ਸੱਭਿਆਚਾਰ, ਤਿੰਨ ਮਾਵਾਂ ਦਾ ਪਸਾਰਾ ਹੀ ਤਾਂ ਹੈ
ਡਾ. ਅਮਰ ਕੋਮਲ
"ਸੱਭਿਆਚਾਰ, ਤਿੰਨ ਮਾਵਾਂ ਦਾ ਪਸਾਰਾ" ਪੁਸਤਕ ਰਾਹੀਂ ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮਲਤਾ ਦੀ ਦੰਪਤੀ ਜੋੜੀ ਨੇ ਸੱਭਿਆਚਾਰ ਦੇ ਸਮੁੰਦਰ ਵਿੱਚ ਇੰਨ੍ਹਾਂ ਡੂੰਘਾਂ ਗੋਤਾ ਲਗਾਇਆ ਹੈ ਕਿ ਸਿੱਧਾ ਤਲ ਤੋਂ ਮੋਤੀ ਚੁਗ ਲਿਆਂਦੇ ਨੇ। ਭੂਮਿਕਾ ਰਾਹੀਂ ਪੁਸਤਕ ਦੀ ਜਾਣ ਪਹਿਚਾਨ ਕਰਵਾਈ ਗਈ ਹੈ, ਲਿਖਿਆ ਹੈ, "ਧਰਤੀ ਮਾਂ, ਜਨਮਦਾਤੀ ਮਾਂ ਅਤੇ ਗਊ ਮਾਂ ਇੱਕ ਅਜਿਹਾ ਤਿਕੋਨਾ ਭੰਗੂੜਾ ਹੈ, ਜਿਸ ਉੱਪਰ ਭਾਰਤੀ ਸੱਭਿਅਤਾ, ਸੰਸਕ੍ਰਿਤੀ ਅਤੇ ਵੱਖ-ਵੱਖ ਭਾਰਤੀ ਸੱਭਿਆਚਾਰ ਉਸਰੇ ਹਨ। ਮੁੱਢ ਕਦੀਮ ਤੋਂ ਹੀ ਮਨੁੱਖੀ ਜਿੰਦਗੀ ਇਨ੍ਹਾਂ ਤਿੰਨ ਮਾਵਾਂ ਨਾਲ਼ ਜੁੜੀ ਹੋਈ ਹੈ"। ਲੇਖਕ ਨੇ ਗਊ ਵੰਸ਼ ਨੂੰ ਦੁੱਧ ਅਤੇ ਖੇਤੀ ਉਤਪਾਦਨ ਵਿੱਚ ਕਿਰਤ ਦਾ ਵਾਹਕ ਦੱਸਿਆ ਹੈ। ਲੇਖਕ ਨੇ ਮਾਂ ਬੋਲੀ ਨੂੰ ਜਨਮਦਾਤੀ ਮਾਂ ਨਾਲ਼ ਹੀ ਜੋੜਿਆ ਹੈ।
ਕਲਮਦਾਨ, ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਆਪਣੀ ਗੱਲ ਨੂੰ ਤਰਕ ਨਾਲ਼ ਕਹਿੰਦਾ ਹੈ। ਇਸਦੇ ਨਿਬੰਧਾਂ ਵਿੱਚ ਪਦਾਰਥ ਅਤੇ ਤਰਕ ਦੀ ਪ੍ਰਧਾਨਤਾ ਨਾਲੋਂ ਨਾਲ਼ ਚੱਲਦੀ ਹੈ। ਪੁਸਤਕ ਵਿੱਚ ਕੁੱਲ 29 ਨਿਬੰਧ ਹਨ। ਹਰ ਇੱਕ ਨਿਬੰਧ ਦੇ ਅਖੀਰ ਵਿੱਚ ਲੇਖਕ ਜਾਂ ਲੇਖਿਕਾ ਦਾ ਨਾਮ ਛਪਿਆ ਹੈ। ਪੁਸਤਕ ਦਾ ਪਹਿਲਾ ਨਿਬੰਧ ਹੀ ਪਾਠਕ ਨੂੰ ਸੱਭਿਆਚਾਰ ਦੇ ਸਮੁੰਦਰ ਦੇ ਤਲ ਤੱਕ ਲੈ ਜਾਂਦਾ ਹੈ। ਕਲਮਦਾਨ ਲਿਖਦਾ ਹੈ, ਸੱਭਿਆਚਾਰ ਦੀ ਉਤਪਤੀ ਦਾ ਚਲਨ ਆਦਿ-ਮਾਨਵ ਤੋਂ ਹੀ ਸ਼ੁਰੂ ਹੋ ਗਿਆ ਸੀ। ਆਦਿ ਮਾਨਵ ਨੇ ਜਿਨ੍ਹਾਂ ਪ੍ਰਾਕ੍ਰਿਤਿਕ ਅਤੇ ਆਮ ਵਸਤਾਂ ਨੂੰ ਆਪਣੇ ਜੀਵਨ ਵਿੱਚ ਹੰਢਾਇਆ, ਉਸਨੇ ਉਨ੍ਹਾਂ ਵਸਤਾਂ ਨੂੰ ਹੀ ਮਾਨ ਅਤੇ ਸਤਿਕਾਰ ਦਿੱਤਾ, ਇੱਥੋਂ ਹੀ ਸੱਭਿਆਚਾਰ ਦੀ ਉਤਪਤੀ ਹੁੰਦੀ ਹੈ।
5000 ਸਾਲ ਪ੍ਰਾਚੀਨ ਸਿੰਧੂ ਘਾਟੀ ਸੱਭਿਅਤਾ ਦਾ ਮੁੱਖ ਕੇਂਦਰ ਹੜੱਪਾ ਅਤੇ ਹੋਰ ਮਹੱਤਵਪੂਰਨ ਸਥਾਨ ਪੰਜਾਬ ਵਿੱਚ ਹੀ ਪੈਂਦੇ ਹਨ। ਇਸ ਲਈ ਪੰਜਾਬੀ ਸੱਭਿਆਚਾਰ ਦਾ ਅਧਾਰ ਸਿੰਧ ਘਾਟੀ ਸੱਭਿਅਤਾ ਹੀ ਹੈ। ਭਾਵੇਂ ਸਿੰਧ ਘਾਟੀ ਸੱਭਿਅਤਾ ਬਹੁਤ ਪਹਿਲਾਂ ਹੀ ਅਲੋਪ ਹੋ ਗਈ ਸੀ, ਪਰ ਇਸਦੇ ਤੁਰੰਤ ਬਾਅਦ ਹੋਂਦ ਵਿੱਚ ਆਈ ਵੈਦਿਕ ਸੱਭਿਅਤਾ ਦਾ ਕੇਂਦਰ ਵੀ ਪੰਜਾਬ ਹੀ ਰਿਹਾ ਹੈ। ਵੈਦਿਕ ਸੱਭਿਅਤਾ ਨੇ ਵੀ ਸਿੰਧ ਘਾਟੀ ਸੱਭਿਅਤਾ ਦੇ ਗੁਣਾਂ ਨੂੰ ਧਾਰਨ ਕਰ ਲਿਆ ਸੀ। ਵੈਦਿਕ ਸੱਭਿਅਤਾ ਦਾ ਇੱਕ ਅਗਾਂਹ ਵਧੂ ਚਲਨ ਇਹ ਸੀ ਕਿ ਇਸ ਨੇ ਅਪਣਾਏ ਗੁਣਾਂ ਨੂੰ ਸੰਸਕ੍ਰਿਤ ਭਾਸ਼ਾ ਰਾਹੀਂ ਕਲਮਵੱਧ ਕਰ ਦਿੱਤਾ। ਵੈਦਿਕ ਸੱਭਿਅਤਾ ਦੇ ਮੁੱਢਲੇ ਗ੍ਰੰਥ ਰਿਗਵੇਦ ਦੀ ਰਚਨਾ ਵੀ ਪੰਜਾਬ ਦੀ ਧਰਤੀ ਤੇ ਹੀ ਰੋਈ ਸੀ। ਉਪਰੋਕਤ ਦੋਵੇਂ ਸੱਭਿਅਤਾਵਾਂ ਵਿੱਚ ਪ੍ਰਕ੍ਰਿਤੀ ਅਤੇ ਇਸਦੇ ਤੱਤਾਂ ਦੀ ਮਾਨਤਾ ਅਤੇ ਪੂਜਾ ਪੱਦਤੀ ਇੱਕ ਕੇਂਦਰੀ ਗੁਣ ਸੀ। ਇਹੋ ਕੇਂਦਰੀ ਗੁਣ ਪੰਜਾਬੀ ਸੱਭਿਆਚਾਰ ਦੇ ਕਣ-ਕਣ ਵਿੱਚ ਸਮਾਇਆ ਹੈ। ਪੰਜਾਬੀ ਸੱਭਿਆਚਾਰ ਦੇ ਇਸੇ ਕੇਂਦਰੀ ਗੁਣ ਕਾਰਨ, ਪੁਸਤਕ ਦਾ ਨਾਂ "ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ" ਅਤੀ ਢੁੱਕਵਾਂ ਬਣ ਜਾਂਦਾ ਹੈ।
ਕਲਮਦਾਨ ਉੱਪਰ ਮਾਰਕਸਵਾਦੀ ਸੋਚ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ, ਪਰ ਉਹ ਭਾਰਤੀ ਦਰਸ਼ਨ ਅਤੇ ਸੰਸਕ੍ਰਿਤੀ ਦਾ ਪੱਲਾ ਸਦਾ ਫੜੀ ਰੱਖਦਾ ਹੈ। ਪੁਸਤਕ ਵਿੱਚ ਦਰਜ ਆਪਣੇ ਪਹਿਲੇ ਨਿਬੰਧ ਵਿੱਚ ਹੀ ਉਹ ਨਿਰਾਕਾਰ ਈਸ਼ਵਰ ਦੀ ਨਿਰਪੇਖ ਸੋਚ ਨੂੰ ਸੰਸਾਰ ਦੇ ਕਿਸੇ ਵੀ ਸੱਭਿਆਚਾਰ ਲਈ ਪ੍ਰਮੁੱਖ ਖ਼ਤਰਾ ਦੱਸਦਾ ਹੈ। ਕਲਮਦਾਨ ਆਪਣੇ ਇਸ ਕ੍ਰਾਂਤੀਕਾਰੀ ਤਰਕ ਨੂੰ ਸਥਾਪਿਤ ਕਰਨ ਲਈ ਕਪਿਲ ਦੇ ਸੰਖਿਆ ਦਰਸ਼ਨ, ਬ੍ਰਹਸਪਤੀ ਦਾ ਲੋਕਾਇਤ ਸਿਧਾਂਤ, ਚਾਰਵਾਕ ਦਰਸ਼ਨ, ਡਾਰਵਿਨ ਅਤੇ ਏਂਜਲ ਨੂੰ ਕੋਡ ਕਰਦਾ ਹੈ। ਕਲਮਦਾਨ ਸਿਲਸਿਲੇ ਵਾਈਜ ਦੱਸਦਾ ਹੈ, ਇਸ਼ਵਰੀ ਦੂਤਾਂ ਵੱਲੋਂ, ਮੂਰਤੀ ਪੂਜਾ ਹਰਾਮ ਹੈ" ਦੇ ਅਮਰ ਵਾਕ ਤੇ ਚੱਲਦਿਆਂ, ਚੇਲਿਆਂ ਨੇ ਸੀਰੀਆ, ਇਰਾਕ, ਅਰਬ, ਇਰਾਨ ਅਫਗਾਨਿਸਤਾਨ ਅਤੇ ਸਾਂਝੇ ਹਿੰਦੋਸਤਾਨ ਵਿੱਚ ਬੇਸ਼ਕੀਮਤੀ ਅਤਿ ਪ੍ਰਾਚੀਨ ਸੰਸਕ੍ਰਿਤਿਕ ਧਰੋਹਰਾਂ ਨੂੰ ਢਾਹ ਦਿੱਤਾ ਅਤੇ ਬਚੀਆਂ ਹੋਈਆਂ ਸੰਸਕ੍ਰਿਤਿਕ ਧਰੋਹਰਾਂ ਨੂੰ ਅੱਜ ਵੀ ਖ਼ਤਰਾ ਬਣਿਆ ਹੋਇਆ ਹੈ। ਇਸੇ ਤਰਾਂ ਈਸ਼ਵਰੀ ਦੂਤ ਨਿਰਾਕਾਰ ਈਸ਼ਵਰ ਤੋਂ ਬਿਨ੍ਹਾਂ ਸਾਰੀਆਂ ਭੌਤਿਕ ਵਸਤਾਂ (ਧਰਤੀ, ਸੂਰਜ, ਰੁੱਖ, ਜੀਵ, ਨਦੀਆਂ, ਸਮੁੰਦਰ ਆਦਿ) ਦੀ ਪੂਜਾ ਪੱਦਤੀ ਅਤੇ ਕਲਾਤਮਕ ਤੱਤਾਂ ਨੂੰ ਰੱਦ ਕਰਦੇ ਹਨ। ਭਾਵ ਉਹ ਮਨੁੱਖ ਦੇ ਕੁਦਰਤੀ ਸੱਭਿਆਚਾਰ ਨੂੰ ਰੱਦ ਕਰਦੇ ਹਨ।
ਇਸ ਪਹਿਲੇ ਨਿਬੰਧ ਵਿੱਚ ਹੀ ਕਲਮਦਾਨ ਨੇ ਸਰਲ ਤਰੀਕੇ ਨਾਲ਼ ਸੱਭਿਅਤਾ ਅਤੇ ਸੱਭਿਆਚਾਰ ਵਿੱਚ ਬੁਨਿਆਦੀ ਅੰਤਰ ਦੱਸਦੇ ਹੋਏ, ਦੋਵਾਂ ਨੂੰ ਇੱਕ ਸਾਬਿਤ ਕੀਤਾ ਹੈ। ਹਰੇਕ ਪ੍ਰਾਕ੍ਰਿਤਿਕ ਸੱਭਿਆਚਾਰ ਵਿੱਚ ਸੱਭਿਅਤਾ ਗੌਣ ਰੂਪ ਵਿੱਚ ਵਿਰਾਜਮਾਨ ਹੁੰਦੀ ਹੈ, ਜਦੋਂ ਕਿ ਸੱਭਿਆਚਾਰ ਪੂਰੀ ਤਰਾਂ ਜੀਵੰਤ ਦਿਖਾਈ ਦਿੰਦਾ ਹੈ। ਅਸਲ ਵਿੱਚ ਸੱਭਿਅਤਾ ਹੀ, ਸੱਭਿਆਚਾਰਾਂ ਦੇ ਰੂਪ ਵਿੱਚ ਜੀਵੰਤ ਹੁੰਦੀ ਹੈ। ਜਿਵੇਂ ਵੈਦਿਕ ਸੱਭਿਅਤਾ ਨੇ ਦੱਸਿਆ ਕਿ ਧਰਤੀ ਦਾ ਰੁਤਵਾ ਮਾਂ ਦੇ ਬਰਾਬਰ ਹੈ, ਤਾਂ ਇਸ ਗੁਣ ਨੂੰ ਭਾਰਤ ਦੀ ਧਰਤੀ ਤੇ ਉਸਰੇ ਸਾਰੇ ਸੱਭਿਆਚਾਰਾਂ ਵਿੱਚ ਮੌਜੂਦ ਮੋਢੀ ਗੁਣ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਸੱਭਿਅਤਾ ਇੱਕ ਵੱਡੇ ਵਿਆਪਕ ਖੇਤਰ ਵਿੱਚ ਫੈਲੀ ਹੁੰਦੀ ਹੈ ਅਤੇ ਸੱਭਿਆਚਾਰ ਵੱਖ ਵੱਖ ਭੂਗੋਲਿਕ ਖੰਡਾਂ ਵਿੱਚ ਵੰਡੇ ਹੁੰਦੇ ਹਨ ਅਤੇ ਇਹ ਸਾਰੇ ਸੱਭਿਆਚਾਰ ਇੱਕ ਸਾਂਝੀ ਸੱਭਿਅਤਾ ਦੇ ਪ੍ਰਭਾਵ ਅਧੀਨ ਹੁੰਦੇ ਹਨ।
ਅਸਲ ਵਿੱਚ ਪਹਿਲਾ ਨਿਬੰਧ : "ਜੜ ਸੱਭਿਅਤਾ ਅਤੇ ਸੱਭਿਆਚਾਰ ਮਨੁੱਖੀ ਸ਼ਾਂਤੀ ਅਤੇ ਸਰਵਗੁਣ ਉੱਨਤੀ ਲਈ ਧਰਾਤਲ ਹਨ" ਕਲਮਦਾਨ ਦਾ ਦਿੱਤਾ "ਦੋ "ਜ" ਸਿਧਾਂਤ ਜੜ ਨਾਲ਼ ਜੁੜਤਾ ਅਤੇ ਯੂਰਪ ਵਿੱਚ ਆਏ ਪੂਨਰ ਜਾਗਰਣ ਵਾਂਗ ਨਵੀਂ ਜਾਗ੍ਰਤੀ ਨੂੰ ਸਥਾਪਿਤ ਕਰਦਾ ਹੈ। 15ਵੀਂ ਸਦੀ ਦੇ ਯੂਰਪ ਵਿੱਚ ਆਈ "ਪੁਨਰ ਜਾਗਰਣ" ਦੀ ਲਹਿਰ ਇਹੋ ਸੀ ਕਿ ਇਸਨੇ ਪ੍ਰਾਚੀਨ ਸੱਭਿਆਤਾਵਾਂ ਅਤੇ ਸੱਭਿਆਚਾਰਾਂ ਦੀ ਪੁਨਰ ਸਥਾਪਤੀ ਨੂੰ ਜਨਮ ਦਿੱਤਾ। ਇਸ "ਪੁਨਰ ਜਾਗਰਣ" ਦੀ ਆਤਮਾ ਰੋਮਨ ਅਤੇ ਯੁਨਾਨ ਦੀਆਂ ਪ੍ਰਾਚੀਨ ਸੱਭਿਆਤਾਵਾਂ ਦੇ ਮੋਢੇ ਤੇ ਚੜਕੇ ਨਵੇਂ ਵਿਚਾਰਾਂ ਨੂੰ ਲੈ ਕੇ ਆਈ ਸੀ। ਇਸ ਮਹਾਨ ਸਮੇਂ ਨੇ ਯੂਰਪ ਵਿੱਚ ਪ੍ਰਗਟਾਵੇ ਦੀ ਆਜਾਦੀ, ਵਿਗਿਆਨਕ ਸੋਚ, ਖੋਜਾਂ, ਵਿਦਿਅਕ ਪ੍ਰਸਾਰ, ਕਲਾ ਅਤੇ ਮਹਾਨ ਸਾਹਿਤ ਨੂੰ ਜਨਮ ਦਿੱਤਾ।
ਪੁਸਤਕ ਵਿੱਚ ਕਲਮਦਾਨ ਦੇ ਪਹਿਲੇ ਨਿਬੰਧ ਤੋਂ ਇਲਾਵਾ ਦੋ ਨਿਬੰਧ ਹੋਰ ਹਨ, ਜਿਨ੍ਹਾਂ ਵਿੱਚ, "ਭਾਸ਼ਾ ਦੇ ਪ੍ਰਫੁੱਲਤ ਹੋਣ ਵਿੱਚ ਉਸਦੀ ਆਪਣੀ ਲਿੱਪੀ ਹੀ ਜੜ੍ਹ ਦਾ ਕੰਮ ਕਰਦੀ ਹੈ", "ਭਗਤ ਸਿੰਘ ਉੱਪਰ ਹਮਲਾ, ਪੰਜਾਬ ਦੇ ਵੀਰ ਰਸੀ ਸੱਭਿਆਚਾਰ ਉੱਪਰ ਹਮਲਾ ਹਨ। ਇਨ੍ਹਾਂ ਦੇ ਸਿਰਲੇਖ ਹੀ ਨਿਬੰਧਾਂ ਵਿਚਲੀ ਫਿਲਾਸਫੀ ਨੂੰ ਅੱਖਾਂ ਸਾਹਮਣੇ ਲੈ ਆਉਂਦੇ ਹਨ।
ਪੁਸਤਕ ਦੀ ਜਿਲਦ ਦੇ ਪਿਛਲੇ ਪੰਨੇ ਉੱਪਰ ਇੱਕ ਵਿਸ਼ਵ ਪ੍ਰਸਿੱਧ ਚਿਤੰਕ ਦਾ ਸੰਦੇਸ਼ ਅਤੇ ਫੋਟੋ ਛਪੀ ਹੈ। ਲਿਖਿਆ ਹੈ, ਪਾਕਿਸਤਾਨ ਪੰਜਾਬੀ ਮੂਲ ਦੇ ਅਤੇ ਕੈਨੇਡਾ ਦੇ ਨਾਗਰਿਕ ਸ਼੍ਰੀ ਤਾਰਿਕ ਫਤੇਹ ਭਾਰਤ ਦੀ ਵੈਦਿਕ ਸੱਭਿਅਤਾ ਨੂੰ ਇੱਕ ਮਾਤਰ ਬਚੀ ਹੋਈ ਪ੍ਰਾਚੀਨ ਸੱਭਿਅਤਾ ਮੰਨਦੇ ਹਨ ਅਤੇ ਉਹ ਇਸ ਸੱਭਿਅਤਾ ਨੂੰ ਪੂਰੀ ਦੁਨੀਆਂ ਨੂੰ ਰਾਸਤਾ ਦਿਖਾਉਣ ਵਾਲੀ ਭਵਿੱਖ ਦੀ ਸੱਭਿਅਤਾ ਵੀ ਦੱਸਦੇ ਹਨ। ਕਲਮਦਾਨ ਵੀ ਆਪਣੇ ਪਹਿਲੇ ਨਿਬੰਧ ਵਿੱਚ ਲਿਖਦਾ ਹੈ , ਕਿੰਨੀ ਵਿਗਿਆਨਿਕ ਹੈ ਵੈਦਿਕ ਸੱਭਿਅਤਾ, ਯਜੁਰ ਵੇਦ ਦੱਸਦਾ ਹੈ, ਸਾਡਾ ਇਹ ਜੀਵ ਜਗਤ ਪੰਜ ਅਧਾਰ ਭੂਤ ਤੱਤਾਂ ਦੇ ਪ੍ਰਾਕ੍ਰਿਤਿਕ ਸੰਜੋਗ ਨਾਲ਼ ਹੋਂਦ ਵਿੱਚ ਆਇਆ ਹੈ। ਇਹ ਅਧਾਰਭੂਤ ਤੱਤ ਹਨ, ਧਰਤੀ, ਸੂਰਜ (ਅਗਨੀ), ਪਾਣੀ, ਹਵਾ (ਆਕਸੀਜਨ) ਅਤੇ ਨਿਰਵਾਤ, ਜਦੋਂ ਮਨੁੱਖ ਚੰਦਰਮਾ ਤੇ ਪਹੁੰਚਿਆ, ਤਾਂ ਉੱਥੇ ਉਸਨੂੰ ਨਾ ਕੋਈ ਜੀਵ ਮਿਲਿਆ ਅਤੇ ਨਾਂ ਹੀ ਪੌਦਾ, ਕਿਉਂਕਿ ਉੱਥੇ ਦੋ ਅਧਾਰ ਭੂਤ ਤੱਤ ਇੱਕ ਹਵਾ, ਦੂਜਾ ਪਾਣੀ ਨਹੀਂ ਹਨ। ਅੱਜ ਭਾਰਤ ਦੀ ਧਰਤੀ ਉੱਪਰ ਉਸਰੇ ਸਾਰੇ ਸੱਭਿਆਚਾਰਾਂ ਵਿੱਚ ਜੀਵਨ ਲਈ ਉੱਤਰਦਾਈ ਪੰਜ ਅਧਾਰਭੂਤ ਤੱਤਾਂ ਦੀ ਮਾਨਤਾ ਅਤੇ ਪੂਜਾ ਪੱਦਤੀ ਜਿਉਂਦੀ ਹੈ।
ਪੁਸਤਕ ਵਿੱਚ ਪ੍ਰੇਮਲਤਾ ਪ੍ਰਿੰਸੀਪਲ ਦੇ ਕੁਝ ਨਿਬੰਧ ਜਿਨ੍ਹਾਂ ਵਿੱਚ : "ਖੋਖਲੇ ਅਤੇ ਹਲਕੇ ਅਜੋਕੇ ਪੰਜਾਬੀ ਗੀਤ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਸਿਊਂਕ ਵਾਂਗ ਖਾ ਰਹੇ ਹਨ,"ਉੱਤਰੀ ਅਤੇ ਮੱਧ ਭਾਰਤ ਵਿੱਚ ਭਗਤੀ ਲਹਿਰ ਦੇ ਸਿਰਜਕ ਸੰਤ ਰਾਮਾਨੰਦ, "ਏਂਜਲ ਦੇ ਸਿਧਾਂਤ ਬਾਂਦਰ ਤੋਂ ਮਨੁੱਖ ਤੱਕ ਕਿਰਤ ਦੀ ਭੂਮਿਕਾ ਤੋਂ ਬਿਨ੍ਹਾਂ ਡਾਰਵਿਨ ਅਧੂਰਾ ਹੈ", "ਰਿਗਵੇਦ ਦੀਆਂ ਔਰਤ ਰਿਸ਼ੀਕਾਵਾਂ ਇੱਕ ਮਹਾਨ ਪਰੰਪਰਾ,"ਮਾਤਰ ਦੇਵੀ ਦੀ ਮਾਨਤਾ ਅਤੇ ਪੂਜਾ ਦਾ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ" ਅਤੇ "ਕਸ਼ਮੀਰ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਉੱਕਰੀਆਂ ਚਾਰ ਔਰਤਾਂ, ਆਦਿ ਫਿਲਾਸਫੀਕਲ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਦੇ ਹਨ। ਇਨ੍ਹਾਂ ਨਿਬੰਧਾਂ ਦਾ ਸਾਡੇ ਸੱਭਿਆਚਾਰ ਨਾਲ਼ ਗਹਿਰਾ ਸੰਬੰਧ ਹੈ।
ਪੁਸਤਕ ਵਿੱਚ ਪ੍ਰਿੰਸੀਪਲ ਪ੍ਰੇਮ ਲਤਾ ਦੇ ਸੱਭਿਆਚਾਰ ਨਾਲ਼ ਸੰਬੰਧਤ ਮਹੱਤਵਪੂਰਨ ਵਸਤਾਂ, ਕਿਰਤ ਅਤੇ ਕਲਾ ਨਾਲ਼ ਸੰਬੰਧਤ ਨਿਬੰਧ ਅਤੇ ਮਹੱਤਵਪੂਰਨ ਤਿਉਹਾਰਾਂ ਨਾਲ਼ ਸੰਬੰਧਤ ਭਾਵੁਕ ਕਰਨ ਵਾਲੇ ਨਿਬੰਧ ਹਨ। ਇਨ੍ਹਾਂ ਨਿਬੰਧਾਂ ਵਿੱਚ ਸ਼ਿੰਗਾਰ ਰਸ ਡੁੱਲ੍ਹ ਡੁੱਲ੍ਹ ਪੈਂਦਾ ਹੈ। ਇਹ ਨਿਬੰਧ ਹਨ, "ਪੰਜਾਬੀ ਸੱਭਿਆਚਾਰ ਵਿੱਚ ਕਿਰਤ ਅਤੇ ਕਲਾ ਦਾ ਪ੍ਰਤੀਕ ਚਰਖਾ, "ਸਾਉਣ ਮਹੀਨਾ ਦਿਨ ਤੀਆਂ ਦੇ ਪਿੱਪਲੀ ਪੀਂਘਾ ਪਾਈਆਂ", "ਨੀ ਲੈਦੇ ਮਾਏਂ ਕਾਲਿਆਂ ਬਾਗਾਂ ਦੀ ਮਹਿੰਦੀ, "ਸ਼ਿੰਗਾਰ ਰਸ ਦੀ ਚਾਸ਼ਨੀ ਚ ਘੁਲਿਆ ਪੰਜਾਬੀ ਸੱਭਿਆਚਾਰ, "ਆ ਵਣਜਾਰਿਆ ਬਹਿ ਵਣਜਾਰਿਆ ਕਿੱਥੇ ਕੁ ਤੇਰੇ ਘਰ ਵੇ, "ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਹੀਂ ਚੂੜਾ ਛਣਕੇ, "ਡੱਕ ਕਹੇ ਸੁਣ ਭੱਡਲੀ, "ਗਿੱਦੜ ਗਿੱਦੜੀ ਦਾ ਵਿਆਹ,"ਚਾਨਣ ਦੀ ਫੁਲਕਾਰੀ ਤੋਪਾ ਕੋਣ ਭਰੇ,"ਖੂਹ ਮੇਰੇ ਮਾਹੀਂ ਦਾ ਲੋਕੀਂ ਘੜੇ ਭਰੇਂਦੇ ਨੇ , "ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ, "ਨਹੀਂ ਸਾਨੂੰ ਤੇਰੀ ਚੂਰੀ ਦੀ ਲੋੜ ਬਸ ਛੱਡਦੇ ਸਾਡੇ ਪਿੱਪਲ ਬੋਹੜ, "ਕਿੱਥੇ ਗਈਐਂ ਮਾਰ ਉਡਾਰੀ ਨੀ ਚਿੜੀਏ, "ਬਾਲਾ ਚੰਦਾਂ ਅਰਘ ਦੇਈਂ ਅਰਘ ਦੇਈਂ ਘਰਵਾਰ, "ਹੱਥੀਂ ਮਹਿੰਦੀ ਰੰਗਲੀ ਬਾਹੀਂ ਚੂੜਾ ਲਾਲ, "ਨੇਕ ਨਸੀਬ ਤੇਰੇ ਓ ਘੜਿਆ ਚੜ੍ਹਿਆ ਜਾਨਾ ਢਾਕ ਪਰਾਈ, "ਲੰਬੜਾ ਜੋਰੇ ਜਗਾ ਲੈ ਵੇ ਜਾਗੋ ਆਈ ਆ, "ਚਾਨਣ ਅਤੇ ਖੁਸ਼ਹਾਲੀ ਦਾ ਪ੍ਰਤੀਕ ਤਿਉਹਾਰ ਦੀਵਾਲੀ" ਆਦਿ ਪ੍ਰਿੰਸੀਪਲ ਪ੍ਰੇਮ ਲਤਾ ਦੇ ਅਜਿਹੇ ਨਿਬੰਧ ਹਨ, ਜਿਨ੍ਹਾਂ ਦੇ ਸਿਰਲੇਖ ਪੜ੍ਹਣ ਨਾਲ਼ ਹੀ ਨਿਬੰਧਾਂ ਵਿਚਲੇ ਸੱਭਿਆਚਾਰਕ ਰਸ ਦਾ ਬੋਧ ਹੋ ਜਾਂਦਾ ਹੈ। ਇਨ੍ਹਾਂ ਨਿਬੰਧਾਂ ਵਿੱਚ ਲੇਖਿਕਾ ਨੇ ਲੋਕ ਬੋਲੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਹੈ, ਜਿਸ ਕਾਰਨ ਇਹ ਨਿਬੰਧ ਰੌਚਕਤਾ ਭਰਪੂਰ ਬਣ ਗਏ ਹਨ। ਪ੍ਰਿੰਸੀਪਲ ਪ੍ਰੇਮਲਤਾ ਦੁਆਰਾ ਰਚਿਤ ਨਿਬੰਧ "ਉੱਤਰ ਅਤੇ ਮੱਧ ਭਾਰਤ ਵਿੱਚ ਭਗਤੀ ਲਹਿਰ ਦੇ ਸਿਰਜਕ ਸੰਤ ਰਾਮਾਨੰਦ", ਉੱਤਰੀ ਭਾਰਤ ਵਿੱਚ ਚੱਲੀ ਭਗਤੀ ਲਹਿਰ ਦਾ ਸਿਲਾਲੇਖ ਹੈ। ਇਹ ਨਿਬੰਧ ਉੱਚ ਪੱਧਰ ਦੇ ਗਿਆਨ ਦਾ ਸਰੋਤ ਹੈ।ਅੰਤ ਵਿੱਚ ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ, ਪੁਸਤਕ ਸੱਭਿਆਚਾਰ ਦੇ ਪਿੜ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ।
ਪੰਨੇ 144, ਹਾਰਡ ਜਿਲਦ ਸਮੇਤ 34 ਰੰਗੀਨ ਫੋਟੋਆਂ,
ਮੁੱਲ 200/-ਰੂ:
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
-
ਡਾ. ਅਮਰ ਕੋਮਲ, ਸ਼੍ਰੋਮਣੀ ਸਾਹਿਤਕਾਰ
amargargp@gmail.com
84378-73565
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.