ਰਾਤੀਂ ਅਰਮਾਂਡ ਡੁਪਲਾਂਟਿਸ ਵੱਲੋਂ ਪੋਲ ਵਾਲਟ ਦਾ ਵਿਸ਼ਵ ਰਿਕਾਰਡ ਬਣਾਉਂਦਿਆਂ ਦੇਖ ਪੋਲ ਵਾਲਟ ਦੇ ਦਿੱਗਜ਼ ਅੱਖਾਂ ਸਾਹਮਣੇ ਆ ਗਏ।ਪੋਲ ਵਾਲਟ ਦਾ ਰਿਕਾਰਡ ਸਾਢੇ ਤਿੰਨ ਮੀਟਰ ਤੋਂ ਸਵਾ ਛੇ ਮੀਟਰ ਤੱਕ ਪੁੱਜਿਆ ਹੈ।2008 ਵਿੱਚ ਬੀਜਿੰਗ ਓਲੰਪਿਕਸ ਵਿੱਚ ਅਜਿਹੇ ਦੋ ਮਹਾਨ ਪੋਲ ਵਾਲਟਰਾਂ ਸਰਗੇਈ ਬਬੂਕਾ ਨੂੰ ਨੇੜਿਓ ਦੇਖਣ ਅਤੇ ਯੇਲੇਨਾ ਇਸਨੇਬਾਯਵਾ ਨੂੰ ਮਿਲਣ ਤੇ ਤਸਵੀਰ ਖਿਚਵਾਉਣ ਦਾ ਸਬੱਬ ਮਿਲਿਆ ਸੀ। ਹੁਣ ਆਰਮਡ ਡੁਪਲਾਂਟਿਸ ਵੀ ਦੋ ਵਾਰ ਦਾ ਓਲੰਪਿਕਸ ਤੇ ਦੋ ਵਾਰ ਦਾ ਵਿਸ਼ਵ ਚੈਂਪੀਅਨ ਬਣ ਗਿਆ ਅਤੇ ਰਾਤੀਂ ਪੈਰਿਸ ਵਿਖੇ ਉਸ ਨੇ ਸਵਾ ਛੇ ਮੀਟਰ (6.25) ਦਾ ਵਿਸ਼ਵ ਰਿਕਾਰਡ ਬਣਾਇਆ। ਉਸ ਨੇ ਨੌਵੀਂ ਵਾਰ ਵਿਸ਼ਵ ਰਿਕਾਰਡ ਬਣਾਇਆ। ਪੋਲ ਵਾਲਟ ਦੇ ਪੁਰਸ਼ਾਂ ਦੇ ਮੁਕਾਬਲੇ 1896 ਏਥਨਜ਼ ਦੀ ਪਹਿਲੀ ਓਲੰਪਿਕਸ ਤੋਂ ਹੀ ਕਰਵਾਏ ਜਾ ਰਹੇ ਹਨ ਜਦੋਂਕਿ ਮਹਿਲਾਵਾਂ ਦੇ ਮੁਕਾਬਲੇ 2000 ਸਿਡਨੀ ਓਲੰਪਿਕਸ ਵਿੱਚ ਸ਼ੁਰੂ ਹੋਏ।
1896 ਏਥਨਜ਼ ਵਿਖੇ ਪਹਿਲੀ ਓਲੰਪਿਕਸ ਵਿੱਚ ਅਮਰੀਕਾ ਦੇ ਵਿਲੀਅਮ ਹੋਏਟ ਨੇ 3.30 ਮੀਟਰ ਨਾਲ ਪੋਲ ਵਾਲਟ ਦਾ ਪਹਿਲਾ ਓਲੰਪਿਕਸ ਗੋਲਡ ਮੈਡਲ ਜਿੱਤਿਆ ਸੀ। ਔਰਤਾਂ ਦੇ ਪੋਲ ਵਾਲਟ ਮੁਕਾਬਲੇ 2000 ਵਿੱਚ ਸਿਡਨੀ ਓਲੰਪਿਕਸ ਤੋਂ ਸ਼ੁਰੂ ਹੋਏ ਸਨ ਜਦੋਂ ਅਮਰੀਕਾ ਦੀ ਹੀ ਸਟੈਸੀ ਡਰੈਗਿਲਾ ਨੇ 4.60 ਮੀਟਰ ਪੋਲ ਵਾਲਟ ਦਾ ਗੋਲਡ ਮੈਡਲ ਜਿੱਤਿਆ ਸੀ। ਯੂਕਰੇਨ ਦੇ ਮਹਾਨ ਪੋਲ ਵਾਲਟਰ ਸਰਗੇਈ ਬਬੂਕਾ ਦਾ 6.14 ਮੀਟਰ ਦਾ ਬਣਾਇਆ ਵਿਸ਼ਵ ਰਿਕਾਰਡ 24 ਸਾਲ ਨਹੀੰ ਟੁੱਟਿਆ ਸੀ 2020 ਵਿੱਚ ਜਾ ਕੇ ਟੁੱਟਿਆ ਸੀ। ਉਸ ਨੇ 35 ਵਿਸ਼ਵ ਰਿਕਾਰਡ ਬਣਾਏ ਜਿਨ੍ਹਾਂ ਵਿੱਚ 17 ਆਊਟਡੋਰ ਤੇ 18 ਇੰਡੋਰ ਸ਼ਾਮਲ ਹਨ। 1981-1991 ਤੱਕ ਸੋਵੀਅਤ ਯੂਨੀਅਨ (ਜੋ ਕਿ ਟੁੱਟਣ ਤੋਂ ਬਾਅਦ ਮੌਜੂਦਾ ਰੂਸ ਬਣ ਗਿਆ) ਤੇ 1991 ਤੋਂ ਬਾਅਦ ਯੂਕਰੇਨ ਦੀ ਨੁਮਾਇੰਦਗੀ ਕੀਤੀ। ਬਬੂਕਾ ਨੇ 1988 ਸਿਓਲ ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਉਸ ਨੇ ਛੇ ਵਾਰ ਵਿਸ਼ਵ ਚੈਂਪੀਅਨਸ਼ਿਪ ਤੇ ਚਾਰ ਵਾਰ ਵਿਸ਼ਵ ਇੰਡੋਰ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ। ਉਸ ਨੇ ਕੌਮਾਂਤਰੀ ਕਰੀਅਰ ਵਿੱਚ 23 ਗੋਲਡ ਜਿੱਤੇ ਅਤੇ ਸਿਰਫ 2-2 ਵਾਰ ਸਿਲਵਰ ਤੇ ਕਾਂਸੀ ਦੇ ਮੈਡਲ ਜਿੱਤੇ। ਬਬੂਕਾ ਆਪਣੇ ਹੀ ਵਿਸ਼ਵ ਰਿਕਾਰਡ ਤੋੜਨ ਲਈ ਜਾਣਿਆ ਜਾਂਦਾ ਸੀ।
ਮਹਿਲਾ ਵਰਗ ਵਿੱਚ ਰੂਸ ਦੀ ਮਹਾਨ ਵਾਲਟਰ ਯੇਲੇਨਾ ਇਸਾਨੇਬਾਯਵਾ ਦੇ ਨਾਮ ਹਾਲੇ ਵੀ ਮਹਿਲਾ ਪੋਲ ਵਾਲਟ ਦੇ ਸਾਰੇ ਰਿਕਾਰਡ ਦਰਜ ਹਨ। 2009 ਵਿੱਚ 5.06 ਮੀਟਰ ਦਾ ਬਣਾਇਆ ਵਿਸ਼ਵ ਰਿਕਾਰਡ ਅਤੇ 2008 ਵਿੱਚ ਬੀਜਿੰਗ ਓਲੰਪਿਕਸ ਵਿੱਚ 5.05 ਮੀਟਰ ਦਾ ਬਣਾਇਆ ਓਲੰਪਿਕ ਰਿਕਾਰਡ ਹਾਲੇ ਵੀ ਯੇਲੇਨਾ ਦੇ ਨਾਮ ਦਰਜ ਹੈ। ਇਸ ਤੋਂ ਇਲਾਵਾ 2005 ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ 5.01 ਮੀਟਰ ਦਾ ਬਣਾਇਆ ਰਿਕਾਰਡ ਵੀ ਉਸ ਦੇ ਨਾਮ ਹੀ ਦਰਜ ਹੈ।ਬਬੂਕਾ ਵਾਂਗ ਯੇਲੇਨਾ ਵੀ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਕੇ ਨਵਾਂ ਬਣਾਉਣ ਲਈ ਜਾਣੀ ਜਾਂਦੀ ਸੀ। ਉਸ ਨੇ 30 ਵਿਸ਼ਵ ਰਿਕਾਰਡ ਬਣਾਏ ਜਿਨ੍ਹਾਂ ਵਿੱਚ 17 ਆਊਟਡੋਰ ਤੇ 13 ਇੰਡੋਰ ਮੁਕਾਬਲਿਆਂ ਵਿੱਚ। ਯੇਲੇਨਾ ਨੂੰ ਬੀਜਿੰਗ ਵਿਖੇ ਮਿਲਣ ਦਾ ਮੌਕਾ ਮਿਲਿਆ ਸੀ ਜਦੋਂ ਪ੍ਰੈੱਸ ਕਾਨਫਰੰਸ ਵਿੱਚ ਉਸ ਨੂੰ ਕੀਤੇ ਕੁਝ ਸਵਾਲਾਂ ਤੋਂ ਬਾਅਦ ਉਹ ਹੈਰਾਨੀਜਨਕ ਤਰੀਕੇ ਨਾਲ ਖੁਸ਼ ਹੋਈ ਸੀ ਅਤੇ ਬਾਅਦ ਵਿੱਚ ਉਸ ਨਾਲ ਤਸਵੀਰ ਵੀ ਖਿਚਵਾਈ। ਸਵੀਡਨ ਦੇ 24 ਵਰ੍ਹਿਆਂ ਦੇ ਅਰਮਾਂਡ ਡੁਪਲਾਂਟਿਸ ਜਿਸ ਨੂੰ ਮੌਂਡੋ ਦੇ ਨਿੱਕਨੇਮ ਨਾਲ ਜਾਣਿਆ ਜਾਂਦਾ ਹੈ। ਮੌਂਡੋ ਨੇ ਪੋਲ ਵਾਲਟ ਵਿੱਚ 6.25 ਮੀਟਰ ਪਾਰ ਕਰਦਿਆਂ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ ਪੈਰਿਸ ਵਿਖੇ ਓਲੰਪਿਕਸ ਗੋਲਡ ਮੈਡਲ ਜਿੱਤਿਆ। ਡੁਪਲਾਂਟਿਸ ਨੇ ਆਪਣਾ ਹੀ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ ਅਤੇ ਲਗਾਤਾਰ ਦੂਜੀ ਵਾਰ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਿਆ। ਉਸ ਨੇ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਹੈ। ਪੋਲ ਵਾਲਟ ਵਿੱਚ ਉਹ ਦੀਆਂ ਪ੍ਰਾਪਤੀਆਂ ਸਰਗੇਈ ਬਬੂਕਾ ਤੇ ਯੇਲੇਨਾ ਇਸਨੇਬਾਯਵਾ ਦੀਆਂ ਯਾਦ ਤਾਜ਼ਾ ਕਰਵਾ ਰਹੀਆਂ ਹਨ।
-
ਨਵਦੀਪ ਸਿੰਘ ਗਿੱਲ ,ਖੇਡ ਮਾਹਰ, ਖੇਡ ਲੇਖਕ
*******
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.