ਅੱਜ ਦੇ ਸਮੇਂ ’ਚ ਸਮਾਰਟਫੋਨ ਤੇ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਸ ਤੋਂ ਬਿਨਾਂ ਅਸੀਂ ਆਪਣੇ ਰੋਜ਼ਾਨਾ ਕੰਮਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਹੁਣ ਜ਼ਿਆਦਾਤਰ ਮਾਪਿਆਂ ਦੀ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਬੱਚਾ ਫੋਨ ਬਹੁਤ ਦੇਖਦਾ ਹੈ। ਜੇ ਉਨ੍ਹਾਂ ਤੋਂ ਫੋਨ ਫੜ ਲਿਆ ਜਾਵੇ ਤਾਂ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਲੱਗਦਾ, ਜਿਵੇਂ ਉਨ੍ਹਾਂ ਨੂੰ ਕੋਈ ਬੁਰੀ ਲਤ ਲੱਗ ਗਈ ਹੋਵੇ। ਬੱਚਿਆਂ ਦਾ ਹਮੇਸ਼ਾ ਫੋਨ ਨਾਲ ਚਿਪਕੇ ਰਹਿਣ ਕਰਕੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ, ਪੜ੍ਹਾਈ ਤੇ ਮਾਨਸਿਕਤਾ ’ਤੇ ਵੀ ਪੈਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਫੋਨ ਚਲਾੳਣ ਸਮੇਂ ਉਨ੍ਹਾਂ ਨੂੰ ਕੰਟਰੋਲ ਵਿਚ ਰੱਖਿਆ ਜਾਵੇ।
ਕਈ ਬੱਚੇ ਮੋਬਾਈਲ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਹ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਤੇ ਖ਼ੁਦ ਨੂੰ ਉਨ੍ਹਾਂ ਵਰਗਾ ਬਣਾਉਣ ਦੀ ਸੋਚਣ ਲੱਗਦੇ ਹਨ। ਬਹੁਤ ਸਾਰੇ ਬੱਚੇ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਉਹ ਪੂਰੀ ਨੀਂਦ ਵੀ ਨਹੀਂ ਲੈਂਦੇ। ਇਹੀ ਵਜ੍ਹਾ ਹੈ ਕਿ ਉਹ ਕਈ ਬਿਮਾਰੀਆਂ ਦੀ ਗ੍ਰਿਫ਼ਤ ’ਚ ਆ ਰਹੇ ਹਨ। ਸਾਰਾ ਸਮਾਂ ਮੋਬਾਈਲ ’ਤੇ ਲੱਗੇ ਰਹਿਣ ਕਰਕੇ ਉਹ ਕਿਸੇ ਦੂਸਰੇ ਬੰਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ, ਜਿਸ ਕਾਰਨ ਉਹ ਚਿੜਚਿੜਾ ਹੋ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਾਡੇ ਆਪਸੀ ਰਿਸ਼ਤੇ ਵੀ ਖ਼ਤਮ ਹੋ ਰਹੇ ਹਨ।
ਕਿਤਾਬਾਂ ਪੜ੍ਹਨ ਲਈ ਕਰੋ ਉਤਸ਼ਾਹਿਤ
ਸਾਨੂੰ ਇਹ ਵੀ ਪਤਾ ਹੈ ਕਿ ਬੱਚੇ ਗੱਲਾਂ ਨਾਲ ਘੱਟ ਤੇ ਆਲੇ-ਦੁਆਲੇ ਜੋ ਹੋ ਰਿਹਾ ਹੈ, ਉਸ ਨੂੰ ਦੇਖ ਕੇ ਜ਼ਿਆਦਾ ਸਿੱਖਦੇ ਹਨ, ਇਸ ਲਈ ਜੇ ਅਸੀ ਖ਼ੁਦ ਫੋਨ ਘੱਟ ਵਰਤਾਂਗੇ ਤਾਂ ਸੰਭਵ ਹੈ ਕਿ ਇਸ ਦਾ ਅਸਰ ਬੱਚਿਆਂ ’ਤੇ ਵੀ ਹੋ ਜਾਵੇ। ਫੋਨ ਤੋਂ ਦੂਰ ਰੱਖਣ ਲਈ ਬੱਚਿਆਂ ਨੂੰ ਹੋਰ ਕੰਮਾਂ ਵਿਚ ਰੁੱਝੇ ਰੱਖੋ, ਜਿਵੇਂ ਤੁਸੀ ਉਨ੍ਹਾਂ ਨੂੰ ਡਰਾਇੰਗ ਜਾਂ ਕੋਈ ਪਜ਼ਲ ਹੱਲ ਕਰਨ ਲਈ ਕਹਿ ਸਕਦੇ ਹੋ। ਕਿਤਾਬਾਂ ਪੜ੍ਹਨਾ, ਬੂਟਿਆਂ ਨੂੰ ਪਾਣੀ ਦੇਣਾ, ਆਪਣਾ ਕਮਰਾ ਸਾਫ਼ ਕਰਨਾ, ਚੀਜ਼ਾਂ ਨੂੰ ਤਰਤੀਬਵਾਰ ਰੱਖਣਾ ਆਦਿ ਕੰਮ ਕਰਨ ਲਈ ਕਹੋ। ਇਸ ਤਰ੍ਹਾਂ ਉਨ੍ਹਾਂ ਦਾ ਧਿਆਨ ਇਨ੍ਹਾਂ ਕੰਮਾਂ ਵਿਚ ਲੱਗਿਆ ਹੋਣ ਕਰਕੇ ਫੋਨ ਵੱਲ ਘੱਟ ਜਾਵੇਗਾ। ਜੇ ਬੱਚੇ ਵੱਡੇ ਹੋਣ ਤਾਂ ਉਨ੍ਹਾਂ ਨੂੰ ਘਰ ਦੇ ਕੰਮਾਂ ਵਿਚ ਵੀ ਲਾਇਆ ਜਾ ਸਕਦਾ ਹੈ।
ਬੱਚਿਆਂ ਨਾਲ ਬਿਤਾਓ ਸਮਾਂ
ਅੱਜ-ਕੱਲ੍ਹ ਮਾਂ-ਬਾਪ ਦੀ ਚਿੰਤਾ ਇਹ ਵੀ ਹੈ ਕਿ ਉਨ੍ਹਾਂ ਦਾ ਬੱਚਾ ਫੋਨ ਦੇਖੇ ਬਿਨਾਂ ਖਾਣਾ ਨਹੀ ਖਾਂਦਾ ਤਾਂ ਉਹ ਕੀ ਕਰਨ। ਇਸ ਦਾ ਇੱਕੋ ਹੱਲ ਹੈ ਕਿ ਉਨ੍ਹਾਂ ਨੂੰ ਘੱਟ ਖਾਣਾ ਦਿਉ ਪਰ ਬਿਨਾਂ ਫੋਨ ਤੋਂ ਖਾਣ ਦੀ ਆਦਤ ਪਾਓ। ਜਦੋਂ ਭੁੱਖ ਲੱਗੇਗੀ ਤਾਂ ਅਗਲੀ ਵਾਰ ਬਿਨਾਂ ਫੋਨ ਦੇ ਵੀ ਖਾਣ ਲੱਗ ਜਾਵੇਗਾ।
ਕਈ ਪਰਿਵਾਰ ਕੰਮਾਂਕਾਰਾਂ ’ਚ ਰੁੱਝੇ ਹੋਣ ਕਰਕੇ ਵੀ ਬੱਚਿਆ ਨੂੰ ਸਮਾਂ ਨਹੀਂ ਦੇ ਪਾਉਂਦੇ। ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲੇ ਤਾਂ ਉਹ ਆਪਣੇ ਬੱਚਿਆਂ ਨਾਲ ਬਤੀਤ ਕਰਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਤਾਂ ਫੋਨ ਦੀ ਆਦਤ ਬਿਲਕੁਲ ਵੀ ਨਾ ਪਾਓ। ਹੋ ਸਕੇ ਤਾਂ ਸਕਰੀਨ ਟਾਈਮ ਲਈ ਟੀਵੀ ਦਾ ਸਹਾਰਾ ਲਵੋ।
ਖ਼ਤਰਨਾਕ ਹੈ ਆਨਲਾਈਨ ਗੇਮਾਂ ਦਾ ਰੁਝਾਨ
ਬੱਚਿਆਂ ’ਚ ਆਨਲਾਈਨ ਗੇਮਾਂ ਦਾ ਰੁਝਾਨ ਖ਼ਤਰਨਾਕ ਹੱਦ ਤਕ ਵੱਧ ਚੁੱਕਿਆ ਹੈ, ਜਿਸ ਨਾਲ ਜਿੱਥੇ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਵਾਰ ਆਨਲਾਈਨ ਗੇਮ ਖੇਡਣ ਸਮੇਂ ਮਾਪਿਆਂ ਦੀ ਕਮਾਈ ਵੀ ਲੁਟਾਈ ਜਾ ਰਹੀ ਹੈ, ਜਿਸ ਨਾਲ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਰੋਜ਼ਾਨਾ ਇਸ ਤਰ੍ਹਾਂ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਆਨਲਾਈਨ ਗੇਮ ਦੇ ਅਗਲੇ ਲੈਵਲ ਦੇ ਨਾਂ ’ਤੇ ਬੱਚੇ ਲੱਖਾਂ ਰੁਪਏ ਲੁਟਾ ਦਿੰਦੇ ਹਨ। ਅੱਜ ਦੇ ਇਸ ਮੁਕਾਬਲੇ ਦੇ ਯੁੱਗ ’ਚ ਬੱਚਿਆਂ ਨੂੰ ਇੰਝ ਲਗਦਾ ਹੈ ਕਿ ਆਨਲਾਈਨ ਗੇਮ ਦੇ ਅਗਲੇ ਲੈਵਲ ਨੂੰ ਪਾਰ ਕਰ ਕੇ ਉਹ ਕੋਈ ਵੱਡੀ ਪ੍ਰਾਪਤੀ ਕਰ ਰਿਹਾ ਹੈ, ਜਦੋਂਕਿ ਅਜਿਹਾ ਕੁਝ ਵੀ ਨਹੀਂ ਹੈ। ਬੱਚਾ ਇਸ ਗੱਲ ’ਚ ਫ਼ਰਕ ਨਹੀਂ ਸਮਝਦਾ ਕਿ ਵੱਡੀ ਪ੍ਰਾਪਤੀ ਕਰਨ ਲਈ ਖੇਡ ਮੈਦਾਨ ’ਚ ਜਾ ਕੇ ਲਗਾਤਾਰ ਮਿਹਨਤ ਕਰਨ ਦੀ ਲੋੜ ਪੈਂਦੀ ਹੈ ਤੇ ਆਨਲਾਈਨ ਗੇਮਾਂ ’ਚ ਅਜਿਹੀ ਕੋਈ ਪ੍ਰਾਪਤੀ ਸੰਭਵ ਨਹੀਂ ਹੈ।
ਪਾਸਵਰਡ ਨਾ ਕਰੋ ਸ਼ੇਅਰ
ਵਾਈ-ਫਾਈ ਪਾਸਵਰਡ ਬੱਚਿਆਂ ਨਾਲ ਸ਼ੇਅਰ ਨਾ ਹੀ ਕਰੋ। ਜੇ ਅਜਿਹਾ ਕਰਨਾ ਵੀ ਪੈਂਦਾ ਹੈ ਤਾਂ ਕੰਮ ਕਰਨ ਤੋਂ ਬਾਅਦ ਵਾਈਫਾਈ ਬੰਦ ਕਰ ਦਿਉ। ਇਸ ਨਾਲ ਉਹ ਇੰਟਰਨੈੱਟ ਦੀ ਵਰਤੋਂ ਘੱਟ ਕਰਨਗੇ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਲੈ ਕੇ ਨਾ ਦੇਣ, ਜਦੋ ਤਕ ਉਨ੍ਹਾਂ ਦਾ ਫੋਨ ਬਿਨਾਂ ਸਰ ਸਕਦਾ ਹੈ। ਆਪਣੇ ਫੋਨਾਂ ’ਤੇ ਵੀ ਪਾਸਵਰਡ ਲਗਾ ਕੇ ਰੱਖਣੇ ਚਾਹੀਦੇ ਹਨ, ਤਾਂ ਜੋ ਬੱਚੇ ਫੋਨ ਦੀ ਵਰਤੋਂ ਨਾ ਕਰ ਸਕਣ।
ਖੇਡਣ ਲਈ ਦਿਉ ਹੱਲਾਸ਼ੇਰੀ
ਬੱਚਿਆਂ ਨੂੰ ਮੋਬਾਈਲ ਦੀ ਬਜਾਏ ਬਾਹਰੀ ਖੇਡਾਂ ਖੇਡਣ ਲਈ ਉਤਸ਼ਾਹਿਤ ਕਰੋ। ਉਨ੍ਹਾਂ ਨੂੰ ਦੋਸਤਾਂ ਨਾਲ ਬਾਹਰ ਖੇਡਣ ਦਿਉ। ਆਊਟਡੋਰ ’ਚ ਦੌਡ਼, ਖੋ-ਖੋ, ਹਾਕੀ, ਫੁੱਟਬਾਲ ਵਰਗੀਆਂ ਕਈ ਖੇਡਾਂ ਖੇਡੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਬੱਚੇ ਘਰ ’ਚ ਰਹਿ ਕੇ ਵੀ ਖੇਡ ਸਕਦੇ ਹਨ, ਜਿਵੇਂ ਕੈਰਮ, ਲੁਕਣਮੀਚੀ, ਲੂਡੋ, ਸ਼ਤਰੰਜ, ਵਰਡ ਪਜ਼ਲ ਵਰਗੀਆਂ ਕਈ ਖੇਡਾਂ। ਇਸ ਨਾਲ ਬੱਚੇ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਗੇ।
ਪਿਆਰ ਨਾਲ ਸਮਝਾਉਣ ਦੀ ਕਰੋ ਕੋਸ਼ਿਸ਼
ਅੱਜ ਦੇ ਸਮੇਂ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ ਸਭ ਤੋ ਔਖਾ ਕੰਮ ਹੈ। ਇਸ ਦਾ ਵੱਡਾ ਕਾਰਨ ਮਾਂ-ਬਾਪ ਖ਼ੁਦ ਵੀ ਹਨ ਕਿਉਕਿ ਉਹ ਆਪ ਸਾਰਾ ਦਿਨ ਫੋਨ ’ਤੇ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਅਜਿਹੇ ’ਚ ਕੀ ਕਰੀਏ ਕਿ ਬੱਚੇ ਫੋਨ ਦੀ ਵਰਤੋਂ ਨਾ ਕਰਨ। ਜੇ ਤੁਸੀਂ ਬੱਚੇ ਨੂੰ ਝਿੜਕਦੇ ਹੋ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਅਜਿਹਾ ਕਰਨ ਨਾਲ ਬੱਚਾ ਮਾਨਸਿਕ ਰੂਪ ਵਿਚ ਕਮਜ਼ੋਰ ਹੋਣ ਲੱਗਦਾ ਹੈ ਅਤੇ ਉਹ ਢੀਠ ਬਣ ਜਾਂਦੇ ਹਨ। ਇਸ ਲਈ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਜ਼ਿਆਦਾ ਫੋਨ ਚਲਾਉਣ ਦੇ ਨੁਕਸਾਨ ਦੱਸੋ। ਧਿਆਨ ਰੱਖੋ ਕਿ ਜੋ ਤੁਸੀਂ ਉਨ੍ਹਾਂ ਨੂੰ ਸਮਝਾ ਰਹੇ ਹੋ, ਉਹ ਝੂਠ ਨਾ ਲੱਗੇ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.