ਰਛਪਾਲ ਸਹੋਤਾ ਹੁਰਾਂ ਦਾ ਨਾਵਲ 'ਆਪੇ ਦੀ ਭਾਲ਼' ਭਾਰਤੀ ਸਮਾਜ ਦੇ ਕੋਝੇ ਪੱਖ ਨੂੰ
ਪੇਸ਼ ਕਰਨ ਵਾਲਾ ਦਸਤਾਵੇਜ਼ ਹੈ। ਇਹ ਇਕ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਦੀ ਅਤੇ
ਸੱਧਰਾਂ ਦੇ ਦਮਨ ਦੀ ਦਾਸਤਾਨ ਹੈ। ਇਹ ਨਾਵਲ, ਜਾਤ-ਪਾਤ ਦਾ ਸੰਤਾਪ ਹੰਢਾਉਂਦੇ ਹੋਏ ਇਕ
ਕਾਬਲ ਇਨਸਾਨ ਦੀ ਕਹਾਣੀ ਹੈ ਜੋ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬ ਹੋਣ ਦੇ ਬਾਵਜੂਦ
ਜਾਤ ਦੀ ਵਜ੍ਹਾ ਨਾਲ ਦੁਰਕਾਰਿਆ ਜਾਂਦਾ ਹੈ, ਨਕਾਰਿਆ ਜਾਂਦਾ ਹੈ। ਜਾਤ-ਵਿਤਕਰੇ ਦੀਆਂ
ਜੜ੍ਹਾਂ, ਭਾਰਤੀ ਸਮਾਜ ਵਿਚ ਬਹੁਤ ਡੂੰਘੀਆਂ ਹਨ। ਵਰਨ ਵੰਡ ਦਾ ਸਬੰਧ ਸਨਾਤਨ ਧਰਮ ਨਾਲ
ਜੋੜਿਆ ਜਾਂਦਾ ਹੈ, ਜਿਸ ਮੁਤਾਬਕ ਸਮਾਜ ਨੂੰ ਚਹੁੰ ਵਰਨਾਂ ਵਿਚ ਵੰਡਿਆ ਗਿਆ ਸੀ। ਹਰ
ਵਰਨ ਨੂੰ ਆਪਣੇ ਤੋਂ ਉੱਪਰਲੇ ਵਰਨ ਵੱਲੋਂ ਭੇਦ-ਭਾਵ ਝੱਲਣਾ ਪੈਂਦਾ ਰਿਹਾ ਹੈ। ਇਸੇ
ਵਿਤਕਰੇ ਤੋਂ ਬਗ਼ਾਵਤ ਕਰਦਿਆਂ ਹੇਠਲੇ ਤਿੰਨ ਵਰਨਾਂ ਦੇ ਬਹੁਤ ਲੋਕਾਂ ਨੇ ਆਪਣਾ ਧਰਮ
ਬਦਲ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਧਰਮ-ਪਰਿਵਰਤਨ ਦੌਰਾਨ ਲੋਕਾਂ ਦੀ ਸੋਚ
ਨਹੀਂ ਬਦਲੀ। ਆਪਣੇ ਤੋਂ ਉੱਚੀ ਜਾਤ ਵਾਲ਼ਿਆਂ ਤੋਂ ਵਿਤਕਰੇ ਦਾ ਸ਼ਿਕਾਰ ਲੋਕ ਜਦੋਂ ਦੂਜੇ
ਧਰਮ ਵਿਚ ਜਾਂਦੇ ਹਨ ਤਾਂ ਉੱਥੇ ਆਪਣੇ ਤੋਂ ਨੀਵੀਂ ਸਮਝੀ ਜਾਣ ਵਾਲ਼ੀ ਜਾਤ ਨਾਲ ਓਵੇਂ
ਹੀ ਵਿਤਕਰਾ ਕਰਦੇ ਹਨ ਜਿੱਦਾਂ ਪਹਿਲਾਂ ਉਨ੍ਹਾਂ ਨਾਲ ਹੁੰਦਾ ਰਿਹਾ ਸੀ। ਇਹ ਵਰਤਾਰਾ,
ਸਨਾਤਨ ਧਰਮ ਤੋਂ ਬਦਲ ਕੇ ਇਸਲਾਮ, ਸਿੱਖ , ਬੁੱਧ ਅਤੇ ਜੈਨ ਧਰਮ ਵਿੱਚ ਗਏ ਲੋਕਾਂ ਵਿਚ
ਆਮ ਹੈ ਜਦੋਂ ਕਿ ਇਨ੍ਹਾਂ ਧਰਮਾਂ ਦੇ ਮੁਢਲੇ ਸਿਧਾਂਤਾਂ ਵਿਚ ਜਾਤ-ਪਾਤ ਨੂੰ ਕੋਈ ਥਾਂ
ਨਹੀਂ ਹੈ।
ਹੁਣ ਥੋੜ੍ਹਾ ਨਾਵਲ ਦੀ ਕਹਾਣੀ ਵੱਲ ਝਾਤ ਮਾਰਦੇ ਹਾਂ। ਕਿਉਂ ਕਿ
ਭਾਰਤੀ ਸੰਵਿਧਾਨ ਵਿਚ ਜਾਤੀ-ਸੂਚਕ ਸ਼ਬਦ ਵਰਤਣ ਤੇ ਮਨਾਹੀ ਹੈ ਇਸ ਲਈ ਲੇਖਕ ਨੇ ਆਪਣੇ
ਮੁਖ-ਪਾਤਰਾਂ ਦੀ ਜਾਤ ਲਈ ਖ਼ੁਦ ਇਕ ਜਾਤ ਦਾ ਨਾਂ ਘੜਿਆ ਹੈ ਜਿਸ ਨੂੰ ਕੀਰੇ ਆਖਿਆ ਗਿਆ
ਹੈ। ਕੀਰੇ ਲੋਕ ਸਭ ਤੋਂ ਨੀਵੀਂ ਜਾਤ ਦੇ ਲੋਕ ਹਨ ਅਤੇ ਬਾਕੀ ਦੀਆਂ ਜਾਤਾਂ ਉਨ੍ਹਾਂ ਵੱਲ
ਨਫ਼ਰਤ ਦੀ ਨਿਗਾਹ ਨਾਲ ਦੇਖਦੀਆਂ ਹਨ। ਭਾਰਤੀ ਜਾਤ ਪ੍ਰਣਾਲੀ ਨੂੰ ਸਮਝਣ ਵਾਲ਼ੇ ਲੋਕ
ਆਸਾਨੀ ਨਾਲ ਅੰਦਾਜ਼ਾ ਲਾ ਸਕਦੇ ਹਨ ਕਿ ਕੀਰੇ ਕਿਸ ਬਰਾਦਰੀ ਲਈ ਵਰਤਿਆ ਗਿਆ ਸ਼ਬਦ ਹੋ
ਸਕਦੈ।
ਕਹਾਣੀ, ਕੀਰਿਆਂ ਦੇ ਘਰ ਜੰਮੀ ਇਕ ਕੁੜੀ ਬਿੰਦੋ ਤੋਂ ਸ਼ੁਰੂ ਹੁੰਦੀ
ਹੈ। ਬਿੰਦੋ, ਜੋ ਕਿ ਪੜ੍ਹਾਈ ਲਿਖਾਈ ਦੀ ਮਹੱਤਤਾ ਸਮਝਦੀ ਹੈ ਅਤੇ ਜਿਸ ਦੇ ਸੁਪਨੇ ਬਹੁਤ
ਉੱਚੇ ਹਨ ਪਰ ਗ਼ੁਰਬਤ ਦੀ ਮਾਰ ਝੱਲਦਿਆਂ ਹੋਇਆਂ ਉਸ ਨੂੰ ਆਪਣੇ ਸੁਪਨਿਆਂ ਦਾ ਗਲ਼
ਘੁੱਟਣਾ ਪੈਂਦਾ ਹੈ। ਕੀਰਾ ਬਰਾਦਰੀ ਦੇ ਲਿਹਾਜ਼ ਨਾਲ, ਥੋੜ੍ਹੇ ਸਰਦੇ-ਪੁੱਜਦੇ ਘਰ
ਵਿਆਹੀ ਜਾਣ ਪਿੱਛੋਂ ਉਹ ਆਪਣੇ ਸੁਪਨੇ ਆਪਣੇ ਪੁੱਤਰ ਜੱਗੀ ਰਾਹੀਂ ਪੂਰੇ ਕਰਨ ਦੀ ਠਾਣ
ਲੈਂਦੀ ਹੈ।
ਬਾਕੀ ਦਾ ਸਾਰਾ ਨਾਵਲ ਇਸ ਮੁਖ ਪਾਤਰ ਜੱਗੀ ਦੁਆਲ਼ੇ ਹੀ ਘੁੰਮਦਾ ਹੈ।
ਜੱਗੀ ਬਹੁਤ ਸੋਹਣਾ ਅਤੇ ਹੋਣਹਾਰ ਬੱਚਾ ਹੈ। ਉਸ ਨੂੰ ਨਿੱਕੇ ਹੁੰਦਿਆਂ ਤੋਂ ਹੀ ਬੋਲਣ
ਲੱਗਿਆਂ ਹਕਲ਼ਾਅ ਪੈਂਦਾ ਹੈ ਅਤੇ ਜ਼ਿਆਦਾ ਘਬਰਾਹਟ ਦੀ ਹਾਲਤ ਵਿਚ ਇਹ ਹਕਲ਼ਾਅ ਹੋਰ ਵੱਧ
ਪੈਂਦਾ ਹੈ। ਥਥਲਾ ਕੇ ਬੋਲਣ ਦੀ ਵਜ੍ਹਾ ਨਾਲ ਸਕੂਲ ਵਿਚ ਉਸ ਦਾ ਮਜ਼ਾਕ ਬਣਦਾ ਹੈ ਅਤੇ ਉਹ
ਬੋਲਣ ਤੋਂ ਝਿਜਕਦਾ, ਕਿਸੇ ਵੀ ਸਵਾਲ ਦਾ ਜਵਾਬ ਦੇਣ ਨਾਲੋਂ ਸਜ਼ਾ ਭੁਗਤਣ ਨੂੰ ਤਰਜੀਹ
ਦਿੰਦਾ ਹੈ। ਪਿੰਡ ਵਿਚ ਸਿਰਫ਼ ਇਕ ਜੱਟਾਂ ਦਾ ਪਰਿਵਾਰ ਹੈ ਜਿਸ ਨਾਲ ਕੀਰਿਆਂ ਦੇ ਇਸ
ਪਰਿਵਾਰ ਦਾ ਬਹੁਤ ਲਿਹਾਜ਼ ਹੈ । ਇਸੇ ਪਰਿਵਾਰ ਦੀ ਇਕ ਕੁੜੀ ਰਾਣੀ, ਜੋ ਕਿ ਜੱਗੀ ਦੀ
ਹਾਨਣ ਵੀ ਹੈ, ਜੱਗੀ ਦਾ ਬਹੁਤ ਖ਼ਿਆਲ ਰੱਖਦੀ ਹੈ, ਉਸ ਨੂੰ ਵੀਰਾ ਆਖਦੀ ਹੈ ਅਤੇ ਇਕ
ਚੰਗੀ ਭੈਣ ਵਾਂਗ ਹਰ ਔਖੇ ਸਮੇਂ ਉਸ ਦੇ ਨਾਲ ਖੜ੍ਹਦੀ ਹੈ।
ਉਮਰ ਬੀਤਣ ਨਾਲ ਅਤੇ ਆਪਣੇ ਆਤਮਵਿਸ਼ਵਾਸ ਨਾਲ ਉਹ ਆਪਣੇ ਇਸ ਹਕਲਾਹਟ ਦੇ
ਕਜ ਤੋਂ ਤਾਂ ਛੁਟਕਾਰਾ ਪਾ ਲੈਂਦਾ ਹੈ ਪਰ ਜਾਤ-ਪਾਤ ਦਾ ਵਿਤਕਰਾ ਤਾ-ਉਮਰ ਉਸ ਦਾ ਪਿੱਛਾ
ਨਹੀਂ ਛੱਡਦਾ। ਇਸੇ ਦੌਰਾਨ ਅਮਰੀਕਾ ਰਹਿੰਦੇ ਮਾਮੇ ਦੀ ਕਾਮਯਾਬੀ ਅਤੇ ਅਮਰੀਕਾ ਦਾ
ਜਾਤ-ਰਹਿਤ ਸਮਾਜ, ਜੱਗੀ ਨੂੰ ਵੀ ਅਮਰੀਕਾ ਜਾਣ ਲਈ ਪ੍ਰੇਰਦੇ ਹਨ। ਉਸ ਦੇ ਅੰਦਰ ਅਮਰੀਕਾ
ਜਾਣ ਦਾ ਸੁਪਨਾ ਅੰਗੜਾਈ ਲੈਣ ਲੱਗ ਪੈਂਦਾ। ਪੜ੍ਹਾਈ ਦੌਰਾਨ ਉਹ ਕ੍ਰਮਵਾਰ ਪ੍ਰਾਇਮਰੀ,
ਮਿਡਲ ਅਤੇ ਹਾਈ ਸਕੂਲ ਜਾਂਦਾ ਹੈ ਅਤੇ ਹਰ ਥਾਂ ਉਸ ਨੂੰ ਨਸਲੀ ਵਿਤਕਰਾ ਝੱਲਣਾ ਪੈਂਦਾ
ਹੈ। ਕਾਲਜ ਪੜ੍ਹਦਿਆਂ ਤਾਂ ਹੱਦ ਹੀ ਹੋ ਜਾਂਦੀ ਹੈ ਜਦੋਂ ਸਿੰਮੀ ਨਾਂ ਦੀ ਇਕ ਜੱਟਾਂ ਦੀ
ਕੁੜੀ ਉਸ ਦੀ ਲਿਆਕਤ ਤੇ ਮਰ ਮਿਟਦੀ ਹੈ। ਇਕ ਮਿਲਣੀ ਦੌਰਾਨ ਉਹ ਖ਼ੁਦ ਹੀ ਜੱਗੀ ਨੂੰ
ਚੁੰਮ ਵੀ ਲੈਂਦੀ ਹੈ। ਮਗਰੋਂ ਜਦ ਉਸ ਨੂੰ ਜੱਗੀ ਦੀ ਜਾਤ ਦਾ ਪਤਾ ਲਗਦਾ ਹੈ ਤਾਂ ਉਹ
ਜੱਗੀ ਨੂੰ ਬਹੁਤ ਬੁਰਾ-ਭਲਾ ਆਖਦੀ ਹੈ ਅਤੇ ਆਪਣੇ ਆਪ ਤੇ ਬਹੁਤ ਖਿਝਦੀ ਹੈ ਕਿ ਉਸ ਨੇ
ਕਿਸੇ ਕੀਰੇ ਨੂੰ ਕਿਵੇਂ ਚੁੰਮ ਲਿਆ।
ਅੰਤ ਵਿਚ ਯੂਨੀਵਰਸਿਟੀ ਪੜ੍ਹਦਿਆਂ ਉਸ ਨੂੰ ਨਵੀ ਨਾਂ ਦੀ ਇਕ ਕੁੜੀ
ਨਾਲ ਪਿਆਰ ਹੁੰਦਾ ਅਤੇ ਨਵੀ ਖੱਤਰੀਆਂ ਦੀ ਕੁੜੀ ਹੈ। ਇਹ ਕੁੜੀ ਜੱਗੀ ਦੀ ਜਾਤ ਦੀ
ਪਰਵਾਹ ਨਹੀਂ ਕਰਦੀ ਅਤੇ ਉਸ ਨਾਲ ਤੋੜ ਨਿਭਾਉਣ ਦੀ ਸਿਰਤੋੜ ਕੋਸ਼ਸ਼ ਕਰਦੀ ਹੈ। ਉਹ
ਆਪਣੇ ਬਾਪ ਨਾਲ ਬਗ਼ਾਵਤ ਕਰਦੀ ਹੈ ਅਤੇ ਇਸ ਰਿਸ਼ਤੇ ਨੂੰ ਨਿਭਾਉਣ ਲਈ ਬਜ਼ਿਦ ਹੈ। ਹਾਲੇ
ਵਿਆਹ ਦਾ ਫ਼ੈਸਲਾ ਕਿਸੇ ਪਾਸੇ ਲੱਗਾ ਨਹੀਂ ਸੀ ਕਿ ਨਵੀ ਬਿਮਾਰ ਹੋ ਜਾਂਦੀ ਹੈ ਅਤੇ
ਡਾਕਟਰ ਐਲਾਨ ਕਰ ਦਿੰਦੇ ਹਨ ਕਿ ਉਸ ਦਾ ਬਚਣਾ ਤਾਂ ਹੀ ਸੰਭਵ ਹੋ ਸਕਦੈ ਜੋ ਕੋਈ ਉਸ ਨੂੰ
ਆਪਣਾ ਲਿਵਰ ਦਾਨ ਕਰੇ। ਘਰਦਿਆਂ ਵਿਚੋਂ ਕੋਈ ਵੀ ਲਿਵਰ ਦੇਣ ਲਈ ਅੱਗੇ ਨਹੀਂ ਆਉਂਦਾ
ਜਦੋਂ ਕਿ ਸ਼ਰਤ ਇਹ ਸੀ ਕਿ ਕੋਈ ਪਰਿਵਾਰਕ ਮੈਂਬਰ ਹੀ ਲਿਵਰ ਦੇ ਸਕਦਾ ਹੈ। ਅੰਤ ਨੂੰ
ਜੱਗੀ ਆਪਣਾ ਲਿਵਰ ਦੇਣ ਲਈ ਤਿਆਰ ਹੋ ਜਾਂਦਾ ਹੈ ਪਰ ਪਰਿਵਾਰਕ ਮੈਂਬਰ ਵਾਲ਼ੀ ਸ਼ਰਤ ਪੂਰੀ
ਕਰਨ ਲਈ ਉਸ ਨੂੰ ਪਹਿਲਾਂ ਨਵੀ ਨਾਲ ਵਿਆਹ ਕਰਾਉਣਾ ਪੈਣਾ ਸੀ। ਆਪਣੀ ਧੀ ਦੀ ਜਾਨ ਬਚਾਉਣ
ਲਈ ਨਵੀ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਹੋ ਜਾਂਦਾ ਅਤੇ ਨਵੀ ਅਤੇ ਜੱਗੀ ਦਾ ਵਿਆਹ ਹੋ
ਜਾਂਦਾ। ਜੱਗੀ ਆਪਣਾ ਅੱਧਾ ਜਿਗਰ ਨਵੀ ਨੂੰ ਦੇ ਦਿੰਦਾ ਅਤੇ ਦੋਵੇਂ ਤੰਦਰੁਸਤ ਹੋ ਜਾਂਦੇ
ਹਨ। ਕੁਦਰਤ ਫੇਰ ਜੱਗੀ ਨਾਲ ਮਜ਼ਾਕ ਕਰਦੀ ਹੈ ਅਤੇ ਨਵੀ ਦੁਬਾਰਾ ਬਿਮਾਰ ਹੋ ਜਾਂਦੀ ਹੈ।
ਇਸ ਵਾਰ ਉਸ ਦੀ ਹਾਲਤ ਬਹੁਤ ਤੇਜ਼ੀ ਨਾਲ ਵਿਗੜਦੀ ਹੈ ਅਤੇ ਕੁਝ ਕੁ ਹਫ਼ਤਿਆਂ ਵਿਚ ਹੀ ਉਸ
ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੀ ਹੈ। ਇਕ ਪ੍ਰੇਮ ਕਹਾਣੀ ਦਾ ਅੰਤ ਹੋ ਜਾਂਦਾ ਹੈ।
ਨਵੀ ਦਾ ਪਰਿਵਾਰ ਨਵੀ ਦੀ ਮੌਤ ਪਿੱਛੋਂ ਜੱਗੀ ਨੂੰ ਮੂੰਹ ਨਹੀਂ ਲਾਉਂਦਾ। ਜੱਗੀ ਅੰਦਰੋਂ
ਬਹੁਤ ਟੁੱਟ ਜਾਂਦਾ ਹੈ ਅਤੇ ਉਸ ਦੀ ਭੈਣ ਰਾਣੀ ਉਸ ਨੂੰ ਫੇਰ ਸੰਭਾਲ਼ਦੀ ਹੈ।
ਜੱਗੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਦਾਖ਼ਲਾ ਦੇਣ ਦੀ ਚਿੱਠੀ
ਆਉਂਦੀ ਹੈ ਪਰ ਉਹ ਨਵੀ ਤੋਂ ਬਿਨਾ ਇਕੱਲਿਆਂ ਅਮਰੀਕਾ ਜਾਣ ਤੋਂ ਪਾਸਾ ਵੱਟ ਲੈਂਦਾ ਹੈ
ਅਤੇ ਧਰਮਸ਼ਾਲਾ ਵਿਖੇ ਇਕ ਅਖ਼ਬਾਰ ਵਿਚ ਸਬ-ਐਡੀਟਰ ਵਜੋਂ ਨੌਕਰੀ ਕਰ ਲੈਂਦਾ ਹੈ। ਇੱਥੇ
ਨੌਕਰੀ ਕਰਦਿਆਂ ਇਕ ਵਾਰ ਫੇਰ ਉਸ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ
ਦੇ ਨਾਲ ਦਿਆਂ ਕਰਮਚਾਰੀਆਂ ਨੂੰ ਜਦ ਇਹ ਪਤਾ ਲਗਦਾ ਕਿ ਉਹ ਕੀਰਿਆਂ ਦਾ ਮੁੰਡਾ ਹੈ ਤਾਂ
ਉਹ ਇਸ ਗੱਲ ਦਾ ਮੁੱਦਾ ਬਣਾ ਕੇ ਆਪਣਾ ਧਰਮ ਭ੍ਰਿਸ਼ਟ ਹੋਣ ਦੀ ਦੁਹਾਈ ਪਾਉਂਦੇ ਹਨ।
ਇਸ ਦੌਰਾਨ ਨਾਵਲ ਵਿਚ ਇਕ ਬਹੁਤ ਹੀ ਅਣਕਿਆਸਿਆ ਜਿਹਾ ਮੋੜ ਆਉਂਦਾ ਹੈ।
ਜੱਗੀ ਦੀ ਮੂੰਹਬੋਲੀ ਭੈਣ ਨੂੰ ਬਾਹਰੋਂ ਕੋਈ ਰਿਸ਼ਤਾ ਆਉਂਦਾ ਹੈ। ਉਹ ਪਹਿਲਾਂ ਤਾਂ ਜੱਗੀ
ਨੂੰ ਈਮੇਲ ਤੇ ਇਸ ਦੀ ਖ਼ਬਰ ਦਿੰਦੀ ਹੈ ਜਦੋਂ ਜੱਗੀ ਵੱਲੋਂ ਕੋਈ ਖ਼ਾਸ ਹੁੰਗਾਰਾ ਨਹੀਂ
ਮਿਲਦਾ ਤਾਂ ਉਹ ਜੱਗੀ ਕੋਲ ਧਰਮਸ਼ਾਲਾ ਪਹੁੰਚ ਜਾਂਦੀ ਹੈ ਅਤੇ ਇਕ ਹੈਰਾਨਕੁਨ ਭੇਦ
ਖੋਲ੍ਹਦੇ ਹੋਏ ਜੱਗੀ ਨੂੰ ਦੱਸਦੀ ਹੈ ਕਿ ਉਹ ਦਿਲੋਂ ਉਸ ਨੂੰ ਭਰਾ ਨਹੀਂ ਮੰਨਦੀ ਸਗੋਂ
ਉਸ ਨੂੰ ਪ੍ਰੇਮੀ ਮੰਨਦੀ ਹੈ। ਬਾਹਰਲਾ ਰਿਸ਼ਤਾ ਲੈਣ ਦੀ ਉਹ ਬਜਾਏ ਜੱਗੀ ਨਾਲ ਵਿਆਹ
ਕਰਾਉਣ ਦੀ ਇੱਛੁਕ ਹੈ। ਜੱਗੀ ਪਹਿਲਾਂ ਤਾਂ ਹੈਰਾਨ ਹੁੰਦਾ ਤੇ ਫਿਰ ਕੁਝ ਸੋਚਣ ਤੋਂ
ਬਾਅਦ ਆਪ ਵੀ ਕਬੂਲ ਕਰ ਲੈਂਦਾ ਹੈ ਕਿ ਉਹ ਵੀ ਸ਼ਾਇਦ ਉਸ ਨੂੰ ਦਿਲੋਂ ਭੈਣ ਨਹੀਂ ਮੰਨਦਾ
ਅਤੇ ਇਸ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ। ਅੰਤ ਵਿਚ ਪਰਿਵਾਰ ਅਤੇ ਸਮਾਜ ਤੋਂ ਲੁਕਦੇ
ਲੁਕਾਉਂਦੇ ਉਹ ਵਿਆਹ ਕਰਵਾ ਲੈਂਦੇ ਹਨ ਅਤੇ ਅਮਰੀਕਾ ਚਲੇ ਜਾਂਦੇ ਹਨ। ਅਮਰੀਕਾ ਵਿਚ
ਰਹਿੰਦਿਆਂ ਉਹ ਨੋਟ ਕਰਦੇ ਹਨ ਕਿ ਉੱਥੇ ਰਹਿਣ ਵਾਲਾ ਭਾਰਤੀ ਸਮਾਜ ਉੱਥੇ ਵੀ ਜਾਤ-ਪਾਤ
ਦੇ ਮੱਕੜ-ਜਾਲ ਵਿਚ ਓਵੇਂ ਹੀ ਫਸਿਆ ਹੈ ਜਿਵੇਂ ਭਾਰਤ ਵਿਚ ਹੈ।
ਇਸ ਤਰ੍ਹਾਂ ਨਾਵਲ ਦੀ ਕਹਾਣੀ ਨਾਟਕੀ ਅੰਦਾਜ਼ ਵਿਚ ਖ਼ਤਮ ਹੋ ਜਾਂਦੀ
ਹੈ। ਨਾਵਲ ਦੀ ਕਹਾਣੀ ਸੋਹਣੀ ਤੁਰਦੀ ਹੈ ਅਤੇ ਉਤਸੁਕਤਾ ਬਣੀ ਰਹਿੰਦੀ ਹੈ। ਲੇਖਕ, ਮੁਖ
ਪਾਤਰ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਘਟਨਾਵਾਂ ਦਾ ਵੀ ਜ਼ਿਕਰ ਕਰਨੋਂ ਨਹੀਂ
ਖੁੰਝਦਾ। ਕਦੀ-ਕਦੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਜੱਗੀ ਨਾਂ ਦੇ ਕਿਸੇ ਬੰਦੇ
ਦੀ ਬਾਇਓ ਗਰਾਫ਼ੀ ਪੜ੍ਹ ਰਹੇ ਹੋਵੋ। ਕਦੇ-ਕਦੇ ਮੈਨੂੰ ਇੰਝ ਵੀ ਮਹਿਸੂਸ ਹੋਇਆ ਕਿ ਨਾਵਲ
ਵਿਚ ਜਾਤ-ਵਿਤਕਰੇ ਦੇ ਜੋ ਹਾਲਾਤ ਦਿਖਾਏ ਗਏ ਹਨ ਉਹ ਸ਼ਾਇਦ ਅੱਜ ਨਾਲੋਂ ਦੋ-ਤਿੰਨ ਦਹਾਕੇ
ਪਹਿਲਾਂ ਦੇ ਨੇ। ਅੱਜ ਹਾਲਾਤ ਕਾਫ਼ੀ ਬਦਲ ਚੁੱਕੇ ਹਨ।
ਨਾਵਲ ਵਿਚਲੇ ਕੁਝ ਪੱਖ ਖ਼ਾਸ ਧਿਆਨ ਖਿੱਚਦੇ ਹਨ। ਪਹਿਲਾ ਇਹ ਹੈ ਕਿ
ਨਸਲੀ ਵਿਤਕਰਾ ਪੜ੍ਹੇ ਲਿਖੇ ਲੋਕਾਂ ਵਿਚ ਵੀ ਮੌਜੂਦ ਹੈ। ਕੀ ਅਜੋਕੀ ਸਿੱਖਿਆ ਇਸ
ਵਿਤਕਰੇ ਨੂੰ ਦੂਰ ਕਰਨ ਤੋਂ ਅਸਮਰਥ ਹੈ? ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਅਧਿਆਪਨ
ਕਾਰਜ ਨਾਲ ਜੁੜੇ ਲੋਕ ਵੀ ਇਸ ਵਿਚ ਸ਼ਾਮਲ ਹਨ।
ਇਕ ਹੋਰ ਨੁਕਤਾ ਵੀ ਗ਼ੌਰ ਕਰਨ ਯੋਗ ਹੈ ਕਿ ਨਸਲੀ ਵਿਤਕਰਾ ਅਖੌਤੀ ਉੱਚ
ਜਾਤਾਂ ਵਾਲ਼ੇ ਹੀ ਨਹੀਂ ਕਰਦੇ ਸਗੋਂ ਨੀਵੀਂ ਜਾਤ ਵਾਲਿਆਂ ਦਾ ਜ਼ੋਰ ਭਰੇ ਤਾਂ ਉਹ ਵੀ
ਕਰਦੇ ਹਨ। ਨਾਵਲ ਦਾ ਨਾਇਕ ਜਿਸ ਸਕੂਲ ਵਿਚ ਪੜ੍ਹਦਾ ਹੈ ਉਸ ਵਿਚ ਸੈਣੀਆਂ ਦੇ ਬੱਚਿਆਂ
ਦੀ ਬਹੁਗਿਣਤੀ ਹੈ। ਇਕ ਬੱਚਾ ਜੱਟਾਂ ਦਾ ਹੈ ਅਤੇ ਇਕ ਬੱਚਾ ਕੀਰਿਆਂ ਦਾ ਹੈ। ਇਹ ਦੋਵੇਂ
ਹੀ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਇਹ ਗੱਲ ਮੇਰੀ ਵੀ ਦੇਖੀ ਪਰਖੀ ਹੈ। ਬਚਪਨ
ਵਿਚ ਸਾਡੇ ਪਿੰਡਾਂ ਵੱਲ ਵੀ ਆਮ ਤੌਰ ਤੇ ਪਿੰਡ ਵਿਚ ਜੱਟਾਂ ਦੀ ਬਹੁਗਿਣਤੀ ਹੁੰਦੀ ਸੀ
ਅਤੇ ਇਕ-ਦੋ ਹਿੰਦੂ ਪਰਿਵਾਰ ਹੁੰਦੇ ਸਨ। ਆਮ ਤੌਰ ਤੇ ਜੱਟਾਂ ਦੇ ਨਿਆਣੇ ਉਨ੍ਹਾਂ
ਪਰਿਵਾਰਾਂ ਦੇ ਨਿਆਣਿਆਂ ਨੂੰ ਓਏ ਬਾਹਮਣਾ ਜਾਂ ਓਏ ਪੰਡਤਾ ਆਖਿਆ ਕਰਦੇ ਸਨ। ਉਨ੍ਹਾਂ ਦੇ
ਲਹਿਜ਼ੇ ਵਿਚਲਾ ਭਾਵ ਇਸੇ ਗੱਲ ਦਾ ਸੰਕੇਤ ਹੁੰਦਾ ਸੀ ਕਿ ਸਾਡੇ ਜੱਟਾਂ ਵਿਚ ਤੇਰੀ ਪੰਡਤ
ਦੀ ਕੋਈ ਔਕਾਤ ਨਹੀਂ ਹੈ।
ਇਸ ਤੋਂ ਇਲਾਵਾ ਕਹਾਣੀ ਬਾਰੇ ਮੇਰੇ ਕੁਝ ਸਵਾਲ ਲੇਖਕ ਤੱਕ ਵੀ ਹਨ।
ਜਿਨ੍ਹਾਂ ਵਿਚ ਪਹਿਲਾ ਸਵਾਲ ਇਹ ਬਣਦੈ ਪਈ, ਜੱਗੀ ਦੇ ਮਨ ਵਿਚ ਬਚਪਨ
ਤੋਂ ਹੀ ਇਹ ਸੁਪਨਾ ਬੀਜਿਆ ਗਿਆ ਸੀ ਕਿ ਉਹ ਵੱਡਾ ਹੋ ਕੇ ਅਮਰੀਕਾ ਜਾਏਗਾ। ਵੱਖਰੀ ਗੱਲ
ਹੈ ਕਿ ਯੂਨੀਵਰਸਿਟੀ ਪੜ੍ਹਦਿਆਂ ਉਸ ਨੂੰ ਪ੍ਰੇਮਿਕਾ ਵੀ ਅਜਿਹੀ ਮਿਲ ਜਾਂਦੀ ਹੈ ਜੋ
ਪਹਿਲਾਂ ਹੀ ਅਮਰੀਕਾ ਜਾਣ ਵਾਸਤੇ ਤਿਆਰੀ ਕਰ ਰਹੀ ਹੈ। ਪਰ ਉਸ ਦੀ ਪ੍ਰੇਮਿਕਾ ਦੀ ਮੌਤ
ਤੋਂ ਬਾਅਦ ਜਦੋਂ ਉਸ ਨੂੰ ਅਮਰੀਕਾ ਵਿਚ ਪੜ੍ਹਾਈ ਦੀ ਆਫ਼ਰ ਆਉਂਦੀ ਹੈ ਤਾਂ ਉਹ ਇਹ ਕਹਿ
ਕੇ ਮਨ੍ਹਾ ਕਰ ਦਿੰਦਾ ਕਿ ਨਵੀ ਤੋਂ ਬਿਨਾ ਇਕੱਲਿਆਂ ਜਾਣ ਨੂੰ ਉਸ ਦਾ ਦਿਲ ਨਹੀਂ ਕਰਦਾ।
ਜਦ ਕਿ ਇਸ ਹਾਲਤ ਵਿਚ ਆਮ ਬੰਦਾ ਅਜਿਹੀ ਥਾਂ ਛੱਡਣ ਨੂੰ ਤਰਜੀਹ ਦਿੰਦਾ ਜਿਸ ਥਾਂ ਨੇ ਉਸ
ਨੂੰ ਦੁੱਖ ਦਿੱਤੇ ਹੋਣ ਅਤੇ ਜਿਸ ਥਾਂ ਤਾਂ ਉਸ ਨਾਲ ਭੇਦ-ਭਾਵ ਕੀਤਾ ਜਾਂਦਾ ਹੋਵੇ।
ਜੱਗੀ ਦਾ ਅਮਰੀਕਾ ਨਾ ਜਾ ਕੇ, ਧਰਮਸ਼ਾਲਾ ਵਿਚ ਨੌਕਰੀ ਕਰਨ ਦਾ ਫ਼ੈਸਲਾ ਥੋੜ੍ਹਾ ਹੈਰਾਨ
ਕਰਨ ਵਾਲ਼ਾ ਸੀ।
ਦੂਜਾ ਸਵਾਲ ਇਹ ਹੈ ਪਈ ਨਾਵਲ ਦੇ ਤਿੰਨ ਸੌ ਨੱਬ੍ਹਿਆਂ ਸਫ਼ਿਆਂ ਤੱਕ
ਜਿਹੜਾ ਰਿਸ਼ਤਾ ਭੈਣ-ਭਰਾ ਦਾ ਨਜ਼ਰ ਆਉਂਦਾ ਹੈ ਉਸ ਨੂੰ ਇਕਦਮ ਬਦਲ ਕੇ ਪ੍ਰੇਮੀ-ਪ੍ਰੇਮਿਕਾ
ਦਾ ਕਰ ਦਿੱਤਾ ਗਿਆ ਹੈ। ਇਹ ਗੱਲ ਯਕੀਨੀ ਤੌਰ ਤੇ ਸਮਾਜ ਵਿਚ ਗ਼ੁੱਸਾ ਭਰਨ ਵਾਲ਼ੀ ਹੈ।
ਮੈਨੂੰ ਲੱਗਾ ਕਿ ਇਹ ਗੱਲ ਪਾਠਕ ਨੂੰ ਵੀ ਥੋੜ੍ਹਾ ਤੰਗ ਕਰੇਗੀ। ਜੇ ਰਿਸ਼ਤੇ ਵਿਚ ਅਜਿਹਾ
ਮੋੜ ਲਿਆਉਣਾ ਸੀ ਤਾਂ ਪਾਠਕ ਨੂੰ ਇਸ ਦੀ ਸੂਹ ਨਾਵਲ ਵਿਚ ਪਹਿਲਾਂ ਹੀ ਕਿਤਿਓਂ ਮਿਲ
ਜਾਂਦੀ ਤਾਂ ਜ਼ਿਆਦਾ ਚੰਗਾ ਹੁੰਦਾ।
ਅੰਤ ਵਿਚ ਮੈਂ ਇਹੀ ਕਹਾਂਗਾ ਕਿ ਰਛਪਾਲ ਸਹੋਤਾ ਹੁਰਾਂ ਨੇ ਬਹੁਤ ਮਿਹਨਤ ਨਾਲ
ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਇਸ ਕਹਾਣੀ ਨੂੰ ਸਿਰਜਿਆ ਹੈ। ਉਹ ਬਹੁਤ ਹੀ ਕਲਾਤਮਿਕ
ਤਰੀਕੇ ਨਾਲ ਆਪਣੀ ਗੱਲ ਕਹਿਣ ਵਿਚ ਕਾਮਯਾਬ ਹੋਏ ਹਨ। ਮੇਰੀ ਪੰਜਾਬੀ ਪਾਠਕਾਂ ਨੂੰ
ਪੁਰਜ਼ੋਰ ਅਪੀਲ ਹੈ ਕਿ ਇਸ ਰਚਨਾ ਨੂੰ ਪੜ੍ਹਨ ਅਤੇ ਆਪਣੀਆਂ ਲਾਇਬਰੇਰੀਆਂ ਵਿਚ ਥਾਂ ਦੇਣ।
-
ਰਾਜਵੰਤ ਰਾਜ, Writer
Email: Rajwant_bagri@hotmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.