ਕੁੜੀਆਂ ਚਿੜੀਆਂ, ਕੁੜੀਆਂ ਨਿਮਾਣੀਆਂ...ਸੱਧਰਾਂ ਦਾ ਤਾਣਾ...
ਕੁੜੀਆਂ ਨਿਮਾਣੀਆਂ
ਦੂਰ ਦੇਸਾਂ ਤੋਂ ਆਈਆਂ
ਇਹਨਾ ਦਾ ਨਾਂ ਕੋਈ ਟਿਕਾਣਾ
ਜਿੱਥੇ ਮਾਪੇ ਤੋਰਨ ਓਥੇ ਤੁਰ ਜਾਣਾ,
ਜੰਮਦੀਆਂ ਦੇ ਅੰਦਰ ਭਰੇ ਜਾਂਦੇ ਮੋਹਾਂ ਵਾਲੇ ਤੰਦ
ਪਹਿਲਾਂ ਮਾਂ ਪਿਓ ਤੇ ਫੇਰ ਖ਼ਾਵੰਦ,
ਉਮੀਦਾਂ, ਇੱਛਾਵਾਂ ਤੇ ਸੱਧਰਾਂ ਦਾ ਤਾਣਾ
ਨਾ ਦੱਸਣ ਕਿਸੇ ਨੂੰ
ਰਹਿੰਦੇ ਦਿਲ ਦੀ ਡੱਬੀ ਵਿੱਚ ਬੰਦ
ਮਾਂ ਦੀ ਕੁੱਖ ਜਿਹਾ ਨਾ ਸਕੂਨ ਕਿਤੇ
ਖ਼ਿਆਲ ਏ ਬਸ ਰਹਿੰਦੀ ਧੀ ਮਹਿਫ਼ੂਜ਼ ਓਥੇ,
ਕਿਉਂ ਜੋ ਮਾਰੀ ਹਿਯਾਤ 'ਚ ਝਾਤ
ਬਦਲ ਗਈ ਅਬੋ ਹਵਾ
ਖੰਭਾਂ ਵਾਲੀ ਚਿੜੀ ਹੋ ਜਾਂਦੀ ਪਿੰਜਰੇ 'ਚ ਬੰਦ
ਸ਼ੁਰੂਆਤੀ ਹਸੀਨ ਤੇ ਫੇਰ ਬੜਾ ਔਖਾ ਹੁੰਦਾ ਬਚਪਨ ਤੋਂ ਜਵਾਨੀ ਵਾਲਾ ਪੰਧ,
ਕਹਿੰਦੇ ਨੇ ਮਾਪੇ ਧੀ ਸਾਡੀ ਦੁਲਾਰੀ
ਵਿਚਾਰੀ... ਨੀ ਕਰਮਾ ਸੇਤੀ ਹਾਰੀ
ਨਾ ਖੋਲ੍ਹ ਸਕੇ ਪਿੰਜਰੇ ਦੀ ਬਾਰੀ
ਦਿਲ ਉੱਤੇ ਬੋਝ ਨੇ ਭਾਰੀ,
ਛੱਡ ਮਾਪਿਆਂ ਦਾ ਘਰ
ਬਹਿੰਦੀ ਵਿੱਚ ਨਵੀਂ ਜ਼ਿੰਦਗੀ ਦੀ ਲਾਰੀ
ਫੇਰ ਬੁਨਣੀ ਪੈਂਦੀ ਉਮੀਦਾਂ ਦੀ ਤਾਣੀ
ਇਹ ਹੋਊ, ਓਹ ਹੋਊ, ਕੀ ਹੋਊ..?
ਕਰਦੀ ਅਰਜ਼ੋਈ ਨਾ ਪਵੇ ਸੱਧਰਾਂ ਦੀ ਚੀਸ ਕਾਣੀ
ਮਿਲੇ ਉਮਰਾਂ ਦਾ ਹਾਣੀ
ਮਿੱਠੀ ਹੋਵੇ ਬਾਣੀ
ਨਾ ਔਖੀ ਹੋਵੇ ਗੱਲ ਸਮਝਾਨੀ
ਜਿਸਮ ਨਹੀਂ ਬੁਣੇ ਰੂਹ ਵਾਲੀ ਤਾਣੀ
ਮਾਪਿਆਂ ਤੋਂ ਬਾਅਦ ਓਹਦੇ ਲੜ ਲਾਵਾਂ ਜ਼ਿੰਦਗਾਨੀ
ਨਾ ਹੋਵੇ ਕੋਈ ਹਾਨੀ
ਸਾਂਝ ਮੁਹੱਬਤਾਂ ਦੀ ਪਾਉਣੀ
ਹੁਣ ਓਹਦੇ ਨਾਲ ਹੀ ਤਾ-ਜ਼ਿੰਦਗੀ ਨਿਭਾਉਣੀ,
ਕੁੜੀਆਂ ਨਿਮਾਣੀਆਂ..ਇੰਝ ਹੀ ਢਾਉਂਦੀਆਂ ਤੇ ਬੁਣਦੀਆਂ ਬੁਣਦੀਆਂ ਤੇ ਢਾਉਂਦੀਆਂ
ਛੱਡ ਪਹਿਲਾ ਟਿਕਾਣਾ ਦੂਜੇ ਨੂੰ ਅਪਣਾ ਬਣਾਉਂਦੀਆਂ
ਸੱਧਰਾਂ ਰਹਿੰਦੀਆਂ ਮਾਰਦੀਆਂ ਜਿਉਂਦੀਆਂ..।।
ਕੁੜੀਆਂ ਨਿਮਾਣੀਆਂ....
-
ਕੋਮਲਜੀਤ ਕੌਰ, ਪਰਤਕਾਰ
kaurkomal2792@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.