ਸਵਪਨਪਿਲ ਨੇ ਕਾਂਸੀ ਦਾ ਮੈਡਲ ਫੁੰਡਿਆ: ਪੈਰਿਸ ਓਲੰਪਿਕਸ ਵਿੱਚ ਭਾਰਤ ਦੇ ਅੱਜ ਦਾ ਪ੍ਰਦਰਸ਼ਨ ਦਾ ਲੇਖਾ ਜੋਖਾ
ਨਵਦੀਪ ਸਿੰਘ ਗਿੱਲ
ਚੰਡੀਗੜ੍ਹ, 2 ਅਗਸਤ 2024- ਪੈਰਿਸ ਓਲੰਪਿਕਸ ਖੇਡਾਂ ਵਿੱਚ ਭਾਰਤ ਨੇ ਅੱਜ ਤੀਜਾ ਮੈਡਲ ਜਿੱਤਿਆ। ਤਿੰਨੋਂ ਮੈਡਲ ਹੁਣ ਤੱਕ ਨਿਸ਼ਾਨੇਬਾਜ਼ੀ ਵਿੱਚ ਆਏ ਹਨ। ਮਹਾਂਰਾਸ਼ਟਰ ਦੇ ਕੋਹਲਾਪੁਰ ਜ਼ਿਲੇ ਦੇ 28 ਵਰ੍ਹਿਆਂ ਦੇ ਸਵਪਨਿਲ ਕੁਸਾਲੇ ਨੇ ਆਪਣੀ ਪਹਿਲੀ ਓਲੰਪਿਕਸ ਵਿੱਚ ਹੀ ਖੇਡਦਿਆਂ ਪੈਰਿਸ ਵਿਖੇ ਪੁਰਸ਼ਾਂ ਦੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ 451.4 ਸਕੋਰ ਨਾਲ ਕਾਂਸੀ ਦਾ ਮੈਡਲ ਜਿੱਤਿਆ। ਉਹ 0.5 ਸਕੋਰ ਨਾਲ ਚਾਂਦੀ ਦੇ ਮੈਡਲ ਤੋਂ ਖੁੰਝ ਗਿਆ।
ਪੈਰਿਸ ਓਲੰਪਿਕਸ ਵਿੱਚ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੀ ਤਿੰਨੇ ਮੈਡਲ ਜਿੱਤੇ ਹਨ ਅਤੇ ਪਹਿਲੀ ਵਾਰ ਓਲੰਪਿਕਸ ਇਤਿਹਾਸ ਵਿੱਚ ਭਾਰਤ ਨੇ ਇੱਕੋ ਓਲੰਪਿਕਸ ਵਿੱਚ ਕਿਸੇ ਇੱਕ ਖੇਡ ਵਿੱਚ ਤਿੰਨ ਮੈਡਲ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 1900 ਪੈਰਿਸ ਵਿੱਚ ਅਥਲੈਟਿਕਸ ਵਿੱਚ ਦੋ ਮੈਡਲ, ਲੰਡਨ 2012 ਵਿੱਚ ਨਿਸ਼ਾਨੇਬਾਜ਼ੀ ਤੇ ਕੁਸ਼ਤੀ ਵਿੱਚ ਦੋ-ਦੋ ਮੈਡਲ ਅਤੇ 2021 ਟੋਕੀਓ ਵਿੱਚ ਕੁਸ਼ਤੀ ਵਿੱਚ ਦੋ ਮੈਡਲ ਜਿੱਤੇ ਸਨ।ਅਭਿਨਵ ਬਿੰਦਰਾ ਤੇ ਗਗਨ ਨਾਰੰਗ ਤੋਂ ਬਾਅਦ ਰਾਈਫਲ਼ ਵਿੱਚ ਸਵਪਨਿਲ ਭਾਰਤ ਦਾ ਤੀਜਾ ਓਲੰਪਿਕਸ ਮੈਡਲਿਸਟਹੈ ਜਦੋਂ ਕਿ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਈਵੈਂਟ ਵਿੱਚ ਪਹਿਲਾ।
ਨਿਸ਼ਾਨੇਬਾਜ਼ੀ ਵਿੱਚ ਹੀ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਭਾਰਤ ਦੀ ਅੰਜੁਮ ਮੌਦਗਿਲ 584 ਸਕੋਰ ਨਾਲ 18ਵੇਂ ਅਤੇ ਸਿਫ਼ਤ ਕੌਰ ਸਮਰਾ 575 ਸਕੋਰ ਨਾਲ 31ਵੇਂ ਸਥਾਨ ਉੱਪਰ ਰਹੀ।
ਬੈਡਮਿੰਟਨ ਵਿੱਚ ਪੁਰਸ਼ ਸਿੰਗਲਜ਼ ਦੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਦੋਵੇਂ ਭਾਰਤੀ ਪਹਿਲੀ ਵਾਰ ਆਹਮੋ-ਸਾਹਮਣੇ ਸਨ। ਲਕਸ਼ੇ ਸੇਨ ਨੇ ਆਪਣੇ ਹਮਵਤਨ ਐਚ ਐਸ ਪ੍ਰਣੋਏ ਨੂੰ 21-12 ਤੇ 21-6 ਨਾਲ ਹਰਾ ਕੇ ਕੁਆਰਟਰ ਫ਼ਾਈਨਲ ਚ ਦਾਖਲਾ ਪਾਇਆ। ਪੁਰਸ਼ ਡਬਲਜ਼ ਵਿੱਚ ਭਾਰਤ ਦੀ ਸਟਾਰ ਜੋੜੀ ਸਾਤਵਿਕ ਸਾਈਰਾਜ ਰੈਂਨਿਕ ਰੈੱਡੀ ਤੇ ਚਿਰਾਗ ਸ਼ੈਟੀ ਕੁਆਰਟਰ ਫ਼ਾਈਨਲ ਚ ਮਲੇਸ਼ੀਅਨ ਜੋੜੀ ਤੋਂ 21-13, 14-21 ਤੇ 16-21 ਨਾਲ ਹਾਰ ਕੇ ਬਾਹਰ ਹੋ ਗਈ। ਪਹਿਲੀ ਗੇਮ ਜਿੱਤਣ ਤੋਂ ਬਾਅਦ ਦੂਜਾ ਗੇਮ ਉਹ ਹਾਰ ਗਏ। ਤੀਜੀ ਗੇਮ ਵਿੱਚ ਆਖਰੀ ਅੰਕਾਂ ਮੌਕੇ ਕੀਤੀਆਂ ਗਲਤੀਆਂ ਮਹਿੰਗੀਆਂ ਸਾਬਤ ਹੋਈਆਂ। ਇਹ ਜੋੜੀ ਭਾਰਤ ਲਈ ਮੈਡਲ ਦੀ ਵੱਡੀ ਦਾਅਵੇਦਾਰ ਸੀ।
ਬੈਡਮਿੰਟਨ ਵਿੱਚ ਭਾਰਤ ਦੀ ਮੈਡਲ ਦੀ ਇੱਕ ਹੋਰ ਆਸ ਉਦੋਂ ਟੁੱਟੀ ਜਦੋਂ ਮਹਿਲਾ ਸਿੰਗਲਜ਼ ਵਿੱਚ ਪਿਛਲੇ ਦੋ ਵਾਰ ਦੀ ਓਲੰਪਿਕਸ ਮੈਡਲਿਸਟ ਪੀਵੀ ਸਿੰਧੂ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਚੀਨ ਦੀ ਹੀ ਬਿੰਗਜਿਓ ਹੱਥੋੰ 19-21 ਤੇ 14-21 ਨਾਲ ਹਾਰ ਕੇ ਬਾਹਰ ਹੋ ਗਈ। ਸਿੰਧੂ ਦਾ ਓਲੰਪਿਕਸ ਮੈਡਲ ਦੀ ਹੈਟ੍ਰਿਕ ਦਾ ਸੁਫ਼ਨਾ ਅਧੂਰਾ ਰਹਿ ਗਿਆ। ਪਹਿਲੀ ਗੇਮ ਵਿੱਚ ਭਾਵੇਂ ਉਸ ਨੇ ਚੰਗੀ ਟੱਕਰ ਦਿੱਤੀ ਪਰ ਸ਼ੁਰੂਆਤ ਵਿੱਚ ਪਿੱਛੇ ਰਹੀ ਅਤੇ ਕਿਸੇ ਮੌਕੇ ਵੀ ਉਸ ਨੂੰ ਲੀਡ ਨਹੀਂ ਮਿਲੀ। ਦੂਜੀ ਗੇਮ ਵਿੱਚ ਚੀਨੀ ਖਿਡਾਰਨ ਨੇ ਪੂਰਾ ਦਬਦਬਾ ਬਣਾ ਕੇ ਰੱਖਿਆ। ਪਿਛਲੀਆਂ ਟੋਕੀਓ ਓਲੰਪਿਕਸ ਵਿੱਚ ਸਿੰਧੂ ਨੇ ਬਿੰਗਜਿਓ ਨੂੰ ਹੀ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ ਸੀ।
ਪੁਰਸ਼ ਹਾਕੀ ਵਿੱਚ ਭਾਰਤ ਨੂੰ ਬੈਲਜੀਅਮ ਹੱਥੋਂ 1-2 ਦੀ ਹਾਰ ਮਿਲਣ ਕਾਰਨ ਅੱਜ ਓਲੰਪਿਕ ਖੇਡਾਂ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਓਲੰਪਿਕ ਚੈਂਪੀਅਨ ਬੈਲਜੀਅਮ ਨੇ ਆਸਟਰੇਲੀਆ ਨੂੰ 6-2 ਨਾਲ ਹਰਾਇਆ ਸੀ ਪਰ ਅੱਜ ਦੇ ਮੈਚ ਵਿੱਚ ਭਾਰਤ ਨੇ ਬੈਲਜੀਅਮ ਖ਼ਿਲਾਫ਼ ਬਹੁਤ ਵਧੀਆ ਖੇਡ ਦਿਖਾਈ। ਮੈਚ ਦਾ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਗੋਲ ਕਰਕੇ ਸਭ ਤੋਂ ਪਹਿਲਾਂ ਮੈਚ ਵਿੱਚ ਲੀਡ ਬਣਾਈ। ਅਭਿਸ਼ੇਕ ਨੇ 18ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਪਹਿਲੇ ਮੈਚ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਫੀਲਡ ਗੋਲ ਸੀ। ਬੈਲਜੀਅਮ ਨੇ ਤੀਜੇ ਕੁਆਰਟਰ ਵਿੱਚ ਦੋ ਗੋਲ ਕਰਕੇ ਪਹਿਲਾਂ ਬਰਾਬਰੀ ਕੀਤੀ ਅਤੇ ਫੇਰ ਇੱਕ ਗੋਲ ਦੀ ਲੀਡ ਲਈ। ਬੈਲਜੀਅਮ ਦੇ ਸਟੌਕਬਰੂਕਸ ਨੇ 33ਵੇਂ ਮਿੰਟ ਵਿੱਚ ਫੀਲਡ ਗੋਲ ਅਤੇ ਜੌਹਨ ਡੋਹਮੈਨ ਨੇ 44ਵੇਂ ਮਿੰਟ ਵਿੱਚ ਕੀਤਾ। ਚੌਥਾ ਕੁਆਰਟਰ ਵੀ ਪਹਿਲੇ ਵਾਂਗ ਗੋਲ ਰਹਿਤ ਕਾਰਨ ਮੌਜੂਦਾ ਓਲੰਪਿਕ ਚੈਂਪੀਅਨ ਨੇ 2-1 ਨਾਲ ਜਿੱਤ ਹਾਸਲ ਕਰ ਲਈ।ਭਾਰਤ ਵਾਲੇ ਪੂਲ ਵਿੱਚ ਇਸ ਸਮੇਂ ਬੈਲਜੀਅਮ ਪਹਿਲੇ, ਆਸਟਰੇਲੀਆ ਦੂਜੇ ਅਤੇ ਭਾਰਤ ਤੀਜੇ ਸਥਾਨ ਉੱਪਰ ਹੈ। ਭਾਰਤ ਦਾ ਆਖਰੀ ਮੈਚ ਭਲਕੇ 2 ਅਗਸਤ ਨੂੰ ਆਸਟਰੇਲੀਆ ਨਾਲ ਹੈ ਅਤੇ ਜੇਤੂ ਟੀਮ ਪੂਲ ਵਿੱਚ ਦੂਜੇ ਸਥਾਨ ਉੱਪਰ ਰਹਿੰਦੀ ਕੁਆਰਟਰ ਫ਼ਾਈਨਲ ਵਿੱਚ ਪੁੱਜੇਗੀ ਜਿੱਥੇ ਪੂਲ ਏ ਦੇ ਤੀਜੇ ਸਥਾਨ ਦੀ ਟੀਮ ਨਾਲ ਖੇਡੇਗੀ ਜੋ ਸੰਭਾਵਿਤ ਤੌਰ ਉੱਤੇ ਸਪੇਨ ਜਾਂ ਬਰਤਾਨੀਆ ਵਿੱਚੋਂ ਇੱਕ ਹੋਵੇਗਾ।
ਪੈਰਿਸ ਓਲੰਪਿਕਸ ਵਿੱਚ ਅੱਜ ਸ਼ੁਰੂ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਤੋਰ ਵਿੱਚ ਭਾਰਤ ਦਾ ਵਿਕਾਸ ਸਿੰਘ 30ਵੇਂ, ਪਰਮਜੀਤ ਸਿੰਘ ਬਿਸ਼ਟ 37ਵੇਂ ਸਥਾਨ ਉੱਤੇ ਰਿਹਾ ਜਦੋਂਕਿ ਅਕਸ਼ਦੀਪ ਸਿੰਘ ਨੇ ਰੇਸ ਵਾਕ ਮੁਕੰਮਲ ਨਹੀਂ ਕੀਤੀ। ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਤੋਰ ਵਿੱਚ ਭਾਰਤ ਦੀ ਪ੍ਰਿਅੰਕਾ ਗੋਸਵਾਮੀ 41ਵੇਂ ਸਥਾਨ ਉੱਤੇ ਰਹੀ।
ਮਹਿਲਾ ਮੁੱਕੇਬਾਜ਼ੀ ਦੇ 50 ਕਿਲੋ ਫਲਾਈਵੇਟ ਮੁਕਾਬਲੇ ਵਿੱਚ ਭਾਰਤ ਦੀ ਨਿਖ਼ਤ ਜ਼ਰੀਨ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਚੀਨ ਦੀ ਵੂ ਯੂ ਤੋਂ 0-5 ਨਾਲ ਹਾਰ ਕੇ ਬਾਹਰ। ਚੀਨੀ ਮੁੱਕੇਬਾਜ਼ ਮੌਜੂਦਾ ਵਿਸ਼ਵ ਚੈਂਪੀਅਨ ਤੇ ਏਸ਼ੀਅਨ ਗੇਮਜ਼ ਚੈਂਪੀਅਨ ਹੈ। ਬੀਤੀ ਦੇਰ ਰਾਤ ਇਕ ਹੋਰ ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ ਵੀ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਕੋਲੰਬੀਆ ਦੀ ਅਰਾਈਸ ਤੋਂ ਹਾਰ ਕੇ ਬਾਹਰ ਹੋ ਗਈ ਸੀ। ਹੁਣ ਸਿਰਫ਼ ਨਿਸ਼ਾਂਤ ਦੇਵ ਤੇ ਲਵਲੀਨਾ ਬੋਰਗੋਹੇਨ ਮੈਡਲ ਦੀ ਦੌੜ ਵਿੱਚ ਹਨ ਅਤੇ ਦੋਵੇਂ ਆਪੋ-ਆਪਣਾ ਕੁਆਰਟਰ ਫ਼ਾਈਨਲ ਬਾਊਟ 3 ਤੇ 4 ਅਗਸਤ ਨੂੰ ਖੇਡਣਗੇ।
ਤੀਰਅੰਦਾਜ਼ੀ ਦੇ ਪੁਰਸ਼ ਸਿੰਗਲਜ਼ ਵਿੱਚ ਭਾਰਤ ਦਾ ਪ੍ਰਵੀਨ ਜਾਧਵ ਪਹਿਲੇ ਰਾਊੰਡ ਵਿੱਚ ਹੀ ਚੀਨ ਦੇ ਕਾਊ ਵੈਨਚਾਓ ਹੱਥੋਂ 0-6 ਨਾਲ ਹਾਰ ਕੇ ਬਾਹਰ ਹੋ ਗਿਆ।
-
ਨਵਦੀਪ ਸਿੰਘ ਗਿੱਲ, ਲੇਖਕ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.