ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਿੱਥੇ ਸਿੱਖਿਆ ਬਹੁਤ ਜ਼ਰੂਰੀ ਹੈ, ਉੱਥੇ ਸਿੱਖੇ ਨੂੰ ਸਮਝਣ ਲਈ ਦੁਹਰਾਈ ਕਰਨਾ ਉਸ ਤੋਂ ਵੀ ਜ਼ਰੂਰੀ ਹੈ। ਸਕੂਲ ਸਮੇਂ ਪੜ੍ਹਾਏ ਹੋਏ ਵਿਸ਼ਿਆਂ ਦਾ ਅਭਿਆਸ, ਘਰੋਂ ਹੱਲ ਕਰਨ ਲਈ ਦਿੱਤੇ ਕੰਮ ਨੂੰ ਘਰ ਦਾ ਕੰਮ ਜਾਂ ਹੋਮਵਰਕ ਕਹਿੰਦੇ ਹਨ। ਸਕੂਲ ਸਮੇਂ ਦੌਰਾਨ ਬੱਚਾ ਆਪਣੇ ਅਧਿਆਪਕਾਂ ਤੋਂ ਬਹੁਤ ਕੁਝ ਨਵਾਂ ਸਿੱਖਦਾ ਹੈ।
ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਿੱਥੇ ਸਿੱਖਿਆ ਬਹੁਤ ਜ਼ਰੂਰੀ ਹੈ, ਉੱਥੇ ਸਿੱਖੇ ਨੂੰ ਸਮਝਣ ਲਈ ਦੁਹਰਾਈ ਕਰਨਾ ਉਸ ਤੋਂ ਵੀ ਜ਼ਰੂਰੀ ਹੈ। ਸਕੂਲ ਸਮੇਂ ਪੜ੍ਹਾਏ ਹੋਏ ਵਿਸ਼ਿਆਂ ਦਾ ਅਭਿਆਸ, ਘਰੋਂ ਹੱਲ ਕਰਨ ਲਈ ਦਿੱਤੇ ਕੰਮ ਨੂੰ ਘਰ ਦਾ ਕੰਮ ਜਾਂ ਹੋਮਵਰਕ ਕਹਿੰਦੇ ਹਨ। ਸਕੂਲ ਸਮੇਂ ਦੌਰਾਨ ਬੱਚਾ ਆਪਣੇ ਅਧਿਆਪਕਾਂ ਤੋਂ ਬਹੁਤ ਕੁਝ ਨਵਾਂ ਸਿੱਖਦਾ ਹੈ। ਜੇ ਉਹ ਹਰ ਵਿਸ਼ੇ ਦੇ ਅਧਿਆਪਕ ਪਾਸੋਂ ਸਿੱਖੇ ਹੋਏ ਹਰ ਟਾਪਿਕ ਨੂੰ ਘਰ ਆ ਕੇ ਦੁਹਰਾ ਲੈਂਦਾ ਹੈ ਤਾਂ ਉਸ ਵਿਸ਼ੇ ਦੇ ਪਾਠ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ। ਹੋਮਵਰਕ ਕਰਨ ਨਾਲ ਬੱਚੇ ਦੀ ਹਰ ਵਿਸ਼ੇ ’ਤੇ ਪਕੜ ਮਜ਼ਬੂਤ ਹੋ ਜਾਂਦੀ ਹੈ ਤੇ ਉਹ ਵਿਸ਼ੇ ਦੀਆਂ ਬਾਰੀਕੀਆਂ ਨੂੰ ਸਮਝਣ ਵਿਚ ਸਫਲ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ
ਖ਼ਤਰਨਾਕ ਹੈ ਬੱਚਿਆਂ ਦਾ ਮੋਬਾਈਲ ਨਾਲ ਚਿੰਬੜੇ ਰਹਿਣਾਖ਼ਤਰਨਾਕ ਹੈ ਬੱਚਿਆਂ ਦਾ ਮੋਬਾਈਲ ਨਾਲ ਚਿੰਬੜੇ ਰਹਿਣਾ
ਸੋਚ ਤੇ ਗਿਆਨ ’ਚ ਵਾਧਾ
ਹੋਮਵਰਕ ਕਿਸੇ ਵੀ ਵਿਸ਼ੇ ਸਬੰਧੀ ਸੋਚ ਤੇ ਗਿਆਨ ਵਿਚ ਵਾਧਾ ਕਰਦਾ ਹੈ। ਬੱਚਿਆਂ ਨੂੰ ਕਈ ਵਿਸ਼ੇ ਬਹੁਤ ਔਖੇ ਲੱਗਦੇ ਹਨ, ਜਿਨ੍ਹਾਂ ਤੋਂ ਉਹ ਸਾਰੀ ਉਮਰ ਡਰੇ ਰਹਿੰਦੇ ਹਨ ਤੇ ਚਾਹੁੰਦਿਆਂ ਹੋਇਆਂ ਵੀ ਉਸ ਵਿਸ਼ੇ ਵਿਚ ਮੁਹਾਰਤ ਹਾਸਿਲ ਨਹੀਂ ਕਰ ਸਕਦੇ ਪਰ ਹੋਮਵਰਕ ਨਾਲ ਬੱਚਾ ਅਧਿਆਪਕ ਦੁਆਰਾ ਸਮਝਾਏ ਵਿਸ਼ੇ ਨੂੰ ਅਭਿਆਸ ਰਾਹੀਂ ਖ਼ੁਦ ਕਰ ਕੇ ਸੁਖਾਲਾ ਕਰ ਸਕਦਾ ਹੈ। ਵਾਰ-ਵਾਰ ਅਭਿਆਸ ਕਰਨ ਨਾਲ ਕੋਈ ਵੀ ਵਿਸ਼ਾ ਸੌਖਾ ਤੇ ਆਸਾਨੀ ਨਾਲ ਸਮਝ ਆ ਸਕਦਾ ਹੈ। ਇਸ ਤਰ੍ਹਾਂ ਬੱਚੇ ਦੇ ਮਨ ਦੀ ਦੁਵਿਧਾ ਤੇ ਸ਼ੰਕਾ ਦੂਰ ਹੋ ਸਕਦੀ ਹੈ। ਬਹੁਤ ਸਾਰੇ ਬੱਚੇ ਹੋਮਵਰਕ ਦੇ ਰੂਪ ਵਿਚ ਅਭਿਆਸ ਕਰ ਕੇ ਵਿਸ਼ਿਆਂ ਨੂੰ ਸੌਖੇ ਤਰੀਕੇ ਨਾਲ ਯਾਦ ਕਰ ਸਕਦੇ ਹਨ ਤੇ ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਕਰ ਸਕਦੇ ਹਨ।
ਨੈਤਿਕ ਕਦਰਾਂ-ਕੀਮਤਾਂ ਦਾ ਹੁੰਦਾ ਵਿਕਾਸ
ਸਕੂਲੋਂ ਮਿਲੇ ਕੰਮ ਨੂੰ ਜਦੋਂ ਬੱਚਾ ਘਰ ਆ ਕੇ ਖ਼ੁਦ ਕਰਦਾ ਹੈ ਤਾਂ ਉਸ ਵਿਚ ਅਧਿਆਪਕ ਦੀ ਆਗਿਆ ਦਾ ਪਾਲਣ ਕਰਨ ਦਾ ਗੁਣ ਵੀ ਆ ਜਾਂਦਾ ਹੈ। ਅਧਿਆਪਕ ਦੀ ਕਹੀ ਗੱਲ ਨੂੰ ਮੰਨਣਾ ਬੱਚੇ ਦਾ ਪਹਿਲਾ ਫ਼ਰਜ਼ ਬਣ ਜਾਂਦਾ ਹੈ। ਬੱਚਾ ਆਪਣੇ ਅਧਿਆਪਕ ਦੇ ਦੱਸੇ ਹੋਏ ਕੰਮ ਨੂੰ ਖ਼ੁਦ ਕਰਕੇ ਜਿੱਥੇ ਵਿਸ਼ੇ ਦਾ ਗਿਆਨ ਹਾਸਿਲ ਕਰਦਾ ਹੈ, ਉੱਥੇ ਆਪਣੇ ਅਧਿਆਪਕ ਦਾ ਕਹਿਣਾ ਮੰਨਣ ਦਾ ਗੁਣ ਵੀ ਉਸ ਵਿਚ ਆਉਂਦਾ ਹੈ, ਉਸ ਵਿਚ ਨੈਤਿਕ-ਕਦਰਾਂ ਕੀਮਤਾਂ ਦਾ ਵਿਕਾਸ ਹੁੰਦਾ ਹੈ।
ਸਮੇਂ ਦੀ ਕਦਰ ਕਰਨ ਦੀ ਜਾਚ
ਹੋਮਵਰਕ ਨਾਲ ਬੱਚਾ ਆਪਣੇ ਸਮੇਂ ਨੂੰ ਸਹੀ ਢੰਗ ਨਾਲ ਮੈਨੇਜ ਕਰਨਾ ਸਿੱਖ ਲੈਂਦਾ ਹੈ। ਸਮੇਂ ’ਤੇ ਸਕੂਲ ਜਾਣਾ, ਘਰ ਆਉਣਾ, ਖਾਣਾ-ਪੀਣਾ, ਖੇਡਣਾ ਅਤੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਹੋਮਵਰਕ ਕਰਨਾ ਬੱਚੇ ਨੂੰ ਆ ਜਾਂਦਾ ਹੈ, ਜਦੋਂ ਉਹ ਸਮੇਂ ਨੂੰ ਧਿਆਨ ਵਿਚ ਰੱਖ ਕੇ ਕੰਮ ਕਰਦਾ ਹੈ। ਸਮੇਂ ਦੀ ਕੀਮਤ ਪਛਾਣਨਾ ਤੇ ਕਦਰ ਕਰਨਾ ਬਹੁਤ ਵੱਡਾ ਗੁਣ ਹੁੰਦਾ ਹੈ। ਬੱਚਾ ਜਦੋਂ ਬਚਪਨ ਵਿਚ ਹੀ ਅਜਿਹੇ ਚੰਗੇ ਗੁਣ ਸਿੱਖ ਲਵੇਗਾ ਤਾਂ ਉਹ ਭਵਿੱਖ ਵਿਚ ਚੰਗਾ ਨਾਗਰਿਕ ਬਣ ਸਕਦਾ ਹੈ।
ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ
ਸਕੂਲ ਦੇ ਕੰਮ ਨੂੰ ਘਰ ਆ ਕੇ ਸੋਹਣੀ ਲਿਖਾਈ ਵਿਚ ਲਿਖਣਾ ਤੇ ਯਾਦ ਕਰਨਾ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਸਕੂਲ ਤੋਂ ਘਰ ਵਾਸਤੇ ਕੰਮ ਦਿੱਤਾ ਜਾਂਦਾ ਹੈ ਤਾਂ ਬੱਚੇ ਵਿਚ ਜ਼ਿੰਮੇਵਾਰੀ ਦੀ ਭਾਵਨਾ ਆਉਂਦੀ ਹੈ। ਅਧਿਆਪਕ ਵੱਲੋਂ ਬੱਚੇ ਨੂੰ ਹੋਮਵਰਕ ਲਈ ਪਿਆਰ ਨਾਲ ਪ੍ਰੇਰਿਤ ਕਰਨ ਤੇ ਬੱਚਾ ਰੁਚੀ ਪੂਰਨ ਢੰਗ ਨਾਲ ਘਰ ਦਾ ਕੰਮ ਜ਼ਰੂਰ ਪੂਰਾ ਕਰਦਾ ਹੈ। ਅਗਲੇ ਦਿਨ ਕੰਮ ਚੈੱਕ ਕਰਵਾਉਣ ਦੀ ਇੱਛਾ ਤੇ ਅਧਿਆਪਕ ਤੋਂ ਸ਼ਾਬਾਸ਼ ਲੈਣ ਦੀ ਚਾਹਤ ਬੱਚੇ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਦੇ ਨਾਲ ਹੀ ਜੇ ਬੱਚਾ ਸਕੂਲ ਹੋਮਵਰਕ ਨਹੀਂ ਕਰ ਕੇ ਜਾਂਦਾ ਤਾਂ ਅਧਿਆਪਕ ਨੂੰ ਜਵਾਬਦੇਹ ਹੁੰਦਾ ਹੈ। ਸ਼ਾਬਾਸ਼ੀ ਤੇ ਸਜ਼ਾ ਵਿਚਲਾ ਫ਼ਰਕ ਸਮਝਦਿਆਂ ਉਹ ਬੜੀ ਜ਼ਿੰਮੇਵਾਰੀ ਨਾਲ ਆਪਣਾ ਹੋਮਵਰਕ ਪੂਰਾ ਕਰਦਾ ਹੈ ਤੇ ਅਧਿਆਪਕ ਨੂੰ ਅਗਲੇ ਦਿਨ ਜਾ ਕੇ ਚੈੱਕ ਕਰਵਾਉਂਦਾ ਹੈ।
ਟੈਸਟ ਤੇ ਪ੍ਰੀਖਿਆ ਲਈ ਤਿਆਰੀ
ਜਿਹੜਾ ਬੱਚਾ ਲਗਾਤਾਰ ਹੋਮਵਰਕ ਕਰਦਾ ਹੈ, ਉਹ ਹਰ ਤਰ੍ਹਾਂ ਦੇ ਟੈਸਟ ਤੇ ਪ੍ਰੀਖਿਆ ਲਈ ਤਿਆਰ ਹੋ ਜਾਂਦਾ ਹੈ। ਹਰ ਵਿਸ਼ੇ ਨੂੰ ਸਹੀ ਢੰਗ ਨਾਲ ਸਿੱਖਣਾ, ਸਮਝਣਾ ਅਤੇ ਉਸ ਦਾ ਅਭਿਆਸ ਕਰਨ ਨਾਲ ਬੱਚਾ ਹਰ ਵਿਸ਼ੇ ਵਿਚ ਮੁਹਾਰਤ ਹਾਸਿਲ ਕਰ ਲੈਂਦਾ ਹੈ। ਹੋਮਵਰਕ ਨਾਲ ਬੱਚੇ ਦੇ ਗਿਆਨ ਵਿਚ ਵਾਧਾ ਹੁੰਦਾ ਹੈ, ਕੰਮ ਕਰਨ ਲਈ ਇਕਾਗਰਤਾ ਵੱਧਦੀ ਹੈ। ਇਸ ਨਾਲ ਬੱਚੇ ’ਚ ਪ੍ਰੀਖਿਆਵਾਂ ਦੌਰਾਨ ਆਤਮ-ਵਿਸ਼ਵਾਸ ਬਹੁਤ ਵੱਧ ਜਾਂਦਾ ਹੈ।
ਸਮੱਸਿਆਵਾਂ ਨੂੰ ਹੱਲ ਕਰਨ ਦਾ ਹੁਨਰ
ਹੋਮਵਰਕ ਦੌਰਾਨ ਬੱਚਾ ਦਿੱਤੀਆਂ ਹੋਈਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਹੁਨਰ ਸਿੱਖਦਾ ਹੈ। ਵਿਸ਼ੇ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਉਹ ਨਿੱਜੀ ਜ਼ਿੰਦਗੀ ਵਿਚ ਵੀ ਸਿੱਖੀਆਂ ਹੋਈਆਂ ਗੱਲਾਂ ਨੂੰ ਵਰਤਣਾ ਸਿੱਖ ਜਾਂਦਾ ਹੈ। ਇਹ ਹੁਨਰ ਉਸ ਦੇ ਪੇਸ਼ੇਵਾਰ ਜੀਵਨ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਉਸ ਦਾ ਦਿਮਾਗ਼ ਹਰ ਵਕਤ ਕਿਰਿਆਸ਼ੀਲ ਰਹਿੰਦਾ ਹੈ ਤੇ ਹਰ ਸਮੱਸਿਆ ਦਾ ਹੱਲ ਲੱਭਣ ਲਈ ਤੱਤਪਰ ਰਹਿੰਦਾ ਹੈ। ਅਜਿਹੇ ਗੁਣ ਉਸ ਨੂੰ ਦੂਜੇ ਬੱਚਿਆਂ ਲਈ ਨਮੂਨਾ ਜਾਂ ਉਦਾਹਰਨ ਬਣਾ ਦਿੰਦੇ ਹਨ।
ਵਿਕਸਤ ਹੁੰਦੀ ਹੱਥੀਂ ਕੰਮ ਕਰਨ ਦੀ ਆਦਤ
ਹੋਮਵਰਕ ਨਾਲ ਬੱਚੇ ਵਿਚ ਪੜ੍ਹਾਈ ਪ੍ਰਤੀ ਰੁਚੀ ਵੱਧ ਜਾਂਦੀ ਹੈ। ਸਕੂਲ ਵਿਚ ਸਿੱਖਿਆ ਤੇ ਸੁਣਿਆ ਹੋਇਆ ਕੰਮ ਜਦੋਂ ਘਰ ਆ ਕੇ ਬੱਚਾ ਸ਼ਾਂਤਮਈ ਢੰਗ ਵਿਚ ਦੁਬਾਰਾ ਦੁਹਰਾਉਂਦਾ ਹੈ ਤਾਂ ਉਸ ਦੀ ਰੁਚੀ ਵਿਚ ਵਾਧਾ ਹੁੰਦਾ ਹੈ ਕਿਉਂਕਿ ਉਹ ਉਸ ਵਿਸ਼ੇ ਨੂੰ ਹੋਰ ਆਸਾਨੀ ਨਾਲ ਤੇ ਡੂੰਘਾਈ ਨਾਲ ਜਾਣਨ ਦੇ ਯੋਗ ਹੋ ਜਾਂਦਾ ਹੈ। ਸਾਇੰਸ, ਸਮਾਜਿਕ, ਗਣਿਤ ਜਾਂ ਹੋਰ ਭਾਸ਼ਾਵਾਂ ਦਾ ਹੋਮਵਰਕ ਕਰਦੇ ਸਮੇਂ ਬੱਚਾ ਹੱਥੀਂ ਕੰਮ ਕਰਨਾ ਸਿੱਖ ਜਾਂਦਾ ਹੈ। ਮਾਡਲ ਬਣਾਉਣੇ, ਚਿੱਤਰ ਬਣਾਉਣੇ ਆਦਿ ਕਿਰਿਆਵਾਂ ਨਾਲ ਬੱਚੇ ਦੀ ਰੁਚੀ ਹੋਰ ਵੱਧ ਜਾਂਦੀ ਹੈ ਤੇ ਉਹ ਆਪਣੇ ਅੰਦਰਲੀ ਸਿਰਜਣਾਤਮਿਕਤਾ ਤੇ ਕਿਰਿਆਸ਼ੀਲਤਾ ਨੂੰ ਹੋਰ ਵਧਾ ਕੇ ਪੇਸ਼ ਕਰ ਸਕਦਾ ਹੈ।
ਸਿੱਖਿਆ ਪ੍ਰਤੀ ਰੁਚੀ ’ਚ ਵਾਧਾ
ਅਕਸਰ ਬੱਚੇ ਸਿੱਖਿਆ ਪ੍ਰਤੀ ਬੇਮੁਖ ਹੋ ਜਾਂਦੇ ਹਨ। ਉਨ੍ਹਾਂ ਨੂੰ ਪੜ੍ਹਾਈ ਔਖੀ ਲੱਗਣ ਲੱਗ ਜਾਂਦੀ ਹੈ। ਸਕੂਲ ਜਾਣ ਨੂੰ ਵੀ ਕਈ ਵਾਰ ਉਨ੍ਹਾਂ ਦਾ ਦਿਲ ਨਹੀਂ ਕਰਦਾ। ਉਨ੍ਹਾਂ ਦਾ ਮਨ ਨਹੀਂ ਕਰਦਾ ਕਿ ਸਕੂਲ ਜਾ ਕੇ ਪੜ੍ਹਿਆ ਜਾਵੇ ਪਰ ਚੰਗੇ ਅਧਿਆਪਕ ਤੇ ਮਾਪਿਆਂ ਦੇ ਸਹਿਯੋਗ ਅਤੇ ਮਾਰਗ-ਦਰਸ਼ਨ ਨਾਲ ਉਨ੍ਹਾਂ ਦੀ ਯੋਗ ਅਗਵਾਈ ਵਿਚ ਬੱਚਾ ਬਹੁਤ ਚੰਗੇ ਗੁਣ ਸਿੱਖਣ ਲੱਗ ਜਾਂਦਾ ਹੈ ਤੇ ਪੜ੍ਹਾਈ ਨੂੰ ਬਹੁਤ ਰੁਚੀ ਤੇ ਮਨੋਰੰਜਕ ਢੰਗ ਨਾਲ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਜੇ ਹੋਮਵਰਕ ਦਿੱਤਾ ਜਾਵੇ ਤਾਂ ਬੱਚਾ ਘਰ ਆ ਕੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਪੜ੍ਹਾਈ ਦਾ ਧਿਆਨ ਰੱਖਦਾ ਹੋਇਆ ਘਰ ਦਾ ਕੰਮ ਕਰਦਾ ਹੈ।
ਕਿਹੋ ਜਿਹਾ ਹੋਣਾ ਚਾਹੀਦਾ ਹੋਮਵਰਕ?
ਹੋਮਵਰਕ ਕਦੇ ਵੀ ਜ਼ਿਆਦਾ ਅਤੇ ਔਖਾ ਨਹੀਂ ਹੋਣਾ ਚਾਹੀਦਾ। ਅਧਿਆਪਕ ਵੱਲੋਂ ਬੜੇ ਸਰਲ ਤੇ ਰੁਚੀਪੂਰਨ ਢੰਗ ਨਾਲ ਛੋਟੇ-ਛੋਟੇ ਪ੍ਰਸ਼ਨਾਂ ਦੇ ਰੂਪ ਵਿਚ ਅਭਿਆਸ ਹੱਲ ਕਰਵਾਉਣ ਲਈ ਹੋਮਵਰਕ ਦਿੱਤਾ ਜਾਣਾ ਚਾਹੀਦਾ ਹੈ। ਚਿੱਤਰ ਮਾਡਲ ਚਾਰਟ ਆਦਿ ਬਣਾਉਣ ਦਾ ਵੀ ਹੋਮਵਰਕ ਦਿੱਤਾ ਜਾ ਸਕਦਾ ਹੈ। ਕੋਈ ਇਕ ਵਿਸ਼ਾ ਦੇਖ ਕੇ ਬੱਚੇ ਨੂੰ ਕਵਿਤਾ, ਲੇਖ ਆਦਿ ਲਿਖਣ ਨੂੰ ਦਿੱਤਾ ਜਾ ਸਕਦਾ ਹੈ। ਜਮਾਤ ਵਿਚ ਪੜ੍ਹੇ ਤੇ ਸਮਝਾਏ ਗਏ ਪਾਠ ਨੂੰ ਦੁਹਰਾਉਣਾ, ਕੋਈ ਲੇਖ ਜਾਂ ਉਪ ਵਿਸ਼ਾ ਸੁੰਦਰ ਕਰ ਕੇ ਲਿਖਣਾ, ਛੋਟੇ-ਛੋਟੇ ਪ੍ਰਸ਼ਨ-ਉੱਤਰ ਸੋਹਣੀ ਤੇ ਸਾਫ਼-ਸਪੱਸ਼ਟ ਲਿਖਾਈ ਵਿਚ ਲਿਖ ਕੇ ਯਾਦ ਕਰਨਾ ਆਦਿ ਹੋਮਵਰਕ ਦੇ ਰੂਪ ਵਿਚ ਦਿੱਤਾ ਜਾ ਸਕਦਾ ਹੈ।
ਬੱਚੇ ਨੂੰ ਪੜ੍ਹਾਉਣਾ ਤੇ ਪੜ੍ਹਾਈ ਦੇ ਨਾਲ ਜੋੜਨਾ ਓਨਾ ਔਖਾ ਨਹੀਂ ਹੁੰਦਾ, ਜਿੰਨਾ ਉਸ ਨੂੰ ਸਮਝਣਾ ਔਖਾ ਹੁੰਦਾ ਹੈ। ਬੱਚੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਸ ਦੀ ਰੁਚੀਆਂ ਅਨੁਸਾਰ ਹੋਮਵਰਕ ਦੇ ਕੇ ਬੱਚੇ ਨੂੰ ਪੜ੍ਹਾਈ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਸੌਖਾ ਤੇ ਸਰਲ ਹੋਮਵਰਕ ਦੇ ਕੇ ਬੱਚੇ ਨੂੰ ਪੜ੍ਹਾਈ ਨਾਲ ਜੋੜਿਆ ਜਾ ਸਕਦਾ ਹੈ। ਇਸ ਤਰ੍ਹਾਂ ਉਸ ਵਿਚ ਲਗਨ ਅਤੇ ਰੁਚੀ ਦਾ ਵਾਧਾ ਕਰਦਿਆਂ ਹੌਲੀ-ਹੌਲੀ ਵੱਡੇ ਪ੍ਰਸ਼ਨਾਂ ਤੇ ਵਿਸਥਾਰ ਵੱਲ ਲਿਜਾਇਆ ਜਾ ਸਕਦਾ ਹੈ। ਬੱਚੇ ਨੂੰ ਪ੍ਰੀਖਿਆ ਲਈ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ, ਤਾਂ ਜੋ ਉਹ ਚੰਗੇ ਅੰਕ ਲੈ ਕੇ ਪਾਸ ਹੋ ਸਕਣ। ਬੱਚਿਆਂ ਨੂੰ ਇਹ ਸਮਝਾਇਆ ਜਾ ਸਕਦਾ ਹੈ ਕਿ ਉਹ ਪ੍ਰੀਖਿਆਵਾਂ ਨੂੰ ਹਊਆ ਨਾ ਸਮਝਣ ਸਗੋਂ ਰੋਜ਼ ਦਾ ਰੋਜ਼ ਹੋਮਵਰਕ ਕਰਦਿਆਂ ਨਿੱਕੇ-ਨਿੱਕੇ ਪ੍ਰਸ਼ਨਾਂ ਨੂੰ ਯਾਦ ਕਰਨ ਤੇ ਹਰ ਵਿਸ਼ੇ ਵਿਚ ਕਾਮਯਾਬ ਹੋਣ ਲਈ ਤਿਆਰੀ ਕਰਨ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.