ਦ੍ਰਿਸ਼ਟੀਕੋਣ ਦਾ ਸ਼ਾਬਦਿਕ ਅਰਥ ਨਜ਼ਰੀਆ ਜਾਂ ਰਵੱਈਆ ਹੈ। ਇਸਦਾ ਮਤਲਬ ਹੈ ਕਿ ਕੋਈ ਵਿਅਕਤੀ ਆਪਣੇ ਦਿਮਾਗ ਵਿੱਚ ਕਿਸੇ ਸਥਿਤੀ ਜਾਂ ਘਟਨਾ ਨੂੰ ਕਿਵੇਂ ਸੋਚਦਾ ਜਾਂ ਮੁਲਾਂਕਣ ਕਰਦਾ ਹੈ।ਅੰਗਰੇਜ਼ੀ ਵਿੱਚ ਇਸਨੂੰ ਪਰਸੈਪਸ਼ਨ ਕਿਹਾ ਜਾਂਦਾ ਹੈ। ਇੱਕੋ ਵਿਸ਼ੇ ਜਾਂ ਵਸਤੂ ਨੂੰ ਵੱਖ-ਵੱਖ ਰੂਪਾਂ ਵਿੱਚ ਚਿੰਤਨ ਕਰਕੇ ਦੇਖਿਆ ਜਾ ਸਕਦਾ ਹੈ।ਕੀ ਤੁਸੀਂ ਵਿਚਾਰ ਕੀਤਾ ਹੈ ਕਿ ਇਕੋ ਸਕੂਲ ਦੇ ਇੱਕੋ ਜਿਹੇ ਮਾਹੌਲ, ਸਥਿਤੀ ਅਤੇ ਅਨੁਸ਼ਾਸਨ ਵਿੱਚ ਰਹਿਣ ਦੇ ਬਾਵਜੂਦ, ਹਰ ਵਿਦਿਆਰਥੀ ਦੇ ਵਿਚਾਰਾਂ, ਕੰਮਾਂ ਅਤੇ ਕਾਰਜਾਂ ਦੇ ਢੰਗ ਵਿੱਚ ਅੰਤਰ ਰਹਿੰਦਾ ਹੈ।ਇਹ ਅੰਤਰ ਉਸਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਕਿ ਉਹ ਜੀਵਨ ਨੂੰ ਕਿਵੇਂ ਵੇਖਦਾ ਹੈ।ਆਮ ਤੌਰ 'ਤੇ ਤਿੰਨ ਤਰ੍ਹਾਂ ਦੇ ਦ੍ਰਿਸ਼ਟੀਕੋਣ ਹੁੰਦੇ ਹਨ: ਪਹਿਲਾ, ਤੁਸੀਂ ਕਿਸੇ ਸਥਿਤੀ ਨੂੰ ਕਿਵੇਂ ਦੇਖਦੇ ਹੋ। ਦੂਜਾ, ਤੁਹਾਡੇ ਸਾਹਮਣੇ ਵਾਲਾ ਵਿਅਕਤੀ, ਜਿਸਦਾ ਸਥਿਤੀ ਨਾਲ ਕੋਈ ਲੈਣਾ-ਦੇਣਾ ਹੈ, ਉਸੇ ਸਥਿਤੀ ਨੂੰ ਕਿਵੇਂ ਵੇਖਦਾ ਹੈ ਅਤੇ ਤੀਜਾ, ਉਹ ਵਿਅਕਤੀ ਜਿਸਦਾ ਸਥਿਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਥਿਤੀ ਨੂੰ ਕਿਵੇਂ ਵੇਖਦਾ ਹੈ।
ਦ੍ਰਿਸ਼ਟੀਕੋਣ ਦੇ ਸੰਬੰਧ ਵਿੱਚ ਦੋ ਹੋਰ ਅੱਖਰ ਸਾਮ੍ਹਣੇ ਆਉਂਦੇ ਹਨ:ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਅਰਥਾਤ ਚੰਗਿਆਈ ਲੱਭਣਾ ਅਤੇ ਨਕਾਰਾਤਮਕ ਦ੍ਰਿਸ਼ਟੀਕੋਣ ਅਰਥਾਤ ਬੁਰਾਈ ਜਾਂ ਕਮੀ ਲੱਭਣਾ।ਸ਼ੈਕਸਪੀਅਰ ਨੇ ਕਿਹਾ ਸੀ - "ਸੁੰਦਰਤਾ ਦੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ" ਇਹ ਵੀ ਇੱਕ ਮਹਾਨ ਦਾਰਸ਼ਨਿਕ ਸੱਚ ਹੈ ਕਿਉਂਕਿ ਇੱਕ ਵਿਅਕਤੀ ਕਿਸੇ ਨੂੰ ਬਦਸੂਰਤ ਲੱਗਦਾ ਹੈ ਅਤੇ ਉਹੀ ਵਿਅਕਤੀ ਕਿਸੇ ਹੋਰ ਨੂੰ ਬਹੁਤ ਸੁੰਦਰ ਲੱਗਦਾ ਹੈ। ਇਹ ਸਾਡੇ ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਹਨ ਜੋ ਸਾਡੇ ਵਿਚਾਰਾਂ ਨੂੰ ਪ੍ਰਭਾਵਤ ਕਰਦੇ ਹਨ। ਜੇਕਰ ਸਾਡਾ ਦ੍ਰਿਸ਼ਟੀਕੋਣ ਸਕਾਰਾਤਮਕ ਹੈ ਤਾਂ ਅਸੀਂ ਸੁੰਦਰਤਾ ਅਤੇ ਨਿਮਰਤਾ ਦੇਖਦੇ ਹਾਂ ,ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਵਿੱਚ ਚੰਗਾ ਦੇਖਦੇ ਹਾਂ, ਆਪਣੇ ਟੀਚਿਆਂ ਲਈ ਕੋਸ਼ਿਸ਼ ਕਰਦੇ ਹਾਂ ਅਤੇ ਆਪਣੀ ਖੁਸ਼ੀ ਅਤੇ ਸੰਤੁਸ਼ਟੀ ਨੂੰ ਵਧਾਉਂਦੇ ਹਾਂ। ਜੇ ਸਾਡਾ ਦ੍ਰਿਸ਼ਟੀਕੋਣ ਨਕਾਰਾਤਮਕ ਹੈ, ਤਾਂ ਅਸੀਂ ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਵਿੱਚ ਬੁਰਾਈ ਦੇਖਦੇ ਹਾਂ, ਆਪਣੇ ਟੀਚਿਆਂ ਨੂੰ ਛੱਡ ਦਿੰਦੇ ਹਾਂ, ਅਤੇ ਸਾਡੀ ਉਦਾਸੀ ਅਤੇ ਨਿਰਾਸ਼ਾ ਨੂੰ ਵਧਾਉਂਦੇ ਹਾਂ। ਪਰ ਇਕ ਤੱਥ ਇਹ ਵੀ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਵਸਤੂ ਜਾਂ ਵਿਸ਼ਾ ਪੂਰੀ ਤਰ੍ਹਾਂ ਸਕਾਰਾਤਮਕ ਜਾਂ ਨਕਾਰਾਤਮਕ ਨਹੀਂ ਹੈ। ਇਕ ਲੁਟੇਰੇ ਦੀ ਉਦਾਹਰਣ ਵੇਖੀਏ ਜੋ ਲੁੱਟਾਂ-ਖੋਹਾਂ ਕਰਦਾ ਹੈ ਅਤੇ ਲੁੱਟਿਆ ਪੈਸਾ ਗਰੀਬਾਂ ਨੂੰ ਦਾਨ ਕਰਦਾ ਹੈ। ਲੁੱਟ ਨੂੰ ਅੰਜਾਮ ਦੇਣਾ ਇੱਕ ਲੁਟੇਰੇ ਪ੍ਰਤੀ ਇੱਕ ਨਕਾਰਾਤਮਕ ਦ੍ਰਿਸ਼ਟੀਕੋਣ ਹੈ ਅਤੇ ਲੁੱਟ ਦਾ ਪੈਸਾ ਗਰੀਬਾਂ ਵਿੱਚ ਵੰਡਣਾ, ਗਰੀਬਾਂ ਦੀ ਮਦਦ ਕਰਨਾ ਇੱਕ ਲੁਟੇਰੇ ਪ੍ਰਤੀ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਹੈ।
ਹੁਣ ਸਵਾਲ ਇਹ ਹੈ ਕਿ ਆਪਣਾ ਦ੍ਰਿਸ਼ਟੀਕੋਣ ਕਿਵੇਂ ਬਦਲਿਆ ਜਾਵੇ? ਇਹ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਦਿਲਚਸਪ ਸਵਾਲ ਹੈ, ਜਿਸਦਾ ਜਵਾਬ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਆਪਣੇ ਆਪ ਨੂੰ, ਦੂਜਿਆਂ ਨੂੰ ਅਤੇ ਸੰਸਾਰ ਨੂੰ ਕਿਵੇਂ ਦੇਖਦੇ ਅਤੇ ਸਮਝਦੇ ਹਾਂ।ਦ੍ਰਿਸ਼ਟੀਕੋਣ ਨੂੰ ਬਦਲਣਾ ਆਸਾਨ ਨਹੀਂ ਹੈ, ਪਰ ਇਹ ਅਸੰਭਵ ਵੀ ਨਹੀਂ ਹੈ। ਇਸ ਦੇ ਲਈ, ਸਾਨੂੰ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਕਾਰਾਤਮਕ ਬਣਾਉਣ ਲਈ ਕੁਝ ਢੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਤਿੰਨ ਗੱਲਾਂ ਦਾ ਅਭਿਆਸ ਕਰਨਾ ਲਾਭਦਾਇਕ ਹੋ ਸਕਦਾ ਹੈ। ਸਕਾਰਾਤਮਕ ਚੀਜ਼ਾਂ ਪੜ੍ਹੋ, ਸਕਾਰਾਤਮਕ ਚੀਜ਼ਾਂ ਦੇਖੋ ਅਤੇ ਸਕਾਰਾਤਮਕ ਚੀਜ਼ਾਂ ਨੂੰ ਸੁਣੋ। ਨੋਰਮਨ ਵਿੰਸੈਂਟ ਪੀਲੇ ਦੀ " ਦਾ ਪਾਵਰ ਆਫ ਪੋਸਟਿਵ ਥਿੰਕਿੰਗ",ਡੇਵਿਡ ਜੇ ਸਵਰਜ ਦੀ " ਵੱਡੀ ਸੋਚ ਦਾ ਵੱਡਾ ਜਾਦੂ", ਰੋਂਡਾ ਬਿਰਨੇ ਦੀ "ਰਹੱਸ" ਆਦਿ ਸਕਾਰਾਤਮਕ ਵਿਚਾਰ ਅਤੇ ਊਰਜਾ ਸਿਰਜਣ ਵਾਲੀਆਂ ਕਿਤਾਬਾਂ ਪੜ੍ਹਕੇ ਚਿੰਤਨ ਕਰਨਾ ਚਾਹੀਦਾ ਹੈ।ਟੀਵੀ ਅਤੇ ਮੋਬਾਈਲ 'ਤੇ ਚੱਲਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਕਾਰਾਤਮਕ ਊਰਜਾ ਨਾਲ ਭਰ ਦਿੰਦੀਆਂ ਹਨ। ਕਰੋਨਾ ਕਾਲ ਵਿੱਚ ਟੀਵੀ, ਮੋਬਾਈਲ, ਯੂਟਿਊਬ ਤੇ ਦਿਖਾਈ ਜਾਣ ਵਾਲੀਆਂ ਮਾੜੀਆਂ ਖਬਰਾਂ ਤੇ ਰੀਲਾਂ ਨੇ ਸਾਰੇ ਦੇਸ਼ ਵਿੱਚ ਕਿੰਨਾ ਨਕਾਰਾਤਮਕ ਤੇ ਡਰ ਵਾਲਾ ਮਾਹੌਲ ਸਿਰਜ ਦਿੱਤਾ ਸੀ। ਇਹਨਾਂ ਤੋਂ ਬਚੋ। ਜੇਕਰ ਤੁਸੀਂ ਮੋਬਾਈਲ ਅਤੇ ਯੂਟਿਊਬ ਨਾਲ ਸੰਪਰਕ ਵਿੱਚ ਰਹਿਣਾ ਹੈ ਤਾਂ ਇੱਥੇ ਬਹੁਤ ਸਾਰੇ ਵਧੀਆ ਸਪੀਕਰ ਜਿਵੇਂ ਕਿ ਬੀਕੇ ਸ਼ਿਵਾਨੀ,ਸੰਦੀਪ ਮਹੇਸ਼ਵਰੀ ਅਤੇ ਹੋਰ ਉਪਲਬਧ ਹਨ। ਅਜਿਹੀ
ਸ਼ਖ਼ਸੀਅਤ ਨੂੰ ਧੀਰਜ ਨਾਲ ਦੇਖੋ ਅਤੇ ਸੁਣੋ। ਆਪਣੇ ਅਤੇ ਆਪਣੇ ਦੋਸਤਾਂ ਦੇ ਆਲੇ-ਦੁਆਲੇ ਦਾ ਮਾਹੌਲ ਅਜਿਹਾ ਰੱਖੋ ਕਿ ਉਹ ਜੀਵਨ ਪ੍ਰਤੀ ਸਕਾਰਾਤਮਕ ਸੋਚ ਰੱਖਣ।
ਸਕਾਰਾਤਮਕਤਾ ਆਪਣੇ ਆਪ ਆ ਜਾਂਦੀ ਹੈ ਜੇਕਰ ਅਸੀਂ ਨਕਾਰਾਤਮਕਤਾ ਵਿੱਚ ਨਿਰਪੱਖਤਾ ਬਣਾਈ ਰੱਖਣ ਵਿੱਚ ਸਫਲ ਹੁੰਦੇ ਹਾਂ। ਕੋਸ਼ਿਸ਼ ਕਰੋ ਕਿ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ ਅਤੇ ਆਪਣੇ ਆਪ ਨੂੰ ਕਿਸੇ ਰਚਨਾਤਮਕ ਕੰਮ ਵਿੱਚ ਲੀਨ ਕਰੋ।ਆਪਣੀ ਜ਼ਿੰਦਗੀ ਦੇ ਕੌੜੇ ਤਜ਼ਰਬਿਆਂ ਨੂੰ ਯਾਦ ਕਰੋ ਅਤੇ ਫਿਰ ਇਸ ਬਾਰੇ ਸੋਚੋ ਕਿ ਤੁਸੀਂ ਉਨ੍ਹਾਂ ਨੂੰ ਕਿਵੇਂ ਪਾਰ ਕੀਤਾ। ਮੈਂ ਖੁਦ ਇਕ ਅਧਿਆਪਿਕਾ ਹਾਂ ਅਤੇ ਮੇਰੀ ਤੈਨਾਤੀ ਇਕ ਦਸ਼ਕ ਤੋਂ ਵੱਧ ਸਮਾਂ ਦੌਰਾਨ ਫਿਰੋਜ਼ਪੁਰ, ਤਰਨਤਾਰਨ ਅਤੇ ਬਠਿੰਡਾ ਜਿਹੇ ਦੂਰ ਦੁਰਾਡੇ ਜਿਲ੍ਹਿਆਂ ਵਿੱਚ ਰਹੀ ਹੈ। ਬੇਸ਼ੱਕ ਅਧਿਆਪਿਕਾ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ ਪਰ ਸਿਹਤ ਪੱਖੋਂ ਉਹ ਸਮਾਂ ਮੇਰੇ ਲਈ ਸੰਤਾਪ ਹੰਢਾਉਦੇ ਹੋਏ ਬੀਤਿਆ ।ਉਸ ਸਮੇਂ ਦੌਰਾਨ ਮੈਂ ਸਵੇਰ ਚੜਨ ਤੋਂ ਪਹਿਲਾਂ ਘਰੋਂ ਤੁਰਨਾ ਅਤੇ ਹਨੇਰੇ ਪਏ ਆਪਣੇ ਛੋਟੇ ਬੱਚੇ ਕੋਲ ਘਰ ਮੁੜਨਾ। ਓਦੋਂ ਇੰਜ ਜਾਪਦਾ ਸੀ ਜਿਵੇਂ ਇਸ ਸਾਰੀ ਦੁਨੀਆ ਤੋਂ ਕੱਟ ਚੁੱਕੀ ਹਾਂ ਅਤੇ ਵੱਖਰਾ ਜੀਵਨ ਜੀ ਰਹੀ ਹਾਂ। ਆਪਣੇ ਸ਼ਹਿਰ ਦਾ ਸੂਰਜ ਦੇਖਣਾ ਸਿਰਫ ਐਤਵਾਰ ਜਾਂ ਛੁੱਟੀ ਵਾਲੇ ਦਿਨ ਹੀ ਨਸੀਬ ਹੁੰਦਾ ਸੀ।
ਹੁਣ ਜਦੋਂ ਘਰ ਦੇ ਕੁਝ ਕੁ ਨੇੜੇ, ਪਹੁੰਚਯੋਗ ਸਕੂਲ ਵਿੱਚ ਮੇਰੀ ਤੈਨਾਤੀ ਹੋਈ ਤਾਂ ਮੈਂ ਓਹਨਾਂ ਪੁਰਾਣੇ ਦਿਨਾਂ ਨਾਲ ਤੁਲਨਾ ਕਰਦੀ ਹਾਂ ਤਾਂ ਵਰਤਮਾਨ ਨੂੰ ਵੇਖਦੇ ਹੋਏ ਮੈਨੂੰ ਤਸੱਲੀ ਮਿਲਦੀ ਹੈ, ਜਦਕਿ ਮੇਰੇ ਸਾਰੇ ਸਹਿਕਰਮੀਆਂ ਨਾਲੋਂ ਮੈਂ ਅਜੇ ਵੀ ਸੱਭ ਤੋਂ ਵੱਧ ਦੂਰੀ ਤੈਅ ਕਰਕੇ ਰੋਜ਼ ਸਕੂਲ ਪਹੁੰਚਦੀ ਹਾਂ। ਬਾਕੀ ਸੱਭ ਅਜੇ ਵੀ ਮੇਰੇ ਰੋਜ਼ਾਨਾ ਸਫ਼ਰ ਬਾਰੇ ਸੁਣਕੇ ਮੇਰੇ ਨਾਲ ਹਮਦਰਦੀ ਪ੍ਰਗਟ ਕਰਦੇ ਹਨ ਪਰ ਮੈਂ ਆਪਣੇ ਅਤੀਤ ਦੇ ਪੰਨਿਆਂ ਵੱਲ ਝਾਤ ਮਾਰਦੀ ਹੋਈ ਕੁਝ ਸੰਤੁਸ਼ਟ ਮਹਿਸੂਸ ਕਰਦੀ ਹਾਂ।ਫ਼ਰਕ ਦ੍ਰਿਸ਼ਟੀਕੋਣ ਦਾ ਹੀ ਹੈ। ਮੇਰੇ ਸਹਿਕਰਮੀਆਂ ਦੀ ਤੈਨਾਤੀ ਸ਼ੁਰੂ ਤੋਂ ਘਰ ਦੇ ਨੇੜੇ ਹੀ ਰਹੀ ਹੈ। ਓਹਨਾਂ ਦੇ ਦ੍ਰਿਸ਼ਟੀਕੋਣ ਅਨੁਸਾਰ ਘੰਟੇ ਦਾ ਸਫ਼ਰ ਕਰਨਾ ਵੀ ਮੁਸ਼ਕਿਲ ਹੈ ਜਦਕਿ ਮੇਰੇ ਦ੍ਰਿਸ਼ਟੀਕੋਣ ਵਿੱਚ ਇਕ ਘੰਟੇ ਦਾ ਸਫ਼ਰ ਆਰਾਮਦਾਇਕ ਹੈ ਕਿਉਂਕਿ ਮੈਂ ਰੋਜ਼ਾਨਾ ਸੱਤ ਘੰਟੇ ਦਾ ਸਫ਼ਰ ਵੀ ਤੈਅ ਕਰਦੀ ਰਹੀ ਹਾਂ। ਇਸ ਤਰ੍ਹਾਂ ਤਜ਼ੁਰਬੇ, ਸਮੇਂ ਅਤੇ ਪਰਿਸਥਿਤੀ ਅਨੁਸਾਰ ਵੀ ਦ੍ਰਿਸ਼ਟੀਕੋਣ ਬਦਲਦਾ ਰਹਿੰਦਾ ਹੈ । ਇੱਕ ਅੰਤਮ ਗੱਲ ਕਿ ਜ਼ਿੰਦਗੀ ਵਿੱਚ ਜੋ ਵੀ ਵਾਪਰਦਾ ਹੈ, ਉਹ ਰੱਬ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ ।ਉਹ ਜੋ ਵੀ ਕਰਦਾ ਹੈ ਉਹ ਸਾਡੇ ਭਲੇ ਲਈ ਹੁੰਦਾ ਹੈ,ਭਾਵੇਂ ਸਾਨੂੰ ਚੰਗਾ ਲੱਗੇ ਜਾਂ ਮਾੜਾ।"ਤੇਰਾ ਭਾਣਾ ਮੀਠਾ ਲਾਗੇ" ਇਹ ਮਾਨਸਿਕਤਾ ਤੁਹਾਨੂੰ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਵੱਲ ਲੈ ਜਾਵੇਗੀ।ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖੋ ਅਤੇ ਸਕਾਰਾਤਮਕ ਸੋਚੋ ।ਹਰ ਚੀਜ਼ ਵਿੱਚ ਸਕਾਰਾਤਮਕ ਪਹਿਲੂ ਲੱਭੇ ਜਾ ਸਕਦੇ ਹਨ। ਇਸ ਤਰ੍ਹਾਂ ਅਸੀਂ ਸਕਾਰਾਤਮਕ ਬਿਰਤੀ ਨੂੰ ਅਪਣਾਉਂਦੇ ਹੋਏ ਆਪਣਾ ਦ੍ਰਿਸ਼ਟੀਕੋਣ ਬਦਲ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਸੰਤੁਸ਼ਟੀ ਅਤੇ ਖੁਸ਼ੀਆਂ ਨਾਲ ਭਰਦੇ ਹੋਏ ਸਹੀ ਦਿਸ਼ਾ ਵੱਲ ਲੈਕੇ ਜਾ ਸਕਦੇ ਹਾਂ।
-
ਅੰਸ਼ੁਲ , ਹਿੰਦੀ ਅਧਿਆਪਕਾ ਗਣੇਸ਼ ਵਿਹਾਰ ਅਬੋਹਰ
*******
98773 63773
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.