪਿਆ ਤੇ ਖਰੀਫ਼ ਲਈ 2 ਰੁਪਏ ਸੀ। ਪ੍ਰੋ. ਸੱਯਦ ਅਬਦੁਲ ਕਾਦਿਰ ਅੰਗਰੇਜ਼ਾਂ ਨਾਲ ਸੰਬੰਧਾਂ ਬਾਰੇ ਲਿਖਦਾ ਹੈ ਕਿ ਮਹਾਰਾਜਾ ਨੇ ਬਹੁਤ ਹੀ ਸਿਆਣਪ ਨਾਲ ਅੰਗਰੇਜ਼ਾਂ ਨਾਲ ਕੋਈ ਪੰਗਾ ਨਹੀਂ ਲਿਆ, ਸਗੋਂ ਸਦਭਾਵਨਾ ਦਾ ਮਾਹੌਲ ਬਣਾਈ ਰੱਖਿਆ, ਜਿਸ ਦੇ ਸਿੱਟੇ ਵਜੋਂ ਸਤਲੁਜ ਦੇ ਉਰਾਰ ਦੀਆਂ ਰਿਆਸਤਾਂ ਨੂੰ ਆਪਣੀ ਸਿੱਖਾਂ ਦਾ ਰਾਜਾ ਬਣਨ ਦੀ ਇੱਛਾ ਪੂਰੀ ਨਾ ਕਰ ਸਕਿਆ ਪ੍ਰੰਤੂ ਇਸ ਪਾਸਿਉਂ ਉਸ ਨੂੰ ਅੰਗਰੇਜ਼ਾਂ ਤੋਂ ਕੋਈ ਡਰ ਨਾ ਰਿਹਾ। ਜਿਸ ਕਰਕੇ ਮੁਲਤਾਨ, ਝੰਗ, ਕਸ਼ਮੀਰ, ਡੇਰਾ ਇਸਮਾਈਲ ਖ਼ਾਨ, ਡੇਰਾ ਗਾਜ਼ੀ ਖਾਨ, ਪੇਸ਼ਾਵਰ ਅਤੇ ਪੰਜਾਬ ਦੇ ਮੈਦਾਨੀ ਇਲਾਕੇ, ਲਾਹੌਰ ਤੋਂ ਖੈਬਰ ਦੱਰੇ ਤੱਕ ਤੇ ਦੂਜੇ ਪਾਸੇ ਲਾਹੌਰ ਤੋਂ ਸਿੰਧ ਦਰਿਆ ਤੱਕ ਸਾਰਾ ਇਲਾਕਾ ਜਿੱਤ ਲਿਆ। ਇੱਕ ਕਿਸਮ ਨਾਲ ਸਿੱਖਾਂ ਦਾ ਰੱਖਿਅਕ ਵੀ ਅਖਵਾਇਆ। ਸਿੰਧ, ਸ਼ਿਕਾਰਪੁਰ ਤੇ ਫ਼ੀਰੋਜਪੁਰ ਵੀ ਅੰਗਰੇਜ਼ਾਂ ਨੇ ਮਹਾਰਾਜਾ ਨੂੰ ਨਾ ਦਿੱਤੇ। ਤਿਪੱਖੀ ਸੰਧੀ ਵੀ ਮਜ਼ਬੂਰਨ ਕਰਨੀ ਪਈ। ਇਹ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ਾਂ ਦੇ ਵਾਅਦਿਆਂ ਤੋਂ ਮੁਕਰਨ ਦੇ ਬਾਵਜੂਦ ਮਹਾਰਾਜਾ ਦੀ ਸਮਝੌਤਾ ਰੁਚੀ ਹੀ ਕੂਟਨੀਤੀ ਦੀ ਆਤਮਾ ਹੈ। ਉਹ ਅੰਗਰੇਜ਼ਾਂ ਨਾਲ ਟਕਰਾਓ ਤੋਂ ਬਚਦਾ ਰਿਹਾ। ਪ੍ਰੋ.ਗੁਲਸ਼ਨ ਰਾਏ ਨੇ ਰਣਜੀਤ ਸਿੰਘ ਅਤੇ ਭਾਰਤ ਦੀ ਉੱਤਰ ਪੱਛਮੀ ਸੀਮਾ ਬਾਰੇ ਲੇਖ ਵਿੱਚ ਲਿਖਿਆ ਕਿ ਅੰਗਰੇਜ਼ਾਂ ਨਾਲ ਸਮਝੌਤੇ, ਉਨ੍ਹਾਂ ਦੀਆਂ ਕੂਟਨੀਤਕ ਚਾਲਾਂ ਕਰਕੇ ਰਣਜੀਤ ਸਿੰਘ ਸਿਰਫ ਪੱਛਮ ਵਲ ਹੀ ਆਪਣਾ ਰਾਜ ਸਥਾਪਤ ਕਰ ਸਕਿਆ। ਪ੍ਰੋ.ਗੁਰਮੁਖ ਨਿਹਾਲ ਸਿੰਘ ਨੇ ਰਣਜੀਤ ਸਿੰਘ ਦੀਆਂ ਮਜ਼ਬੂਰੀਆਂ ਅਤੇ ਚਾਰ ਮੁੱਖ ਸਫਲਤਾਵਾਂ ਅਸਫ਼ਲਤਾਵਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਸਦੇ ਸ਼ਾਸ਼ਨ ਦਾ ਰਾਸ਼ਟਰੀ ਸਰੂਪ ਸੀ, ਅਧਿਕਾਰ ਭਾਵੇਂ ਵੰਡੇ ਹੋਏ ਸਨ ਪ੍ਰੰਤੂ ਆਖ਼ਰੀ ਹੁਕਮ ਉਸਦਾ ਹੁੰਦਾ ਸੀ, ਕੁਝ ਬੰਦਿਆਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੋਏ ਸਨ, ਜਿਹੜੇ ਸਿੱਖ ਰਾਜ ਦੇ ਖਾਤਮੇ ਦਾ ਕਾਰਨ ਬਣੇ ਅਤੇ ਚੌਥਾ ਨਿਆਂ ਅਧਿਕਾਰੀਆਂ ਤੇ ਸਰਦਾਰਾਂ ਕੋਲ ਸੀ ਪ੍ਰੰਤੂ ਉਸਦਾ ਫ਼ੈਸਲਾ ਆਖਰੀ ਹੁੰਦਾ ਸੀ ਕਿਉਂਕਿ ਉਹ ਆਪ ਦੌਰੇ ਬਹੁਤ ਕਰਦਾ ਸੀ। ਬਾਵਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ ਕਿ ਮਹਾਰਾਜਾ ਨੇ 40 ਸਾਲ ਰਾਜ ਕੀਤਾ, ਕਿਸੇ ਨੂੰ ਵੀ ਮੌਤ ਦੀ ਸਜਾ ਨਹੀਂ ਦਿੱਤੀ। ਬਚਨ ਦਾ ਪੱਕਾ ਸੀ। ਨਿਆਇਕ ਪ੍ਰਣਾਲੀ ਭਾਵ ਪੂਰਤ ਸੀ। ਸ਼ਾਸ਼ਨ ਧਾਰਮਿਕ ਭੇਦਭਾਵ ਤੋਂ ਰਹਿਤ ਲੋਕ ਸ਼ਾਸ਼ਨ ਸੀ। ਗ਼ਲਤੀ ਸੁਧਾਰਨ ਦੇ ਹੱਕ ਵਿੱਚ ਸੀ। ਸਿੱਖੀ ਦਾ ਪੱਕਾ ਪ੍ਰੰਤੂ ਸਾਰੇ ਧਰਮਾ ਦਾ ਸਤਿਕਾਰ ਕਰਦਾ ਸੀ। ਕੇ.ਸੀ.ਖੰਨਾ ਮਹਾਰਾਜਾ ਦੇ ਰਾਸ਼ਟਰ ਨਿਰਮਾਤਾ ਦੇ ਰੂਪ ਵਿੱਚ ਕੀਤੇ ਕੰਮਾ ਬਾਰੇ ਲਿਖਦਾ ਹੈ ਕਿ ਉਸ ਨੇ ਧਰਮ ਦੀ ਥਾਂ ਧਰਮ ਨਿਰਪੱਖਤਾ ਨੂੰ ਆਪਣੀ ਸੱਤਾ ਦਾ ਆਧਾਰ ਬਣਾਇਆ ਸੀ। ਰਣਜੀਤ ਸਿੰਘ ਨੇ ਉਚਿਤ ਕੰਮ ਲਈ ਉਚਿਤ ਬੰਦੇ ਚੁਣੇ ਜ਼ਾਤ ਤੇ ਧਰਮ ਦੀ ਥਾਂ ਕੁਸ਼ਲਤਾ ਨੂੰ ਤਰਜੀਹ ਦਿੱਤੀ। ਮਹਾਰਾਜਾ ਨੇ ਸਰਕਾਰ ਚਲਾਉਣ ਲਈ ਸਾਰੀਆਂ ਸੰਪਰਦਾਵਾਂ ਦੀ ਇਕਸਾਰਤਾ ਰੱਖੀ, ਜਿਸ ਕਰਕੇ ਉਸ ਦਾ ਸ਼ਾਸਨ ਰਾਸ਼ਟਰੀ ਪ੍ਰਤੀਤ ਹੁੰਦਾ ਹੈ। ਸਰ ਜੋਗੇਂਦਰਾ ਸਿੰਘ ਨੇ ਆਪਣੇ ਲੇਖ ਵਿੱਚ ਮਹਾਰਾਜਾ ਦੀ ਕੁਸ਼ਲ ਪ੍ਰਬੰਧਕੀ ਕਾਬਲੀਅਤ ਨੂੰ ਸਲਾਮ ਅਤੇ ਹਰਬੰਸ ਸਿੰਘ ਨੇ ਘੋੜਿਆਂ ਦੇ ਪ੍ਰੇਮ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਪਹਿਲੇ ਐਡੀਸ਼ਨ ਬਾਰੇ ਪ੍ਰਤੀਕਰਮ ਦਿੱਤੇ ਗਏ ਹਨ।
304 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਲੋਕਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.