ਵਿਗਿਆਨ ਦੇ ਯੁਗ ਵਿੱਚ ਅੱਜ ਕਲ੍ਹ ਕੋਈ ਵੀ ਚਮਕਤਕਾਰ ਵਾਲੀਆਂ ਨਿਰਆਧਾਰ ਗੱਲਾਂ ਨੂੰ ਮੰਨਣ ਲਈ ਤਿਆਰ ਨਹੀਂ ਪ੍ਰੰਤੂ ਬਹੁਤ ਸਾਰੀਆਂ ਪਰੰਪਰਾਵਾਂ ਅਜਿਹੀਆਂ ਪ੍ਰਚਲਿਤ ਹਨ, ਜਿਹੜੀਆਂ ਵਿਗਿਆਨਕ ਤੱਥਾਂ ‘ਤੇ ਅਧਾਰਤ ਨਹੀਂ ਹਨ। ਸਾਡਾ ਸਮਾਜ ਉਨ੍ਹਾਂ ਪਰੰਪਰਾਵਾਂ ‘ਤੇ ਪਹਿਰਾ ਵੀ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਸਭਿਆਚਾਰ ਦਾ ਹਿੱਸਾ ਵੀ ਮੰਨ ਰਿਹਾ ਹੈ। ਪਿਛਲੇ ਸਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆਏ ਸਨ ਪ੍ਰੰਤੂ ਇਸ ਸਾਲ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ। ਬਾਰਸ਼ਾਂ ਬਹੁਤ ਘੱਟ ਪਈਆਂ ਹਨ। ਕਿਸਾਨ ਜੀਰੀ ਲਾਈ ਬੈਠੇ ਹਨ ਪ੍ਰੰਤੂ ਬਾਰਸ਼ਾਂ ਨਾ ਪੈਣ ਕਰਕੇ ਗਰਮੀ ਦਾ ਕਹਿਰ ਲਗਾਤਾਰ ਜ਼ਾਰੀ ਹੈ। ਪੁਰਾਣੇ ਜ਼ਮਾਨੇ ਵਿੱਚ ਜਦੋਂ ਹਾੜ/ਸਾਉਣ ਦੇ ਮਹੀਨਾ ਬਾਰਸ਼ਾਂ ਨਹੀਂ ਪੈਂਦੀਆਂ ਸਨ ਤਾਂ ਪਿੰਡਾਂ ਦੇ ਲੋਕ ਮੀਂਹ ਪਵਾਉਣ ਲਈ ‘ਗੁੱਡੀ ਫੂਕਣ’ ਦੀ ਰਸਮ ਅਦਾ ਕਰਦੇ ਸਨ। ਇਹ ਇੱਕ ਛੋਟੀ ਜਿਹੀ ਰਸਮ ਹੁੰਦੀ ਸੀ। ਉਸ ਸਮੇਂ ਫ਼ਸਲਾਂ ਨੂੰ ਪਾਣੀ ਦੇਣ ਦੇ ਖੂਹਾਂ ਅਤੇ ਨਹਿਰੀ ਪਾਣੀ ਤੋਂ ਬਿਨਾ ਬਹੁਤੇ ਸਾਧਨ ਨਹੀਂ ਹੁੰਦੇ ਸਨ। ਟਿਊਬਵੈਲ ਅਜੇ ਪ੍ਰਚਲਤ ਨਹੀਂ ਹੋਏ ਸਨ। ਖੂਹ ਅਤੇ ਨਹਿਰੀ ਪਾਣੀ ਵੀ ਥੋੜ੍ਹੀਆਂ ਨਿਆਈਂ ਜ਼ਮੀਨਾ ਲਈ ਉਪਲਭਧ ਹੁੰਦੇ ਸਨ। ਪਿੰਡਾਂ ਦੀਆਂ ਫਿਰਨੀਆਂ ਦੇ ਨੇੜੇ ਜਿਹੜੀਆਂ ਜ਼ਮੀਨਾ ਹੁੰਦੀਆਂ ਸਨ, ਉਨ੍ਹਾਂ ਨੂੰ ਨਿਆਈਂ ਕਿਹਾ ਜਾਂਦਾ ਸੀ। ਰੇਤਲੀਆਂ ਜ਼ਮੀਨਾ ਤਾਂ ਬਿਲਕੁਲ ਹੀ ਮੀਂਹਾਂ ‘ਤੇ ਹੀ ਨਿਰਭਰ ਹੁੰਦੀਆਂ ਸਨ। ਸਮੁੱਚੀਆਂ ਫ਼ਸਲਾਂ ਬਾਰਸ਼ਾਂ ਤੇ ਹੀ ਬਹੁਤੀਆਂ ਨਿਰਭਰ ਹੁੰਦੀਆਂ ਸਨ। ਫ਼ਸਲਾਂ ਦੇ ਨੁਕਸਾਨ ਹੋਣ ਕਰਕੇ ਕੁਝ ਇਲਾਕਿਆਂ ਵਿੱਚ ਭੁੱਖਮਰੀ ਦੇ ਹਾਲਾਤ ਵੀ ਬਣ ਜਾਂਦੇ ਸਨ। ਵਿਗਿਆਨਕ ਜਾਣਕਾਰੀ ਦੀ ਘਾਟ ਕਰਕੇ ਲੋਕ ਵਹਿਮਾ ਭਰਮਾ ਵਿੱਚ ਪਏ ਰਹਿੰਦੇ ਸਨ। ਗੁੱਡੀ ਫੂਕਣਾ ਵੀ ਵਹਿਮਾ ਭਰਮਾ ਦੀ ਲੜੀ ਦਾ ਇਕ ਹਿੱਸਾ ਹੈ। ਕਈ ਵਾਰ ਗੁੱਡੀ ਫੂਕਣ ਤੋਂ ਬਾਅਦ ਮੀਂਹ ਪੈ ਜਾਂਦਾ ਸੀ, ਮੀਂਹ ਭਾਵੇਂ ਵਿਗਿਆਨਕ ਕਾਰਨਾ ਕਰਕੇ ਹੀ ਪੈਂਦਾ ਸੀ ਪ੍ਰੰਤੂ ਲੋਕਾਂ ਵਿੱਚ ਇਹ ਪ੍ਰਭਾਵ ਚਲਿਆ ਜਾਂਦਾ ਸੀ ਕਿ ਗੁੱਡੀ ਫੂਕਣ ਨਾਲ ਮੀਂਹ ਪਿਆ ਹੈ। ਇੱਕ ਕਿਸਮ ਨਾਲ ਗੁੱਡੀ ਫੂਕਣਾ ਦਿਹਾਤੀ ਸਭਿਅਚਾਰ ਦਾ ਅਨਿਖੜਵਾਂ ਅੰਗ ਬਣ ਚੁੱਕਾ ਸੀ। ਸੋਕਾ ਪੈਣ ਕਰਕੇ ਜਿੱਥੇ ਫ਼ਸਲਾਂ ਦਾ ਨੁਕਸਾਨ ਹੁੰਦਾ ਸੀ, ਉਥੇ ਪਾਣੀ ਦੀ ਘਾਟ ਕਰਕੇ ਜੀਵ ਜੰਤੂ ਅਤੇ ਪੰਛੀ ਮਰ ਜਾਂਦੇ ਸਨ। ਬੱਚਿਆਂ ਨੂੰ ਆਪਣੀਆਂ ਖੇਡਾਂ ਖੇਡਣੀਆਂ ਗਰਮੀ ਕਰਕੇ ਬੰਦ ਕਰਨੀਆਂ ਪੈਂਦੀਆਂ ਸਨ। ਪਿੰਡਾਂ ਦੇ ਲੋਕ ਅਜਿਹੀਆਂ ਗੱਲਾਂ ਨੂੰ ਦੇਵਤਾ/ਪਰਮਾਤਮਾ ਦਾ ਸਰਾਪ ਕਹਿੰਦੇ ਸਨ। ਇਸ ਲਈ ਦੇਵਤਾ/ਪਰਮਾਤਮਾ ਨੂੰ ਖ਼ੁਸ਼ ਕਰਨ ਲਈ ਗੁੱਡੀ ਫੂਕੀ ਜਾਂਦੀ ਸੀ। ਇਹ ਵੀ ਸਮਝਿਆ ਜਾਂਦਾ ਸੀ ਕਿ ਪਰਮਾਤਮਾ ਬੱਚਿਆਂ, ਜੀਵ ਜੰਤੂਆਂ ਅਤੇ ਪੰਛੀਆਂ ‘ਤੇ ਤਰਸ ਖਾ ਕੇ ਮੀਂਹ ਪਾ ਦੇਵੇਗਾ। ਗੁੱਡੀ ਫੂਕਣ ਦੀ ਰਸਮ ਸਾਰਾ ਪਿੰਡ ਰਲਕੇ ਕਰਦਾ ਸੀ। ਇਸ ਮੰਤਵ ਲਈ ਪਿੰਡ ਵਿੱਚੋਂ ਗੁੜ, ਆਟਾ ਅਤੇ ਚੌਲ ਇਕੱਠੇ ਕੀਤੇ ਜਾਂਦੇ ਸਨ। ਫਿਰ ਪਿੰਡ ਦੀਆਂ ਤ੍ਰੀਮਤਾਂ ਮਿੱਠੀਆਂ ਰੋਟੀਆਂ, ਚੌਲ ਅਤੇ ਗੁਲਗੁਲੇ ਬਣਾਉਂਦੀਆਂ ਸਨ। ਪਿੰਡ ਦੀਆਂ ਇਸਤਰੀਆਂ ਕੱਪੜਿਆਂ ਦੀ 2 ਕੁ ਫੁੱਟ ਦੀ ਗੁੱਡੀ ਬਣਾਉਂਦੀਆਂ ਸਨ। ਬਾਕਾਇਦਾ ਇਸ ਗੁੱਡੀ ਨੂੰ ਰੰਗ ਬਰੰਗੇ ਖਾਸ ਕਰਕੇ ਲਾਲ ਰੰਗ ਦੇ ਕਪੜਿਆਂ ਨਾਲ ਸਜਾਇਆ ਜਾਂਦਾ ਸੀ। ਇੱਕ ਛੋਟੀ ਜਿਹੀ ਸੋਟੀਆਂ ਦੀ ਅਰਥੀ ਬਣਾਈ ਜਾਂਦੀ ਸੀ। ਅਰਥੀ ਤੇ ਗੁੱਡੀ ਨੂੰ ਪਾਇਆ ਜਾਂਦਾ ਸੀ। ਅਰਥੀ ਨੂੰ ਵੀ ਪੂਰਾ ਬੁਲਬਲਿਆਂ ਨਾਲ ਸਜਾਇਆ ਜਾਂਦਾ ਸੀ। ਅੱਜ ਕਲ੍ਹ ਬੁਲਬਲਿਆਂ ਨੂੰ ਗਵਾਰੇ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਚਾਰ ਛੋਟੇ ਲੜਕੇ ਅਰਥੀ ਨੂੰ ਚੁੱਕ ਕੇ ਪਿੰਡ ਤੋਂ ਬਾਹਰ ਕਿਸੇ ਸਾਂਝੀ ਥਾਂ ‘ਤੇ ਲਿਜਾਂਦੇ ਹਨ। ਸਾਰਾ ਪਿੰਡ ਅਰਥੀ ਦੇ ਨਾਲ ਅਫਸੋਸਨਾਕ ਮੁਦਰਾ ਵਿੱਚ ਮਜਲ ਦੇ ਮਗਰ ਤੁਰਦਾ ਸੀ। ਇਸਤਰੀਆਂ ਜਿਵੇਂ ਕਿਸੇ ਇਨਸਾਨ ਦੇ ਮਰਨ ‘ਤੇ ਵੈਣ ਤੇ ਕੀਰਨੇ ਪਾਉਂਦੀਆਂ ਹੁੰਦੀਆਂ ਸਨ, ਬਿਲਕੁਲ ਉਸੇ ਤਰ੍ਹਾਂ ਵੈਣ ਤੇ ਕੀਰਨੇ ਪਾਉਂਦੀਆਂ ਸਨ। ਦੁਹੱਥੜ ਵੀ ਪੁੱਟਦੀਆਂ ਸਨ। ਵੈਣਾਂ ਅਤੇ ਕੀਰਨਿਆਂ ਦੀ ਵੰਨਗੀ ਇਸ ਪ੍ਰਕਾਰ ਹੈ:
ਗੁੱਡੀ ਮਰਗੀ ਅੱਜ ਕੁੜੇ, ਸਿਰਹਾਣੇ ਧਰਗੀ ਛੱਜ ਕੁੜੇ।
ਗੁੱਡੀ ਮਰਗੀ ਜਾਣ ਕੇ, ਹਰਾ ਦੁਪੱਟਾ ਤਾਣ ਕੇ।
ਜੇ ਗੁੱਡੀਏ ਤੂੰ ਮਰਨਾ ਸੀ, ਆਟਾ ਛਾਣ ਕੇ ਕਿਉਂ ਧਰਨਾ ਸੀ।
ਹਾਏ ਹਾਏ ਨੀ ਮੇਰੀਏ ਬਾਗਾਂ ਦੀਏ ਕੋਇਲੇ, ਨੀ ਤੂੰ ਕੁਝ ਵੀ ਉਮਰ ਨਾ ਪਾਈ ਨੀ।
ਨੀ ਕਿਥੇ ਉਡ ਗਈ ਮਾਰ ਉਡਾਰੀ ਨੀ, ਮੇਰੇ ਬਾਗਾਂ ਦੀਏ ਕੋਇਲੇ।
ਅੱਡੀਆਂ ਗੋਡੇ ਘੁਮਾਮਾਂਗੇ ਮੀਂਹ ਪਏ ‘ਤੇ ਜਾਵਾਂਗੇ।
ਪੰਜਾਬ ਦੇ ਪਿੰਡਾਂ ਵਿੱਚ ਜਦੋਂ ਕੁੜੀਆਂ ਗੁੱਡੀ ਫੂਕਣ ਜਾਂਦੀਆਂ ਸਨ ਤਾਂ ਇੱਕ ਕੁੜੀ ਦਾ ਸਾਂਗ ਬਣਾਇਆ ਜਾਂਦਾ ਸੀ, ਜਿਸ ਨੂੰ ‘ਢੋਡਾ’ ਕਿਹਾ ਜਾਂਦਾ ਹੈ। ਸਸਕਾਰ ਕਰਨ ਸਮੇਂ ਇੱਕ ਕੁੱਜਾ ਭੰਨਿਆਂ ਜਾਂਦਾ ਹੈ। ਡੱਕੇ ਤੋੜ ਕੇ ਵੀ ਸਿਵੇ ਉਪਰ ਸੜ ਰਹੀ ਗੁੱਡੀ ‘ਤੇ ਸੁੱਟੇ ਜਾਂਦੇ ਹਨ। ਸਸਕਾਰ ਭਾਵ ਗੁੱਡੀ ਫੂਕਣ ਤੋਂ ਬਾਅਦ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਸਾਰਿਆਂ ਵਿੱਚ ਵੰਡੇ ਜਾਂਦੇ ਹਨ। ਵਿਗਿਆਨਕ ਯੁਗ ਕਰਕੇ ਅੱਜ ਕਲ੍ਹ ਇਹ ਰਸਮ ਖ਼ਤਮ ਹੋਣ ਦੇ ਕਿਨਾਰੇ ‘ਤੇ ਹੈ। ਫਿਰ ਵੀ ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਮੀਂਹ ਨਾ ਪੈਣ ਕਰਕੇ ਮੁਕਤਸਰ ਜਿਲ੍ਹੇ ਵਿੱਚ ਗੁੱਡੀ ਫੂਕਣ ਦੀਆਂ ਖ਼ਬਰਾਂ ਆਈਆਂ ਸਨ। ਪੰਜਾਬ ਅਤੇ ਹਰਿਆਣਾ ਵਿੱਚ ਅਜੇ ਵੀ ਇਹ ਪਰੰਪਰਾ ਜਾਰੀ ਹੈ।
ਤਸਵੀਰਾਂ ਗੁੱਡੀ ਫੂਕਣ ਦੀਆਂ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.