ਹਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਕੋਲ ਉਸ ਦੇਸ਼ ਦੇ ਮਨੁੱਖੀ ਅਤੇ ਗੈਰ-ਮਨੁੱਖੀ ਸਾਧਨਾਂ ਦਾ ਬਹੁਤ ਵੱਡਾ ਖ਼ਜ਼ਾਨਾ ਹੁੰਦਾ ਹੈ। ਇਹਨਾਂ ਸਾਧਨਾਂ ਵਿੱਚੋਂ ਮਨੁੱਖੀ ਸਾਧਨ ਵਧੇਰੇ ਅਹਿਮ ਹੈ ਕਿਉਂ ਜੋ ਇਸ ਰਾਹੀਂ ਸਭ ਸਾਧਨਾਂ ਨੂੰ ਕੰਟਰੋਲ ਅਤੇ ਵਿਕਸਿਤ ਕੀਤਾ ਜਾਂਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਧਰਤੀ ਦਾ ਅਨਿੱਖੜਵਾਂ ਅੰਗ ਸਾਡੀ ਕੁਦਰਤ ਆਪਣਾ ਰੋਲ ਬਹੁਤ ਵਧੀਆ ਢੰਗ ਨਾਲ ਅਦਾ ਕਰ ਰਹੀ ਹੈ ਪਰੰਤੂ ਹਰ ਮਨੁੱਖ ਕੁਦਰਤੀ ਸਾਧਨਾਂ ਜਿਵੇਂ ਪੇੜ-ਪੌਦੇ, ਨਦੀਆਂ, ਪਹਾੜਾਂ, ਜ਼ਮੀਨ ਆਦਿ ਨੂੰ ਆਪਣੀਆਂ ਜ਼ਰੂਰੀ ਅਤੇ ਗੈਰ-ਜ਼ਰੂਰੀ ਲੋੜਾਂ ਦੀ ਪੂਰਤੀ ਲਈ ਲਗਾਤਾਰ ਵਰਤਦਿਆਂ ਕੁਦਰਤ ਨਾਲ ਮਾੜਾ ਖਿਲਵਾੜ ਕਰ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਕੁਦਰਤ ਵਿੱਚ ਪਸਰ ਰਹੇ ਇਸ ਅਸੰਤੁਲਨ ਕਰਕੇ ਹੀ ਸੋਕਾ, ਹੜ੍ਹ, ਵੱਧ ਗਰਮੀ- ਸਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਵੀ ਸਾਧਨ ਦੇ ਵੱਧ ਉਪਯੋਗ ਦੇ ਸਿੱਟੇ ਵਜੋਂ ਧਰਤੀ ਨੂੰ ਕਈ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਜਿਵੇਂ ਸੜਕਾਂ, ਪੁੱਲਾ ਤੇ ਰੇਲਾਂ ਦੇ ਟੈ੍ਕ ਦਾ ਨਿਰਮਾਣ ਹੋਇਆ, ਉਸ ਸਥਿਤੀ ਵਿੱਚ ਦਰਖਤਾਂ ਦੀ ਕਟਾਈ ਹੋਈ। ਇਸ ਨਾਲ ਆਉਣਾ ਜਾਣਾ ਤਾਂ ਜ਼ਰੂਰ ਸੌਖਾ ਹੋ ਗਿਆ, ਪਰ ਹਰ ਘਰ ਵਿੱਚ ਮੋਟਰ ਕਾਰਾਂ ਦੀ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਵਧ ਗਈ, ਜਿਸ ਨਾਲ ਸੜਕਾਂ ਦੀ ਚੌੜਾਈ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ ।
ਇੱਕ ਪੌਦੇ ਨੂੰ ਦਰੱਖਤ ਬਣਨ ਵਿੱਚ ਬਹੁਤ ਲੰਬਾ ਸਮਾਂ ਲਗਦਾ ਹੈ, ਵਾਤਾਵਰਨ ਦਾ ਸੰਤੁਲਨ ਲਗਾਤਾਰ ਵਿਗੜਣ ਦਾ ਕਾਰਨ ਨਦੀਆਂ ਦਾ ਨਿਰਮਾਣ ਹੋਣਾ, ਮਿੱਟੀ ਦੀ ਕਟਾਈ ਹੋਣਾ, ਉਦਯੋਗਾਂ ਦੀ ਤਰੱਕੀ ਲਈ ਧਰਤੀ ਹੇਠੋਂ ਕੋਲਾ ਕੱਢਣਾ ਤੇ ਧਰਤੀ ਦੀ ਅੰਦਰੂਨੀ ਪਰਤ ਦਾ ਨਾਸ ਹੋਣਾ, ਹੈ ਦੇਸ਼ ਦੀ ਤਰੱਕੀ ਦੇ ਚੱਲਦਿਆਂ ਉਸ ਹਿਸਾਬ ਨਾਲ ਹੀ ਵੱਡੇ-ਵੱਡੇ ਪੁਲ, ਇਮਾਰਤਾਂ, ਮਹਿਲਾਂ ਵਰਗੇ ਘਰ ਉਸਰਨਾ ਅਤੇ ਅਜਿਹਾ ਕਰਨ ਨਾਲ ਹਵਾ ਤੇ ਰੌਸ਼ਨੀ ਦਾ ਵਹਾਅ ਘਟਿਆ ਹੈ ਤੇ ਏ.ਸੀ ਦੀ ਵਰਤੋਂ ਹੈਰਾਨੀਜਨਕ ਵਧ ਗਈ ਹੈ। ਅਸੀਂ ਆਪਣੇ ਵਾਹਨਾਂ,ਘਰਾਂ, ਦਫ਼ਤਰ ਦੇ ਵਾਤਾਵਰਨ ਨੂੰ ਸਹੀ ਕਰਨ ਦੇ ਚੱਕਰ ਵਿੱਚ ਬਾਹਰਲਾ ਕੁਦਰਤੀ ਖ਼ੂਬਸੂਰਤ ਵਾਤਾਵਰਨ ਵੀ ਖਰਾਬ ਕਰ ਲਿਆ ਹੈ, ਜਿਸਦਾ ਅਸਰ ਓਜ਼ੋਨ ਪਰਤ ਤੇ ਵੀ ਲਾਜ਼ਮੀ ਦੇਖਣ ਨੂੰ ਮਿਲਿਆ ਹੈ। ਕੋਈ ਵੀ ਦੇਸ਼ ਦਾ ਵਿਕਸਿਤ ਹੋਣਾ ਜ਼ਰੂਰੀ ਹੈ, ਪਰ ਵਾਤਾਵਰਨ ਨਾਲ ਛੇੜਛਾੜ ਤੋਂ ਬਿਨ੍ਹਾਂ ਹੋਣਾ ਚਾਹੀਦਾ ਹੈ। ਧਰਤੀ ਦੀ ਪ੍ਰਕਿਰਤੀ ਬਹੁਤ ਖੂਬਸੂਰਤ ਹੈ, ਜਦੋਂ ਵੀ ਮਨੁੱਖ ਇਸਦੀ ਖੂਬਸੂਰਤੀ ਨੂੰ ਵਿਗਾੜਦਾ ਹੈ, ਤਾਂ ਇਹ ਮਨੁੱਖ ਦੇ ਰਹਿਣ ਬਸੇਰੇ ਨੂੰ ਵੀ ਵਿਗਾੜਦੀ ਹੈ।
ਹਰ ਮਨੁੱਖ ਕਹਿੰਦਾ ਹੈ ਕਿ ਕੁਦਰਤ ਨਾਲ ਛੇੜਛਾੜ ਨਾ ਹੋਵੇ, ਪਰ ਅਜਿਹਾ ਤਾਂ ਹੀ ਸੰਭਵ ਹੋਵੇਗਾ ,ਜੇਕਰ ਹਰ ਨਾਗਰਿਕ ਇਸ ਪ੍ਰਤੀ ਆਪਣਾ ਫ਼ਰਜ਼ ਪਹਿਚਾਣੇ ਤੇ ਉਸ ਉੱਪਰ ਅਮਲ ਕਰੇ । ਸਰਕਾਰ ਵੀ ਪ੍ਰਕਿਰਤੀ ਨੂੰ ਬਚਾਉਣ ਲਈ ਬਹੁਤ ਅਹਿਮ ਯੋਗਦਾਨ ਪਾ ਸਕਦੀ ਹੈ। ਕਾਰ ਖਰੀਦਣ ਲਈ ਨਿਯਮ ਹੋਣੇ ਚਾਹੀਦੇ ਹਨ ਤਾਂ ਜੋ ਕੇਵਲ ਜ਼ਰੂਰਤਮੰਦ ਹੀ ਉਸਨੂੰ ਖਰੀਦੇ। ਨਦੀਆਂ ਦੀ ਮੁਰੰਮਤ ਸਰਕਾਰ ਲੋਕਲ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਕਰਵਾ ਸਕਦੀ ਹੈ। ਇਸੇ ਤਰ੍ਹਾਂ ਨਵੀਆਂ ਸੜਕਾਂ ਨਾ ਬਣਾਕੇ ਪੁਰਾਣੀਆਂ ਦੀ ਹੀ ਮੁਰੰਮਤ ਕੀਤੀ ਜਾਵੇ। ਮਨੁੱਖ, ਜੋ ਪ੍ਰਕਿਰਤੀ ਨੂੰ ਦੇਵੇਗਾ, ਪ੍ਰਕਿਰਤੀ ਉਹੀ ਉਸਨੂੰ ਵਾਪਸ ਕਰੇਗੀ। ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ....
-
ਪ੍ਰਿੰਸੀਪਲ ਰੰਧਾਵਾ ਸਿੰਘ , ਪ੍ਰਿੰਸੀਪਲ
*******
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.