ਮਨੁੱਖਤਾ ਦੀ ਜੋਤ ਜਗਦੀ ਰੱਖਣ ਖਾਤਰ ਨਕਾਰੀਏ ਬੰਬਾਂ ਦਾ ਫਲਸਫਾ
ਡਿੰਪਲ ਵਰਮਾ
ਜੰਗ ਅਤੇ ਬੰਬਾਂ ਦਾ ਫਲਸਫਾ ਘੁੱਗ ਵਸਦੀ ਮਨੁੱਖਤਾ ਖਿਲਾਫ ਬੇਹੱਦ ਭਿਆਨਕ ਵਰਤਾਰਾ ਹੈ ਜਿਸ ਨੂੰ ਮਨੁੱਖੀ ਜਿੰਦਗੀ ਲਈ ਨਕਾਰਨ ਦਾ ਹੀ ਭਲਾ ਹੈ। ਬੰਬ ਅਜਿਹੀ ਵਸਤੂ ਹੈ ਜੋ ਮੁਲਕਾਂ ’ਚ ਹੁੰਦੇ ਯੁੱਧਾਂ ਦਰਮਿਆਨ ਲੱਖਾਂ ਲੋਕਾਂ ਨੂੰ ਨਿਗਲ ਜਾਂਦੇ ਹਨ ਜਿਸ ਦੀ ਤਾਜਾ ਉਦਾਹਰਨ ਯੂਕਰੇਨ ਅਤੇ ਰੌਸ ਵਿਚਕਾਰ ਚੱਲ ਰਿਹਾ ਯੁੱਧ ਹੈ। ਜਦੋਂ ਅਗਸਤ ਮਹੀਨਾ ਚੜ੍ਹਦਾ ਹੈ ਤਾਂ ਬੰਬਾਂ ਦੀ ਦੁਨੀਆਂ ਵੱਲੋਂ ਮਚਾਈ ਭਿਆਨਕ ਤਬਾਹੀ ਦੀਆਂ ਦੋ ਘਟਨਾਵਾਂ ਰੂਪਮਾਨ ਹੋ ਜਾਂਦੀਆਂ ਹਨ ਜਿੰਨ੍ਹਾਂ ’ਚ 6 ਅਗਸਤ ਨੂੰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ 9 ਅਗਸਤ ਨੂੰ ਨਾਗਾਸਕੀ ਤੇ ਸੁੱਟੇ ਗਏ ਐਟਮ ਬੰਬਾਂ ਦੀ ਯਾਦ ਦਿਵਾਉਂਦੀਆਂ ਹਨ। ਐਟਮ ਬੰਬ ਦਾ ਕਰੂਪ ਚਿਹਰਾ ਦੂਸਰੇ ਵਿਸ਼ਵ ਯੁੱਧ ਦੌਰਾਨ ਦੇਖਿਆ ਜਾ ਚੁੱਕਿਆ ਹੈ ਜਦੋਂ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਕੀ ਦੋ ਸ਼ਹਿਰਾਂ ਵਿੱਚ ਦੂਸਰੇ ਵਿਸ਼ਵ ਯੁੱਧ ਦੌਰਾਨ ਸੁੱਟੇ ਪ੍ਰਮਾਣੂੰ ਬੰਬਾਂ ਸਦਕਾ ਲੱਖਾਂ ਬੇਦੋਸ਼ੇ ਜਪਾਨੀ ਮੌਤ ਦੇ ਮੂੰਹ ਜਾ ਪਏ ਸਨ।
ਅੱਜ ਵੀ ਅਮਰੀਕਾ ਵੱਲੋਂ ਸੁੱਟੇ ਗਏ ਐਟਮੀ ਬੰਬਾਂ ਕਾਰਨ ਮੱਚੀ ਤਬਾਹੀ ਦਾ ਮੰਜ਼ਰ ਚੇਤੇ ਕਰਦਿਆਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਕਿਸ ਤਰਾਂ 3 ਮੀਟਰ ਲੰਬੇ ਅਤੇ 4 ਟਨ ਭਾਰਾ ਪਹਿਲਾ ਐਟਮੀ ਬੰਬ ਦਾਗਣ ਪਿੱਛੋਂ ਹੀਰੋਸ਼ੀਮਾ ਦੀਆਂ 76 ਹਜ਼ਾਰ 327 ਇਮਾਰਤਾਂ ਰਾਖ ਦੇ ਢੇਰ ਵਿੱਚ ਤਬਦੀਲ ਹੋ ਗਈਆਂ ਸਨ। ਇੰਨ੍ਹਾਂ ਮਨੁੱਖੀ ਆਹਲਣਿਆਂ ਦੀ ਹੋਣੀ ਦੇਖਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਨੁੱਖ ਦੇ ਨਾਲ ਨਾਲ ਪਸ਼ੂ ਪੰਛੀਆਂ ਨਾਲ ਕੀ ਵਾਪਰਿਆ ਹੋਵੇਗਾ। ਵਿਗਿਆਨੀਆ ਅਨੁਸਾਰ ਇਸ ਧਮਾਕੇ ਉਪਰੰਤ ਹੀਰੋਸ਼ੀਮਾ ਦਾ ਤਾਪਮਾਨ ਦੋ ਤੋਂ 4 ਹਜ਼ਾਰ ਡਿਗਰੀ ਤੱਕ ਪੁੱਜ ਗਿਆ ਸੀ ਜਿਸ ਕਾਰਨ ਜੀਵ ਜੰਤੂ ਅਤੇ ਆਦਮਜਾਤ ਤਾਂ ਭਾਫ ਬਣਕੇ ਉੱਡ ਗਏ ਸਨ। ਮਰਨ ਵਾਲਿਆਂ ’ਚ ਅਧਿਆਪਕ ਅਤੇ ਸਕੂਲੀ ਬੱਚਿਆਂ ਦੀ ਗਿਣਤੀ ਵੀ ਕਾਫੀ ਸੀ ਜੋ ਲਾਗਲੇ ਇਲਾਕਿਆਂ ਤੋਂ ਆਪੋ ਆਪਣੇ ਸਕੂਲਾਂ ਵਿੱਚ ਆਏ ਸਨ।
ਇਤਿਹਾਸਕਾਰਾਂ ਅਨੁਸਾਰ ਨਾਗਾਸਕੀ ਵਿਖੇ ਸੁੱਟੇ ਗਏ ਦੂਸਰੇ ਪ੍ਰਮਾਣੂ ਬੰਬ ਸਮੇਤ ਦਿਸੰਬਰ 1945 ਦੇ ਅੰਤ ਤੱਕ ਜਪਾਨ ’ਚ ਲੱਗਭਗ ਢਾਈ ਲੱਖ ਮੌਤਾਂ ਹੋਈਆਂ ਸਨ ਅਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਰੇਡੀਏਸ਼ਨ ਦੀ ਮਾਰ ਹੇਠ ਆ ਗਏ ਸਨ। ਮਾਨਵਤਾ ਦਾ ਨਾਸ਼ ਕਰਨ ਵਾਲੇ ਇਸ ਕੁਪੱਤੇ ਹਥਿਆਰ ਦੀ ਉਤਪਤੀ ਪਿੱਛੇ ਲੰਬਾ ਇਤਿਹਾਸ ਹੈ। ਭਾਵੇਂ ਪ੍ਰਮਾਣੂੰ ਬੰਬ ਦੀ ਖੋਜ ਦਾ ਸਿਹਰਾ ਵਿਸ਼ਵ ਪ੍ਰਸਿੱਧ ਵਿਗਿਆਨੀ ਆਈਨਸਟੀਨ ਦੇ ਸਿਰ ਬੱਝਦਾ ਹੈ ਪਰ ਇਸ ਨੂੰ ਅਮਲੀ ਰੂਪ ਦੇਣ ’ਚ ਇਟਲੀ ਦੇ ਵਿਗਿਆਨੀ ਐਨਰੀਕੋ ਫਰਮੀ, ਡੈਨਮਾਰਕ ਦੇ ਨੀਲਜ਼ ਬੋਹਰ ਅਤੇ ਹੰਗਰੀ ਦੇ ਵਿਗਿਆਨੀ ਲੀਓਸਲਾਡ ਦਾ ਅਹਿਮ ਯੋਗਦਾਨ ਹੈ। ਪ੍ਰਮਾਣੂੰ ਬੰਬ ਦੇ ਪਿਛੋਕੜ ’ਚ ਆਈਨਸਟਾਈਨ ਦਾ ਯਹੂਦੀ ਹੋਣਾ ਵੀ ਵੱਡਾ ਕਾਰਨ ਸੀ ਜਿਸ ਕਰਕੇ ਉਸ ਨੂੰ ਨਾਜ਼ੀ ਜਰਮਨੀ ਛੱਡਕੇ ਅਮਰੀਕਾ ਜਾਣਾ ਪਿਆ ਸੀ ਕਿਉਂਕਿ ਜਰਮਨ ਦੇ ਫਾਸਿਸਟ ਹੁਕਮਰਾਨ ਯਹੂਦੀਆਂ ਨੂੰ ਪਸੰਦ ਕਰਨਾ ਤਾਂ ਦੂਰ ਦੇਖਣਾ ਵੀ ਗਵਾਰਾ ਨਹੀਂ ਕਰਦੇ ਸਨ।
ਨਾਜ਼ੀਆਂ ਵੱਲੋਂ ਯਹੂਦੀ ਸਮਾਜ ਦੇ ਲੋਕਾਂ ਨੂੰ ਗੈਸ ਦੇ ਚੈਂਬਰਾਂ ’ਚ ਸੁੱਟਕੇ ਮਾਰ ਦੇਣ ਦਾ ਵੀ ਆਈਨਸਟਾਈਨ ਦੇ ਦਿਲੋ ਦਿਮਾਗ ਤੇ ਡੂੰਘਾ ਅਸਰ ਸੀ ਜੋ ਪ੍ਰਮਾਣੂ ਬੰਬ ਦੀ ਖੋਜ ਦਾ ਕਾਰਨ ਬਣਿਆ। ਉਸ ਨੂੰ ਪਤਾ ਸੀ ਕਿ ਜਰਮਨੀ ਕੋਲ ਵਿਗਿਆਨੀਆਂ ਦੀ ਫੌਜ਼ ਸੀ ਜੋ ਪ੍ਰਮਾਣੂ ਬੰਬ ਬਣਾਕੇ ਮਨੁੱਖਤਾ ਦੀ ਤਬਾਹੀ ਦਾ ਕਾਰਨ ਬਣ ਸਕਦੀ ਸੀ। ਆਈਨਸਟਾਈਨ ਦੀ ਇਸ ਸੋਚ ਨੇ ਸਾਖੇਪਤਾ ਦਾ ਸਿਧਾਂਤ ਸਿਰਜਿਆ ਤਾਂ ਜੋ ਤਾਕਤ ਦੇ ਸੰਤੁਲਨ ਕਾਰਨ ਜਰਮਨਾਂ ਨੂੰ ਪਿੱਛੇ ਹਟਣ , ਆਪਣੀਆਂ ਕਾਰਵਾਈਆਂ ਰੋਕਣ ਜਾਂ ਘੱਟ ਕਰਨ ਲਈ ਮਜਬੂਰ ਹੋਣਾ ਪਵੇ। ਆਪਣੀ ਇਸੇ ਸੋਚ ਨੂੰ ਮੁੱਖ ਰੱਖਕੇ ਉਸ ਨੇ 2 ਅਗਸਤ 1939 ਨੂੰ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਨੂੰ ਪੱਤਰ ਲਿਖਕੇ ਨਾਜ਼ੀਆਂ ਦੇ ਮਨਸੂਬਿਆਂ ਤੋਂ ਜਾਣੂੰ ਕਰਵਾਇਆ ਅਤੇ ਐਟਮ ਬੰਬ ਬਨਾਉਣ ਦੀ ਲੋੜ ਤੇ ਜੋਰ ਦਿੱਤਾ। ਰੂਜ਼ਵੈਲਟ ਇਸ ਯੋਜਨਾ ਤੋਂ ਕਾਫੀ ਪ੍ਰਭਾਵਿਤ ਹੋਇਆ ਅਤੇ ਅਮਰੀਕਾ ਨੇ ਬੰਬ ਬਨਾਉਣ ਦੀ ਯੋਜਨਾ ਨੂੰ ‘ਮੈਨਹਾਟਨ ਪ੍ਰਜੈਕਟ ਨਾਂ ਦੇਕੇ ਦਿਨ ਰਾਤ ਇੱਕ ਕਰ ਦਿੱਤਾ।
ਇਤਿਹਾਸ ਅਨੁਸਾਰ ਪ੍ਰਮਾਣੂ ਬੰਬ ਤਿਆਰ ਹੋਣ ਤੋਂ ਬਾਅਦ ਆਈਨਸਟਾਈਨ ਨੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਇਹ ਬੰਬ ਚੱਲਣ ਦੀ ਸੂਰਤ ’ਚ ਹੋਣ ਵਾਲੀ ਬਰਬਾਦੀ ਨੂੰ ਕਲਪਨਾ ਤੋਂ ਪਰੇ ਦੱਸਦਿਆਂ ਇਸ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਸੀ। ਅਪਰੈਲ 1945 ’ਚ ਰੂਜ਼ਵੈਲਟ ਦੀ ਮੌਤ ਪਿੱਛੋਂ ਟਰੂਮੈਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਉਦੋਂ ਤੱਕ ਐਟਮੀ ਬੰਬ ਦਾ ਨਿਰਮਾਣ ਅੰਤਿਮ ਦੌਰ ਵਿੱਚ ਸੀ। ਉਦੋਂ ਤੱਕ ਜਰਮਨੀ ਦੇ ਨਾਜ਼ੀ ਸ਼ਾਸ਼ਕ ਹਿਟਲਰ ਦੀ ਮੌਤ ਹੋ ਚੁੱਕੀ ਸੀ ਅਤੇ ਵਿਸ਼ਵ ’ਚ ਸਮੀਕਰਨ ਹੀ ਬਦਲ ਚੁੱਕੇ ਸਨ। ਦੱਸਦੇ ਹਨ ਕਿ ਬਦਲੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਅਮਰੀਕਾ ਨੂੰ ਐਟਮੀ ਤਾਕਤ ਦਾ ਵਿਖਾਵਾ ਕਰਨ ਦੀ ਲੋੜ ਨਹੀਂ ਰਹਿ ਗਈ ਸੀ ਪਰ ਉਸ ਵੇਲ ਤੱਕ ਇਹ ਬੰਬ ਵਿਗਿਆਨੀਆਂ ਦੇ ਹੱਥੋਂ ਨਿਕਲਕੇ ਅਜਿਹੇ ਰਾਜਨੀਤੀਵਾਨਾਂ ਦੇ ਹੱਥਾਂ ’ਚ ਪੁੱਜ ਚੁੱਕਿਆ ਸੀ ਜਿੰਨ੍ਹਾਂ ਨੂੰ ਆਪਣੀ ਸੱਤਾ ਤੱਕ ਮਤਲਬ ਸੀ।
ਨੋਬਲ ਇਨਾਮ ਜੇਤ ਵਿਗਿਆਨੀ ਜੇਮਜ਼ ਫਰੈਂਕ ਦੀ ਅਗਵਾਈ ਹੇਠ ਪੰਜ ਦਰਜਨ ਤੋਂ ਵਿਗਿਆਨੀਆਂ ਨੂੰ ਇਸ ਖੋਜ ਦੇ ਮਾਨਵਤਾ ਦਾ ਵਿਨਾਸ਼ ਲਈ ਵਰਤੇ ਜਾਣ ਖਿਲਾਫ ਚਿਤਾਵਨੀ ਦਿੱਤੀ ਸੀ। ਜੁਲਾਈ 1945 ’ਚ ਵੀ ਵੱਡੀ ਗਿਣਤੀ ਵਿਗਿਆਨੀ ਰਾਸ਼ਟਰਪਤੀ ਟਰੂਮਨ ਨੂੰ ਮਿਲੇ ਅਤੇ ਕਿਹਾ ਸੀ ਕਿ ਜੇਕਰ ਪ੍ਰਮਾਣੂ ਬੰਬ ਅਬਾਦੀ ਤੇ ਚਲਾਇਆ ਗਿਆ ਤਾਂ ਸੋਚ ਤੋਂ ਕਿਤੇ ਜਿਆਦਾ ਮਨੁੱਖਤਾ ਦੀ ਤਬਾਹੀ ਦਾ ਰਾਹ ਖੁੱਲ੍ਹ ਜਾਏਗਾ ਜਿਸ ਨੂੰ ਬੰਦ ਕਰਨਾ ਮੁਸ਼ਕਿਲ ਹੀ ਨਹੀਂ ਨਾਂਮੁਮਕਿਨ ਹੋ ਜਾਏਗਾ। ਮਾਹਿਰਾਂ ਦੀਆਂ ਚਿਤਾਵਨੀਆਂ ਨੂੰ ਅਣਡਿੱਠ ਕਰਦਿਆਂ ਅਮਰੀਕਾ ਨੇ 16 ਜੁਲਾਈ 1945 ਨੂੰ ਵਿਸ਼ਵ ਦਾਪਹਿਲਾ ਪ੍ਰਮਾਣੂ ਧਾਮਾਕਾ ਕਰਕੇ ਦੁਨੀਆ ’ਚ ਤਰਥੱਲੀ ਮਚਾ ਦਿੱਤੀ। ਇਸ ਵਿਸਫੋਟ ਨੂੰ ਅੰਜਾਮ ਦੇਣ ਲਈ ਬੰਬ ਨੂੰ ਕਮਾਂਡ ਕੇਂਦਰ ਤੋਂ ਕਰੀਬ 15 ਕਿੱਲੋਮੀਟਰ ਦੂਰ 30 ਮੀਟਰ ਉੱਚੇ ਫੌਲਾਦੀ ਟਾਵਰ ਤੇ ਫਿੱਟ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਬੰਬ ਫਟਿਆ ਤਾਂ ਉਸ ਥਾਂ ਤੇ ਕਈ ਸੂਰਜਾਂ ਜਿੰਨਾਂ ਚਾਨਣ ਫੈਲ ਗਿਆ
ਇਸ ਮੌਕੇ ਇੱਕ ਬੇਹੱਦ ਵੱਡੇ ਅਕਾਰ ਦਾ ਅੱਗ ਦਾ ਚਮਕਦਾ ਪਹਾੜ ਕਰੀਬ ਢਾਈ ਹਜ਼ਾਰ ਮੀਟਰ ਉੱਪਰ ਵੱਲ ਚਲਾ ਗਿਆ। ਇਸ ਮਗਰੋਂ ਅੱਗ ਦਾ ਇਹ ਗੁਬਾਰਾ ਹਜ਼ਾਰਾਂ ਸ਼ਕਤੀਸ਼ਾਲੀ ਬੰਬਾਂ ਦੇ ਇੱਕੋ ਸਮੇਂ ਫਟਣ ਵਾਂਗ ਕੰਬਿਆ ਅਤੇ ਕੰਨ ਪਾੜਵੀਆਂ ਅਵਾਜ਼ਾਂ ਆਉਣ ਲੱਗੀਆਂ। ਇਸ ਵਿਸਫੋਟ ਪਿਛੋਂ ਮਹਿਸੂਸ ਕੀਤਾ ਗਿਆ ਜਿਵੇਂ ਧਰਤੀ ਫਟ ਗਈ ਹੋਵੇ ਅਤੇ ਅਕਾਸ਼ ’ਚ ਤਰੇੜਾਂ ਆ ਗਈਆਂ ਹੋਣ। ਇਸ ਕਾਰਵਾਈ ਪ੍ਰਤੀ ਇੱਕ ਅਮਰੀਕੀ ਡਾਕਟਰ ਨੇ ਕਿਹਾ ਸੀ ਕਿ ਯਕੀਨਨ ਸੰਸਾਰ ਦੇ ਅੰਤ ਸਮੇਂ ਧਰਤੀ ਦੀ ਹੋਂਦ ਦੇ ਆਖਰੀ ਪਲ ਤੇ ਅੰਤਮ ਮਨੁੱਖ ਵੱਲੋਂ ਦੇਖਿਆ ਦ੍ਰਿਸ਼ ਅਜਿਹਾ ਹੀ ਹੋਵੇਗਾ। ਅਸੀਂ ਇਹ ਵੀ ਕਲਪਨਾ ਕਰ ਸਕਦੇ ਹਾਂ ਕਿ ਪਰਲੋ ਇਸ ਤੋਂ ਵੱਖਰੀ ਨਹੀਂ ਹੋ ਸਕਦੀ ਹੈ।
ਮਨੁੱਖਤਾ ਲਈ ਵਿਨਾਸ਼ਕਾਰੀ ਇਸ ਤਮਾਸ਼ੇ ਨੂੰ ਅੱਖੀਂ ਦੇਖਣ ਵਾਲੇ ਇੱਕ ਵਿਗਿਆਨੀ ਦਾ ਪ੍ਰਤੀਕਰਮ ਸੀ ਕਿ ਮੈਨਹਾਟਨ ਪ੍ਰਜੈਕਟ ’ਚ ਸ਼ਾਮਲ ਅਸੀਂ ਵਿਗਿਆਨੀਆਂ ਨੇ ਮਿਲਕੇ ਮਾਨਵਤਾ ਨੂੰ ਨਿਗਲ ਜਾਣ ਵਾਲੇ ਇੱਕ ਬੇਰਹਿਮ ਰਾਖਸ਼ ਦੀ ਸਿਰਜਣਾ ਕਰ ਲਈ ਹੈ ਜਿਸ ਨੂੰ ਕਾਬੂ ’ਚ ਨਾਂ ਰੱਖਿਆ ਤਾਂ ਇੱਕ ਦਿਨ ਪੂਰੇ ਵਿਸ਼ਵ ਨੂੰ ਖਾ ਜਾਏਗਾ। ਇਸ ਤਬਾਹੀ ਦੇ ਚਿੰਨ ਦੇਖਣ ਉਪਰੰਤ ਵਿਗਿਆਨੀਆਂ ਦੇ ਇੱਕ ਦਲ ਨੇ ਅਮਰੀਕੀ ਰਾਸ਼ਟਰਪਤੀ ਨੂੰ ਇਹ ਬੰਬ ਅਬਾਦੀ ਤੇ ਨਾਂ ਚਲਾਉਣ ਦੀ ਅਪੀਲ ਕੀਤੀ ਸੀ। ਇਸ ਤੇ ਬਾਵਜੂਦ ਇਸ ਮਾਮਲੇ ’ਚ ਸਿਆਸੀ ਲੋਕਾਂ ਤੇ ਵਿਗਿਆਨੀਆਂ ਦਾ ਵਿਚਾਰਾਂ ਦਾ ਆਪਸੀ ਪਾੜਾ ਆੜੇ ਆ ਗਿਆ। ਇੰਨ੍ਹਾਂ ਅਪੀਲਾਂ ਨੂੰ ਠੋਕਰ ਮਾਰਦਿਆਂ ਅਮਰੀਕੀ ਹਵਾਈ ਫੌਜ ਨੇ 6 ਅਗਸਤ 1945 ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ ਕਰੀਬ ਸਵਾ ਅੱਠ ਵਜੇ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ 9 ਅਗਸਤ ਨੂੰ ਸਵੇਰੇ 11 ਵਜੇ ਦੂਸਰਾ ਪ੍ਰਮਾਣੂ ਬੰਬ ਨਾਗਾਸਕੀ ਤੇ ਸੁੱਟਕੇ ਲੱਖਾਂ ਦੀ ਗਿਣਤੀ ’ਚ ਮਨੁੱਖਾਂ, ਬੇਜੁਬਾਨ ਪਸ਼ੂਆਂ ਤੇ ਪੰਛੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ।
ਬੰਬ ਕਾਰਨ ਵੱਡੀ ਗਿਣਤੀ ਪੁਰਸ਼ ਔਰਤਾਂ ਅਤੇ ਬੱਚੇ ਰੇਡੀਏਸ਼ਨ ਦੀ ਮਾਰ ਹੇਠ ਆਕੇ ਤਿਲ ਤਿਲ ਮੌਤ ਵੱਲ ਵਧਣ ਲਈ ਮਜਬੂਰ ਹੋ ਗਏ। ਬਹੁਤੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਨੇ ਲਪੇਟ ’ਚ ਲੈ ਲਿਆ ਜਿੰਨ੍ਹਾਂ ਦਾ ਇਲਾਜ਼ ਮੌਤ ਦੀ ਉਡੀਕ ਤੋਂ ਸਿਵਾਏ ਕੁੱਝ ਵੀ ਨਹੀਂ ਸੀ। ਇਸ ਐਟਮੀ ਤਬਾਹੀ ਨੂੰ ਸੋਚਕੇ ਅੱਜ ਵੀ ਜਪਾਨੀ ਲੋਕ ਕੰਬ ਜਾਂਦੇ ਹਨ। ਇਸ ਬਰਬਾਦੀ ਨੂੰ ਦੇਖਦਿਆਂ ਚਾਹੀਦਾ ਤਾਂ ਇਹ ਸੀ ਕਿ ਦੁਨੀਆਂ ਭਰ ’ਚ ਦੇਸ਼ ਐਟਮੀ ਹਥਿਆਰ ਬਨਾਉਣ ਤੋਂ ਤੌਬਾ ਕਰਦੇ ਪਰ ਅਜਿਹਾ ਨਹੀਂ ਹੋ ਸਕਿਆ ਬਲਕਿ 1945 ’ਚ ਚਲਾਏ ਬੰਬਾਂ ਨਾਲੋਂ ਹਜ਼ਾਰਾਂ ਗੁਣਾ ਤਬਾਹੀ ਫੈਲਾਉਣ ਵਾਲੇ ਵਿਸਫੋਟਕ ਹਥਿਆਰ ਹੋਂਦ ’ਚ ਆ ਗਏ ਜੋ ਸੈਂਕੜੇ ਵਾਰ ਧਰਤੀ ਦਾ ਵਿਨਾਸ਼ ਕਰਨ ਦੀ ਸਮਰੱਥਾ ਰੱਖਦੇ ਹਨ।
ਇਹੋ ਕਾਰਨ ਹੈ ਕਿ ਇੰਨ੍ਹਾਂ ਵਿਨਾਸ਼ਕਾਰੀ ਹਥਿਆਰਾਂ ਨੂੰ ਦੇਖਦਿਆਂ ਪ੍ਰਮਾਣੂ ਬੰਬਾਂ ਹੱਥੋਂ ਮਰਨ ਵਾਲੇ ਲੋਕਾਂ ਦੀ ਯਾਦ ’ਚ ਆਤਮ ਚਿੰਤਨ ਕਰਨ ਦੀ ਲੋੜ ਹੈ। ਐਟਮੀ ਹਥਿਆਰਾਂ ਦੇ ਵਰਤਾਰੇ ਨੂੰ ਵਿਸ਼ਵ ਦੀਆਂ ਅਮਨ ਪਸੰਦ ਤਾਕਤਾਂ ਨੇ ਨਾਂ ਸਿਰਫ ਨਿੰਦਿਆ ਬਲਕਿ ਇਸ ਤੇ ਰੋਕ ਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਆਓ ਆਪਾਂ ਸਾਰੇ ਵਿਸ਼ਵ ਸ਼ਾਂਤੀ ਕਾਮਨਾ ਕਰਦਿਆਂ ਇਹੋ ਜਿਹੇ ਮਾਰੂ ਹਥਿਆਰਾਂ ਤੇ ਪਾਬੰਦੀ ਲਾਉਣ ਲਈ ਲੋਕ ਰਾਏ ਪੈਦਾ ਕਰੀਏ। ਇਹੋ ਦੁਆ ਹੈ ਕਿ ਦੁਨੀਆਂ ਤੇ ਅਮਨ ਚੈਨ ਰਹੇ, ਕੋਈ ਜੰਗ ਨਾਂ ਹੋਵੇ , ਨਾਂ ਕਦੇ ਬੰਬ ਫਟਣ ਅਤੇ ਨਾਂ ਹੀ ਯੁੱਧ ਦੀ ਬਦੌਲਤ ਮਾਵਾਂ ਤੋਂ ਪੁੱਤ, ਭੈਣਾਂ ਤੋਂ ਵੀਰ ਅਤੇ ਤ੍ਰੀਮਤਾਂ ਦੇ ਸੁਹਾਗ ਨਾਂ ਉਜੜਨ। ਸ਼ਾਲਾ ਦੁਨੀਆਂ ਭਰ ’ਚ ਅਮਨ ਦੀ ਜੋਤ ਜਗਦੀ ਰਹੇ--ਆਮੀਨ
-
ਡਿੰਪਲ ਵਰਮਾ, ਹੈਡ ਮਿਸਟਰੈਸ ਸਰਕਾਰੀ ਹਾਈ ਸਕੂਲ ਕਰਮਗੜ੍ਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
dimple_86j@yahoo.com
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.