ਉਜਾਗਰ ਸਿੰਘ
ਸਾਹਿਤਕਾਰਾਂ ਦੇ ਸੁਭਾਅ ਆਮ ਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਉਨ੍ਹਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਫਿਰ ਉਹ ਉਸ ਪ੍ਰਭਾਵ ਨੂੰ ਆਪਣੀਆਂ ਰਚਨਾਵਾਂ ਰਾਹੀਂ ਪ੍ਰਗਟ ਕਰਦੇ ਹਨ। ਸਾਹਿਤ ਦੇ ਵੀ ਕਈ ਰੂਪ ਹੁੰਦੇ ਹਨ, ਸਾਰੇ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ। ਪ੍ਰੰਤੂ ਇਨ੍ਹਾਂ ਸਾਰੇ ਰੂਪਾਂ ਵਿੱਚੋਂ ਕਵਿਤਾ ਕੋਮਲ ਦਿਲਾਂ ਦੇ ਅਹਿਸਾਸਾਂ ਦਾ ਪ੍ਰਤੀਬਿੰਬ ਹੁੰਦੀ ਹੈ। ਪਰਮਜੀਤ ਸਿੰਘ ਵਿਰਕ ਇੱਕ ਸੰਵੇਦਨਸ਼ੀਲ ਕਵੀ ਹੈ। ਉਹ ਦਿਲਾਂ ਨੂੰ ਟੁੰਬਣ ਵਾਲੀ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾ ਲਿਖਦਾ ਹੈ। ਪਰਮਜੀਤ ਸਿੰਘ ਵਿਰਕ ਦੇ ਦੋ ਕਾਵਿ ਸੰਗ੍ਰਹਿ ‘ਨਾ ਤਾਰੇ ਭਰਨ ਹੁੰਗਾਰੇ’ ਅਤੇ ‘ਦੱਸ ਨੀ ਕੋਇਲੇ’ ਪ੍ਰਕਾਸ਼ਤ ਹੋ ਚੁੱਕੇ ਹਨ। ਇਨ੍ਹਾਂ ਦੋਵੇਂ ਕਾਵਿ ਸੰਗ੍ਰਹਿਾਂ ਵਿੱਚ ਲੋਕਾਈ ਦੇ ਦਰਦਾਂ ਦੀ ਦਾਸਤਾਂ ਕਵਿਤਾਵਾਂ ਰਾਹੀਂ ਦਰਸਾਈ ਗਈ ਹੈ। ਸਮਾਜਿਕ ਤਾਣੇ ਬਾਣੇ ਵਿੱਚ ਵੱਡੀ ਪੱਧਰ ‘ਤੇ ਸਮਾਜਿਕ ਬੁਰਾਈਆਂ ਦਾ ਬੋਲ ਬਾਲਾ ਹੈ। ਵਿਰਕ ਪੁਲਿਸ ਵਿਭਾਗ ਵਿੱਚੋਂ ਸੀਨੀਅਰ ਅਧਿਕਾਰੀ ਦੇ ਤੌਰ ‘ਤੇ ਸੇਵਾ ਮੁਕਤ ਹੋਇਆ ਹੈ। ਪੁਲਿਸ ਵਿਭਾਗ ਦਾ ਅਧਿਕਾਰੀ ਸਮਾਜਿਕ ਸਰੋਕਾਰਾਂ ਦੀ ਗੱਲ ਕਰੇ ਤਾਂ ਸਮਾਜ ਨੂੰ ਯਕੀਨ ਨਹੀਂ ਆਉਂਦਾ ਪ੍ਰੰਤੂ ਪਰਮਜੀਤ ਸਿੰਘ ਵਿਰਕ ਨੇ ਆਪਣੀ ਨੌਕਰੀ ਦੌਰਾਨ ਗ਼ਲਤ ਨੂੰ ਗ਼ਲਤ ਅਤੇ ਠੀਕ ਨੂੰ ਠੀਕ ਹੀ ਕਿਹਾ ਹੈ। ਉਸ ਨੇ ਕਿਸੇ ਵੀ ਵਿਅਕਤੀ ਨਾਲ ਜ਼ਿਆਦਤੀ ਨਹੀਂ ਹੋਣ ਦਿੱਤੀ, ਭਾਵੇਂ ਉਸ ਨੂੰ ਇਸ ਦਾ ਇਵਜ਼ਾਨਾ ਵੀ ਭੁਗਤਣਾ ਪਿਆ ਕਿਉਂਕਿ ਉਸ ਦਾ ਸਾਹਿਤਕ ਦਿਲ ਜ਼ਿਆਦਤੀ ਕਰਨ ਤੇ ਹੋਣ ਦੀ ਇਜ਼ਾਜਤ ਨਹੀਂ ਦਿੰਦਾ ਸੀ। ਪੁਲਿਸ ਵਿਭਾਗ ਦੇ ਤਜ਼ਰਬਿਆਂ ਨੇ ਪਰਮਜੀਤ ਸਿੰਘ ਵਿਰਕ ਨੂੰ ਸਮਾਜ ਦੇ ਜ਼ਿਆਦਤੀਆਂ ਤੋਂ ਪ੍ਰਭਾਵਤ ਲੋਕਾਂ ਦੀ ਤ੍ਰਾਸਦੀ ਨੂੰ ਕਵਿਤਾਵਾਂ ਦਾ ਰੂਪ ਦੇਣ ਲਈ ਪ੍ਰੇਰਤ ਕੀਤਾ ਹੈ। ਸਮਾਜ ਵਿੱਚ ਭ੍ਰਿਸ਼ਟਾਚਾਰ ਹਰ ਪਾਸੇ ਭਾਰੂ ਹੈ। ਨੌਕਰੀ ਵਿੱਚ ਹੁੰਦਿਆਂ ਉਸ ਦੀ ਲਿਖੀ ਕਵਿਤਾ ਦਫ਼ਤਰੀ ਭਰਿਸ਼ਟਾਚਾਰ ਦੇ ਤਿੱਖੇ ਵਿਅੰਗ ਦਾ ਨਮੂਨਾ ਹੈ:
ਵਿੱਚ ਲਿਫ਼ਾਫ਼ੇ ਬੰਦ ਕਰ ਮਾਇਆ, ਸੇਵਾ ਆਖ ਫੜਾ ਆਇਆ ਕਰ।
ਵਿਸਕੀ, ਦੁੱਧ, ਸਿਲੰਡਰ, ਸੌਦਾ, ਅਫ਼ਸਰ ਘਰ ਪਹੁੰਚਾ ਆਇਆ ਕਰ।
ਹਫ਼ਤੇ ਪਿੱਛੋਂ ਠਾਕੁਰ ਦੁਆਰੇ, ਜਾ ਕੇ ਭੁੱਲ ਬਖ਼ਸ਼ਾ ਆਇਆ ਕਰ।
‘ਚੋਰ ਤੇ ਕੁੱਤੀ’ ਵੀ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਪ੍ਰਸ਼ਾਸ਼ਨ ਅਤੇ ਰਾਜਨੀਤੀਵਾਨਾ ਦੇ ਮਿਲਕੇ ਲੋਕਾਂ ਨੂੰ ਲੁੱਟਣ ਦਾ ਸੰਕੇਤ ਹੈ। ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਵਹਾਰ ਬਾਰੇ ਦੋ ਕਵਿਤਾਵਾਂ ‘ਖੋਤਿਆਂ ਦੇ ਅੰਗ ਸੰਗ’ ਅਤੇ ‘ਉਲੂਆਂ ਦੀ ਭਰਮਾਰ’ ਦੇ ਸਿਰਲੇਖਾਂ ਤੋਂ ਪ੍ਰਗਟਵਾ ਹੋ ਜਾਂਦਾ ਹੈ। ‘ਲੁੱਟ ਘਸੁੱਟ, ਅਗਵਾ, ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਉਤਸ਼ਾਹਤ ਕਰਦੇ ਹਨ। ਭਾਵ ਸਰਕਾਰ ਕੋਲ ਪੜ੍ਹੇ ਲਿਖੇ ਅਧਿਕਾਰੀ ਹਨ, ਜਿਹੜੇ ਲੁੱਟਣ ਦੇ ਆਧੁਨਿਕ ਢੰਗ ਤਰੀਕੇ ਦੱਸਦੇ ਹਨ। ਅਜਿਹੇ ਹਾਲਾਤ ਵਿੱਚ ਲੋਕ ਮਨੋਬਲ ਸੁੱਟੀ ਬੈਠੇ ਹਨ। ਇੱਕ ਕਵਿਤਾ ਵਿੱਚ ਉਹ ਲਿਖਦਾ ਹੈ:
ਯੂਨੀਵਰਸਿਟੀਆਂ ‘ਚ ਵੱਡੇ ਮਿਲਣ ਚਿੱਚੜ, ਛੋਟੇ ਕਾਲਜਾਂ ਵਿੱਚ ਨੇ ਆਮ ਮਿਲਦੇ।
ਤੀਜਾ ਨੰਬਰ ਸਰਕਾਰ ਦੇ ਦਫ਼ਤਰਾਂ ਦਾ, ਚਿੱਚੜ ਹੋਏ ਕਈ ਜਿਥੇ ਬਦਨਾਮ ਮਿਲਦੇ।
ਚੌਥਾ ਨੰਬਰ ਟਰੱਕ ਡਰਾਇਵਰਾਂ ਦਾ, ਪੰਜਵੇਂ ਨੰਬਰ ‘ਤੇ ਛੜੇ ਤਮਾਮ ਮਿਲਦੇ।
ਸਮਾਜ ਵਿੱਚ ਕੁਰੀਤੀਆਂ ਹੋਣ ਦੇ ਬਾਵਜੂਦ ਕਵੀ ਲੋਕਾਂ ਨੂੰ ਨਿਰਉਤਸ਼ਾਹਤ ਹੋਣ ਤੋਂ ਵਰਜ਼ਦਾ ਹੋਇਆ ਲਿਖਦਾ ਹੈ:
ਮਿਹਨਤ ਅਤੇ ਲਗਨ ਨੂੰ ਹਥਿਆਰ ਬਣਾਕੇ, ਅਨੁਸ਼ਾਸਨ ਨੂੰ ਜ਼ਿੰਦਗੀ ਦਾ ਆਧਾਰ ਬਣਾਕੇ।
ਟੀਚੇ ਦੇ ਵੱਲ ਆਪਣੇ ਕਦਮ ਵਧਾਉਂਦਾ ਜਾਹ, ਆਪੇ ‘ਤੇ ਕਰ ਇਤਬਾਰ, ਸੰਘਰਸ਼ ਕਰ..।
ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਬਾਰੇ ਕੁਝ ਅਜਿਹਾ ਬ੍ਰਿਤਾਂਤ ਸਿਰਜਿਆ ਗਿਆ ਹੈ, ਜਿਵੇਂ ਉਹ ਮਨੁੱਖਤਾ ਦੇ ਸੇਵਕ ਹੀ ਨਹੀਂ ਹੁੰਦੇ। ਹਾਲਾਂ ਕਿ ਨਾ ਤਾਂ ਸਾਰੇ ਚੰਗੇ ਤੇ ਨਾ ਸਾਰੇ ਮਾੜੇ ਹੁੰਦੇ ਹਨ। ਪ੍ਰੰਤੂ ਕੁਝ ਕਾਲੀਆਂ ਭੇਡਾਂ ਹਰ ਵਿਭਾਗ ਨੂੰ ਬਦਨਾਮ ਕਰਦੀਆਂ ਹਨ, ਜਿਸ ਕਰਕੇ ਵਿਭਾਗਾਂ ਬਾਰੇ ਲੋਕ ਰਾਏ ਨਾਂਹਪੱਖੀ ਬਣ ਜਾਂਦੀ ਹੈ। ਇਸ ਲਈ ਜੇਕਰ ਕੋਈ ਪੁਲਿਸ ਅਧਿਕਾਰੀ ਮਨੁੱਖਤਾ ਦੀ ਬਿਹਤਰੀ ਲਈ ਸਮਾਜ ਸੇਵਾ ਦਾ ਕਾਰਜ ਕਰਦਾ ਹੋਵੇ, ਲੋਕਾਂ ਦੇ ਗੱਲ ਹਜ਼ਮ ਨਹੀਂ ਹੁੰਦੀ, ਤੇ ਫਿਰ ਸੇਵਾ ਮੁਕਤ ਅਧਿਕਾਰੀ ਵੀ ਐਸ.ਐਸ.ਪੀ.ਵਿਜੀਲੈਂਸ ਪੱਧਰ ਦਾ ਹੋਵੇ। ਸੇਵਾ ਮੁਕਤੀ ਤੋਂ ਬਾਅਦ ਵੀ ਛੇਤੀ ਕੀਤਿਆਂ ਤਾਂ ਬਹੁਤ ਛੋਟੇ ਰੈਂਕ ਦੇ ਅਧਿਕਾਰੀਆਂ ਦਾ ਪੈਰ ਵੀ ਧਰਤੀ ਤੇ ਨਹੀਂ ਲੱਗਦੇ ਹੁੰਦੇ। ਉਨ੍ਹਾਂ ਵਿੱਚੋਂ ਅਹੁਦੇ ਦਾ ਫ਼ਤੂਰ ਛੇਤੀ ਕੀਤਿਆਂ ਨਿਕਲਦਾ ਹੀ ਨਹੀਂ। ਉਨ੍ਹਾਂ ਦੇ ਵਿਵਹਾਰ ਤੋਂ ਫ਼ੂੰ ਫ਼ਾਂ ਤਾਂ ਆਮ ਤੌਰ ‘ਤੇ ਸਮਾਜ ਵਿੱਚ ਵਿਚਰਦਿਆਂ ਵੇਖਣ ਨੂੰ ਮਿਲਦੀ ਹੈ। ਕਈ ਵਾਰ ਅਜਿਹੇ ਤਜ਼ਰਬੇ ਹੁੰਦੇ ਹਨ, ਜਿਨ੍ਹਾਂ ਕਰਕੇ ਉਸ ਵਿਭਾਗ ਦਾ ਅਕਸ ਮਾੜਾ ਬਣ ਜਾਂਦਾ ਹੈ। ਪੰਜਾਬ ਪੁਲਿਸ ਦਾ ਸੇਵਾ ਮੁਕਤ ਅਧਿਕਾਰੀ ਪਰਮਜੀਤ ਸਿੰਘ ਵਿਰਕ ਪਟਿਆਲਾ ਦੇ ਅਰਬਨ ਅਸਟੇਟ ਫ਼ੇਜ਼-2 ਵਿੱਚ ਪਰਿਵਾਰ ਸਮੇਤ ਰਹਿੰਦਾ ਹੈ। ਉਸ ਨੂੰ ਤੁਸੀਂ ਅਰਬਨ ਅਸਟੇਟ ਫ਼ੇਜ਼-2 ਦੇ ਪਾਰਕਾਂ ਵਿੱਚ ਅਕਸਰ ਬੂਟਿਆਂ, ਫੁੱਲਾਂ ਤੇ ਘਾਹ ਦੀ ਵੇਖ ਭਾਲ ਕਰਦਿਆਂ, ਪਾਣੀ ਦਿੰਦਿਆਂ ਅਤੇ ਫ਼ੁੱਲਾਂ ਵਾਲੇ ਪੌਦਿਆਂ ਦੇ ਆਲੇ ਦੁਆਲੇ ਤਾਰਾਂ ਦੀ ਵਾੜ ਕਰਦਿਆਂ ਨੂੰ ਵੇਖ ਸਕਦੇ ਹੋ। ਫ਼ੁੱਲਾਂ ਨੂੰ ਤੋੜਨ ਵਾਲਿਆਂ ਨੂੰ ਪਿਆਰ ਨਾਲ ਵਰਜਦਾ ਹੋਇਆ, ਉਨ੍ਹਾਂ ਨੂੰ ਫ਼ੁੱਲਾਂ ਦੀ ਸੁਗੰਧ ਦਾ ਆਨੰਦ ਲੈਣ ਲਈ ਵੀ ਪ੍ਰੇਰਦਾ ਰਹਿੰਦਾ ਹੈ। ਪਾਰਕ ਨੰਬਰ 57 ਵਿੱਚ ਲਫ਼ਾਫੇ, ਕਾਗਜ਼ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਰੈਪਰ ਪਾਉਣ ਲਈ ਡਸਟਬਿੰਨ ਲਗਾਏ ਹੋਏ ਹਨ। ਉਸ ਨੇ ਅਰਬਨ ਅਸਟੇਟ ਫ਼ੇਜ਼-2 ਦੇ 300 ਗਜ਼ ਦੇ ਮਕਾਨਾ ਵਾਲਿਆਂ ਦੇ ਇੱਕ ਬਲਾਕ ਦੀ ‘ਟਰਾਈਸੈਂਟ ਅਰਬਨ ਵੈਲਫੇਅਰ ਐਸੋਸੀਏਸ਼ਨ’ ਨਾਮ ਦੀ ਸੰਸਥਾ ਬਣਾਈ ਹੋਈ ਹੈ। ਉਹ ਇਸ ਸੰਸਥਾ ਦੇ ਰੂਹੇ ਰਵਾਂ ਹਨ। ਅਰਬਨ ਅਸਟੇਟ ਦਾ ਇਹ ਸਭ ਤੋਂ ਵੱਡਾ 57 ਨੰਬਰ ਪਾਰਕ ਹੈ। ਇਹ ਐਲ ਟਾਈਪ ਦਾ ਪਾਰਕ ਹੈ, ਜੋ ਫ਼ੇਜ਼ ਦੋ ਮਾਰਕੀਟ ਦੇ ਬਿਲਕੁਲ ਸਾਹਮਣੇ ਹੈ। ਇਸ ਪਾਰਕ ਦਾ ਇਕ ਪਾਸਾ ਪੁੱਡਾ ਦੀ ਇਮਾਰਤ ਨਾਲ ਲੱਗਦਾ ਹੈ ਤੇ ਦੂਜੇ ਪਾਸੇ ਪਾਰਕ ਨੰਬਰ 56 ਨਾਲ ਲੱਗਦਾ ਹੈ। ਇਸ ਪਾਰਕ ਵਿੱਚ ਸਵੇਰੇ ਸ਼ਾਮ ਸੈਰ ਕਰਨ ਵਾਲੇ ਸੈਲਾਨੀ ਵੱਡੀ ਮਾਤਰਾ ਵਿੱਚ ਆਉਂਦੇ ਹਨ। ਯੋਗਾ ਕਰਨ ਵਾਲੇ ਯੋਗਾ ਕਰਦੇ ਹਨ। ਛੋਟੇ ਬੱਚਿਆਂ ਗਿੱਧਾ ਅਤੇ ਭੰਗੜਾ ਸਿਖਾਉਣ ਦੀਆਂ ਕਲਾਸਾਂ ਵੀ ਲੱਗਦੀਆਂ ਹਨ। ਬਜ਼ੁਰਗਾਂ ਦੀਆਂ ਟੋਲੀਆਂ ਗਪਛਪ ਮਾਰਨ ਲਈ ਬੈਠੀਆਂ ਰਹਿੰਦੀਆਂ ਹਨ। ਇਸਤਰੀਆਂ ਤੇ ਮਰਦ ਵਰਜਿਸ਼ ਕਰਦੇ ਅਤੇ ਉਨ੍ਹਾਂ ਦੇ ਬੱਚੇ ਖੇਡਦੇ ਰਹਿੰਦੇ ਹਨ। ਪ੍ਰੇਮੀਆਂ ਦਾ ਤਾਂ ਗਾਹ ਪਾਇਆ ਹੁੰਦਾ ਹੈ। ਲਗਪਗ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਹੈ। ਪਰਮਜੀਤ ਸਿੰਘ ਵਿਰਕ ਨੇ ਪਾਰਕ ਵਿੱਚ ਕਈ ਤਰ੍ਹਾਂ ਦੇ ਸਲੋਗਨ ਗੱਤਿਆਂ ‘ਤੇ ਲਿਖਕੇ ਲਗਾਏ ਹੋਏ ਹਨ ਤਾਂ ਜੋ ਪ੍ਰੇਮੀ ਸਭਿਅਕ ਢੰਗ ਨਾਲ ਪਾਰਕ ਦਾ ਆਨੰਦ ਮਾਣ ਸਕਣ। ਉਹ ਰਾਤ ਬਰਾਤੇ ਵੀ ਪ੍ਰੇਮੀਆਂ ਵੱਲੋਂ ਪਾਰਕ ਦੀ ਦੁਰਵਰਤੋਂ ਰੋਕਣ ਲਈ ਪਾਰਕ ਵਿੱਚ ਗੇੜਾ ਮਾਰਦਾ ਰਹਿੰਦਾ ਹੈ। ਫੁੱਲ ਤੋੜਨ ਦੀ ਮਨਾਹੀ ਦੇ ਬਾਰੇ ਗੱਤਿਆਂ ਤੇ ਲਿਖ ਕੇ ਲਗਾਇਆ ਹੋਇਆ ਹੈ। ਪਰਮਜੀਤ ਸਿੰਘ ਵਿਰਕ ਦਾ ਸਾਹਿਤਕ ਦਿਲ ਸਮਾਜਿਕ ਦਰਦਾਂ ਦੀ ਨਬਜ਼ ਪਕੜਦਾ ਹੋਇਆ ਲੋਕਾਂ ਦੇ ਸਮਾਜਿਕ ਮਸਲਿਆਂ ਦੇ ਹੱਲ ਲਈ ਧੜਕਦਾ ਰਹਿੰਦਾ ਹੈ। ਉਸ ਨੇ ਪਾਰਕ ਵਿੱਚ ਲੋਹੇ ਦੀ ਅਲਮਾਰੀ ਵਿੱਚ ਇੱਕ ਲਾਇਬਰੇਰੀ ਬਣਾਈ ਹੋਈ ਹੈ। ਕਹਾਣੀਆਂ, ਨਾਵਲਾਂ, ਕਵਿਤਾਵਾਂ ਅਤੇ ਵਾਰਤਕ ਦੀਆਂ ਪੁਸਤਕਾਂ ਰੱਖੀਆਂ ਹੋਈਆਂ ਹਨ। ਅਲਮਾਰੀ ਨੂੰ ਕੋਈ ਜੰਦਰਾ ਨਹੀਂ ਮਾਰਿਆ ਹੋਇਆ, ਜਿਹੜਾ ਵੀ ਪਾਠਕ ਪੁਸਤਕ ਪੜ੍ਹਨੀ ਚਾਹੁੰਦਾ ਹੈ, ਜਦ ਮਰਜ਼ੀ ਆ ਕੇ ਪੜ੍ਹ ਲਵੇ। ਪਾਰਕ ਦੀ ਰੱਖ ਰਖਾਈ ਲਈ ਮਾਲੀ ਰੱਖੇ ਹੋਏ ਹਨ, ਉਨ੍ਹਾਂ ਦੀ ਨਿਗਰਾਨੀ ਉਹ ਖੁਦ ਕਰਦਾ ਹੈ। ਹੀਟ ਵੇਵ ਦੇ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਜਿਹੜੇ ਲੋਕ ਸੈਰ ਕਰਦੇ ਹਨ, ਬੱਚੇ ਅਤੇ ਯੋਗਾ ਕਰਨ ਵਾਲੇ ਆਉਂਦੇ ਹਨ, ਉਨ੍ਹਾਂ ਲਈ ਸਾਫ਼ ਸੁਥਰੇ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ। ਉਸ ਨੇ ਲੋਕਾਂ ਦੇ ਸਹਿਯੋਗ ਨਾਲ ਪਾਰਕ ਵਿੱਚ ਇੱਕ ਵਾਟਰ ਕੂਲਰ ਆਰ ਓ ਸਮੇਤ ਲਗਾਇਆ ਹੈ। ਲੰਬੇ ਸਮੇਂ ਤੋਂ ਪਾਰਕ ਵਿਚਲਾ ਬੰਦ ਪਿਆ ਫ਼ੁਹਾਰਾ ਵੀ ਉਸ ਨੇ ਚਾਲੂ ਕਰਵਾ ਲਿਆ ਹੈ। ਪੌਦਿਆਂ ‘ਤੇ ਰੰਗ ਬਰੰਗੀਆਂ ਲਾਈਟਾਂ ਲਗਵਾ ਦਿੱਤੀਆਂ ਹਨ। ਅਰਬਨ ਅਸਟੇਟ ਦੇ ਲੋਕਾਂ ਨੂੰ ਸਿਵਕ ਅਤੇ ਹੋਰ ਸਹੂਲਤਾਂ ਦੀ ਵਕਾਲਤ ਕਰਨ ਲਈ ਫ਼ੇਜ ਇੱਕ ਅਤੇ ਦੋ ਦੀਆਂ ਲਗਪਗ 20 ਸਵੈਇੱਛਤ ਸੰਸਥਾਵਾਂ ਨੂੰ ਇਕੱਠਿਆਂ ਕਰਕੇ ਇੱਕ ਮੰਚ ‘ਤੇ ਇਕੱਠਾ ਕੀਤਾ ਗਿਆ ਹੈ। ਇਸ ਪਾਰਕ ਅਤੇ ਆਲੇ ਦੁਆਲੇ ਦੇ ਪਾਰਕਾਂ ਵਿੱਚ ਜਿਹੜੀਆਂ ਸੱਥਾਂ ਜੁੜਦੀਆਂ ਹਨ, ਪਰਮਜੀਤ ਸਿੰਘ ਵਿਰਕ ਉਨ੍ਹਾਂ ਵਿੱਚ ਵੀ ਸ਼ਾਮਲ ਹੁੰਦਾ ਰਹਿੰਦਾ ਹੈ ਅਤੇ ਆਪਣੀਆਂ ਕਵਿਤਾਵਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦਾ ਰਹਿੰਦਾ ਹੈ। ਸੱਥਾਂ ਵਾਲੇ ਪਰਮਜੀਤ ਸਿੰਘ ਵਿਰਕ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਪੀ.ਡੀ.ਏ., ਡਰਨੇਜ ਵਿਭਾਗ ਅਤੇ ਸਥਾਨਕ ਵਿਧਾਇਕ ਜੋ ਇਸ ਸਮੇਂ ਸਿਹਤ ਮੰਤਰੀ ਹਨ, ਉਨ੍ਹਾਂ ਨਾਲ ਬਾਕਾਇਦਾ ਤਾਲਮੇਲ ਬਣਾਈ ਰੱਖਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਲਈ ਲਗਾਤਰ ਕੋਸ਼ਿਸ਼ਾਂ ਦੇ ਨਾਲ ਹੀ ਅਰਬਨ ਅਸਟੇਟ ਵਿੱਚ ਸਫਾਈ ਦੇ ਪ੍ਰਬੰਧ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦਾ ਹੈ, ਜਿਥੇ ਕਿਤੇ ਉਸ ਨੂੰ ਕੋਤਾਹੀ ਲੱਗਦੀ ਹੈ ਤਾਂ ਉਸ ਦੀ ਵੀਡੀਓ ਬਣਾਕੇ ਪੀ.ਡੀ.ਏ ਅਧਿਕਾਰੀਆਂ ਅਤੇ ਲੋਕਾਂ ਨੂੰ ਜਾਗ੍ਰਤ ਕਰਦਾ ਹੈ। ਪਰਮਜੀਤ ਸਿੰਘ ਵਿਰਕ ਦਾ ਸਾਰਾ ਪਰਿਵਾਰ ਹੀ ਸਾਹਿਤ ਤੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਹਰੀ ਸਿੰਘ ਵਿਰਕ ਨੇ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ’ ਪੁਸਤਕ ਲਿਖੀ ਹੈ। ਉਸ ਦਾ ਵੱਡਾ ਭਰਾ ਐਡਵੋਕੇਟ ਸਰਬਜੀਤ ਸਿੰਘ ਵਿਰਕ ਵਾਰਤਕਕਾਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.